ਸਨਮਾਨਜਨਕ ਮੌਤ ਵੀ ਓਨੀ ਹੀ ਅਹਿਮ ਹੈ, ਜਿੰਨੀ ਸਨਮਾਨਜਨਕ ਜ਼ਿੰਦਗੀ

07/22/2017 4:12:03 AM

ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਕਿ ਉਹ ਜ਼ਿੰਦਗੀ 'ਚ ਦੁਬਾਰਾ ਪਿਆਨੋ ਵਜਾ ਸਕੇਗਾ ਪਰ ਪਿਛਲੇ ਸਾਲ ਦੇ ਅਖੀਰ ਵਿਚ ਜਦੋਂ ਮੁੰਬਈ ਦੇ ਮੈਰੀਨ ਡ੍ਰਾਈਵ ਵਿਖੇ ਰਹਿਣ ਵਾਲਾ ਇਹ ਬਜ਼ੁਰਗ ਸੰਗੀਤਕਾਰ 5 ਤੱਤਾਂ ਵਿਚ ਵਿਲੀਨ ਹੋਇਆ ਤਾਂ ਕੁਝ ਸਮੇਂ ਤਕ ਉਹ ਸੰਗੀਤ ਦੀਆਂ ਗੁਆਚੀਆਂ ਖੁਸ਼ੀਆਂ ਦਾ ਮੁੜ ਆਨੰਦ ਲੈ ਸਕਿਆ ਸੀ। ਰੀੜ੍ਹ ਦੀ ਹੱਡੀ ਦੇ ਕੈਂਸਰ ਤੋਂ ਪੀੜਤ ਇਸ ਸੰਗੀਤਕਾਰ ਦੇ ਘਰ 'ਚ ਅਕਸਰ ਸੰਗੀਤ ਦੀਆਂ ਵੇਦਨਾਪੂਰਨ ਸੁਰ-ਲਹਿਰੀਆਂ ਗੂੰਜਦੀਆਂ ਸਨ। 
ਉਸ ਨੂੰ ਰਾਤ ਨੂੰ ਸੁੱਤੇ ਪਿਆਂ ਕਾਫੀ ਤਕਲੀਫ ਹੁੰਦੀ ਸੀ ਅਤੇ ਉਸ ਨੂੰ ਲੱਗਣ ਲੱਗ ਪਿਆ ਸੀ ਕਿ ਉਸ ਦੀ ਜੀਵਨ ਲੀਲਾ ਹੁਣ ਛੇਤੀ ਹੀ ਖਤਮ ਹੋਣ ਵਾਲੀ ਹੈ ਪਰ ਮੁੰਬਈ ਦੀ ਮਨੋਵਿਗਿਆਨਕ ਦੇਵਯਾਂਸ਼ੀ ਮਹਿਤਾ ਦੀ ਬਦੌਲਤ ਇਸ ਸੰਗੀਤਕਾਰ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ 'ਚ ਅਰਥ ਭਰਪੂਰ ਢੰਗ ਨਾਲ ਜੀਣ ਦਾ ਮੌਕਾ ਮਿਲਿਆ। 
ਦੇਵਯਾਂਸ਼ੀ ਮੁੰਬਈ 'ਚ ਰੋਮਿਲਾ ਪੈਲੀਏਟਿਵ ਕੇਅਰ ਨਾਲ ਮਿਲ ਕੇ ਪਾਲ ਕੇਅਰ ਨਾਮੀ ਇਕ ਸੰਸਥਾ ਚਲਾਉਂਦੀ ਹੈ। ਇਹ ਸੰਸਥਾ ਬੀਮਾਰੀ ਕਾਰਨ ਜ਼ਿੰਦਗੀ ਦੇ ਆਖਰੀ ਪੜਾਅ 'ਤੇ ਪਹੁੰਚੇ ਹੋਏ ਲੋਕਾਂ ਦਾ ਇਲਾਜ ਕਰਦੀ ਹੈ। ਇਨ੍ਹਾਂ 'ਚ ਮੁੱਖ ਤੌਰ 'ਤੇ ਕੈਂਸਰ ਪੀੜਤ ਲੋਕ ਹੁੰਦੇ ਹਨ। ਇਨ੍ਹਾਂ ਦੋਹਾਂ ਸੰਸਥਾਵਾਂ ਦੀ ਸਥਾਪਨਾ ਪਿੱਛੇ ਸੰਚਾਲਕਾਂ ਦੀ ਨਿੱਜੀ ਪੀੜਾ ਹੀ ਮੁੱਖ ਪ੍ਰੇਰਕ ਰਹੀ ਹੈ।
ਫਿਰੋਜ਼ਾ ਬਿਲੀਮੋਰੀਆ ਦੇ ਪਤੀ ਜਿੰਮੀ ਦੀ 2013 'ਚ ਫੇਫੜਿਆਂ ਦੇ ਕੈਂਸਰ ਕਾਰਨ ਮੌਤ ਹੋ ਗਈ ਸੀ। ਉਹ ਟਾਟਾ ਗਰੁੱਪ ਦੀ ਕੰਪਨੀ 'ਚ ਉੱਚ ਕਾਰਜਕਾਰੀ ਅਧਿਕਾਰੀ ਸੀ। ਉਨ੍ਹੀਂ ਦਿਨੀਂ ਫਿਰੋਜ਼ਾ ਨੂੰ ਉਮੀਦ ਸੀ ਕਿ ਉਸ ਦਾ ਪਤੀ ਤੰਦਰੁਸਤ ਹੋ ਜਾਵੇਗਾ ਕਿਉਂਕਿ ਉਨ੍ਹਾਂ ਕੋਲ ਪੈਸੇ ਦੀ ਘਾਟ ਨਹੀਂ ਸੀ, ਇਸ ਲਈ ਉਹ ਇਕ ਤੋਂ ਦੂਜੇ ਹਸਪਤਾਲ ਤਕ ਦੌੜ-ਭੱਜ ਕਰਦੇ ਰਹੇ ਪਰ ਆਖਿਰ 'ਚ ਜਿੰਮੀ ਦੀ ਬਹੁਤ ਦਰਦ ਭਰੀ ਮੌਤ ਹੋਈ।
ਅਤੀਤ 'ਚ ਪ੍ਰਕਾਸ਼ਨ ਪੇਸ਼ੇ ਵਿਚ ਰਹਿ ਚੁੱਕੀ ਫਿਰੋਜ਼ਾ ਬਿਲੀਮੋਰੀਆ ਨੇ ਮੁੰਬਈ ਦੇ ਪਰੇਲ ਇਲਾਕੇ ਵਿਚ ਦਸੰਬਰ 2015 'ਚ ਟਾਟਾ ਸਮੂਹ ਦੇ ਟਰੱਸਟੀ ਤੇ ਉਦਯੋਗਪਤੀ ਆਨੰਦ ਮਹਿੰਦਰਾ ਦੇ ਸਹਿਯੋਗ ਨਾਲ ਮਰਨ ਕੰਢੇ ਪਹੁੰਚੇ ਰੋਗੀਆਂ ਦੀ ਸੇਵਾ-ਸੰਭਾਲ ਲਈ 'ਪਾਲ ਕੇਅਰ' ਨਾਮੀ ਸੰਸਥਾ ਸ਼ੁਰੂ ਕੀਤੀ, ਜੋ ਰੋਗੀਆਂ ਨੂੰ ਉਨ੍ਹਾਂ ਦੇ ਘਰ ਵਿਚ ਹੀ ਸੇਵਾ-ਸਹੂਲਤਾਂ ਮੁਹੱਈਆ ਕਰਵਾਉਂਦੀ ਹੈ। 
ਬਿਲੀਮੋਰੀਆ ਦਾ ਕਹਿਣਾ ਹੈ ਕਿ ਲੋਕ ਆਪਣੇ ਘਰ ਦੇ ਪਰਿਵਾਰਕ ਮੈਂਬਰਾਂ ਦਰਮਿਆਨ ਹੀ ਆਖਰੀ ਸਾਹ ਲੈਣਾ ਚਾਹੁੰਦੇ ਹਨ, ਨਾ ਕਿ ਹਸਪਤਾਲ ਵਿਚ ਪਰ ਸਮੱਸਿਆ ਇਹ ਹੈ ਕਿ ਕੇਰਲਾ ਨੂੰ ਛੱਡ ਕੇ ਪੂਰੇ ਦੇਸ਼ ਅਤੇ ਮੁੰਬਈ ਸ਼ਹਿਰ ਵਿਚ ਵੀ ਮਰਨ ਕੰਢੇ ਪਹੁੰਚੇ ਰੋਗੀਆਂ ਦੀ ਸੇਵਾ-ਸੰਭਾਲ ਲਈ ਬਹੁਤ ਘੱਟ ਸੰਸਥਾਵਾਂ ਮੌਜੂਦ ਹਨ। 
ਨੈਸ਼ਨਲ ਕੈਂਸਰ ਇੰਸਟੀਚਿਊਟ ਅਨੁਸਾਰ ਦੇਸ਼ ਭਰ 'ਚ ਹਰ ਸਾਲ ਕੈਂਸਰ ਦੇ ਸਾਢੇ 7 ਲੱਖ ਨਵੇਂ ਰੋਗੀਆਂ ਦਾ ਖੁਲਾਸਾ ਹੁੰਦਾ ਹੈ, ਜਿਨ੍ਹਾਂ ਵਿਚ 70 ਤੋਂ 80 ਫੀਸਦੀ ਰੋਗੀਆਂ ਦੀ ਬੀਮਾਰੀ ਜਾਨਲੇਵਾ ਹੁੰਦੀ ਹੈ, ਫਿਰ ਵੀ ਅਸੀਂ ਮੌਤ ਬਾਰੇ ਓਨੀ ਚਿੰਤਾ ਨਹੀਂ ਕਰਦੇ, ਜਿੰਨੀ ਕਰਨੀ ਚਾਹੀਦੀ ਹੈ। ਸਮਾਜਿਕ ਉੱਦਮੀਆਂ ਦੇ ਨੈੱਟਵਰਕ 'ਅਸ਼ੋਕ ਇੰਡੀਆ' ਅਨੁਸਾਰ ਦੇਸ਼ ਵਿਚ ਲੱਗਭਗ 50 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਮਰਨ ਕੰਢੇ ਪਹੁੰਚਣ 'ਤੇ ਸੇਵਾ-ਸਹੂਲਤਾਂ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਆਖਰੀ ਸਾਹ ਆਰਾਮ ਨਾਲ ਲੈ ਸਕਣ ਪਰ ਸਿਰਫ 2 ਫੀਸਦੀ ਲੋਕਾਂ ਨੂੰ ਹੀ ਅਜਿਹੀ ਸਹੂਲਤ ਮਿਲਦੀ ਹੈ। 
'ਪੈਲੀਏਟਿਵ ਕੇਅਰ' ਦਰਦ ਜਾਂ ਦਰਦ ਦੀਆਂ ਅਲਾਮਤਾਂ ਦਾ ਇਲਾਜ ਮਾਰਫੀਨ ਵਰਗੇ ਦਰਦ-ਨਿਵਾਰਕ ਟੀਕਿਆਂ ਦੇ ਜ਼ਰੀਏ ਕਰਨ ਤਕ ਸੀਮਤ ਨਹੀਂ, ਸਗੋਂ ਇਹ ਮਰਨ ਕੰਢੇ ਪਹੁੰਚੇ ਲੋਕਾਂ ਦੀਆਂ ਆਤਮਾਵਾਂ ਨੂੰ ਝੰਜੋੜ ਰਹੀ ਆਤਮ-ਗਿਲਾਨੀ, ਪਛਤਾਵੇ ਵਰਗੀ ਭਾਵਨਾ ਦਾ ਵੀ ਹੱਲ ਕਰਦੀ ਹੈ। ਦੇਵਯਾਂਸ਼ੀ ਨੇ ਦੱਸਿਆ ਕਿ ਕੈਂਸਰ ਕਾਰਨ ਆਖਰੀ ਸਾਹ ਗਿਣ ਰਹੇ ਲੋਕਾਂ ਵਿਚ ਆਪਣੀ ਬਦਕਿਸਮਤੀ ਨੂੰ ਲੈ ਕੇ ਬਹੁਤ ਗੁੱਸਾ ਹੁੰਦਾ ਹੈ ਤੇ ਉਹ ਸੋਚਦੇ ਹਨ ਕਿ ''ਅਜਿਹਾ ਮੇਰੇ ਨਾਲ ਹੀ ਹੋਣਾ ਸੀ?'' 
ਕਈ ਲੋਕ ਤਾਂ ਇਹ ਵੀ ਸੋਚਦੇ ਹਨ ਕਿ ਅਜਿਹਾ ਜਾਨਲੇਵਾ ਰੋਗ ਸ਼ਾਇਦ ਉਨ੍ਹਾਂ ਵਲੋਂ ਕੀਤੇ ਕਿਸੇ ਅਪਰਾਧ ਜਾਂ ਪਾਪ ਦਾ ਫਲ ਹੈ। ਦੇਵਯਾਂਸ਼ੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਸੰਗਠਨ ਮ੍ਰਿਤਕ ਰੋਗੀਆਂ ਦੇ ਪਰਿਵਾਰਾਂ ਨੂੰ ਮਨੋਵਿਗਿਆਨਕ ਸਹਾਇਤਾ ਵੀ ਦਿੰਦਾ ਹੈ। ਬਹੁਤ ਸਾਰੇ ਰੋਗੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜਾਨਲੇਵਾ ਸਥਿਤੀ ਤਕ ਪਹੁੰਚ ਚੁੱਕੇ ਕੈਂਸਰ ਦੇ ਮਰੀਜ਼ ਨਾਲ ਕਿਵੇਂ ਪੇਸ਼ ਆਉਣਾ ਹੈ। 
ਦੇਵਯਾਂਸ਼ੀ ਨੇ ਦੱਸਿਆ ਕਿ ਗਰੀਬ ਲੋਕ ਉਨ੍ਹਾਂ ਤਕ ਜ਼ਿਆਦਾ ਆਸਾਨੀ ਨਾਲ ਪਹੁੰਚ ਜਾਂਦੇ ਹਨ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਹੁੰਦਾ, ਜਦਕਿ ਅਮੀਰ ਲੋਕ ਉਨ੍ਹਾਂ ਨਾਲ ਸੰਪਰਕ ਕਰਨ ਤੋਂ ਪਹਿਲਾਂ ਜਗ੍ਹਾ-ਜਗ੍ਹਾ ਇਲਾਜ ਕਰਵਾਉਣ ਲਈ ਧੱਕੇ ਖਾਂਦੇ ਰਹਿੰਦੇ ਹਨ। 
ਬਿਲੀਮੋਰੀਆ ਦੀ ਟੀਮ ਵਿਚ ਡਾਕਟਰਾਂ ਤੇ ਨਰਸਾਂ ਸਮੇਤ 15 ਮੈਂਬਰ ਸ਼ਾਮਿਲ ਹਨ, ਜੋ ਇਸ ਸਮੇਂ 251 ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਵਿਚ ਹੀ ਇਲਾਜ/ਸੇਵਾ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਪੂਰੇ ਭਾਰਤ ਵਿਚ ਇਸ ਸਮੇਂ ਲੱਗਭਗ 269 'ਪੈਲੀਏਟਿਵ ਕੇਅਰ' ਸੈਂਟਰ ਹਨ, ਜਿਨ੍ਹਾਂ 'ਚੋਂ ਲੱਗਭਗ 169 ਤਾਂ ਸਿਰਫ ਕੇਰਲਾ ਵਿਚ ਹੀ ਹਨ। ਜ਼ਿਕਰਯੋਗ ਹੈ ਕਿ ਕੌਮੀ ਪੱਧਰ 'ਤੇ 'ਪੈਲੀਏਟਿਵ ਕੇਅਰ' ਪ੍ਰੋਗਰਾਮ ਸ਼ੁਰੂ ਹੋਣ ਤੋਂ 25 ਸਾਲ ਪਹਿਲਾਂ ਹੀ ਡਾ. ਐੱਮ. ਆਰ. ਰਾਜਗੋਪਾਲ ਨੇ ਕੇਰਲਾ ਦੇ ਕੋਝੀਕੋਡ ਸ਼ਹਿਰ 'ਚ ਸਰਕਾਰੀ ਮੈਡੀਕਲ ਕਾਲਜ ਦੇ ਸਿਰਫ 1 ਕਮਰੇ ਵਿਚ 'ਪੇਨ ਐਂਡ ਪੈਲੀਏਟਿਵ ਕੇਅਰ ਸੋਸਾਇਟੀ' ਦੀ ਨੀਂਹ ਰੱਖੀ ਸੀ। ਅੱਜ ਉਹ 'ਪੈਲੀਅਮ ਇੰਡੀਆ' ਨਾਮੀ ਸੰਗਠਨ ਦੀ ਅਗਵਾਈ ਕਰ ਰਹੇ ਹਨ, ਜਿਸ ਦਾ ਹੈੱਡਕੁਆਰਟਰ ਤਿਰੂਅਨੰਤਪੁਰਮ 'ਚ ਹੈ। ਇਹ ਸੰਗਠਨ ਕੇਰਲਾ ਦੇ ਅੰਦਰ ਤੇ ਬਾਹਰ 100 ਤੋਂ ਵੀ ਜ਼ਿਆਦਾ ਪੈਲੀਏਟਿਵ ਕੇਅਰ ਸੈਂਟਰ ਚਲਾਉਂਦਾ ਹੈ। 
ਅਫਸੋਸ ਤੇ ਹੈਰਾਨੀ ਦੀ ਗੱਲ ਹੈ ਕਿ 'ਪੈਲੀਏਟਿਵ ਕੇਅਰ' ਦਾ ਸਭ ਤੋਂ ਜ਼ਿਆਦਾ ਵਿਰੋਧ ਖ਼ੁਦ ਮੈਡੀਕਲ ਪ੍ਰੋਫੈਸ਼ਨਲਜ਼ ਵਲੋਂ ਹੀ ਕੀਤਾ ਜਾਂਦਾ ਹੈ ਤੇ ਅਜੇ ਵੀ ਸਾਡੇ ਦੇਸ਼ 'ਚ ਇਹ ਵਿਸ਼ਾ ਨਹੀਂ ਪੜ੍ਹਾਇਆ ਜਾਂਦਾ, ਜਦਕਿ ਪੱਛਮੀ ਦੇਸ਼ਾਂ 'ਚ ਇਹ ਮੈਡੀਕਲ ਕੋਰਸ ਦਾ ਲਾਜ਼ਮੀ ਹਿੱਸਾ ਬਣ ਚੁੱਕਾ ਹੈ। 
ਡਾ. ਰਾਜਗੋਪਾਲ ਦਾ ਕਹਿਣਾ ਹੈ ਕਿ ਕੇਰਲਾ ਵਿਚ 'ਪੈਲੀਏਟਿਵ ਕੇਅਰ' ਨੇ ਸਭ ਤੋਂ ਪਹਿਲਾਂ ਇਕ ਕਮਿਊਨਿਟੀ ਅੰਦੋਲਨ ਦੇ ਰੂਪ 'ਚ ਜੜ੍ਹ ਫੜੀ ਸੀ ਤੇ ਇਸ ਨੂੰ ਵਿੱਤੀ ਸਹਾਇਤਾ ਆਮ ਲੋਕਾਂ ਤੋਂ ਮਿਲਣ ਵਾਲੇ ਦਾਨ ਜਾਂ ਵਾਲੰਟੀਅਰਾਂ ਵਲੋਂ ਕੀਤੀ ਜਾਣ ਵਾਲੀ ਮਦਦ ਨਾਲ ਮਿਲਦੀ ਸੀ ਪਰ ਛੇਤੀ ਹੀ ਸਰਕਾਰ ਨੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਕਾਨੂੰਨ 'ਚ ਕੁਝ ਤਬਦੀਲੀਆਂ ਕਰਦਿਆਂ ਇਸ ਨੂੰ ਮਰਨ ਕੰਢੇ ਪਹੁੰਚੇ ਰੋਗੀਆਂ ਲਈ ਮਾਰਫੀਨ ਵਰਤਣ ਦੀ ਇਜਾਜ਼ਤ ਦੇ ਦਿੱਤੀ।
ਕੇਰਲਾ ਹੀ ਦੇਸ਼ ਦਾ ਪਹਿਲਾ ਅਜਿਹਾ ਸੂਬਾ ਸੀ, ਜਿਸ ਨੇ 2008 ਵਿਚ 'ਪੈਲੀਏਟਿਵ ਕੇਅਰ ਪਾਲਿਸੀ' ਦਾ ਖਰੜਾ ਤਿਆਰ ਕੀਤਾ ਸੀ। ਅੱਜ ਕਰਨਾਟਕ ਤੇ ਮਹਾਰਾਸ਼ਟਰ ਵਿਚ ਵੀ ਅਜਿਹੀ ਨੀਤੀ ਬਣ ਚੁੱਕੀ ਹੈ, ਫਿਰ ਵੀ ਇਨ੍ਹਾਂ ਦੋਹਾਂ ਸੂਬਿਆਂ 'ਚ ਇਸ ਨੂੰ ਕੇਰਲਾ ਵਰਗੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ। 
'ਰੋਮਿਲਾ ਪੈਲੀਏਟਿਵ ਕੇਅਰ' ਦਾ ਸੰਚਾਲਨ ਡਾ. ਆਰਮਿਦਾ ਫਰਨਾਂਡੀਜ਼ ਵਲੋਂ ਕੀਤਾ ਜਾਂਦਾ ਹੈ, ਜੋ ਲੋਕਮਾਨਯ ਤਿਲਕ ਜਨਰਲ ਹਾਸਪਿਟਲ ਐਂਡ ਮੈਡੀਕਲ ਕਾਲਜ ਦੀ ਟੀਮ 'ਚ ਰਹਿ ਚੁੱਕੀ ਹੈ। ਉਨ੍ਹਾਂ ਦੀ ਆਪਣੀ ਧੀ ਦੀ ਮੌਤ 2013 'ਚ ਕੈਂਸਰ ਕਾਰਨ ਹੀ ਹੋਈ ਸੀ ਤੇ ਇਸੇ ਸਦਮੇ ਨੇ ਉਨ੍ਹਾਂ ਨੂੰ ਮੌਤ ਦੀਆਂ ਘੜੀਆਂ ਗਿਣ ਰਹੇ ਮਰੀਜ਼ਾਂ ਲਈ ਇਹ ਕੇਂਦਰ ਸ਼ੁਰੂ ਕਰਨ ਦੀ ਪ੍ਰੇਰਨਾ ਦਿੱਤੀ। ਅੱਜ ਇਹ ਕੇਂਦਰ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ 40 ਮਰੀਜ਼ਾਂ ਨੂੰ ਸੇਵਾ ਸਹੂਲਤਾਂ ਦੇ ਰਿਹਾ ਹੈ। 
ਪਰ ਡਾ. ਆਰਮਿਦਾ ਅਫਸੋਸ ਨਾਲ ਕਹਿੰਦੀ ਹੈ ਕਿ 'ਪੈਲੀਏਟਿਵ ਕੇਅਰ' ਅਜੇ ਵੀ ਸਮਾਜ ਦੀ ਤਰਜੀਹੀ ਸੂਚੀ ਦਾ ਹਿੱਸਾ ਨਹੀਂ। ਦੇਵਯਾਂਸ਼ੀ ਦਾ ਕਹਿਣਾ ਹੈ ਕਿ ਸਨਮਾਨਜਨਕ ਮੌਤ ਵੀ ਓਨੀ ਹੀ ਅਹਿਮ ਹੈ, ਜਿੰਨੀ ਸਨਮਾਨਜਨਕ ਜ਼ਿੰਦਗੀ।
ਜੇਕਰ ਮੌਤ ਦੇ ਕੰਢੇ ਪਹੁੰਚੇ ਮਰੀਜ਼ਾਂ ਲਈ ਅਸੀਂ ਛੋਟੀਆਂ-ਛੋਟੀਆਂ ਸਹੂਲਤਾਂ ਤੇ ਸੇਵਾਵਾਂ ਮੁਹੱਈਆ ਕਰਵਾ ਸਕੀਏ ਤਾਂ ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਪਲਾਂ ਵਿਚ ਬਹੁਤ ਵੱਡੀ ਤਬਦੀਲੀ ਲਿਆ ਸਕਦੇ ਹਾਂ। 


Related News