ਪ੍ਰਕਾਸ਼ ਪੁਰਬ ਮੌਕੇ ਸਿੱਖ ਜੱਥੇ ਨੂੰ ਪਾਕਿਸਤਾਨ ਯਾਤਰਾ ਤੋਂ ਰੋਕਣਾ ਸਰਕਾਰ ਦੀ ਬਦਨੀਅਤ ਦਾ ਨਤੀਜਾ : ਰਘਬੀਰ ਸਿੰਘ

Wednesday, Sep 17, 2025 - 08:15 AM (IST)

ਪ੍ਰਕਾਸ਼ ਪੁਰਬ ਮੌਕੇ ਸਿੱਖ ਜੱਥੇ ਨੂੰ ਪਾਕਿਸਤਾਨ ਯਾਤਰਾ ਤੋਂ ਰੋਕਣਾ ਸਰਕਾਰ ਦੀ ਬਦਨੀਅਤ ਦਾ ਨਤੀਜਾ : ਰਘਬੀਰ ਸਿੰਘ

ਅੰਮ੍ਰਿਤਸਰ (ਸਰਬਜੀਤ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਭਾਰਤ ਸਰਕਾਰ ਵਲੋਂ ਇਜਾਜ਼ਤ ਨਾ ਦੇਣ ਦੀ ਕਾਰਵਾਈ ਨੂੰ ਸਿੱਖਾਂ ਪ੍ਰਤੀ ਸਰਕਾਰ ਦੀ ਬਦਨੀਅਤ ਕਰਾਰ ਦਿੱਤਾ ਹੈ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਅਪ੍ਰੈਲ ਮਹੀਨੇ ਪਹਿਲਗਾਓਂ ਅੱਤਵਾਦੀ ਹਮਲੇ ਅਤੇ ਭਾਰਤ-ਪਾਕਿਸਤਾਨ ਵਿਚਾਲੇ ਹੋਈ ਹਵਾਈ ਜੰਗ ਉਪਰੰਤ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਈ ਕੁੜੱਤਣ ਤੋਂ ਬਾਅਦ ਪਾਕਿਸਤਾਨ ਰਾਹੀਂ ਅਫਗਾਨਿਸਤਾਨ ਤੋਂ ਆਏ ਟਰੱਕਾਂ ਵਾਸਤੇ ਅਟਾਰੀ-ਵਾਹਗਾ ਸਰਹੱਦ ਖੋਲ੍ਹੀ ਗਈ ਸੀ। ਦੋਵਾਂ ਦੇਸ਼ਾਂ ਦੇ ਦੂਤਘਰ ਵੀ ਇਕ ਦੂਜੇ ਦੇ ਮੁਲਕਾਂ ਵਿਚ ਖੁੱਲ੍ਹੇ ਹਨ। ਇਸ ਤੋਂ ਬਾਅਦ ਭਾਰਤ ਨੇ ਕੌਮਾਂਤਰੀ ਕ੍ਰਿਕਟ ਮੈਚਾਂ ਵਿਚ ਵੀ ਪਾਕਿਸਤਾਨ ਦੇ ਨਾਲ ਖੇਡਣ ਦਾ ਫੈਸਲਾ ਕੀਤਾ ਸੀ। ਜਿਸ ਤਹਿਤ ਏਸ਼ੀਆ ਕੱਪ-2025 ਤਹਿਤ 14 ਸਤੰਬਰ ਨੂੰ ਦੁਬਈ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਟੂਰਨਾਮੈਂਟ ਹੋਇਆ ਹੈ।

ਇਹ ਵੀ ਪੜ੍ਹੋ : ਗਲਾਡਾ ਨੇ ਸੈਕਟਰ 32 'ਚੋਂ ਹਟਾਏ ਨਾਜਾਇਜ਼ ਕਬਜ਼ੇ! ਰੇਹੜੀ-ਫੜ੍ਹੀ ਵਾਲਿਆਂ 'ਤੇ ਹੋਈ ਕਾਰਵਾਈ

ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਇਸ ਸਭ ਦੇ ਬਾਵਜੂਦ ਭਾਰਤ ਸਰਕਾਰ ਵਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਜਾਣ ਵਾਲੇ ਜਥੇ ਨੂੰ ਰੋਕ ਦਿੱਤਾ ਗਿਆ ਹੈ ਅਤੇ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਅਣਸੁਖਾਵੇਂ ਸਬੰਧਾਂ ਅਤੇ ਸੁਰੱਖਿਆ ਕਾਰਨਾਂ ਨੂੰ ਦੱਸਿਆ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ 1947 ਦੀ ਵੰਡ ਵਿਚ ਸਿੱਖਾਂ ਨੇ ਸਭ ਤੋਂ ਵੱਡਾ ਨੁਕਸਾਨ ਸਹਿਣ ਕੀਤਾ, ਜਿਸ ਵਿਚ ਪੰਜਾਬ ਦੀ ਵੰਡ ਅਤੇ ਪਾਕਿਸਤਾਨ ਵਿਚ ਰਹਿ ਗਏ ਪਵਿੱਤਰ ਗੁਰਧਾਮਾਂ ਤੋਂ ਵਿਛੋੜਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸੰਨ 1950 ਦੇ ਨਹਿਰੂ-ਲਿਆਕਤ ਸਮਝੌਤੇ ਤਹਿਤ ਸਿੱਖ ਜਥਿਆਂ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੀ ਇਜਾਜ਼ਤ ਮਿਲੀ ਸੀ, ਜਿਸ ਤਹਿਤ ਹਰ ਸਾਲ ਵਿਸਾਖੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਤ ਚਾਰ ਵਾਰ ਸਿੱਖ ਸ਼ਰਧਾਲੂਆਂ ਦੇ ਜੱਥੇ ਪਾਕਿਸਤਾਨ ਜਾਂਦੇ ਸਨ। ਸਿੰਘ ਸਾਹਿਬ ਨੇ ਸਵਾਲ ਉਠਾਇਆ ਕਿ ਜਦੋਂ ਅਮਰਨਾਥ ਯਾਤਰਾ ਅੱਤਵਾਦੀ ਖਤਰਿਆਂ ਦੇ ਬਾਵਜੂਦ ਜਾਰੀ ਰਹਿੰਦੀ ਹੈ ਤਾਂ ਸਿੱਖ ਜਥਿਆਂ ਨੂੰ ਸੁਰੱਖਿਆ ਦੇ ਨਾਮ ’ਤੇ ਕਿਉਂ ਰੋਕਿਆ ਜਾ ਰਿਹਾ ਹੈ, ਜਦਕਿ ਹਰ ਯਾਤਰਾ ਦੌਰਾਨ ਪਾਕਿਸਤਾਨ ਵਿਚ ਸਿੱਖ ਯਾਤਰੀਆਂ ਨੂੰ ਉੱਚ ਪੱਧਰੀ ਸੁਰੱਖਿਆ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਭਾਰਤ-ਪਾਕਿਸਤਾਨ ਸਬੰਧਾਂ ਨੂੰ ਵੀ ਖਰਾਬ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News