ਲੜਕੀਅਾਂ ਲਈ ਪ੍ਰੇਰਨਾਸਰੋਤ ਹਨ ਮੀਰਾਂ ਦੀ ‘ਜ਼ਿੰਦਗੀ ਕੇ ਕੁਛ ਪੰਨੇ’

Monday, Oct 01, 2018 - 06:30 AM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਨਾਅਰੇ ਤੋਂ ਬਹੁਤ ਪਹਿਲਾਂ ਪੰਜਾਬ ਦੀਅਾਂ ਕੁੜੀਅਾਂ ਨੇ ਭਾਰਤੀ ਪੁਲਸ ਸੇਵਾ ’ਚ ਝੰਡੇ ਗੱਡ ਦਿੱਤੇ ਸਨ। ਅੰਮ੍ਰਿਤਸਰ ਦੀ ਕਿਰਨ ਬੇਦੀ ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਅਧਿਕਾਰੀ ਸੀ, ਜੋ ਅੱਜਕਲ ਪੁਡੂਚੇਰੀ ਦੀ ਉਪ-ਰਾਜਪਾਲ ਹੈ ਪਰ ਇਕ ਨਾਂ ਅਜਿਹਾ ਹੈ, ਜਿਸ ਨੂੰ ਉੱਤਰ ਭਾਰਤ ’ਚ ਘੱਟ ਲੋਕ ਜਾਣਦੇ ਹਨ ਪਰ ਪੱਛਮੀ ਭਾਰਤ ’ਚ ਉਸ ਦਾ ਕਾਫੀ ਜਲਵਾ ਰਿਹਾ ਹੈ। ਮੁੰਬਈ ਅੱਤਵਾਦੀ ਹਮਲੇ ਦੇ ਅਪਰਾਧੀ ਅਜਮਲ ਕਸਾਬ ਅਤੇ ਯਾਕੂਬ ਮੈਨਨ ਨੂੰ ਪੁਣੇ ਦੀ ਯਰਵਦਾ  ਜੇਲ ਅਤੇ ਨਾਗਪੁਰ ਜੇਲ ’ਚ ਫਾਂਸੀ ਦੇ ਫੰਦੇ ’ਤੇ ਚੜ੍ਹਾਉਣ ਵਾਲੀ ਮਹਾਰਾਸ਼ਟਰ ਕੇਡਰ ਦੀ ਪਹਿਲੀ ਆਈ. ਪੀ. ਐੱਸ. ਅਧਿਕਾਰੀ ਮੀਰਾਂ ਚੱਢਾ ਬੋਰਵਣਕਰ ਵੀ  ਪੰਜਾਬ ’ਚ ਜੰਮੀ ਅਤੇ ਪਲੀ-ਵਧੀ। ਮੂਲ ਤੌਰ ’ਤੇ ਜਲੰਧਰ ਦੀ ਰਹਿਣ ਵਾਲੀ ਮੀਰਾਂ ਦੇ ਪਿਤਾ ਵੀ ਪੰਜਾਬ ਰਾਜ ਪੁਲਸ ’ਚ ਸਨ ਅਤੇ ਡੀ. ਆਈ. ਜੀ. ਦੇ ਅਹੁਦੇ ਤੋਂ ਰਿਟਾਇਰ ਹੋਏ, ਜਦਕਿ ਮੀਰਾਂ ਭਾਰਤ ਦੇ ‘ਪੁਲਸ ਖੋਜ ਅਤੇ ਵਿਕਾਸ ਬਿਊਰੋ’ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਹਾਲ ਹੀ ’ਚ ਸੇਵਾ-ਮੁਕਤ ਹੋਈ ਹੈ। 
ਉਂਝ ਤਾਂ ਅਨੇਕ ਅਧਿਕਾਰੀ ਸੇਵਾ-ਮੁਕਤ ਹੁੰਦੇ ਹਨ ਪਰ ਇਸ ਸਮੇਂ ਮੀਰਾਂ ’ਤੇ ਲੇਖ ਲਿਖਣ ਦਾ ਕਾਰਨ ਉਨ੍ਹਾਂ ਦੀ ਹਾਲ ਹੀ ’ਚ ਪ੍ਰਕਾਸ਼ਿਤ ਹੋਈ ਕਿਤਾਬ ‘ਜ਼ਿੰਦਗੀ ਕੇ ਕੁਛ ਪੰਨੇ’ ਹੈ, ਜੋ ਅੱਜਕਲ ਸਕੂਲਾਂ ਦੀਅਾਂ ਵਿਦਿਆਰਥਣਾਂ ਨੂੰ ਅੱਗੇ ਵਧਣ ਦੀਅਾਂ ਉਪਯੋਗੀ ਜਾਣਕਾਰੀਅਾਂ ਦੇਣ ਕਾਰਨ ਕਾਫੀ ਲੋਕਪ੍ਰਿਯ ਹੋ ਰਹੀ ਹੈ। ਮੇਰੀ 40 ਸਾਲ ਪੁਰਾਣੀ ਮਿੱਤਰ ਮੀਰਾਂ, ਜਦੋਂ ਡੀ. ਜੀ. ਪੀ. ਬਣ ਕੇ ਦਿੱਲੀ ਆਈ ਤਾਂ ਮੈਂ ਉਸ ਨੂੰ ਕਹਿਣਾ ਸ਼ੁਰੂ ਕੀਤਾ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਦੀ ਤਿਆਰੀ ਸ਼ੁਰੂ ਕਰ ਦੇਵੇ, ਨਹੀਂ ਤਾਂ ਸਮਾਂ ਕੱਟਣਾ ਮੁਸ਼ਕਿਲ ਹੋਵੇਗਾ ਪਰ ਮੀਰਾਂ ਆਪਣੇ ਭਵਿੱਖ ਨੂੰ ਲੈ ਕੇ ਆਸਵੰਦ ਸੀ ਅਤੇ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਉਤਸੁਕ ਸੀ। ਉਸ ਨੇ ਰਿਟਾਇਰ ਹੁੰਦਿਆਂ ਹੀ ਆਪਣੇ ਜੀਵਨ ਦੇ ਰੌਚਕ ਪ੍ਰਸੰਗਾਂ ਨੂੰ ਲੈ ਕੇ ਵਿਦਿਆਰਥਣਾਂ ਨੂੰ ਪ੍ਰੇਰਨਾ ਦੇਣ ਵਾਲੀ ਇਹ ਕਿਤਾਬ ਅੰਗਰੇਜ਼ੀ ਅਤੇ ਹਿੰਦੀ ’ਚ ਲਿਖ ਦਿੱਤੀ, ਜਿਸ ਕਾਰਨ ਹੁਣ ਉਸ ਨੂੰ ਦੇਸ਼ ਭਰ ਦੇ ਮਹਿਲਾ ਸਕੂਲਾਂ ਅਤੇ ਕਾਲਜਾਂ ਤੋਂ ਭਾਸ਼ਣ ਦੇਣ ਲਈ ਸੱਦੇ ਆ ਰਹੇ ਹਨ। 
ਮੀਰਾਂ ਦੀ ਇਸ ਕਿਤਾਬ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬਹੁਤ ਹੀ ਆਸਾਨ ਗੱਲਬਾਤ ਦੀ ਭਾਸ਼ਾ ’ਚ ਲਿਖੀ ਗਈ ਹੈ ਅਤੇ ਇਸ ’ਚ ਬਹੁਤ ਛੋਟੇ-ਛੋਟੇ ਅਧਿਆਏ ਹਨ। ਹਰ ਅਧਿਆਏ ਦੇ ਅਖੀਰ ’ਚ ਮੀਰਾਂ ਨੇ ਉਸ ਤਜਰਬੇ ਤੋਂ ਕੀ ਸਬਕ ਮਿਲਦਾ ਹੈ, ਇਹ ਦੱਸਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਨਾਲ ਹੀ ਵਿਦਿਆਰਥਣਾਂ ਨੂੰ ਅੱਗੇ ਵਧਣ ਦੇ ਕੁਝ ਸੁਝਾਅ ਵੀ ਹਰ ਅਧਿਆਏ ’ਚ ਦਿੱਤੇ ਹਨ। ਇਸ ਕਿਤਾਬ  ਦੇ ਇਕ ਅਧਿਆਏ ’ਚ ਮੀਰਾਂ ਨੇ ਆਪਣੇ ਚਾਰ ਸਾਥੀਅਾਂ ਦਾ ਵੀ ਜ਼ਿਕਰ ਕੀਤਾ ਹੈ, ਜਦੋਂ ਅਸੀਂ ਤਿੰਨ ਦਹਾਕਿਅਾਂ ਦੇ ਵਕਫੇ ਬਾਅਦ ਇਕੱਠੇ ਕੁਝ ਸਮਾਂ ਬਿਤਾਉਣ ਲਈ ਮੇਰੇ ਨਿਵਾਸ ਵ੍ਰਿੰਦਾਵਨ ਆਏ ਅਤੇ ਅਸੀਂ ਜੀਵਨ ਦੇ ਤਜਰਬਿਅਾਂ ਨੂੰ ਵ੍ਰਿੰਦਾਵਨ ਦੇ ਸੁਰਮਈ ਵਾਤਾਵਰਣ ’ਚ ਸਾਂਝਾ ਕੀਤਾ। 
ਕਿਤਾਬ ਦੇ ਵਿਸ਼ੇ ’ਚ ਹੋਰ ਜ਼ਿਆਦਾ ਨਾ ਕਹਿ ਕੇ ਮੈਂ ਮੀਰਾਂ ਦੀ ਸ਼ਖ਼ਸੀਅਤ ਦੇ ਕੁਝ ਰੌਚਕ ਪ੍ਰਸੰਗ ਦੱਸਣਾ ਚਾਹਾਂਗਾ। ਜਦੋਂ ਅਸੀਂ ਇਕੱਠੇ ਦਿੱਲੀ ’ਚ ਪੜ੍ਹਦੇ ਸੀ ਤਾਂ ਮੀਰਾਂ ਉਸ ਸਮੂਹ ਦੀ ਸਭ ਤੋਂ ਸੋਹਣੀ ਕੁੜੀ ਸੀ। ਸਾਡੇ ਸਮੂਹ ਦੇ ਕਈ ਲੜਕੇ ਉਸ ਦੀ ਨਜ਼ਾਕਤ ਦੇਖ ਕੇ, ਜੇਕਰ ਵਿਦਿਆਰਥੀਅਾਂ ਦੀ ਭਾਸ਼ਾ ’ਚ ਕਹਾਂ ਤਾਂ, ਉਸ ’ਤੇ ਲਾਈਨ ਮਾਰਨ ਦੀ ਕੋਸ਼ਿਸ਼ ਕਰਦੇ ਸਨ ਪਰ ਮੀਰਾਂ ਜਿੰਨੀ ਦੇਖਣ ’ਚ ਕੋਮਲ ਹੈ, ਓਨੀ ਹੀ ਅੰਦਰੋਂ ਕੜਕ ਵੀ। ਉਸ ਨੇ ਕਿਸੇ ਨੂੰ ਅੱਗੇ ਨਹੀਂ ਵਧਣ ਦਿੱਤਾ ਤੇ ਅਖੀਰ ’ਚ ਸਮੂਹ ਦੇ ਇਕ ਗੰਭੀਰ ਮਰਾਠੀ ਵਿਦਿਆਰਥੀ ਅਭੈ ਬੋਰਵਣਕਰ ਨੂੰ ਆਪਣਾ ਜੀਵਨ ਸਾਥੀ ਚੁਣਿਆ, ਜੋ ਆਈ. ਏ. ਐੱਸ. ’ਚ ਸਫਲ ਹੋ ਕੇ ਮਹਾਰਾਸ਼ਟਰ ’ਚ ਹੀ ਉਸ ਦੇ ਨਾਲ ਤਾਇਨਾਤ ਸੀ। ਉਸ ਦੀ ਸਖਤੀ ਦਾ ਪ੍ਰਮਾਣ ਇਹ ਹੈ ਕਿ ਮੀਰਾਂ ਪਿਛਲੇ ਡੇਢ ਸੌ ਸਾਲ ਦੇ ਇਤਿਹਾਸ ’ਚ ਪਹਿਲੀ ਮਹਿਲਾ ਪੁਲਸ ਅਧਿਕਾਰੀ ਸੀ, ਜਿਸ ਨੂੰ ਮੁੰਬਈ ਦੀ ਸੰਯੁਕਤ ਪੁਲਸ ਕਮਿਸ਼ਨਰ (ਅਪਰਾਧ) ਨਿਯੁਕਤ ਕੀਤਾ ਗਿਆ। ਅੰਡਰਵਰਲਡ ਅਤੇ ਅਪਰਾਧ ਦੀ ਨਗਰੀ ਮੁੰਬਈ ’ਚ ਇਕ ਔਰਤ ਦਾ ਇੰਨੇ ਸੰਵੇਦਨਸ਼ੀਲ ਅਹੁਦੇ ’ਤੇ ਤਾਇਨਾਤ ਹੋਣਾ ਮੀਰਾਂ ਲਈ ਬਹੁਤ ਵੱਡੀ ਚੁਣੌਤੀ ਸੀ ਪਰ ਉਸ ਦੀ ਸਖਤੀ, ਈਮਾਨਦਾਰੀ ਅਤੇ ਸਖ਼ਤ ਅਨੁਸ਼ਾਸਨ ਨੇ ਉਸ ਨੂੰ ਪੁਲਸ ਦੇ ਖੌਫ਼ ਦਾ ਦੂਜਾ ਨਾਂ ਬਣਾ ਦਿੱਤਾ ਸੀ। ਇਥੋਂ ਤਕ ਕਿ ਬਾਲੀਵੁੱਡ ’ਚ ਇਕ ਸਫਲ ਹਿੰਦੀ ਫਿਲਮ ‘ਮਰਦਾਨੀ’ ਮੀਰਾਂ ਦੇ ਜੀਵਨ ’ਤੇ ਬਣੀ ਅਤੇ ਲੋਕਪ੍ਰਿਯ ਹੋਈ। ਇਸ ’ਚ ਮੀਰਾਂ ਦਾ ਕਿਰਦਾਰ ਰਾਣੀ ਮੁਖਰਜੀ ਨੇ ਨਿਭਾਇਆ ਸੀ। ਜਿਨ੍ਹੀਂ ਦਿਨੀਂ ਇਹ ਫਿਲਮ ਬਣ ਰਹੀ ਸੀ, ਉਦੋਂ ਮੀਰਾਂ ਪੁਣੇ ਦੀ  ਪੁਲਸ ਕਮਿਸ਼ਨਰ ਸੀ। ਉਦੋਂ ਰਾਣੀ ਮੁਖਰਜੀ ਨੇ ਮੀਰਾਂ ਦੇ ਨਾਲ ਕੁਝ ਦਿਨ ਰਹਿ ਕੇ ਉਸ ਦੇ ਤੌਰ-ਤਰੀਕਿਅਾਂ ਦਾ ਅਧਿਐਨ ਕੀਤਾ ਸੀ। 
ਅਜਿਹਾ ਹੀ ਇਕ ਪ੍ਰਸੰਗ ਹੋਰ ਹੈ। ਜਦੋਂ ਮੀਰਾਂ ਮਹਾਰਾਸ਼ਟਰ ਦੀਅਾਂ ਜੇਲਾਂ ਦੀ ਸਰਵਉੱਚ ਅਧਿਕਾਰੀ ਸੀ ਤਾਂ ਸਿਨੇ ਅਭਿਨੇਤਾ ਸੰਜੇ ਦੱਤ ਕਈ ਸਾਲਾਂ ਤਕ ਮੀਰਾਂ ਦੇ ਅਧੀਨ ਕੈਦ ’ਚ ਰਿਹਾ ਪਰ ਉਸ ਦੇ ਗਲੈਮਰ ਤੋਂ ਆਕਰਸ਼ਿਤ ਹੋ ਕੇ ਮੀਰਾਂ ਨੇ ਉਸ ਨੂੰ ਕਦੇ ਕੋਈ ਵਿਸ਼ੇਸ਼ ਸਹੂਲਤ ਪ੍ਰਦਾਨ ਨਹੀਂ ਕੀਤੀ ਅਤੇ ਨਾ ਹੀ ਉਸ ਦੇ ਪ੍ਰਤੀ ਕੋਈ ਉਤਸੁਕਤਾ ਦਿਖਾਈ। ਲੱਗਭਗ 3 ਦਹਾਕੇ ਪਹਿਲਾਂ ਇਕ ਵਾਰ ਮੁੰਬਈ ’ਚ ਮੇਰੀ ਰਿਸ਼ਤੇ ਦੀ ਭੈਣ, ਉਸ ਦੇ ਆਈ. ਏ. ਐੱਸ. ਪਤੀ ਤੇ ਮੈਂ ‘ਰੋਜ਼ਾ’ ਫਿਲਮ ਦੇਖਣਾ ਚਾਹੁੰਦੇ ਸੀ, ਜੋ ਮੁੰਬਈ ਦੇ ਭਿੰਡੀ ਬਾਜ਼ਾਰ ਸਥਿਤ ‘ਮੈਟਰੋ’ ਸਿਨੇਮਾ ’ਚ ਲੱਗੀ ਸੀ। ਮੀਰਾਂ ਉਸ ਇਲਾਕੇ ਦੀ ਉਪ-ਪੁਲਸ ਕਮਿਸ਼ਨਰ ਸੀ। ਮੈਂ ਦੀਦੀ ਦੇ ਕਹਿਣ ’ਤੇ ਉਸ ਨੂੰ ਫੋਨ ਕੀਤਾ ਕਿ ਉਹ ਸਾਡੇ ਲਈ ਟਿਕਟ ਖਿੜਕੀ ’ਤੇ 3 ਟਿਕਟਾਂ ਲਈ ਕਿਸੇ ਨੂੰ ਖੜ੍ਹਾ ਕਰ ਦੇਵੇ,  ਤਾਂ ਸਾਨੂੰ ਲਾਈਨ ’ਚ ਨਹੀਂ ਲੱਗਣਾ ਪਵੇਗਾ। ਰਾਤ ਦੇ 10 ਵਜੇ ਦਾ ਸ਼ੋਅ ਸੀ। ਜਦੋਂ ਅਸੀਂ ਤਿੰਨੋਂ ਉਥੇ ਪਹੁੰਚੇ ਤਾਂ ਦੇਖਿਆ ਕਿ ਸਲਵਾਰ-ਕੁੜਤਾ ਪਹਿਨੀ ਇਕ ਸਾਧਾਰਨ ਔਰਤ ਵਾਂਗ ਟਿਕਟ ਖਿੜਕੀ ਕੋਲ ਸਾਡੀਅਾਂ 3 ਟਿਕਟਾਂ  ਲੈ  ਕੇ ਮੀਰਾਂ ਖੜ੍ਹੀ ਸੀ। ਮੈਂ ਚੈੱਕ ਕਰ ਕੇ ਕਿਹਾ ਕਿ ਤੁਸੀਂ ਕਿਉਂ ਆਏ, ਕਿਸੇ ਸਿਪਾਹੀ ਨੂੰ ਭੇਜ ਦਿੰਦੇ? ਮੀਰਾਂ ਬੋਲੀ, ‘‘ਮੈਂ ਆਪਣੇ ਨਿੱਜੀ ਕੰਮਾਂ ਲਈ ਸਿਪਾਹੀਅਾਂ ਦੀ ਵਰਤੋਂ ਨਹੀਂ ਕਰਦੀ।’’ ਉਸ ਦੀ ਇਹ ਨਿਸ਼ਠਾ ਪ੍ਰਭਾਵਸ਼ਾਲੀ ਸੀ। ਜੀਵਨ ’ਚ ਫਿਰ ਦੁਬਾਰਾ ਮੈਂ ਉਸ ਨੂੰ ਕਦੇ ਕੋਈ ਅਜਿਹਾ ਕੰਮ ਨਹੀਂ ਕਿਹਾ, ਜੋ ਉਸ ਦੇ ਸਿਧਾਂਤਾਂ ਦੇ ਉਲਟ ਹੋਵੇ। ਅਜਿਹੀ ਸ਼ਖ਼ਸੀਅਤ, ਦਬੰਗ ਔਰਤ ਅਤੇ ਸਾਡੀ ਮਿੱਤਰ ਦਾ ਜੀਵਨ ਨਿਸ਼ਚੇ ਹੀ ਵਿਦਿਆਰਥਣਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦੇਣ ਵਾਲਾ ਹੈ। 
 


Related News