ਯੌਨ ਸ਼ੋਸ਼ਣ ਦੇ ਦੋਸ਼ਾਂ ''ਚ ਘਿਰੇ ਹਾਲੀਵੁੱਡ ਨਿਰਮਾਤਾ ਨੂੰ ਪਤਨੀ ਵੀ ਛੱਡ ਗਈ

10/16/2017 2:05:45 AM

ਜਿਉਂ ਹੀ ਇਕ ਤੋਂ ਬਾਅਦ ਇਕ ਔਰਤਾਂ ਨੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਕਿ ਹਾਲੀਵੁੱਡ ਜਗਤ ਦੇ ਮਸ਼ਹੂਰ ਨਿਰਮਾਤਾ ਹਾਰਵੇ ਵਾਈਨਸਟਾਈਨ ਨੇ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੇ ਯੌਨ ਹਮਲਿਆਂ ਦਾ ਸ਼ਿਕਾਰ ਬਣਾਇਆ ਹੈ, ਤਿਉਂ ਹੀ ਉਸ ਦੀ ਫੈਸ਼ਨ ਡਿਜ਼ਾਈਨਰ ਪਤਨੀ ਜਾਰਜੀਨਾ ਚੈਪਮੈਨ ਨੇ ਐਲਾਨ ਕਰ ਦਿੱਤਾ ਕਿ ਉਹ ਉਸ ਤੋਂ ਵੱਖ ਹੋ ਰਹੀ ਹੈ। 
ਇਕ ਪੱਤ੍ਰਿਕਾ ਨੂੰ ਦਿੱਤੀ ਇੰਟਰਵਿਊ ਵਿਚ ਚੈਪਮੈਨ ਨੇ ਕਿਹਾ, ''ਹਾਰਵੇ ਦੇ ਇਨ੍ਹਾਂ ਨਾ-ਮੁਆਫੀਯੋਗ ਕਾਰਿਆਂ ਦੀਆਂ ਸ਼ਿਕਾਰ ਔਰਤਾਂ ਦੀ ਆਪਬੀਤੀ ਨੇ ਮੈਨੂੰ ਬਹੁਤ ਦੁੱਖ ਪਹੁੰਚਾਇਆ ਹੈ ਅਤੇ ਮੈਂ ਆਪਣੇ ਪਤੀ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ।'' ਉਸ ਨੇ ਅੱਗੇ ਕਿਹਾ, ''ਆਪਣੇ ਬੱਚਿਆਂ ਦੀ ਚਿੰਤਾ ਕਰਨਾ ਮੇਰੀ ਸਭ ਤੋਂ ਵੱਡੀ ਪਹਿਲ ਹੈ ਅਤੇ ਦੁੱਖ ਤੇ ਪ੍ਰੇਸ਼ਾਨੀ ਦੇ ਇਸ ਸਮੇਂ ਵਿਚ ਮੈਂ ਮੀਡੀਆ ਨੂੰ ਬੇਨਤੀ ਕਰਦੀ ਹਾਂ ਕਿ ਉਹ ਸਾਡੀ ਨਿੱਜਤਾ ਦਾ ਸਨਮਾਨ ਕਰੇ।'' 
ਜਦੋਂ ਚੈਪਮੈਨ ਇਹ ਐਲਾਨ ਕਰ ਰਹੀ ਸੀ, ਐਨ ਉਸੇ ਸਮੇਂ ਵਾਈਨਸਟਾਈਨ ਆਪਣੇ ਪ੍ਰਾਈਵੇਟ ਜੈੱਟ 'ਤੇ ਸਵਾਰ ਹੋ ਕੇ ਯੂਰਪ ਨੂੰ ਚਲੇ ਗਏ। ਉਥੇ ਜਾ ਕੇ ਉਹ  ਕਾਮ ਪ੍ਰਤੀ ਖਿੱਚ ਅਤੇ ਇਸ ਨਾਲ ਸੰਬੰਧਿਤ ਵਿਹਾਰਕ ਸਮੱਸਿਆਵਾਂ ਦਾ ਕਿਸੇ ਮਨੋਚਕਿੱਤਸਕ ਤੋਂ ਇਲਾਜ ਕਰਵਾਉਣਗੇ। ਉਹ ਕਿਸੇ ਅਜਿਹੇ ਹਸਪਤਾਲ ਵਿਚ ਭਰਤੀ ਹੋਣਗੇ, ਜਿੱਥੇ ਉਦੋਂ ਤਕ ਰਹਿਣ ਦੀ ਵਿਵਸਥਾ ਹੋਵੇ, ਜਦੋਂ ਤਕ ਉਹ ਮਾਨਸਿਕ ਤੌਰ 'ਤੇ ਬਿਲਕੁਲ ਠੀਕ ਨਹੀਂ ਹੋ ਜਾਂਦੇ। ਉਸ ਤੋਂ ਬਾਅਦ ਹੀ ਉਹ ਅਮਰੀਕਾ ਪਰਤਣਗੇ। 
ਮਜ਼ੇ ਦੀ ਗੱਲ ਇਹ ਹੈ ਕਿ ਹਰ ਸਮੇਂ ਗਰਮਾ-ਗਰਮ ਖ਼ਬਰਾਂ ਅਤੇ ਚਰਚਾ ਵਿਚ ਰਹਿਣ ਵਾਲੇ ਵਾਈਨਸਟਾਈਨ ਇਸ ਮੁੱਦੇ 'ਤੇ ਬਿਲਕੁਲ ਸ਼ਾਂਤ ਹਨ। 
41 ਸਾਲਾ ਜਾਰਜੀਨਾ ਚੈਪਮੈਨ ਦੀ 65 ਸਾਲਾ ਵਾਈਨਸਟਾਈਨ ਨਾਲ ਮੁਲਾਕਾਤ 2003 ਵਿਚ ਹੋਈ ਸੀ ਅਤੇ 4 ਸਾਲਾਂ ਬਾਅਦ ਉਹ ਵਿਆਹ ਬੰਧਨ ਵਿਚ ਬੱਝ ਗਏ ਸਨ। ਇਸ ਵਿਆਹ ਤੋਂ ਉਨ੍ਹਾਂ ਦੇ 2 ਬੱਚੇ ਹਨ—7 ਸਾਲਾ ਇੰਡੀਆ ਪਰਲ ਅਤੇ 4 ਸਾਲਾ ਡੈਸ਼ੀਏਲ ਮੈਕਸਰਾਬਰਟ। ਜ਼ਿਕਰਯੋਗ ਹੈ ਕਿ ਚੈਪਮੈਨ ਬਹੁਤ ਅਮੀਰ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਲੀ ਫੈਸ਼ਨ ਲੜੀ 'ਮਾਰਚੇਸਾ' ਦੀ ਸਹਿ-ਸੰਸਥਾਪਕ ਵੀ ਹੈ। ਵਾਈਨਸਟਾਈਨ ਨਾਲੋਂ ਸੰਬੰਧ ਤੋੜਨ ਦਾ ਐਲਾਨ ਕਰਨ ਤੋਂ ਪਹਿਲਾਂ ਉਹ ਆਪਣੇ ਬ੍ਰਾਂਡ ਨੂੰ ਆਪਣੇ ਪਤੀ 'ਤੇ ਲੱਗੇ ਦੋਸ਼ਾਂ ਤੋਂ ਦਾਗ਼ੀ ਹੋਣ ਤੋਂ ਬਚਾਉਣ ਲਈ ਸੰਘਰਸ਼ ਕਰ ਰਹੀ ਸੀ। ਉਂਝ ਵਾਈਨਸਟਾਈਨ ਨੂੰ ਛੱਡਣ ਨਾਲ ਸ਼ਾਇਦ ਉਸ ਨੂੰ ਕਈ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। 
ਜ਼ਿਕਰਯੋਗ ਹੈ ਕਿ ਵਾਈਨਸਟਾਈਨ ਦੀਆਂ ਫਿਲਮਾਂ ਵਿਚ ਹੀਰੋਇਨ ਰਹਿ ਚੁੱਕੀਆਂ ਬਹੁਤ ਸਾਰੀਆਂ ਲੜਕੀਆਂ (ਜਿਵੇਂ ਕਿ ਗਿਵਨੈਥ ਪਾਲਟ੍ਰੋ, ਜੂਡਿਥ ਗੌਡਰੀਸ਼ੇ, ਲੁਈਜੈੱਟ ਗਾਈਸ, ਐਂਜਲੀਨਾ ਜੌਲੀ ਅਤੇ ਏਸ਼ਲੀ ਜੂਡ ਆਦਿ) ਚੈਪਮੈਨ ਦੇ ਬ੍ਰਾਂਡ ਦੀਆਂ ਫੈਨ ਹਨ ਪਰ ਅਜਿਹਾ ਖਦਸ਼ਾ ਹੈ ਕਿ ਪਤੀ-ਪਤਨੀ ਦਾ ਸੰਬੰਧ ਟੁੱਟਣ ਤੋਂ ਬਾਅਦ ਉਹ ਇਸ ਫੈਸ਼ਨ ਬ੍ਰਾਂਡ ਤੋਂ ਵੀ ਦੂਰ ਹੋ ਸਕਦੀਆਂ ਹਨ। ਅਜਿਹੀ ਸੰਭਾਵਨਾ ਇਸ ਆਧਾਰ 'ਤੇ ਜਤਾਈ ਜਾ ਰਹੀ ਹੈ ਕਿ ਵਾਈਨਸਟਾਈਨ ਹਾਲੀਵੁੱਡ ਦੇ ਸਫਲ ਨਿਰਮਾਤਾਵਾਂ 'ਚੋਂ ਇਕ ਹੈ ਅਤੇ ਚੈਪਮੈਨ ਦੇ ਬ੍ਰਾਂਡ ਨੂੰ ਮਜ਼ਬੂਤੀ ਦਿਵਾਉਣ ਲਈ ਜ਼ਿੰਮੇਵਾਰ ਸਾਰੀਆਂ ਹੀਰੋਇਨਾਂ ਵਾਈਨਸਟਾਈਨ ਨਾਲ ਚੰਗੇ ਸੰਬੰਧ ਬਣਾਈ ਰੱਖਣਾ ਚਾਹੁਣਗੀਆਂ। ਅਜਿਹੇ ਵਿਚ 'ਮਾਰਚੇਸਾ' ਬ੍ਰਾਂਡ ਨੂੰ ਬਹੁਤ ਬੁਰੇ ਦਿਨਾਂ 'ਚੋਂ ਲੰਘਣਾ ਪੈਣਾ ਹੈ। ਨਿਊਯਾਰਕ ਸਥਿਤ ਇਕ ਫੈਸ਼ਨ ਪ੍ਰਕਾਸ਼ਨ ਨੇ ਇਥੋਂ ਤਕ ਕਹਿ ਦਿੱਤਾ ਹੈ ਕਿ ਹਾਲੀਵੁੱਡ ਦੀ ਕੋਈ ਵੀ ਹੀਰੋਇਨ ਹੁਣ 'ਮਾਰਚੇਸਾ' ਦੇ ਕੱਪੜੇ ਪਹਿਨਣ ਤੋਂ ਪ੍ਰਹੇਜ਼ ਹੀ ਕਰੇਗੀ।
ਚੈਪਮੈਨ ਅਤੇ ਵਾਈਨਸਟਾਈਨ 'ਮੈਟਰੋਪਾਲੀਟਨ ਮਿਊਜ਼ੀਅਮ ਆਫ ਆਰਟ ਕਾਸਟਿਊਮ ਇੰਸਟੀਚਿਊਟ' ਵਲੋਂ ਹਰ ਸਾਲ ਕਰਵਾਏ ਜਾਂਦੇ ਪ੍ਰੋਗਰਾਮ ਵਿਚ ਲਗਾਤਾਰ ਮਹਿਮਾਨ ਬਣਿਆ ਕਰਦੇ ਸਨ ਅਤੇ ਵਾਈਨਸਟਾਈਨ ਨੇ ਅਜੇ ਪਿਛਲੇ ਹਫਤੇ ਹੀ ਇਹ ਫੜ੍ਹ ਮਾਰੀ ਸੀ ਕਿ ਉਨ੍ਹਾਂ ਦੀ ਪਤਨੀ 'ਹਰ ਦੁੱਖ-ਸੁਖ ਵਿਚ ਉਨ੍ਹਾਂ ਦਾ 100 ਫੀਸਦੀ ਸਾਥ ਦਿੰਦੀ ਹੈ'। ਹੁਣ ਚੈਪਮੈਨ ਵਲੋਂ ਉਸ ਨੂੰ ਛੱਡ ਦੇਣ ਦੇ ਐਲਾਨ ਨਾਲ ਯਕੀਨਨ ਵਾਈਨਸਟਾਈਨ ਨੂੰ ਬਹੁਤ ਸਦਮਾ ਲੱਗੇਗਾ। ਵਾਈਨਸਟਾਈਨ ਨੇ ਤਾਂ ਇਥੋਂ ਤਕ ਵੀ ਕਿਹਾ ਸੀ ਕਿ ਉਹ ਉਨ੍ਹਾਂ ਲੋਕਾਂ 'ਚੋਂ ਇਕ ਹੈ, ਜੋ ਉਸ ਨੂੰ ਬਿਹਤਰ ਇਨਸਾਨ ਬਣਾਉਣ ਲਈ ਉਸ ਦੀ ਖਿਚਾਈ ਤਕ ਕਰ ਸਕਦੇ ਹਨ।
ਪਿਛਲੇ ਐਤਵਾਰ ਵਾਈਨਸਟਾਈਨ ਨੂੰ ਉਨ੍ਹਾਂ 'ਤੇ ਲੱਗੇ ਦੋਸ਼ਾਂ ਦੇ ਮੱਦੇਨਜ਼ਰ 'ਵਾਈਨਸਟਾਈਨ ਕੰਪਨੀ' ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ  ਗਿਆ ਸੀ। ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਕੰਪਨੀ ਦੇ ਬੋਰਡ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਵਾਈਨਸਟਾਈਨ ਕੁਝ ਨਵੇਂ ਆਈਡੀਆਜ਼ ਲੈ ਕੇ ਬੋਰਡ ਸਾਹਮਣੇ ਫਿਰ ਤੋਂ ਪ੍ਰਸਤਾਵ ਪੇਸ਼ ਕਰ ਸਕਦੇ ਹਨ। ਦੂਜੇ ਪਾਸੇ ਚੈਪਮੈਨ ਅਤੇ ਵਾਈਨਸਟਾਈਨ ਵਿਚਾਲੇ ਸੰਬੰਧ ਸੁਧਰਨ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ। 


Related News