ਪੰਜਾਬ ਦੇ ਬਾਰਡਰ ’ਤੇ ਪਾਣੀ, ਜ਼ਮੀਨ ਤੇ ਰੇਲ ਦੇ ਜ਼ਰੀਏ ਹੁੰਦੈ ‘ਡਰੱਗਜ਼’ ਦਾ ਕਾਰੋਬਾਰ

01/20/2019 8:05:28 AM

ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਅਾਂ ਨੇ ਦੱਸਿਆ ਹੈ ਕਿ ਭਾਰਤ-ਪਾਕਿਸਤਾਨ ਦੀ 550 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਦੇ ਆਰ-ਪਾਰ ਡਰੱਗਜ਼ ਦੀ ਸਮੱਗਲਿੰਗ ਕਿਵੇਂ ਹੁੰਦੀ ਹੈ। 80 ਦੇ ਦਹਾਕੇ ਦੇ ਆਖਰੀ ਦਿਨਾਂ ’ਚ ਇਸ ਇਲਾਕੇ ਨੂੰ ਹਥਿਆਰਾਂ ਤੇ ਸੋਨੇ ਦੀ ਸਮੱਗਲਿੰਗ ਲਈ ਜਾਣਿਆ ਜਾਂਦਾ ਸੀ, ਹਾਲਾਂਕਿ ਹੁਣ ਸਮੱਗਲਰ ਹੈਰੋਇਨ ਅਤੇ ਹੋਰ ਨਸ਼ੇ ਵਾਲੀਅਾਂ ਦਵਾਈਅਾਂ ਦੀ ਸਮੱਗਲਿੰਗ ’ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ। ਇਹ ਸਮੱਸਿਆ ਪੰਜਾਬ ਦੇ ਸਰਹੱਦੀ ਜ਼ਿਲਿਅਾਂ ’ਚ ਜ਼ਿਆਦਾ ਵਧੀ ਹੋਈ ਹੈ, ਜਿਨ੍ਹਾਂ ’ਚ ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਸ਼ਾਮਿਲ ਹਨ। ਇਹ ਸੂਬੇ ਦੇ ਕੁਝ ਸਭ ਤੋਂ ਵੱਧ ਪ੍ਰਭਾਵਿਤ ਜ਼ਿਲੇ ਹਨ। 
ਪਾਕਿਸਤਾਨ ਦੀ ਭਾਰਤੀ ਪੰਜਾਬ ਨਾਲ ਲੱਗਦੀ ਸਰਹੱਦ ਦੀ ਆਪਣੀ ਹੀ ਇਕ ਦਿਲਚਸਪ ਕਹਾਣੀ ਹੈ। ਭਾਰਤ ਵਾਲੇ ਪਾਸੇ ਸਰਹੱਦ ’ਤੇ ਕੰਡਿਆਲੀ ਵਾੜ ਲੱਗੀ ਹੋਈ ਹੈ ਤੇ ਉਸ ਤੋਂ ਅੱਗੇ ਖੇਤ ਹਨ, ਜੋ ਭਾਰਤੀ ਕਿਸਾਨਾਂ ਦੇ ਹਨ, ਇਸ ਲਈ ਬੀ. ਐੱਸ. ਐੱਫ. ਵਲੋਂ ਸਵੇਰ ਦੇ ਸਮੇਂ ਕਿਸਾਨਾਂ ਨੂੰ ਸਰਹੱਦ ਦੇ ਪਾਰ ਪਾਬੰਦੀਸ਼ੁਦਾ ਖੇਤਰਾਂ ’ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤੇ ਖੇਤਾਂ ’ਚ ਕੰਮ ਕਰ ਕੇ ਕਿਸਾਨ ਵਾਪਿਸ ਆ ਜਾਂਦੇ ਹਨ। 
ਇਹ ਕਿਸਾਨ ਤੇ ਹੋਰ ਜੋ ਲੋਕ ਭਾਰਤੀ ਸਰਹੱਦ ਦੇ ਵਾੜ ਵਾਲੇ ਖੇਤਰ ਨੂੰ ਪਾਰ ਕਰਦੇ ਹਨ, ਉਹ ਸਰਹੱਦ ਦੇ ਦੂਜੇ ਪਾਸੇ ਪਾਕਿਸਤਾਨੀ ਡਰੱਗਜ਼ ਸਮੱਗਲਰਾਂ ਲਈ ਪ੍ਰਭਾਵਸ਼ੀਲ ਬਣ ਜਾਂਦੇ ਹਨ। ਪਾਕਿਸਤਾਨੀ ਬਾਰਡਰ ’ਤੇ  ਵਾੜ ਨਹੀਂ ਲੱਗੀ ਹੋਈ, ਇਸ ਲਈ ਉਹ ਡਰੱਗ ਸਮੱਗਲਰਾਂ ਲਈ ਖੁੱਲ੍ਹੀ ਹੈ, ਜੋ ਆਮ ਤੌਰ ’ਤੇ ਪਾਕਿਸਤਾਨੀ ਖੁਫੀਆ ਏਜੰਸੀਅਾਂ ਨਾਲ ਖਾਮੋਸ਼ ਸਹਿਮਤੀ ਰੱਖ ਕੇ ਕੰਮ ਕਰਦਿਅਾਂ ਭਾਰਤੀ ਕਿਸਾਨਾਂ ਨੂੰ ਆਪਣੇ ਵਾਹਕ ਵਜੋਂ ਇਸਤੇਮਾਲ ਕਰਦੇ ਹਨ। 
ਬਾਰਡਰ ’ਤੇ ਤਾਇਨਾਤ ਰਹਿ ਚੁੱਕੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਸਮੱਸਿਆ ਸਰਦੀਅਾਂ ਦੇ ਦਿਨਾਂ ’ਚ ਬਹੁਤ ਜ਼ਿਆਦਾ ਘਾਤਕ ਹੋ ਜਾਂਦੀ ਹੈ, ਜਦੋਂ ਸੰਘਣੀ ਧੁੰਦ  ਪੈਂਦੀ ਹੈ ਤੇ ਉਥੇ ਇਕ-ਡੇਢ ਫੁੱਟ ਤੋਂ ਜ਼ਿਆਦਾ ਅੱਗੇ ਤਕ ਦੇਖਣਾ ਵੀ ਮੁਸ਼ਕਿਲ ਹੁੰਦਾ ਹੈ। 
ਉਸੇ ਸਮੇਂ ਦੌਰਾਨ ਹੀ ਸਰਹੱਦ ’ਤੇ ਕੰਮ ਕਰਨ ਵਾਲੇ ਮਾਫੀਆ ਸਰਗਣੇ ਭਾਰਤੀ ਸਮੱਗਲਰਾਂ ਨਾਲ ਗੰਢਤੁੱਪ ਕਰ ਕੇ ਬਾਰਡਰ ’ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਦੀ ਨਜ਼ਰ ਤੋਂ ਬਚ ਨਿਕਲਦੇ ਹਨ। 
ਬਾਰਡਰ ਦੇ ਦੂਜੇ ਪਾਸੇ ਜਾਣਾ ਆਸਾਨ ਬਣਾਉਣ ਲਈ ਸਮੱਗਲਰ ਸੁਰੰਗਾਂ ਬਣਾਉਣ ਲਈ ਵੀ ਜਾਣੇ ਜਾਂਦੇ ਹਨ। ਅਧਿਕਾਰੀਅਾਂ ਨੇ ਮੰਨਿਆ ਹੈ ਕਿ 550 ਕਿਲੋਮੀਟਰ ਲੰਮੇ ਬਾਰਡਰ ਨਾਲ ਹਰ ਜਗ੍ਹਾ ਕਿਸੇ ਵਿਅਕਤੀ ਨੂੰ ਨਿਗਰਾਨੀ ਲਈ ਲਾਉਣਾ ਮੁਸ਼ਕਿਲ ਹੈ। 
ਮਾਨਸੂਨ ਸੀਜ਼ਨ ਦੌਰਾਨ ਇਹ ਸਮੱਗਲਰ ਡਰੱਗਜ਼ ਦੀ ਸਮੱਗਲਿੰਗ ਲਈ ਜਲ ਮਾਰਗਾਂ ਦੀ ਵਰਤੋਂ ਕਰਦੇ ਹਨ। ਰਾਵੀ, ਸਤਲੁਜ ਤੇ ਬਿਆਸ ਦੀਅਾਂ ਤੇਜ਼ ਧਾਰਾਵਾਂ ਉਨ੍ਹਾਂ ਨੂੰ ਕਿਸ਼ਤੀਅਾਂ ਦੇ ਹੇਠਾਂ ਡਰੱਗਜ਼ ਦੇ ਪੈਕੇਟ ਬੰਨ੍ਹਣ ਦੇ ਸਮਰੱਥ ਬਣਾਉਂਦੀਅਾਂ ਹਨ, ਜੋ ਅਧਿਕਾਰੀਅਾਂ ਦੀ ਨਜ਼ਰ ’ਚ ਨਹੀਂ ਆਉਂਦੇ। ਸਰਹੱਦ ਦੇ ਪਾਰ ਡਰੱਗਜ਼ ਪਹੁੰਚਾਉਣ ਲਈ ‘ਸਮਝੌਤਾ ਐਕਸਪ੍ਰੈੱਸ’ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। 
ਅਧਿਕਾਰੀਅਾਂ ਮੁਤਾਬਿਕ ਇਹ ਚੂਹੇ-ਬਿੱਲੀ ਦੀ ਦੌੜ ਹੈ, ਜੋ ਸਮੱਗਲਰਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਅਾਂ ਏਜੰਸੀਅਾਂ ਦਰਮਿਆਨ ਚੱਲਦੀ ਰਹਿੰਦੀ ਹੈ। 
ਨਸ਼ੇ ਵਾਲੀਅਾਂ ਦਵਾਈਅਾਂ ਜਾਂ ਡਰੱਗਜ਼ ਦੇ ਪ੍ਰਮੁੱਖ ਸੰਚਾਲਕ ਦੁਬਈ ਅਤੇ ਯੂ. ਏ. ਈ. ’ਚ ਸਥਿਤ ਹਨ ਅਤੇ ਜੋ ਲੋਕ ਇਥੇ ਕੰਮ ਕਰਦੇ ਹਨ, ਉਹ ਸਿਰਫ ਵਾਹਕ ਜਾਂ ਸਹੂਲਤ ਮੁਹੱਈਆ ਕਰਵਾਉਣ ਵਾਲੇ ਹੁੁੰਦੇ ਹਨ, ਜਿਹੜੇ ਮੁੱਖ ਤੌਰ ’ਤੇ ਪੰਜਾਬ ਦੇ ਸਰਹੱਦੀ ਜ਼ਿਲਿਅਾਂ ਦੇ ਹੁੰਦੇ ਹਨ। 
ਬੀ. ਐੱਸ. ਐੱਫ. ਵਰਗੀਅਾਂ ਕਾਨੂੰਨ ਲਾਗੂ ਕਰਨ ਵਾਲੀਅਾਂ ਏਜੰਸੀਅਾਂ ਨੇ ਸਰਹੱਦ ਪਾਰ ਚੱਲਣ ਵਾਲੀਅਾਂ ਅਜਿਹੀਅਾਂ ਸਰਗਰਮੀਅਾਂ ’ਤੇ ਰੋਕ ਲਾਉਣ ਲਈ ਕਈ ਕਦਮ ਚੁੱਕੇ ਹਨ। ਭਾਰਤ ਦੇ ਸਾਰੇ ਬਾਰਡਰ ’ਤੇ ਕੰਡਿਆਲੀ ਤਾਰ ਲੱਗੀ ਹੋਈ ਹੈ। ਸਮੱਗਲਰਾਂ ਨੂੰ ਰਾਤ ਨੂੰ ਫੜਨ ਲਈ ਉਥੇ ਫਲੱਡ ਲਾਈਟਾਂ ਅਤੇ ਥਰਮਲ ਇਮੇਜਿੰਗ ਡਿਵਾਈਸਿਜ਼ ਲਾਈਅਾਂ ਗਈਅਾਂ ਹਨ ਤੇ ਸਰਹੱਦ ਦੇ ਨਾਲ-ਨਾਲ ਹਰੇਕ ਕਿਲੋਮੀਟਰ ’ਤੇ ਬੀ. ਐੱਸ. ਐੱਫ. ਦੇ ਜਵਾਨਾਂ ਦੀ 24 ਘੰਟੇ ਨਿਗਰਾਨੀ ਹੁੰਦੀ ਹੈ। 
ਹੈਰੋਇਨ ਅਫਗਾਨਿਸਤਾਨ ਤੋਂ ਆਉਂਦੀ ਹੈ ਅਤੇ ਸੋਧੇ ਹੋਏ ਰੂਪ ’ਚ ਪਾਕਿਸਤਾਨ ਪਹੁੰਚਦੀ ਹੈ। ਉਥੋਂ ਪੰਜਾਬ ਦੇ ਬਾਰਡਰ ਤੋਂ ਹੁੰਦੇ ਹੋਏ ਇਹ ਦਿੱਲੀ, ਮੁੰਬਈ ਤੇ ਦੱਖਣੀ ਭਾਰਤ ’ਚ ਭੇਜੀ ਜਾਂਦੀ ਹੈ। ਆਸਟਰੇਲੀਆ, ਥਾਈਲੈਂਡ, ਚੀਨ, ਸ਼੍ਰੀਲੰਕਾ, ਯੂਰਪ ਤੇ ਅਫਰੀਕਾ ਨੂੰ ਵੀ ਇਥੋਂ ਹੀ ਹੈਰੋਇਨ ਸਮੱਗਲ ਕੀਤੀ ਜਾਂਦੀ ਹੈ। 
                                         


Related News