ਪਾਕਿਸਤਾਨ ਵਿਚ ਹਿੰਦੂਆਂ ਦੇ ਬਦ ਤੋਂ ਬਦਤਰ ਹੋ ਰਹੇ ਹਾਲਾਤ

06/22/2018 4:17:52 AM

ਪਾਕਿਸਤਾਨ ਤੋਂ ਅੱਜ ਤਕ ਕਦੇ ਠੰਡੀ ਹਵਾ ਨਹੀਂ ਆਈ। ਕਦੇ ਕਿਸੇ ਮੰਦਿਰ 'ਤੇ ਹਮਲੇ, ਕਦੇ ਕਿਸੇ ਨੌਜਵਾਨ ਲੜਕੀ ਨੂੰ ਅਗਵਾ ਕਰ ਕੇ ਧਰਮ ਬਦਲਵਾਉਣ, ਕਦੇ ਕਟਾਸਰਾਜ ਯਾਤਰੀਆਂ ਨੂੰ ਵੀਜ਼ਾ ਨਾ ਦੇਣ ਅਤੇ ਕਦੇ ਕਿਸੇ ਦੇ ਈਸ਼ ਨਿੰਦਾ ਕੇਸ ਵਿਚ ਗ੍ਰਿਫਤਾਰ ਹੋਣ ਵਰਗੀਆਂ ਭੈੜੀਆਂ ਖਬਰਾਂ ਹੀ ਸੁਣਨ ਨੂੰ ਮਿਲਦੀਆਂ ਹਨ।
15 ਅਗਸਤ 1947 ਤੋਂ ਪਹਿਲਾਂ ਪਾਕਿਸਤਾਨ ਭਾਰਤ ਦਾ ਹੀ ਇਕ ਹਿੱਸਾ ਸੀ। ਪਾਕਿਸਤਾਨ ਦੇ ਮੌਜੂਦਾ ਇਲਾਕੇ ਦਾ ਹਿੰਦੂ ਧਰਮ ਨਾਲ ਪ੍ਰਾਚੀਨ ਕਾਲ ਤੋਂ ਹੀ ਗੂੜ੍ਹਾ ਸਬੰਧ ਹੈ। ਆਰੀਅਨ ਕਬੀਲਿਆਂ ਨੇ ਇਸੇ ਰਸਤੇ ਭਾਰਤ ਵਿਚ ਪ੍ਰਵੇਸ਼ ਕੀਤਾ ਸੀ। 
ਮੰਨਿਆ ਜਾਂਦਾ ਹੈ ਕਿ ਪਹਿਲਾ ਹਿੰਦੂ ਗ੍ਰੰਥ ਰਿਗਵੇਦ ਸਿੰਧ ਦਰਿਆ ਦੇ ਕਿਨਾਰੇ ਸੰਪੂਰਨ ਹੋਇਆ ਸੀ। ਇਸ ਤੋਂ ਇਲਾਵਾ ਸਿੰਧੂ ਘਾਟੀ ਦੀ ਸੱਭਿਅਤਾ ਦਾ ਵੀ ਹਿੰਦੂ ਧਰਮ 'ਤੇ ਗਹਿਰਾ ਪ੍ਰਭਾਵ ਪਿਆ ਹੈ। ਸਿੰਧ ਦੇ ਰਾਜੇ ਜੈਦਰਥ ਨੇ ਮਹਾਭਾਰਤ ਦੇ ਯੁੱਧ ਵਿਚ ਅਹਿਮ ਹਿੱਸਾ ਪਾਇਆ ਸੀ। ਅਭਿਮੰਨਿਊ ਦੀ ਹੱਤਿਆ ਉਸੇ ਨੇ ਕੀਤੀ ਸੀ।
ਮੰਨਿਆ ਜਾਂਦਾ ਹੈ ਕਿ ਲਾਹੌਰ ਦੀ ਸਥਾਪਨਾ ਸ਼੍ਰੀ ਰਾਮ ਦੇ ਵੱਡੇ ਬੇਟੇ ਲਵ ਅਤੇ ਕਸੂਰ ਦੀ ਸਥਾਪਨਾ ਛੋਟੇ ਬੇਟੇ ਕੁਸ਼ ਨੇ ਕੀਤੀ ਸੀ। ਸੰਸਾਰ ਦੀ ਸਭ ਤੋਂ ਪ੍ਰਾਚੀਨ ਯੂਨੀਵਰਸਿਟੀ ਤਕਸ਼ਿਲਾ ਵੀ ਪਾਕਿਸਤਾਨ ਦੇ ਇਲਾਕੇ ਵਿਚ ਵਧੀ-ਫੁੱਲੀ ਸੀ। ਪਾਕਿਸਤਾਨ ਦੇ ਅਨੇਕ ਸ਼ਹਿਰਾਂ ਜਿਵੇਂ ਪੇਸ਼ਾਵਰ ਅਤੇ ਮੁਲਤਾਨ ਦੇ ਨਾਂ ਸੰਸਕ੍ਰਿਤ ਮੂਲ ਦੇ ਹਨ। ਭਾਰਤ 'ਤੇ ਪਹਿਲਾ ਮੁਸਲਿਮ-ਅਰਬ ਹਮਲਾ ਵੀ ਮੁਹੰਮਦ ਬਿਨ ਕਾਸਿਮ ਵਲੋਂ ਸਿੰਧ 'ਤੇ ਕੀਤਾ ਗਿਆ ਸੀ। 
ਆਜ਼ਾਦੀ ਵੇਲੇ ਜਿੱਨਾਹ ਵਲੋਂ ਹਿੰਦੂਆਂ-ਸਿੱਖਾਂ ਨੂੰ ਪਾਕਿਸਤਾਨ ਵਿਚ ਰੱਖਣ ਲਈ ਬਹੁਤ ਵੱਡੇ-ਵੱਡੇ ਲੁਭਾਉਣੇ ਵਾਅਦੇ ਕੀਤੇ ਗਏ ਸਨ। ਇਸੇ ਕਾਰਨ ਲੱਖਾਂ ਦੀ ਗਿਣਤੀ ਵਿਚ ਹਿੰਦੂ-ਸਿੱਖ ਪਾਕਿਸਤਾਨ ਵਿਚ ਰਹਿ ਗਏ ਸਨ। ਉਨ੍ਹਾਂ ਨੇ ਉਸ ਵੇਲੇ ਦੇ ਖੂਨੀ ਮਾਹੌਲ ਦੇ ਬਾਵਜੂਦ ਆਪਣੇ ਜੱਦੀ ਘਰਾਂ ਵਿਚ ਰਹਿਣਾ ਜ਼ਿਆਦਾ ਮੁਨਾਸਿਬ ਸਮਝਿਆ।
ਇਸ ਵੇਲੇ ਪਾਕਿਸਤਾਨ ਦੀ ਕਰੀਬ 1.85% ਆਬਾਦੀ ਹਿੰਦੂ ਹੈ। ਹਿੰਦੂ ਧਰਮ ਪਾਕਿਸਤਾਨ ਦਾ ਦੂਸਰਾ ਸਭ ਤੋਂ ਵੱਡਾ ਧਰਮ ਹੈ। ਪਾਕਿਸਤਾਨ ਇਸ ਵੇਲੇ ਸੰਸਾਰ ਦਾ ਪੰਜਵਾਂ ਸਭ ਤੋਂ ਵੱਧ ਹਿੰਦੂ ਆਬਾਦੀ ਵਾਲਾ ਦੇਸ਼ ਹੈ। 2017 ਦੀ ਮਰਦਮਸ਼ੁਮਾਰੀ ਅਨੁਸਾਰ ਪਾਕਿਸਤਾਨ ਵਿਚ ਹਿੰਦੂਆਂ ਦੀ ਕੁਲ ਆਬਾਦੀ 38,85,000 ਹੈ। ਇਸ ਵਿਚੋਂ 93.33% ਸਿੰਧ ਵਿਚ, 4.76% ਪੰਜਾਬ, 1.6% ਬਲੋਚਿਸਤਾਨ ਅਤੇ 0.21% ਸੂਬਾ ਸਰਹੱਦ ਵਿਚ ਵੱਸਦੇ ਹਨ। ਇਨ੍ਹਾਂ ਦੀ ਮੁੱਖ ਬੋਲੀ ਸਿੰਧੀ ਸਰਾਇਕੀ, ਮਾਰਵਾੜੀ, ਗੁਜਰਾਤੀ ਅਤੇ ਪੰਜਾਬੀ ਹੈ।
ਸ਼ੁਰੂ-ਸ਼ੁਰੂ ਵਿਚ ਪਾਕਿਸਤਾਨੀ ਹਾਕਮਾਂ ਦਾ ਵਤੀਰਾ ਹਿੰਦੂਆਂ ਪ੍ਰਤੀ ਠੀਕ ਸੀ। ਸਿੰਧ ਅਤੇ ਖਾਸ ਤੌਰ 'ਤੇ ਕਰਾਚੀ ਵਿਚ ਬਹੁਤ ਸਾਲ ਮਾਹੌਲ ਧਰਮ ਨਿਰਪੱਖ ਰਿਹਾ ਹੈ। ਹਿੰਦੂ ਵਧ-ਚੜ੍ਹ ਕੇ ਵਿੱਦਿਆ, ਖੇਡਾਂ, ਕਲਾ ਅਤੇ ਨੌਕਰੀਆਂ ਵਿਚ ਹਿੱਸਾ ਪਾਉਂਦੇ ਸਨ। ਸਿੰਧ ਦਰਿਆ ਹਿੰਦੂਆਂ ਲਈ ਪਵਿੱਤਰ ਮੰਨਿਆ ਜਾਂਦਾ ਹੋਣ ਕਰਕੇ ਉਥੇ ਪੂਜਾ ਕਰਨ ਦੀ ਆਗਿਆ ਦਿੱਤੀ ਜਾਂਦੀ ਸੀ।
1947 ਦੇ ਦੰਗਿਆਂ ਤੋਂ ਬਚੇ ਹੋਏ ਮੰਦਿਰਾਂ ਦੀ ਪਾਕਿਸਤਾਨ ਸਰਕਾਰ ਸਾਂਭ-ਸੰਭਾਲ ਕਰਦੀ ਸੀ। ਕਰਾਚੀ ਦਾ ਸ਼੍ਰੀ ਸਵਾਮੀ ਨਾਰਾਇਣ ਮੰਦਿਰ ਅਤੇ ਪੰਜਾਬ ਸੂਬੇ ਦਾ ਕਟਾਸਰਾਜ ਮੰਦਿਰ ਇਸ ਦੀ ਮਿਸਾਲ ਹਨ। ਹਿੰਦੂਆਂ ਲਈ ਸੈਨੇਟ, ਸੂਬਾ ਅਸੈਂਬਲੀਆਂ ਅਤੇ ਨੈਸ਼ਨਲ ਅਸੈਂਬਲੀ ਲਈ ਕੁਝ ਸੀਟਾਂ ਰਿਜ਼ਰਵ ਕੀਤੀਆਂ ਹੋਈਆਂ ਹਨ। 
ਪਾਕਿਸਤਾਨ ਹਿੰਦੂ ਪੰਚਾਇਤ, ਪਾਕਿਸਤਾਨ ਹਿੰਦੂ ਕੌਂਸਲ ਅਤੇ ਪਾਕਿਸਤਾਨੀ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਕੁਝ ਪ੍ਰਮੁੱਖ ਸੰਸਥਾਵਾਂ ਹਨ, ਜੋ ਹਿੰਦੂਆਂ ਦੇ ਹੱਕ ਵਿਚ ਕੌਮੀ ਪੱਧਰ 'ਤੇ ਆਵਾਜ਼ ਉਠਾਉਂਦੀਆਂ ਹਨ। ਇਥੇ ਇਕ ਸ਼ਿਵ ਟੈਂਪਲ ਸੁਸਾਇਟੀ ਹੈ, ਜੋ ਮੰਸ਼ੈਹਰਾ ਜ਼ਿਲੇ ਦੇ ਚਿੱਟੀ ਗੱਟੀ ਪਿੰਡ ਦੇ ਸ਼ਿਵ ਮੰਦਿਰ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਇਲਾਕੇ ਦੇ ਹਿੰਦੂਆਂ ਦੇ ਹਿੱਤਾਂ ਦਾ ਵੀ ਧਿਆਨ ਰੱਖਦੀ ਹੈ। ਇਸ ਤੋਂ ਇਲਾਵਾ ਘੱਟਗਿਣਤੀਆਂ ਦੇ ਹਿੱਤਾਂ ਦਾ ਧਿਆਨ ਰੱਖਣ ਲਈ ਘੱਟਗਿਣਤੀ ਕਮਿਸ਼ਨ ਅਤੇ ਘੱਟਗਿਣਤੀ ਮੰਤਰਾਲਾ ਵੀ ਹੈ।
ਪਰ ਆਜ਼ਾਦੀ ਤੋਂ ਜਲਦੀ ਹੀ ਬਾਅਦ ਪਾਕਿਸਤਾਨੀ ਹੁਕਮਰਾਨਾਂ ਦਾ ਰਵੱਈਆ ਬਦਲਣਾ ਸ਼ੁਰੂ ਹੋ ਗਿਆ। ਪਾਕਿਸਤਾਨ ਦੇ ਦੂਸਰੇ ਪ੍ਰਧਾਨ ਮੰਤਰੀ ਖਵਾਜਾ ਨਜ਼ੀਮੁਦੀਨ ਨੇ ਕਿਹਾ, ''ਮੈਂ ਇਸ ਗੱਲ ਨੂੰ ਨਹੀਂ ਮੰਨਦਾ ਕਿ ਧਰਮ ਇਕ ਵਿਅਕਤੀ ਦਾ ਨਿੱਜੀ ਮਾਮਲਾ ਹੈ। ਨਾ ਹੀ ਮੈਂ ਇਹ ਮੰਨਦਾ ਹਾਂ ਕਿ ਇਕ ਇਸਲਾਮੀ ਸਟੇਟ ਵਿਚ ਦੂਸਰੇ ਧਰਮ ਵਾਲਿਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਜਾ ਸਕਦੇ ਹਨ।'' 
ਇਹ ਵਿਚਾਰਧਾਰਾ ਜਨਰਲ ਜ਼ਿਆ ਉਲ ਹੱਕ ਦੇ ਰਾਜ ਵਿਚ ਇਕਦਮ ਵਧ ਗਈ ਜਦੋਂ ਉਸ ਨੇ ਸੰਨ 1981 ਵਿਚ ਪਾਕਿਸਤਾਨ ਨੂੰ ਇਕ ਇਸਲਾਮੀ ਦੇਸ਼ ਕਰਾਰ ਦੇ ਕੇ ਉਥੇ ਸ਼ਰੀਅਤ ਕਾਨੂੰਨ ਲਾਗੂ ਕਰ ਦਿੱਤਾ। ਉਸ ਤੋਂ ਬਾਅਦ ਹਿੰਦੂਆਂ 'ਤੇ ਧੱਕੇਸ਼ਾਹੀ ਵਧ ਗਈ। ਮਈ 2014 ਵਿਚ ਹਾਕਮ ਪਾਰਟੀ ਮੁਸਲਿਮ ਲੀਗ (ਨਵਾਜ਼) ਦੇ ਐੱਮ. ਪੀ. ਡਾ. ਰਮੇਸ਼ ਕੁਮਾਰ ਵਕਵਾਨੀ ਨੇ ਨੈਸ਼ਨਲ ਅਸੈਂਬਲੀ ਵਿਚ ਬਿਆਨ ਦਿੱਤਾ ਕਿ :
''ਹਰ ਸਾਲ 5000 ਹਿੰਦੂ ਭਾਰਤ ਅਤੇ ਹੋਰ ਦੇਸ਼ਾਂ ਨੂੰ ਹਿਜਰਤ ਕਰ ਰਹੇ ਹਨ ਕਿਉਂਕਿ ਪਾਕਿਸਤਾਨ ਵਿਚ ਹਿੰਦੂ ਲੜਕੀਆਂ ਦਾ ਸੈਕਸ ਸ਼ੋਸ਼ਣ ਕੀਤਾ ਜਾ ਰਿਹਾ ਹੈ, ਹਿੰਦੂ ਬੱਚਿਆਂ ਨੂੰ ਸਕੂਲਾਂ ਵਿਚ ਇਸਲਾਮੀ ਧਰਮ ਦੀਆਂ ਕਿਤਾਬਾਂ ਪੜ੍ਹਨ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੇ ਧਾਰਮਿਕ ਰੀਤੀ-ਰਿਵਾਜਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ।''
ਪਾਕਿਸਤਾਨੀ ਹਿੰਦੂਆਂ ਨੂੰ ਸਭ ਤੋਂ ਵੱਡਾ ਨੁਕਸਾਨ ਬਾਬਰੀ ਮਸਜਿਦ ਕਾਂਡ ਨੇ ਪਹੁੰਚਾਇਆ ਹੈ। ਉਸ ਤੋਂ ਬਾਅਦ ਸਾਰੇ ਪਾਕਿਸਤਾਨ ਵਿਚ ਧਾਰਮਿਕ ਦੰਗੇ ਭੜਕ ਪਏ। ਸੈਂਕੜੇ ਮੰਦਿਰ ਅਤੇ ਹਿੰਦੂਆਂ ਦੇ ਵਪਾਰਕ ਅਦਾਰੇ ਤਬਾਹ ਕਰ ਦਿੱਤੇ ਗਏ। ਇਹ 1947 ਤੋਂ ਬਾਅਦ ਦੀ ਸਭ ਤੋਂ ਵੱਡੀ ਤਬਾਹੀ ਸੀ। 
ਸੰਨ 2005 ਵਿਚ ਬਲੋਚਿਸਤਾਨ 'ਚ ਬਾਗੀ ਨੇਤਾ ਨਵਾਬ ਅਕਬਰ ਬੁਗਤੀ ਦੇ ਆਦਮੀਆਂ ਅਤੇ ਪਾਕਿ ਫੌਜ ਵਿਚਾਲੇ ਗਹਿਗੱਚ ਲੜਾਈ ਹੋਈ। ਨਵਾਬ ਦੇ ਘਰ ਦੇ ਨੇੜੇ ਇਕ ਹਿੰਦੂ ਬਸਤੀ ਹੈ। ਇਸ ਝੜਪ ਦੀ ਲਪੇਟ ਵਿਚ ਆ ਕੇ ਉਦੋਂ 32 ਬੇਗੁਨਾਹ ਹਿੰਦੂ ਮਾਰੇ ਗਏ ਸਨ। ਇਹ ਵੀ 1947 ਤੋਂ ਬਾਅਦ ਹਿੰਦੂਆਂ ਦਾ ਸਭ ਤੋਂ ਵੱਡਾ ਕਤਲੇਆਮ ਸੀ।
ਪਾਕਿਸਤਾਨ ਵਿਚ ਤਾਲਿਬਾਨ ਅਤੇ ਹੋਰ ਕੱਟੜਵਾਦੀ ਜਥੇਬੰਦੀਆਂ ਦੇ ਉਭਾਰ ਨੇ ਵੀ ਹਿੰਦੂਆਂ 'ਤੇ ਹੋਣ ਵਾਲੇ ਜ਼ੁਲਮਾਂ ਵਿਚ ਵਾਧਾ ਕੀਤਾ ਹੈ। ਜੁਲਾਈ 2010 ਵਿਚ ਇਕ ਹਿੰਦੂ ਨੌਜਵਾਨ ਦੇ ਇਕ ਮੁਸਲਿਮ ਧਰਮ ਸਥਾਨ ਦੀ ਟੂਟੀ ਤੋਂ ਪਾਣੀ ਪੀਣ ਦੇ ਸਵਾਲ 'ਤੇ 60 ਹਿੰਦੂ ਪਰਿਵਾਰਾਂ ਦੇ ਘਰ ਸਾੜ ਕੇ ਸਵਾਹ ਕਰ ਦਿੱਤੇ ਗਏ। ਜਨਵਰੀ 2014 ਵਿਚ ਪੇਸ਼ਾਵਰ ਦੇ ਇਕ ਹਿੰਦੂ ਮੰਦਿਰ ਦੇ ਬਾਹਰ ਸੁਰੱਖਿਆ ਲਈ ਖੜ੍ਹੇ ਇਕ ਪੁਲਸ ਵਾਲੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਪਰ ਜੋ ਸਵਾਲ ਇਸ ਸਮੇਂ ਸਾਰੇ ਪਾਕਿਸਤਾਨੀ ਹਿੰਦੂਆਂ ਦਾ ਦਿਲ ਧੜਕਾ ਰਿਹਾ ਹੈ, ਉਹ ਹੈ ਇਕ ਸੋਚੀ-ਸਮਝੀ ਸਾਜ਼ਿਸ਼ ਅਧੀਨ ਹਿੰਦੂ ਲੜਕੀਆਂ ਨੂੰ ਵਰਗਲਾ ਕੇ ਉਨ੍ਹਾਂ ਦੇ ਵਿਆਹ (ਨਿਕਾਹ) ਮੁਸਲਿਮ ਨੌਜਵਾਨਾਂ ਨਾਲ ਕਰ ਕੇ ਧਰਮ ਤਬਦੀਲ ਕਰਾਉਣਾ। ਹਰ ਸਾਲ ਦਰਜਨਾਂ ਲੜਕੀਆਂ ਤੋਂ ਇਸ ਤਰੀਕੇ ਨਾਲ ਧਰਮ ਬਦਲਵਾਇਆ ਜਾ ਰਿਹਾ ਹੈ।
ਸਿੰਧ ਦੇ ਇਕ ਮਦਰੱਸੇ ਦਰਗਾਹ ਆਲੀਆ ਕਾਦਰੀਆ ਭਾਰਚੰਦੀ ਸ਼ਰੀਫ ਦੇ ਹਾਫਿਜ਼ ਨੇ ਸ਼ਰੇਆਮ ਦਾਅਵਾ ਕੀਤਾ ਹੈ ਕਿ ਉਸ ਦਾ 2000 ਹਿੰਦੂ ਲੜਕੀਆਂ ਦਾ ਧਰਮ ਬਦਲਵਾਉਣ ਦਾ ਟੀਚਾ ਹੈ। ਦੂਸਰਾ ਵੱਡਾ ਕਾਰਨ ਹੈ 'ਈਸ਼ ਨਿੰਦਾ' ਦਾ ਸਖਤ ਕਾਨੂੰਨ। ਇਸ ਕਾਨੂੰਨ ਤਹਿਤ ਕੋਈ ਵੀ ਮੁਸਲਿਮ ਵਿਅਕਤੀ ਕਿਸੇ ਵੀ ਦੂਸਰੇ ਧਰਮ ਵਾਲੇ 'ਤੇ ਇਸਲਾਮ ਦੀ ਨਿੰਦਾ ਕਰਨ ਦਾ ਇਲਜ਼ਾਮ ਲਗਾ ਸਕਦਾ ਹੈ।
ਲੋਕ ਆਪਣੀ ਨਿੱਜੀ ਕਿੜ ਕੱਢਣ ਲਈ ਇਸ ਕਾਨੂੰਨ ਦੀ ਧੜਾਧੜ ਦੁਰਵਰਤੋਂ ਕਰ ਰਹੇ ਹਨ। ਇਸ ਦੀ ਕੋਈ ਦਾਦ-ਫਰਿਆਦ ਨਹੀਂ ਹੈ ਤੇ ਮੌਤ ਦੀ ਸਜ਼ਾ ਤਕ ਮਿਲ ਸਕਦੀ ਹੈ। ਪਿੱਛੇ ਜਿਹੇ ਇਕ ਮੁਲਾਣਾ ਫੜਿਆ ਗਿਆ ਸੀ, ਜਿਸ ਨੇ ਖੁਦ ਹੀ ਧਾਰਮਿਕ ਪੁਸਤਕ ਪਾੜ ਕੇ ਆਪਣੇ ਗੁਆਂਢੀ ਹਿੰਦੂ ਨੂੰ ਉਸ ਦੀ ਦੁਕਾਨ 'ਤੇ ਕਬਜ਼ਾ ਕਰਨ ਦੇ ਦੋਸ਼ ਵਿਚ ਫਸਾ ਦਿੱਤਾ ਸੀ।
ਇਸ ਤੋਂ ਇਲਾਵਾ ਪਾਕਿਸਤਾਨੀ ਸਕੂਲਾਂ ਵਿਚ ਮੁੱਢ ਤੋਂ ਹੀ ਬੱਚਿਆਂ ਦੇ ਦਿਮਾਗ ਵਿਚ ਭਾਰਤ ਅਤੇ ਹਿੰਦੂ ਧਰਮ ਦੇ ਖਿਲਾਫ ਜ਼ਹਿਰ ਘੋਲਿਆ ਜਾ ਰਿਹਾ ਹੈ। ਪਾਠ-ਪੁਸਤਕਾਂ ਅਜਿਹੇ ਵੇਰਵਿਆਂ ਨਾਲ ਭਰੀਆਂ ਪਈਆਂ ਹਨ। ਭਾਰਤ ਅਤੇ ਹਿੰਦੂ ਧਰਮ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਸ਼ਮਣ ਦਰਸਾਇਆ ਜਾਂਦਾ ਹੈ। ਹਿੰਦੂਆਂ ਨੂੰ ਪਿਛਾਂਹ ਖਿੱਚੂ ਅਤੇ ਵਹਿਮਾਂ-ਭਰਮਾਂ ਵਿਚ ਫਸੇ ਡਰਪੋਕ ਲੋਕ ਦਿਖਾਇਆ ਜਾਂਦਾ ਹੈ।
ਹਿੰਦੂਆਂ 'ਤੇ ਜ਼ੁਲਮਾਂ ਦਾ ਇਕ ਹੋਰ ਕਾਰਨ ਆਰਥਿਕ ਵੀ ਹੈ। ਹਿੰਦੂ ਮੰਦਿਰ (ਜੋ ਬਚੇ ਹੋਏ ਹਨ) ਸ਼ਹਿਰਾਂ ਦੇ ਸਭ ਤੋਂ ਮਹਿੰਗੇ ਇਲਾਕਿਆਂ ਵਿਚ ਸਥਿਤ ਹਨ। ਭੂ-ਮਾਫੀਆ ਦੀ ਨਜ਼ਰ ਹਮੇਸ਼ਾ ਇਨ੍ਹਾਂ 'ਤੇ ਰਹਿੰਦੀ ਹੈ। ਭਾਰਤ ਵਿਚ ਹੋਣ ਵਾਲੀ ਛੋਟੀ ਤੋਂ ਛੋਟੀ ਘਟਨਾ ਨੂੰ ਲੈ ਕੇ ਦੰਗੇ ਭੜਕਾ ਕੇ ਮੰਦਿਰਾਂ 'ਤੇ ਕਬਜ਼ੇ ਕਰ ਲਏ ਜਾਂਦੇ ਹਨ। ਬਾਅਦ ਵਿਚ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ਅਤੇ ਲੀਡਰਾਂ ਦੀ ਮਦਦ ਨਾਲ ਉਥੇ ਵੱਡੇ-ਵੱਡੇ ਮਾਲ ਉਸਾਰ ਲਏ ਜਾਂਦੇ ਹਨ। ਲਾਹੌਰ ਵਿਚ ਅਜਿਹੀਆਂ ਅਨੇਕ ਮਿਸਾਲਾਂ ਹਨ।
ਇਨ੍ਹਾਂ ਕਾਰਨਾਂ ਕਰਕੇ ਹੀ ਆਜ਼ਾਦੀ ਵੇਲੇ ਪਾਕਿਸਤਾਨ ਵਿਚ ਹਿੰਦੂਆਂ ਦੀ ਆਬਾਦੀ ਜੋ 15% ਸੀ, ਹੁਣ 2% ਤੋਂ ਵੀ ਘੱਟ ਰਹਿ ਗਈ ਹੈ। ਜਿੰਨੀ ਦੇਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮਸਲਾ ਚੱਲਦਾ ਰਹੇਗਾ, ਪਾਕਿਸਤਾਨ 'ਚ ਰਹਿੰਦੇ ਹਿੰਦੂਆਂ 'ਤੇ ਜ਼ੁਲਮ ਹੁੰਦੇ ਰਹਿਣਗੇ। 
ਭਾਰਤ ਪਹੁੰਚਣ ਵਾਲੇ ਪਾਕਿਸਤਾਨੀ ਹਿੰਦੂਆਂ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਹੈ। ਉਨ੍ਹਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਤੇ ਨਾਗਰਿਕਤਾ ਹਾਸਲ ਕਰਨ ਲਈ ਕਈ-ਕਈ ਸਾਲ ਲੱਗ ਜਾਂਦੇ ਹਨ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਇਜ਼ਰਾਈਲ ਵਾਂਗ ਪਾਕਿਸਤਾਨ ਤੋਂ ਹਿਜਰਤ ਕਰ ਕੇ ਆਉਣ ਵਾਲੇ ਹਰੇਕ ਹਿੰਦੂ ਨੂੰ ਫੌਰਨ ਭਾਰਤ ਦੀ ਨਾਗਰਿਕਤਾ ਪ੍ਰਦਾਨ ਕਰੇ।


Related News