''ਅੰਦਰੂਨੀ ਖਤਰਿਆਂ'' ਨਾਲ ਕਿਵੇਂ ਨਜਿੱਠਿਆ ਜਾਵੇ

01/25/2020 12:38:58 AM

ਪੰਜਾਬੀਆਂ ਦਾ ਇਕ ਅਖਾਣ ਹੈ ਕਿ 'ਸੌ ਦਿਨ ਚੋਰ ਦੇ ਇਕ ਦਿਨ ਸਾਧ ਦਾ।'' ਭਾਵ ਜੋ ਲੋਕ ਬੁਰਾਈਆਂ 'ਚ ਰੁੱਝੇ ਰਹਿੰਦੇ ਹਨ, ਇਕ ਨਾ ਇਕ ਦਿਨ ਤਾਂ ਪਰਦਾ ਹਟ ਹੀ ਜਾਵੇਗਾ ਅਤੇ ਅਸਲੀਅਤ ਜਗ ਜ਼ਾਹਿਰ ਹੋ ਹੀ ਜਾਵੇਗੀ। ਇਹ ਅਖਾਣ ਕੇਵਲ ਜੰਮੂ-ਕਸ਼ਮੀਰ ਪੁਲਸ ਦੇ ਮੁਅੱਤਲ ਡੀ. ਐੱਸ. ਪੀ. ਦਵਿੰਦਰ ਸਿੰਘ ਨਾਲ ਜੁੜੇ ਘਿਨਾਉਣੇ ਕਾਂਡ 'ਤੇ ਹੀ ਨਹੀਂ ਢੁੱਕਦਾ, ਸਗੋਂ ਇਸ ਕਿਸਮ ਦੇ ਅਪਰਾਧ ਜੰਮੂ-ਕਸ਼ਮੀਰ ਦੀ ਫੋਰਸ 'ਚ ਪਹਿਲਾਂ ਵੀ ਸਾਹਮਣੇ ਆਏ ਸਨ ਤੇ ਨਿੱਤ ਨਵੇਂ ਖੁਲਾਸੇ ਵੀ ਸਾਹਮਣੇ ਆ ਰਹੇ ਹਨ, ਜੋ ਸੰਗਲ ਦੀ ਕੜੀ ਵਾਂਗ ਜੁੜੇ ਪ੍ਰਤੀਤ ਹੁੰਦੇ ਹਨ। ਇਕ ਵੱਡਾ ਸੁਆਲ ਇਹ ਪੈਦਾ ਹੁੰਦਾ ਹੈ ਕਿ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੀਆਂ ਸ਼ਕਤੀਆਂ ਤੇ ਵਿਅਕਤੀਆਂ ਅਤੇ ਉਨ੍ਹਾਂ ਨਾਲ ਜੁੜੀਆਂ ਕੜੀਆਂ ਉਪਰੋਂ ਰਸਮੀ ਤੌਰ 'ਤੇ ਪਰਦਾ ਉੱਠੇਗਾ? ਕੀ ਦੋਸ਼ੀ ਸਿੱਧ ਹੋਏ ਸੁਰੱਖਿਆ ਕਰਮਚਾਰੀਆਂ ਅਤੇ ਅਪਰਾਧੀਆਂ ਖਿਲਾਫ ਸਿੱਖਿਆਦਾਇਕ ਇਕ ਸਖਤ ਕਾਰਵਾਈ ਪਹਿਲਾਂ ਵੀ ਕਦੇ ਹੋਈ ਜਾਂ ਹੋਵੇਗੀ? ਅੰਦਰੂਨੀ ਖਤਰਿਆਂ ਨਾਲ ਨਜਿੱਠਿਆ ਕਿਵੇਂ ਜਾਵੇ?
ਜਾਣਕਾਰੀ ਅਨੁਸਾਰ ਜਦੋਂ 11 ਜਨਵਰੀ ਨੂੰ ਦਵਿੰਦਰ ਸਿੰਘ ਨੂੰ ਹਿਜ਼ਬੁਲ ਦੇ ਚੋਟੀ ਦੇ ਕਮਾਂਡਰ ਨਵੀਦ ਮੁਸ਼ਤਾਕ ਬਾਬਾ ਤੇ ਅੱਤਵਾਦੀ ਰਫ਼ੀ ਅਹਿਮਦ ਨੂੰ ਕਾਰ 'ਚ ਸਫਰ ਕਰਦਿਆਂ ਸ਼੍ਰੀਨਗਰ-ਜੰਮੂ ਹਾਈਵੇ ਤੋਂ ਪੁਲਸ ਤੇ ਖੁਫੀਆ ਵਿਭਾਗ ਦੀ ਸਾਂਝੀ ਟੀਮ ਨੇ ਗ੍ਰਿਫਤਾਰ ਕਰ ਲਿਆ ਤਾਂ ਪੋਤੜੇ ਖੁੱਲ੍ਹਣੇ ਸ਼ੁਰੂ ਹੋ ਗਏ। ਖਬਰਾਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਨੂੰ ਚੰਡੀਗੜ੍ਹ ਦੇ ਰਸਤੇ ਦਿੱਲੀ ਗਣਤੰਤਰ ਦਿਵਸ ਤੋਂ ਪਹਿਲਾਂ ਪਹੁੰਚਾਉਣ ਵਾਸਤੇ ਹੀ ਡੀ. ਐੱਸ. ਪੀ. ਨੇ ਫਿਰੌਤੀ ਵੀ ਲਈ ਸੀ। ਡੀ. ਐੱਸ. ਪੀ. ਦਾ ਸ਼੍ਰੀਨਗਰ ਵਿਚਲਾ ਘਰ, ਜੋ ਕੋਰ ਹੈੱਡਕੁਆਰਟਰ ਦੇ ਨਜ਼ਦੀਕ ਹੈ, ਜਿਥੇ ਅੱਤਵਾਦੀ ਪਨਾਹ ਵੀ ਲੈਂਦੇ ਰਹੇ ਤੇ ਜਿਥੋਂ ਨਕਸ਼ੇ, ਹਥਿਆਰ, ਗੋਲੀ-ਸਿੱਕਾ ਤੇ ਨਕਦੀ ਬਰਾਮਦ ਵੀ ਹੋਈ। ਅਫਜ਼ਲ ਗੁਰੂ ਵੱਲੋਂ ਸੰਨ 2004 'ਚ ਤਿਹਾੜ ਜੇਲ ਦੇ ਆਪਣੇ ਵਕੀਲ ਨੂੰ ਲਿਖੀ ਚਿੱਠੀ 'ਚ ਦਵਿੰਦਰ ਸਿੰਘ ਦਾ ਹਵਾਲਾ ਦਿੱਤਾ ਜਾਣਾ ਤੇ ਦਿੱਲੀ ਅਤੇ ਹੋਰ ਕਈ ਥਾਵਾਂ 'ਤੇ ਅੱਤਵਾਦੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਰਗੇ ਕਈ ਤੱਥ ਸਾਹਮਣੇ ਆ ਰਹੇ ਹਨ ਤੇ ਉਸ ਦੀਆਂ ਬੰਗਲਾਦੇਸ਼ ਫੇਰੀਆਂ ਵੀ ਚਰਚਾ ਅਧੀਨ ਹਨ। ਸੁਆਲ ਤਾਂ ਇਹ ਵੀ ਕੀਤਾ ਜਾ ਰਿਹਾ ਹੈ ਕਿ ਸ਼ੱਕੀ ਕਿਰਦਾਰ ਵਾਲੇ ਪੁਲਸ ਅਧਿਕਾਰੀ ਨੂੰ ਪ੍ਰਮੋਸ਼ਨ ਕਿਵੇਂ ਮਿਲਦੀ ਰਹੀ ਤੇ ਉਸ ਨੂੰ ਪ੍ਰਸ਼ੰਸਾ ਪੱਤਰ ਤੇ ਬਹਾਦਰੀ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਰਿਹਾ?
ਐੱਨ. ਆਈ. ਏ. ਦੇ ਇਨਵੈਸਟੀਗੇਟਿੰਗ ਅਫਸਰ ਆਈ. ਜੀ. ਅਨਿਲ ਸ਼ੁਕਲਾ ਤੇ ਉਸ ਦੀ ਟੀਮ ਨੇ ਮਾਮਲਾ ਬਾਜ਼ਾਬਤਾ ਤੌਰ 'ਤੇ ਆਪਣੇ ਹੱਥ 'ਚ ਲੈ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਨਵੇਂ ਸਿਰਿਓਂ ਮਾਮਲਾ ਦਰਜ ਕਰ ਲਿਆ ਹੈ। ਅੱਤਵਾਦੀਆਂ ਨਾਲ ਤਾਲਮੇਲ ਰੱਖਣ ਵਾਲੇ ਗ੍ਰਿਫਤਾਰ ਡੀ. ਐੱਸ. ਪੀ. ਨੇ ਕਈ ਸਨਸਨੀਖੇਜ਼ ਇੰਕਸ਼ਾਫ ਕੀਤੇ ਹਨ ਤੇ ਕਈ ਨਵੇਂ ਚਿਹਰੇ ਵੀ ਬੇਨਕਾਬ ਹੋ ਸਕਦੇ ਹਨ।

ਖਤਰਾ ਅੰਦਰੋ-ਅੰਦਰੀ
ਯੂ. ਟੀ. ਜੰਮੂ-ਕਸ਼ਮੀਰ 'ਚ ਸੀਮਾ ਪਾਰ ਤੋਂ ਘੁਸਪੈਠ, ਕਾਇਰਤਾ ਭਰਪੂਰ ਹਮਲੇ, ਕੰਟਰੋਲ ਰੇਖਾ 'ਤੇ ਗੋਲਬਾਰੀ ਦੀ ਉਲੰਘਣਾ ਤੇ ਉੜੀ ਤੇ ਪੁਲਵਾਮਾ ਵਰਗੇ ਅੱਤਵਾਦੀ ਹਮਲਿਆਂ ਦਾ ਮੂੰਹ-ਤੋੜਵਾਂ ਜਵਾਬ ਦੇਣ ਖਾਤਿਰ ਸਰਜੀਕਲ ਸਟ੍ਰਾਈਕ ਤੇ ਏਅਰਫੋਰਸ ਸਟ੍ਰਾਈਕ-ਬਾਲਾਕੋਟ ਤੋਂ ਵੀ ਗੁਆਂਢੀ ਮੁਲਕ ਨੇ ਸਬਕ ਨਹੀਂ ਸਿੱਖਿਆ ਤੇ ਅੱਤਵਾਦੀ ਗਤੀਵਿਧੀਆਂ ਜਾਰੀ ਹਨ।
ਅਫਸੋਸ ਦੀ ਗੱਲ ਤਾਂ ਇਹ ਹੈ ਕਿ ਖਤਰਾ ਅੰਦਰੂਨੀ ਵੀ ਹੈ, ਜਿਸ ਦਾ ਹੈਰਾਨੀਜਨਕ ਭੇਤ ਉਸ ਸਮੇਂ ਖੁੱਲ੍ਹਿਆ, ਜਦੋਂ ਸੰਨ 2012 'ਚ ਇਕ ਪੁਲਸ ਕਰਮਚਾਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ। ਹਕੀਕਤ ਤਾਂ ਇਹ ਹੈ ਕਿ ਪੁਲਸ ਅਤੇ ਖੁਫੀਆ ਏਜੰਸੀਆਂ ਨੂੰ ਤਕਰੀਬਨ ਡੇਢ ਸਾਲ ਤੱਕ ਛਾਣ-ਬੀਣ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਕੁਝ ਪੁਲਸ ਕਰਮਚਾਰੀ ਕਸ਼ਮੀਰ ਘਾਟੀ 'ਚ ਪਨਾਹ ਲਈ ਬੈਠੇ ਅੱਤਵਾਦੀਆਂ ਵਲੋਂ ਪੁਲਸ ਚੌਕੀਆਂ ਤੇ ਸੁਰੱਖਿਆ ਬਲਾਂ ਉਪਰ ਨਿਸ਼ਾਨੇ ਸਾਧ ਰਹੇ ਹਨ।
ਕਸ਼ਮੀਰ ਰੇਂਜ ਦੇ ਉਸ ਸਮੇਂ ਦੇ ਇੰਸਪੈਕਟਰ ਜਨਰਲ ਪੁਲਸ (ਆਈ. ਜੀ.) ਸ਼੍ਰੀ ਸ਼ਿਵ ਮੁਰਾਰੀ ਸਹਾਏ ਮੁਤਾਬਿਕ ਜੰਮੂ-ਕਸ਼ਮੀਰ ਦੇ ਕਾਂਸਟੇਬਲ ਅਬਦੁਲ ਰਸ਼ੀਦ ਸ਼ੀਗਾਨ ਨੇ ਹਿਜ਼ਬੁਲ ਮੁਜਾਹਿਦੀਨ ਦੇ ਰਿਹਾਅ ਕੀਤੇ ਗਏ ਅੱਤਵਾਦੀ ਇਮਤਿਆਜ਼ ਅਹਿਮਦ ਉਰਫ ਰਸ਼ੀਦ ਨਾਲ ਮਿਲ ਕੇ 18 ਮਹੀਨਿਆਂ 'ਚ 13 ਵਾਰੀ ਘਾਤਕ ਹੱਲੇ ਬੋਲੇ, ਜਿਸ 'ਚ ਇਕ ਜਾਨਲੇਵਾ ਹਮਲਾ 11 ਦਸੰਬਰ ਸੰਨ 2011 ਨੂੰ ਸੂਬੇ ਦੇ ਕਾਨੂੰਨ ਅਤੇ ਵਿਧਾਨਕ ਕੰਮਕਾਜ ਬਾਰੇ ਮੰਤਰੀ ਅਲੀ ਮੁਹੰਮਦ ਉੁਪਰ ਵੀ ਕੀਤਾ ਗਿਆ। ਆਈ. ਜੀ. ਸਹਾਏ ਦੇ ਕਥਨ ਅਨੁਸਾਰ ਕਾਂਸਟੇਬਲ ਅਬਦੁਲ ਰਸ਼ੀਦ ਨੂੰ ਜਦੋਂ ਹਿਰਾਸਤ 'ਚ ਲਿਆ ਗਿਆ, ਉਸ ਸਮੇਂ ਉਹ ਹਥਿਆਰਬੰਦ ਪੁਲਸ ਦੇ ਸੁਰੱਖਿਆ ਵਿੰਗ 'ਚ ਡਿਊਟੀ ਨਿਭਾਅ ਰਿਹਾ ਸੀ। ਉਹ ਕਦੇ ਜਨਰਲ ਉਸਮਾਨ ਅਤੇ ਕਦੇ ਉਮਰ ਮੁਖਤਾਰ ਵਾਲੇ ਗੁਪਤ ਨਾਂ ਹੇਠ ਸਰਗਰਮੀਆਂ ਚਲਾਉਂਦਾ ਰਿਹਾ।
ਸਹਾਏ ਅਨੁਸਾਰ ਸੰਨ 1998 'ਚ ਪੁਲਸ ਫੋਰਸ 'ਚ ਭਰਤੀ ਹੋਣ ਤੋਂ ਪਹਿਲਾਂ ਉਸ ਦਾ ਪਿਛੋਕੜ ਅੱਤਵਾਦ ਵਾਲਾ ਰਿਹਾ ਅਤੇ ਭਰਤੀ ਹੋਣ ਤੋਂ ਬਾਅਦ ਉਸ ਨੇ ਹਰਕਤ-ਉਲ-ਮੁਜਾਹਿਦੀਨ ਨਾਲ ਸੰਪਰਕ ਬਣਾਈ ਰੱਖਿਆ, ਜਦੋਂ ਉਸ ਦੀਆਂ ਅੱਤਵਾਦੀ ਸਰਗਰਮੀਆਂ ਦਾ ਪਤਾ ਲੱਗਾ ਤਾਂ ਉਸ ਨੂੰ ਇਕ ਸਾਲ ਤਕ ਨਜ਼ਰਬੰਦ ਕੀਤਾ ਗਿਆ ਪਰ ਅਦਾਲਤ ਦੇ ਫੈਸਲੇ ਕਾਰਣ ਉਸ ਨੂੰ ਵਾਪਸ ਜੰਮੂ-ਕਸ਼ਮੀਰ ਪੁਲਸ 'ਚ ਸ਼ਾਮਿਲ ਕਰ ਲਿਆ ਗਿਆ, ਕਿਉਂ? ਰਸ਼ੀਦ ਨੂੰ ਕਾਬੂ ਕਰਦੇ ਸਮੇਂ ਉਸ ਪਾਸੋਂ ਭਾਰੀ ਮਾਤਰਾ 'ਚ ਹਥਿਆਰ ਤੇ ਅਸਲਾ ਬਰਾਮਦ ਕੀਤਾ ਗਿਆ। ਰਸ਼ੀਦ ਨੂੰ ਹਿਰਾਸਤ 'ਚ ਲੈਣ ਤੋਂ ਪਹਿਲਾਂ ਜੂਨ 2012 ਵਿਚ 4 ਹੋਰ ਪੁਲਸ ਕਰਮਚਾਰੀਆਂ ਨੂੰ ਅੱਤਵਾਦੀਆਂ ਨਾਲ ਜੁੜੇ ਹੋਣ ਕਾਰਣ ਗ੍ਰਿਫਤਾਰ ਕੀਤਾ ਗਿਆ ਸੀ। ਦਰਅਸਲ, ਇਸ ਤੋਂ ਪਹਿਲਾਂ ਵੀ ਸੰਨ 2002 ਵਿਚ ਰਾਜ ਗ੍ਰਹਿ ਮੰਤਰੀ ਮੁਸ਼ਤਾਕ ਅਹਿਮਦ ਲੋਨ ਦੀ ਹੱਤਿਆ ਪਿੱਛੇ ਇਕ ਐੱਸ. ਐੱਚ. ਓ. ਅਤੇ ਮੁਨਸ਼ੀ ਦਾ ਹੱਥ ਸੀ। ਫਿਰ ਸਬਕ ਕੀ ਸਿੱਖਿਆ?

ਬਾਜ ਵਰਗੀ ਨਜ਼ਰ
ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਅਨੁਸਾਰ ਸ਼ੋਪੀਆਂ ਜ਼ਿਲੇ 'ਚ 20 ਜਨਵਰੀ ਨੂੰ ਸੁਰੱਖਿਆ ਫੋਰਸਾਂ ਦੇ ਮੁਕਾਬਲੇ ਦੌਰਾਨ ਜੋ 3 ਅੱਤਵਾਦੀ ਮਾਰੇ ਗਏ, ਉਨ੍ਹਾਂ ਵਿਚ ਇਕ ਆਦਿਲ ਬਸ਼ੀਰ ਸ਼ੇਖ ਸਾਬਕਾ ਪੁਲਸ ਫੋਰਸ ਦਾ ਐੱਸ. ਪੀ. ਓ. ਸੀ। ਸੂਤਰਾਂ ਅਨੁਸਾਰ ਆਦਿਲ ਪਹਿਲਾਂ ਪੱਥਰਬਾਜ਼ੀ ਫੋਰਸ ਦਾ ਨੇਤਾ ਸੀ। ਉਸ ਉਪਰ ਪੀ. ਡੀ. ਪੀ. ਦੇ ਇਕ ਸਾਬਕਾ ਵਿਧਾਇਕ ਏਮਜ਼ ਦੇ ਜਵਾਹਰ ਨਗਰ ਸਥਿਤ ਨਿਵਾਸ ਤੋਂ 29 ਸਤੰਬਰ 2018 ਨੂੰ 7 ਏ. ਕੇ. 47 ਰਾਈਫਲਾਂ, ਹੋਰ ਹਥਿਆਰ ਤੇ ਅਸਲਾ ਲੈ ਕੇ ਫ਼ਰਾਰ ਹੋ ਜਾਣ ਦਾ ਦੋਸ਼ ਸੀ। ਇਸੇ ਤਰੀਕੇ ਨਾਲ ਚੋਟੀ ਦਾ ਅੱਤਵਾਦੀ ਨਵੀਦ ਬਾਬੂ, ਜੋ ਮੁਅੱਤਲ ਡੀ. ਐੱਸ. ਪੀ. ਨਾਲ ਗ੍ਰਿਫਤਾਰ ਕੀਤਾ ਗਿਆ, ਉਹ ਪਹਿਲਾਂ ਸੂਬੇ ਦੀ ਪੁਲਸ 'ਚ ਤਾਇਨਾਤ ਸੀ ਤੇ ਫਿਰ ਹਿਜ਼ਬੁਲ ਦੀਆਂ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ ਹੋ ਗਿਆ। ਇਹ ਭਰਤੀ ਕਿਵੇਂ ਹੋਏ?
ਉਪਰੋਕਤ ਬਿਆਨ ਕੀਤੇ ਵੇਰਵੇ ਇਹ ਸਿੱਧ ਕਰਦੇ ਹਨ ਕਿ ਯੂ. ਟੀ. ਜੰਮੂ-ਕਸ਼ਮੀਰ ਦੀ ਫੋਰਸ 'ਚ ਸਭ ਅੱਛਾ ਨਹੀਂ। ਸੁਆਲ ਪੈਦਾ ਹੁੰਦਾ ਹੈ ਕਿ ਤਕਰੀਬਨ ਇਕ ਲੱਖ ਵਾਲੀ ਇਸ ਫੋਰਸ 'ਚ ਕਿੰਨੇ ਕੁ ਇਸ ਕਿਸਮ ਦੇ ਅਧਿਕਾਰੀ ਹੋਣਗੇ, ਜਿਨ੍ਹਾਂ ਦੀਆਂ ਤਾਰਾਂ ਅੱਤਵਾਦੀ/ਵੱਖਵਾਦੀ ਤੇ ਵਿਦੇਸ਼ੀ ਕੜੀਆਂ ਨਾਲ ਜੁੜੀਆਂ ਹੋਣਗੀਆਂ?
ਜ਼ਿਕਰਯੋਗ ਹੈ ਕਿ ਜਦੋਂ ਤਿੰਨ ਸ਼ੱਕੀ ਨੌਜਵਾਨ ਸ਼੍ਰੀਨਗਰ ਨਜ਼ਦੀਕ ਕੁਝ ਸਾਲ ਪਹਿਲਾਂ ਚੈੱਕ ਪੋਸਟਾਂ 'ਤੇ ਨਹੀਂ ਰੁਕੇ ਤਾਂ ਫੌਜੀ ਡਿਊਟੀ 'ਤੇ ਤਾਇਨਾਤ ਜਵਾਨਾਂ ਨੇ ਗੋਲੀ ਚਲਾਈ। ਜਵਾਨਾਂ ਦਾ ਕੋਰਟ ਮਾਰਸ਼ਲ ਕਰ ਕੇ ਉਨ੍ਹਾਂ ਨੂੰ ਜੇਲ 'ਚ ਬੰਦ ਕਰ ਦਿੱਤਾ। ਉਸ ਸਮੇਂ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸਾਂਝੀ ਸਰਕਾਰ ਦੇ ਮੁਖੀਆਂ ਉਪਰ ਦਬਾਅ ਬਣਾ ਕੇ ਆਰਮੀ ਕਮਾਂਡਰ ਜਨਰਲ ਹੁੱਡਾ ਪਾਸੋਂ ਮੁਆਫੀ ਮੰਗਵਾਈ। ਇਕ ਵੱਡਾ ਖਦਸ਼ਾ ਇਹ ਵੀ ਹੈ ਕਿ ਪੀ. ਡੀ. ਪੀ. ਵਿਧਾਇਕ, ਜਿਸ ਦੇ ਘਰੋਂ ਭਾਰੀ ਮਾਤਰਾ 'ਚ ਹਥਿਆਰ-ਅਸਲਾ ਚੋਰੀ ਹੋ ਗਏ, ਕੀ ਉਸ ਪਾਸੋਂ ਵੀ ਕੋਈ ਮੁਆਫੀ ਮੰਗਵਾਈ ਗਈ? ਇਸੇ ਕਰਕੇ ਅੱਤਵਾਦ ਨੂੰ ਹੁਲਾਰਾ ਮਿਲਦਾ ਹੈ।
14 ਫਰਵਰੀ 2019 ਨੂੰ ਪੁਲਵਾਮਾ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਤੇ ਬਾਲਾਕੋਟ 'ਤੇ ਏਅਰ ਸਟ੍ਰਾਈਕ ਇਕ ਸ਼ਲਾਘਾਯੋਗ ਚਿਤਾਵਨੀ ਸੀ। ਇਸ ਅਣਮਨੁੱਖੀ ਘਿਨਾਉਣੇ ਕਾਂਡ 'ਚ 40 ਜਵਾਨ ਸ਼ਹੀਦ ਹੋ ਗਏ, ਇਨਕੁਆਰੀ ਵੀ ਹੋਈ ਪਰ ਭਰੋਸੇਯੋਗ ਸੂਤਰਾਂ ਅਨੁਸਾਰ 9 ਮਹੀਨਿਆਂ ਬਾਅਦ ਵੀ ਚਾਰਜਸ਼ੀਟ ਦਾਇਰ ਨਹੀਂ ਹੋਈ।
ਜੇਕਰ ਡੀ. ਐੱਸ. ਪੀ. ਦੇ ਮਾਮਲੇ 'ਚ ਨਿਰਪੱਖ, ਦਿਆਨਤਦਾਰੀ ਤੇ ਨੇਕ ਨੀਅਤ ਨਾਲ ਐੱਨ. ਆਈ. ਏ. ਵਲੋਂ ਸਮਾਂਬੱਧ ਤਰੀਕੇ ਨਾਲ ਜਾਂਚ-ਪੜਤਾਲ ਹੋਵੇਗੀ ਤਾਂ ਕਈ ਕੜੀਆਂ ਨਾਲ ਜੁੜਨਗੀਆਂ। ਖਤਰੇ ਤਾਂ ਅੰਦਰੋ-ਅੰਦਰੀ ਹਨ। ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲਿਆਂ ਦਾ ਫੌਜ ਵਾਂਗ ਕੋਰਟ ਮਾਰਸ਼ਲ ਕਰ ਕੇ ਜੇਲਾਂ 'ਚ ਸੁੱਟਿਆ ਜਾਵੇ। ਫਿਰ ਹੀ ਦੇਸ਼ ਦੀ ਭਲਾਈ ਹੋਵੇਗੀ।

                                                                                 —ਬ੍ਰਿਗੇ. (ਰਿ.) ਕੁਲਦੀਪ ਸਿੰਘ ਕਾਹਲੋਂ


KamalJeet Singh

Content Editor

Related News