ਰਿਟਰਨ ਗਿਫਟ ''ਚ ਮਹਿਮਾਨਾਂ ਨੂੰ ਮਿਲੇ ਪੌਦੇ

Saturday, Feb 09, 2019 - 06:54 AM (IST)

ਆਸਾਮ ਦੇ ਬਕਸਾ ਜ਼ਿਲੇ 'ਚ ਸਥਿਤ ਕਟਾਲੀ ਪਿੰਡ 'ਚ ਪਿਛਲੇ ਦਿਨੀਂ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ, ਜਿਥੇ ਲੋਕ ਲਾੜੇ-ਲਾੜੀ ਨੂੰ ਗਿਫਟ ਦੇਣ ਲਈ ਪੁਰਾਣੀਆਂ ਚੀਜ਼ਾਂ ਲੈ ਕੇ ਪਹੁੰਚ ਗਏ, ਉਥੇ ਹੀ ਲਾੜੇ-ਲਾੜੀ ਨੇ ਮਹਿਮਾਨਾਂ ਨੂੰ ਰਿਟਰਨ ਗਿਫਟ 'ਚ ਪੌਦੇ ਦਿੱਤੇ।
ਅਸਲ 'ਚ ਭੂਪੇਨ ਰਾਭਾ ਤੇ ਬਬੀਤਾ ਬੋਰੋ ਨੇ ਆਪਣੇ ਵਿਆਹ ਦੇ ਕਾਰਡ 'ਤੇ 'ਸਰਵਿਸ ਟੂ ਮੈਨਕਾਈਂਡ' ਦਾ ਇਕ ਸੰਦੇਸ਼ ਲਿਖਿਆ ਸੀ। ਇਸ 'ਚ ਲਾੜੇ ਨੇ ਰਿਸੈਪਸ਼ਨ 'ਤੇ ਆਉਣ ਵਾਲੇ ਮਹਿਮਾਨਾਂ ਨੂੰ ਲੋੜਵੰਦਾਂ ਲਈ ਪੁਰਾਣੇ ਕੱਪੜੇ ਤੇ ਕਿਤਾਬਾਂ ਲਿਆਉਣ ਦੀ ਅਪੀਲ ਕੀਤੀ ਸੀ। ਲਾੜੇ ਦੀ ਇਸ ਅਪੀਲ ਤੋਂ ਬਾਅਦ ਸਾਰੇ ਲੋਕ ਇਸ ਨੇਕ ਕੰਮ 'ਚ ਯੋਗਦਾਨ ਦੇਣਾ ਚਾਹੁੰਦੇ ਸਨ।
ਮੁਸ਼ਾਲਪੁਰ ਦੇ ਇਕ ਸਰਕਾਰੀ ਕਾਲਜ 'ਚ ਅੰਗਰੇਜ਼ੀ ਵਿਭਾਗ 'ਚ ਸਹਾਇਕ ਪ੍ਰੋਫੈਸਰ ਵਜੋਂ ਤਾਇਨਾਤ ਰਾਭਾ ਨੇ ਕਿਹਾ, ''ਜਦੋਂ ਅਸੀਂ ਵਿਆਹ ਦੀ ਗੱਲ ਕਰਦੇ ਹਾਂ ਤਾਂ ਇਹ ਆਮ ਤੌਰ 'ਤੇ ਲੋਕਾਂ, ਗਿਫਟ ਤੇ ਖਾਣ-ਪੀਣ ਬਾਰੇ ਹੁੰਦਾ ਹੈ। ਮੈਂ ਇਸ ਨੂੰ ਇਕ ਮੌਕੇ ਦੇ ਰੂਪ 'ਚ ਦੇਣ ਬਾਰੇ ਸੋਚਿਆ। ਮੇਰਾ ਮੰਨਣਾ ਸੀ ਕਿ ਇਸ ਵਿਆਹ 'ਚ ਲੱਗਭਗ 3000 ਲੋਕ ਸ਼ਾਮਿਲ ਹੋਣਗੇ, ਇਸ ਲਈ ਮੈਂ ਸੱਦਾ-ਪੱਤਰ  'ਚ ਇਕ ਸੰਦੇਸ਼ ਲਿਖਿਆ ਸੀ। ਸਾਡੇ ਪਿੰਡ ਦੇ ਲੋਕ ਇਸ ਕੰਮ ਨੂੰ ਇਕ ਚੰਗੀ ਮਿਸਾਲ ਦੇ ਰੂਪ 'ਚ ਲੈ ਸਕਦੇ ਹਨ ਅਤੇ ਮੁੜ ਇਸ ਨੂੰ ਦੁਹਰਾਅ ਸਕਦੇ ਹਨ। ਇਸ ਜ਼ਰੀਏ ਮੈਂ ਜਾਗਰੂਕਤਾ ਸੰਦੇਸ਼ ਦਾ ਪਸਾਰ ਕਰਨਾ ਚਾਹੁੰਦਾ ਸੀ।''
1 ਫਰਵਰੀ ਨੂੰ ਰਾਭਾ ਦੇ ਘਰ 'ਚ ਰਿਸੈਪਸ਼ਨ ਮੌਕੇ 6000 ਤੋਂ ਜ਼ਿਆਦਾ ਮਹਿਮਾਨ ਪਹੁੰਚੇ। ਉਨ੍ਹਾਂ 'ਚੋਂ ਲੱਗਭਗ 350 ਨੂੰ ਸਥਾਨਕ ਪ੍ਰਜਾਤੀ ਦੇ ਪੌਦਿਆਂ ਦੀ ਪਨੀਰੀ ਦਿੱਤੀ ਗਈ, ਜੋ ਆਪਣੇ ਨਾਲ ਪੁਰਾਣੇ ਕੱਪੜਿਆਂ ਦੇ ਬੰਡਲ ਲਿਆਏ ਸਨ।
ਮੁਸ਼ਾਲਪੁਰ 'ਚ ਨੰ. 2 ਕਟਾਲੀ ਪਿੰਡ ਨੂੰ ਬਕਸਾ ਜ਼ਿਲੇ ਦੇ ਸਭ ਤੋਂ ਸਾਫ-ਸੁਥਰੇ ਪਿੰਡ ਵਜੋਂ ਮਾਨਤਾ ਦਿੱਤੀ ਗਈ ਸੀ। ਪਿੰਡ ਦੀ ਹਰੇਕ ਸੜਕ 'ਤੇ ਦੋਵੇਂ ਪਾਸੇ ਬੈਨਰ ਲੱਗੇ ਹਨ, ਜਿਨ੍ਹਾਂ 'ਚ ਚੌਗਿਰਦੇ ਦੀ ਸੰਭਾਲ ਦੀ ਮਹੱਤਤਾ ਤੇ ਸਮਾਜ ਦੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਕਿਹਾ ਗਿਆ ਹੈ।
ਰਾਭਾ ਨੇ ਦੱਸਿਆ, ''ਸਾਡੇ ਕੋਲ ਤਿੰਨ ਸੋਸਾਇਟੀਆਂ ਹਨ ਅਤੇ ਪਿੰਡ ਨੂੰ ਸਾਫ ਰੱਖਣ ਲਈ ਉਨ੍ਹਾਂ ਵਿਚਾਲੇ ਕੰਮ ਵੰਡਿਆ ਗਿਆ ਹੈ। ਸੋਸਾਇਟੀ ਦੇ ਲੋਕ ਹਰੇਕ  ਤਰ੍ਹਾਂ ਦੇ ਕੰਮ ਕਰਦੇ ਹਨ–ਸੜਕਾਂ 'ਤੇ ਗੋਹਾ ਸਾਫ ਕਰਨ ਤੋਂ ਲੈ ਕੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਕਿਸੇ ਵੀ ਵਿਅਕਤੀ 'ਤੇ ਨਜ਼ਰ ਰੱਖਣ ਤਕ ਦਾ। ਅਸੀਂ ਆਦੀਵਾਸੀ ਹਾਂ, ਫਿਰ ਵੀ ਅਸੀਂ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਾਈ ਹੋਈ ਹੈ। ਸ਼ਰਾਬ ਪੀਣ ਵਾਲੇ ਕਿਸੇ ਵੀ ਵਿਅਕਤੀ ਨੂੰ 10,000 ਰੁਪਏ ਜੁਰਮਾਨਾ ਭਰਨਾ ਪੈਂਦਾ ਹੈ।''
ਉਨ੍ਹਾਂ ਨੇ ਇਸ 'ਚੋਂ ਇਕ ਸੋਸਾਇਟੀ ਨਾਲ ਆਪਣੇ ਵਿਚਾਰ ਨੂੰ ਸਾਂਝਾ ਕੀਤਾ, ਹਾਲਾਂਕਿ ਪਿੰਡ ਦੇ ਲੋਕਾਂ ਨੂੰ ਅਜਿਹੀ ਪਹਿਲ 'ਤੇ ਸ਼ੱਕ ਸੀ ਪਰ ਉਹ ਮਦਦ ਕਰਨ ਲਈ ਇਕਜੁੱਟ ਹੋਏ। ਫਿਰ ਰਾਭਾ ਨੇ ਇਕ ਯੂਰਪੀ ਦੋਸਤ ਦੀ ਮਦਦ ਨਾਲ ਆਪਣੇ ਘਰ ਦੇ ਬਾਹਰ ਬੈਨਰ ਲਾਏ। ਉਨ੍ਹਾਂ ਦੇ ਦੋਸਤ ਨੇ ਇਸ ਤੋਂ ਪਹਿਲਾਂ ਵੀ ਵਿਆਹ ਦੇ ਮਹਿਮਾਨਾਂ ਲਈ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਥੇ ਉਨ੍ਹਾਂ ਨੇ ਆਪਣੇ ਪਿੰਡ ਦੇ ਗੱਡੀ ਖਿੱਚਣ ਵਾਲਿਆਂ ਨੂੰ ਕੱਪੜੇ ਵੰਡੇ ਸਨ।
ਵਿਆਹ 'ਚ ਇਕੱਠੇ ਕੀਤੇ ਗਏ ਕੱਪੜੇ ਹੁਣ ਇਨ੍ਹਾਂ ਸੋਸਾਇਟੀਆਂ ਰਾਹੀਂ ਲੋੜਵੰਦਾਂ ਨੂੰ ਵੰਡੇ ਜਾਣਗੇ ਅਤੇ ਵਿਆਹ 'ਚ ਮਿਲੀਆਂ ਹੋਈਆਂ ਸਾਰੀਆਂ ਕਿਤਾਬਾਂ ਪਿੰਡ ਵਾਲਿਆਂ ਲਈ ਇਕ ਓਪਨ ਲਾਇਬ੍ਰੇਰੀ 'ਚ ਰੱਖੀਆਂ ਜਾਣਗੀਆਂ। ਰਾਭਾ ਦਾ ਮੰਨਣਾ ਹੈ ਕਿ ਪਿੰਡ ਦੇ ਲੋਕਾਂ ਨੂੰ ਸਿੱਖਿਆ ਲਈ ਪ੍ਰੇਰਿਤ ਕਰਨਾ ਇਕ ਵੱਡਾ ਕਦਮ ਹੈ।    


Related News