ਹਿਮਾਚਲ ਪ੍ਰਦੇਸ਼ ਕਾਂਗਰਸ : ਸਭ ਦੇ ਆਪੋ-ਆਪਣੇ ਰਾਹ

11/28/2018 7:08:41 AM

ਇਕ ਪਾਸੇ ਕਾਂਗਰਸ ਹਾਈਕਮਾਨ 2019 ਦੀਅਾਂ ਲੋਕ ਸਭਾ ਚੋਣਾਂ ’ਚ ਜਿੱਤਣ ਲਈ ਪਾਰਟੀ ਵਰਕਰਾਂ ’ਚ ਨਵਾਂ ਜੋਸ਼ ਭਰ ਰਹੀ ਹੈ ਪਰ ਹਾਈਕਮਾਨ ਦੇ ਇਸ ਟੀਚੇ ਨਾਲ ਹਿਮਾਚਲ ਕਾਂਗਰਸ ਦੇ ਵੱਡੇ ਨੇਤਾਵਾਂ ਦਾ ਕੋਈ ਵਾਸਤਾ ਨਜ਼ਰ ਨਹੀਂ ਆ ਰਿਹਾ। ਹਮੇਸ਼ਾ ਧੜੇਬੰਦੀ ’ਚ ਉਲਝੀ ਰਹਿਣ ਵਾਲੀ ਕਾਂਗਰਸ ਦੇ ਸਾਰੇ ਵੱਡੇ ਨੇਤਾਵਾਂ ਨੇ ਆਪਣਾ ਸਿਆਸੀ ਸਫਰ ਤਹਿ ਕਰਨ ਲਈ ਆਪੋ-ਆਪਣੇ ਰਾਹ ਚੁਣ ਲਏ ਹਨ। 
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ’ਚ ਸੱਤਾਧਾਰੀ ਭਾਜਪਾ ਨੇ ‘ਮਿਸ਼ਨ-4’ ਦੀ ਦਹਾੜ ਮਾਰਦਿਅਾਂ ਬੂਥ ਪੱਧਰ ਤਕ ਆਪਣੀ ਪਕੜ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਪਰ ਧੜੇਬੰਦੀ ’ਚ ਉਲਝੀ ਕਾਂਗਰਸ ਅਜੇ ਤਕ ਆਪਣੇ ਸੰਗਠਨ ’ਚ ਵੀ ਲੋੜੀਂਦੀ ਤਬਦੀਲੀ ਨਹੀਂ ਕਰ ਸਕੀ ਹੈ। 
ਹਿਮਾਚਲ ਕਾਂਗਰਸ ਦੇ ਪ੍ਰਧਾਨ ਵਜੋਂ ਸੁਖਵਿੰਦਰ ਸਿੰਘ ਸੁੱਖੂ ਨੇ ਹੁਣ ਸੂਬੇ ਦੇ ਦੌਰੇ ਤਾਂ ਸ਼ੁਰੂ ਕੀਤੇ ਹੋਏ ਹਨ ਪਰ ਉਨ੍ਹਾਂ ਨੂੰ ਸੂਬੇ ਦੇ ਘਾਗ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਸਮੇਤ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਦਾ ਸਾਥ ਨਹੀਂ ਮਿਲ ਰਿਹਾ। 
ਵੀਰਭੱਦਰ ਸਿੰਘ ਪਿਛਲੇ 6 ਸਾਲਾਂ ਤੋਂ ਕਾਂਗਰਸ ਦੇ ਪ੍ਰਧਾਨ ਚੱਲੇ ਆ ਰਹੇ ਸੁੱਖੂ ਦੀ ਥਾਂ ਨਵਾਂ ਪ੍ਰਧਾਨ ਨਿਯੁਕਤ ਕਰਨ ਦੀ ਮੰਗ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਾਹਮਣੇ ਰੱਖ ਚੁੱਕੇ ਹਨ। ਇਹੋ ਵਜ੍ਹਾ ਹੈ ਕਿ ਵੀਰਭੱਦਰ ਸਿੰਘ ਸੂਬੇ ’ਚ ਕਾਂਗਰਸ ਦੇ ਕਿਸੇ ਵੀ ਪ੍ਰੋਗਰਾਮ ’ਚ ਸੁਖਵਿੰਦਰ ਸੁੱਖੂ ਨਾਲ ਮੰਚ ਸਾਂਝਾ ਨਹੀਂ ਕਰ ਰਹੇ। 
ਜੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੇ ਹਿਮਾਚਲ ਪ੍ਰਦੇਸ਼ ਦੀ ਸਿਆਸੀ ਨਬਜ਼ ਨਾ ਪਛਾਣੀ ਤਾਂ ਨਤੀਜੇ ਨਿਰਾਸ਼ਾਜਨਕ ਹੋ ਸਕਦੇ ਹਨ। ਕਾਂਗਰਸ ’ਚ ਅਜੇ ਵੀ ਵੀਰਭੱਦਰ ਸਿੰਘ ਦੀ ਹੀ ਤੂਤੀ ਬੋਲਦੀ ਹੈ ਤੇ ਉਨ੍ਹਾਂ ਨੇ ਪਿਛਲੇ ਦਿਨੀਂ ਆਪਣੇ ਕਾਂਗੜਾ ਦੌਰੇ ਦੌਰਾਨ ਬਤੌਰ ਮੁੱਖ ਮੰਤਰੀ 7ਵੀਂ ਪਾਰੀ ਖੇਡਣ ਦਾ ਐਲਾਨ ਵੀ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਦੇ ਸੁਪਨੇ ਦੇਖ ਰਹੇ ਕੁਝ ਨੇਤਾਵਾਂ ਦੀਅਾਂ ਉਮੀਦਾਂ ਨੂੰ ਝਟਕਾ ਵੀ ਲੱਗਾ ਹੈ। 
ਹਾਲਾਂਕਿ ਹਿਮਾਚਲ ਵਿਧਾਨ ਸਭਾ ਦੀਅਾਂ ਚੋਣਾਂ 2022 ’ਚ  ਹੋਣੀਅਾਂ ਹਨ  ਤੇ ਉਦੋਂ ਤਕ ਕਾਂਗਰਸ ਦੇ ਸਿਆਸੀ ਹਾਲਾਤ ਵੀ ਕਾਫੀ ਬਦਲ ਜਾਣਗੇ ਪਰ ਵੀਰਭੱਦਰ ਸਿੰਘ ਦੇ ਇਸ ਦਾਅਵੇ ਨੇ ਇਕ ਵਾਰ ਫਿਰ ਪਾਰਟੀ ਅੰਦਰ ਦੂਜੀ ਕਤਾਰ ਦੇ ਨੇਤਾਵਾਂ ਲਈ ਰਾਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਆਸੀ ਜਾਣਕਾਰਾਂ ਦੀ ਮੰਨੀਏ ਤਾਂ ਵੀਰਭੱਦਰ ਸਿੰਘ ਵਰਗੇ ਵੱਡੇ ਸਿਆਸੀ ਕੱਦ ਦੇ ਨੇਤਾ ਲਈ 7ਵੀਂ ਵਾਰ ਮੁੱਖ ਮੰਤਰੀ ਬਣਨ ਬਾਰੇ ਦਿੱਤਾ ਗਿਆ ਬਿਆਨ ਕਿਤੇ ਨਾ ਕਿਤੇ ਉਨ੍ਹਾਂ ਦੇ ਵਿਸ਼ਾਲ ਕੱਦ ਨੂੰ ਬੌਣਾ ਕਰ ਗਿਆ ਹੈ।
ਭਾਜਪਾ ਤੇ ਕਾਂਗਰਸ ’ਚ ਨਵੀਂ ਸਿਆਸੀ ਸ਼ੁਰੂਆਤ
ਭਾਜਪਾ ’ਚ ਵੀ ਨਵੀਂ ਸਿਆਸੀ ਸ਼ੁਰੂਆਤ ਹੋਈ ਹੈ ਤੇ ਕਾਂਗਰਸ ਪਾਰਟੀ ’ਚ ਵੀ। ਇਕ ਪਾਸੇ ਭਾਜਪਾ ਨੇ ਮੁੱਖ ਮੰਤਰੀ ਵਜੋਂ ਜੈਰਾਮ ਠਾਕੁਰ ਨੂੰ ਅੱਗੇ ਵਧਾਇਆ ਹੈ, ਤਾਂ ਦੂਜੇ ਪਾਸੇ ਕਾਂਗਰਸ ਨੇ ਮੁਕੇਸ਼ ਅਗਨੀਹੋਤਰੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਇਹ ਦੋਵੇਂ ਪਾਰਟੀਅਾਂ ਹੁਣ ਵੀਰਭੱਦਰ, ਸ਼ਾਂਤਾ ਅਤੇ ਧੂਮਲ ਯੁੱਗ ’ਚੋਂ ਬਾਹਰ ਨਿਕਲ ਰਹੀਅਾਂ ਹਨ ਪਰ ਵੀਰਭੱਦਰ ਸਿੰਘ ਹਿਮਾਚਲ ਦੇ ਲੋਕਾਂ ’ਤੇ ਆਪਣੀ ਪਕੜ ਦੇ ਬਲਬੂਤੇ ’ਤੇ ਆਪਣੇ ਯੁੱਗ ਦਾ ਪ੍ਰਭਾਵ ਅਜੇ ਵੀ ਜਾਰੀ ਰੱਖਣਾ ਚਾਹੁੰਦੇ ਹਨ। 
ਜੈਰਾਮ ਠਾਕੁਰ ਦੀ ਸਰਕਾਰ 27 ਦਸੰਬਰ ਨੂੰ ਆਪਣਾ ਇਕ ਸਾਲ ਦਾ ਕਾਰਜਕਾਲ  ਪੂਰਾ ਕਰ ਰਹੀ ਹੈ ਤੇ 10 ਤੋਂ 15 ਦਸੰਬਰ ਤਕ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਹੋਵੇਗਾ, ਜਿਸ ’ਚ ਸੂਬਾ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਾਂਗਰਸ ਉਸ ਨੂੰ ਘੇਰਨ ਦੀ ਰਣਨੀਤੀ ਬਣਾ ਰਹੀ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸੁੱਖੂ ਨੇ ਵੀ ਚਾਰਜਸ਼ੀਟ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਹ ਕਮੇਟੀ ਭਾਜਪਾ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਦੌਰਾਨ ਹੋਈਅਾਂ ਬੇਨਿਯਮੀਅਾਂ ’ਤੇ ਰਿਪੋਰਟ ਤਿਆਰ ਕਰੇਗੀ। 
ਪਰ ਅਜਿਹੀ ਸਥਿਤੀ ’ਚ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਸਰਦ ਰੁੱਤ ਸੈਸ਼ਨ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਨਾ  ਘੇਰਨ ਦਾ ਬਿਆਨ ਦੇ ਕੇ ਆਪਣੀ ਹੀ ਪਾਰਟੀ ਦਾ ਰਾਹ ਮੁਸ਼ਕਿਲ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਬਣਿਅਾਂ ਘੱਟ ਸਮਾਂ  ਹੋਇਆ ਹੈ, ਇਸ ਲਈ ਕਾਂਗਰਸ ਸਰਦ ਰੁੱਤ ਸੈਸ਼ਨ ’ਚ ਨਰਮ ਰੁਖ਼ ਅਪਣਾਏਗੀ। 
 ਕਾਂਗਰਸ ਦੇ ਘਾਗ ਨੇਤਾਵਾਂ ਦੀ ਕਾਰਗੁਜ਼ਾਰੀ ’ਤੇ ਨਜ਼ਰ ਮਾਰੀਏ ਤਾਂ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਸਭ ਨੇ ਆਪੋ-ਆਪਣੇ ਰਾਹ ਅਪਣਾਏ  ਹੋਏ ਹਨ। ਲੋਕ ਸਭਾ ਚੋਣਾਂ ’ਚ ਟਿਕਟਾਂ ਦੇ ਚਾਹਵਾਨਾਂ ਦੀ ਸੂਚੀ ਤਾਂ ਲੰਮੀ ਹੈ ਪਰ ਚੋਣਾਂ ਲਈ  ਪਾਰਟੀ ਅਜੇ ਤਕ ਕੋਈ ਰਣਨੀਤੀ ਬਣਾ ਕੇ ਲੋਕਾਂ ਦਰਮਿਆਨ ਨਹੀਂ ਜਾ ਸਕੀ ਹੈ। ਜੇ ਹਾਲਾਤ ਅਜਿਹੇ ਹੀ ਰਹੇ ਤਾਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਮੂੰਹ ਦੀ ਖਾਣੀ ਪੈ ਸਕਦੀ ਹੈ। 
ਕਦੋਂ ਮਿਲੇਗਾ ਜਾਤੀ ਵਿਤਕਰੇ ਤੋਂ ਛੁਟਕਾਰਾ
21ਵੀਂ ਸਦੀ ’ਚ ਵੀ ਹਿਮਾਚਲ ਪ੍ਰਦੇਸ਼ ’ਚ ਰੂੜੀਵਾਦੀ ਵਿਚਾਰਧਾਰਾ ਦਾ ਚਲਨ ਦੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਕੁਝ ਖੇਤਰਾਂ ’ਚ ਛੂਤਛਾਤ ਅਤੇ ਜਾਤੀ ਵਿਤਕਰੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਿਤੇ ਜਨਰਲ ਵਰਗ ਦੇ ਬੱਚਿਅਾਂ ਨਾਲ ਅਨੁਸੂਚਿਤ ਜਾਤੀ ਵਰਗ ਦੇ ਬੱਚਿਅਾਂ ਨੂੰ ਸਕੂਲ ’ਚ ਭੋਜਨ ਕਰਨ ਤੋਂ ਰੋਕਿਆ ਜਾ ਰਿਹਾ ਹੈ ਤਾਂ ਕਿਤੇ ਮੰਦਰਾਂ ’ਚ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੇ ਜਾਣ ’ਤੇ ਰੋਕ ਲਾਈ ਗਈ ਹੈ।
ਕੁੱਲੂ ਜ਼ਿਲੇ ’ਚ ਸਟੇਟ ਟਰਾਂਸਪੋਰਟ ਨਿਗਮ ਦੇ ਡਰਾਈਵਰਾਂ ਤੇ ਕੰਡਕਟਰਾਂ ਨਾਲ ਜਾਤੀ ਵਿਤਕਰੇ ਦਾ ਜੋ ਵਾਕਿਆ ਸਾਹਮਣੇ ਆਇਆ ਹੈ, ਉਸ ਨਾਲ ਹਿਮਾਚਲ ਪੂਰੇ ਦੇਸ਼ ’ਚ ਸ਼ਰਮਸਾਰ ਹੋਇਆ ਹੈ। ਮੁਸ਼ਕਿਲ ਦਿਹਾਤੀ ਇਲਾਕਿਅਾਂ ’ਚ ਸਰਕਾਰੀ ਬੱਸਾਂ ਲਿਜਾਣ ਵਾਲੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਰਾਤ ਪੈ ਜਾਣ ’ਤੇ ਅਜਿਹੇ ਇਲਾਕਿਅਾਂ ’ਚ ਰਹਿਣਾ ਪੈਂਦਾ ਹੈ। ਨਿਗਮ ਵਲੋਂ ਹਰੇਕ ਪਿੰਡ ’ਚ ਆਪਣੇ ਸਟਾਫ ਦੇ ਠਹਿਰਨ ਅਤੇ ਖਾਣੇ ਦੀ ਸਹੂਲਤ ਮੁਹੱਈਆ ਕਰਵਾਉਣਾ ਮੁਸ਼ਕਿਲ ਹੈ।
 ਕੁੱਲੂ ਜ਼ਿਲੇ ’ਚ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਉਥੇ ਰਹਿਣ ਤੋਂ ਪਿੰਡ ਵਾਲਿਅਾਂ ਵਲੋਂ ਰੋਕਿਆ ਗਿਆ। ਇਹੋ ਨਹੀਂ, ਘਰ ਜਾਂ ਪਾਣੀ ਦਾ ਸ੍ਰੋਤ ਪੁੱਛਣ ’ਤੇ ਉਨ੍ਹਾਂ ਨੂੰ ਜੁਰਮਾਨਾ ਲਾਉਣ ਦੀਅਾਂ ਕੋਸ਼ਿਸ਼ਾਂ ਵੀ ਹੋਈਅਾਂ, ਜਿਸ ’ਤੇ ਟਰਾਂਸਪੋਰਟ ਮਹਿਕਮੇ ਦੇ ਉੱਚ ਅਧਿਕਾਰੀਅਾਂ ਨੂੰ ਇਹ ਮਾਮਲਾ ਕੁੱਲੂ ਦੇ ਡੀ. ਸੀ. ਦੇ ਧਿਆਨ ’ਚ ਲਿਆਉਣਾ ਪਿਆ ਹੈ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਭਾਰਤ ਦਾ ਸੁਪਨਾ ਦੇਖ ਰਹੇ ਹਨ ਪਰ ਹਿਮਾਚਲ ਪ੍ਰਦੇਸ਼ ’ਚ ਜਾਤੀ ਵਿਤਕਰੇ ਨੂੰ ਲੈ ਕੇ ਪੁਰਾਣੀਅਾਂ ਰਵਾਇਤਾਂ ਅੱਜ ਵੀ ਕਾਇਮ ਹਨ। ਗ੍ਰਾਮ ਦੇਵਤਾ ਦੇ ਨਾਂ ’ਤੇ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਛੂਤਛਾਤ ਤੇ ਜੁਰਮਾਨੇ ਵਰਗੀ ਗੰਭੀਰ ਬੀਮਾਰੀ ਕਾਰਨ ਹਿਮਾਚਲ ਦੇ ਪਹਾੜਾਂ ਦਾ ਸਾਹ ਘੁੱਟ ਹੋ ਰਿਹਾ ਹੈ।   


Related News