ਕੀ ਚੀਨ ਨੇ ਯੁਗਾਂਡਾ ਦਾ ਐਂਟੇਬੀ ਕੌਮਾਂਤਰੀ ਹਵਾਈ ਅੱਡਾ ਹਥਿਆ ਲਿਆ

12/06/2021 5:23:25 PM

ਚੀਨ ਨੇ ਸਾਲ 2013 ’ਚ ਆਪਣੇ ਖਾਹਿਸ਼ੀ ਪ੍ਰਾਜੈਕਟ ਬੀ. ਆਰ. ਆਈ. ਦੇ ਅਧੀਨ ਭਾਰੀ ਰਕਮ ਅਫਰੀਕਾ ਮਹਾਦੀਪ ’ਚ ਨਿਵੇਸ਼ ਕੀਤੀ ਸੀ, ਜਿਸ ’ਚ ਜਿਬੂਤੀ, ਕੀਨੀਆ, ਮਾਲੀ, ਘਾਨਾ, ਮੋਜ਼ਾਬਿੰਕ ਸਮੇਤ ਕਈ ਦੇਸ਼ ਹਨ। ਯੁਗਾਂਡਾ ਵੀ ਇਨ੍ਹਾਂ ਦੇਸ਼ਾਂ ’ਚੋਂ ਇਕ ਹੈ, ਜਿਸ ਦੇ ਬਾਰੇ ’ਚ ਖਬਰਾਂ ਦਾ ਬਾਜ਼ਾਰ ਗਰਮ ਹੈ ਕਿ ਜੇਕਰ ਉਸ ਨੇ 20 ਕਰੋੜ ਡਾਲਰ ਦਾ ਉਧਾਰ ਚੀਨ ਨੂੰ ਨਾ ਮੋੜਿਆ ਤਾਂ ਚੀਨ ਯੁਗਾਂਡਾ ਦਾ ਇਕੋ-ਇਕ ਕੌਮਾਂਤਰੀ ਹਵਾਈ ਅੱਡਾ ਐਂਟੇਬੀ ਏਅਰਪੋਰਟ ਆਪਣੇ ਕਬਜ਼ੇ ’ਚ ਲੈ ਲਵੇਗਾ ਪਰ ਜਿਵੇਂ ਹੀ ਇਹ ਖਬਰ ਆਈ, ਚੀਨ ਵੱਲੋਂ ਤੁਰੰਤ ਇਸ ’ਤੇ ਸਫਾਈ ਵੀ ਜਾਰੀ ਕਰ ਦਿੱਤੀ ਗਈ ਜਿਸ ਦੇ ਤਹਿਤ ਉਹ ਯੁਗਾਂਡਾ ਦੇ ਇਕੋ-ਇਕ ਕੌਮਾਂਤਰੀ ਹਵਾਈ ਅੱਡੇ ’ਤੇ ਕਬਜ਼ਾ ਨਹੀਂ ਕਰੇਗਾ। ਇਸ ਖਬਰ ਨਾਲ ਯੁਗਾਂਡਾ ਦੇ ਸਥਾਨਕ ਲੋਕਾਂ ’ਚ ਅਜੀਬ ਜਿਹਾ ਰੋਸ ਦੇਖਿਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਯੁਗਾਂਡਾ ਦੇ ਸਰਕਾਰੀ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੇ ਭਰੋਸਾ ਦਿਵਾਇਆ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਣ ਜਾ ਰਿਹਾ ਕਿਉਂਕਿ ਯੁਗਾਂਡਾ ਕੋਲ ਇੰਨਾ ਪੈਸਾ ਹੈ, ਜਿਸ ਨੂੰ ਉਹ ਚੀਨ ਨੂੰ ਮੋੜ ਸਕਦਾ ਹੈ ਅਤੇ ਚੀਨ ਕਦੀ ਉਨ੍ਹਾਂ ਦੇ ਏਅਰਪੋਰਟ ’ਤੇ ਆਪਣਾ ਅਧਿਕਾਰ ਨਹੀਂ ਜਮਾ ਸਕਦਾ। ਪਿਛਲੇ ਕੁਝ ਸਾਲਾਂ ’ਚ ਯੁਗਾਂਡਾ ਦੀ ਸਰਕਾਰ ਪੂਰੀ ਤਰ੍ਹਾਂ ਚੀਨ ਦੇ ਅਸਰ ’ਚ ਆ ਚੁੱਕੀ ਹੈ। ਯੁਗਾਂਡਾ ’ਤੇ ਜੋ ਵਿਦੇਸ਼ੀ ਕਰਜ਼ਾ ਹੈ, ਉਸ ਦਾ 20 ਫੀਸਦੀ ਚੀਨ ਦਾ ਹੈ। ਇਹ 20 ਫੀਸਦੀ ਕਰਜ਼ਾ 1.6 ਅਰਬ ਅਮਰੀਕੀ ਡਾਲਰ ਦਾ ਬਣਦਾ ਹੈ। ਚੀਨ ਦੀਆਂ ਕਈ ਕੰਪਨੀਆਂ ਨੇ ਯੁਗਾਂਡਾ ਦੇ ਮੁੱਢਲੇ ਢਾਂਚੇ ’ਚ ਧਨ ਨਿਵੇਸ਼ ਕੀਤਾ ਹੈ। ਅਮਰੀਕਾ, ਯੂਰਪੀ ਸੰਘ ਦੇ ਦੇਸ਼ਾਂ ਅਤੇ ਪੱਛਮੀ ਦੇਸ਼ਾਂ ਨੇ ਯੁਗਾਂਡਾ ਨੂੰ ਚੇਤਾਇਆ ਹੈ ਕਿ ਉਸ ਉਪਰ ਚੀਨ ਦਾ ਕਰਜ਼ਾ ਵਧਦਾ ਜਾ ਰਿਹਾ ਹੈ, ਜੋ ਉਸ ਦੇ ਸਵਾਭਿਮਾਨ ਅਤੇ ਆਜ਼ਾਦੀ ਲਈ ਖਤਰਨਾਕ ਹੋ ਸਕਦਾ ਹੈ। ਇਨ੍ਹਾਂ ਦੇਸ਼ਾਂ ਨੇ ਯੁਗਾਂਡਾ ਨੂੰ ਦੱਸਿਆ ਹੈ ਕਿ ਚੀਨ ਇੱਥੇ ਰਾਸ਼ਟਰੀ ਰਾਜਮਾਰਗ, ਰੇਲਵੇ ਟਰਮੀਨਲ ਅਤੇ ਹਵਾਈ ਅੱਡਿਆਂ ’ਤੇ ਆਪਣਾ ਕਬਜ਼ਾ ਕਰ ਸਕਦਾ ਹੈ। ਇਸ ਦੇ ਇਲਾਵਾ ਚੀਨ ਯੁਗਾਂਡਾ ਦੇ ਕੁਦਰਤੀ ਸੋਮਿਆਂ ਅਤੇ ਖਣਿਜਾਂ ਦੀ ਨਿਕਾਸੀ ’ਤੇ ਵੀ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।

ਪਰ ਯੁਗਾਂਡਾ ਨੂੰ ਇਸ ਗੱਲ ’ਤੇ ਭਰੋਸਾ ਨਹੀਂ ਹੋ ਰਿਹਾ ਕਿ ਚੀਨ ਉਸ ਦੇ ਕਿਸੇ ਵੀ ਸੰਸਥਾਨ ’ਤੇ ਆਪਣਾ ਕਬਜ਼ਾ ਜਮਾਵੇਗਾ ਕਿਉਂਕਿ ਜਦੋਂ ਵੀ ਕੋਈ ਚੀਨੀ ਵਪਾਰੀ ਜਾਂ ਚੀਨ ਦੀ ਕਿਸੇ ਨਿੱਜੀ ਕੰਪਨੀ ਦਾ ਵੱਡਾ ਅਧਿਕਾਰੀ ਯੁਗਾਂਡਾ ’ਚ ਨਿਵੇਸ਼ ਕਰਨ ਪਹੁੰਚਦਾ ਹੈ ਤਾਂ ਉਸ ਨੂੰ ਇੱਥੋਂ ਦੀ ਸਰਕਾਰ ਕਮਾਂਡੋ ਸੁਰੱਖਿਆ ਦਿੰਦੀ ਹੈ, ਨਾਲ ਹੀ ਉਸ ਦੇ ਸਵਾਗਤ-ਸਤਿਕਾਰ ’ਚ ਕੋਈ ਕਸਰ ਨਹੀਂ ਛੱਡਦੀ। ਇਸ ਦੇ ਨਾਲ ਯੁਗਾਂਡਾ ਚੀਨ ਤੋਂ ਸਿੱਖਣਾ ਚਾਹੁੰਦਾ ਹੈ ਕਿ ਸਿਆਸੀ ਪਾਰਟੀਆਂ ਅਤੇ ਫੌਜ ਕਿਵੇਂ ਮਿਲ ਕੇ ਦੇਸ਼ ਚਲਾਉਂਦੇ ਹਨ। ਯੁਗਾਂਡਾ ਦੇ ਲੋਕ ਚੀਨ ਤੋਂ ਸਿੱਖ ਕੇ ਵਨ ਪਾਰਟੀ ਸਿਸਟਮ ਇੱਥੇ ਲਾਗੂ ਕਰਨਾ ਚਾਹੁੰਦੇ ਹਨ ਕਿਉਂਕਿ ਅਕਸਰ ਚੋਣਾਂ ਦੌਰਾਨ ਇੱਥੇ ਬਹੁਤ ਹਿੰਸਾ ਹੁੰਦੀ ਹੈ। ਓਧਰ ਚੀਨ ਵੀ ਆਪਣੀ ਪਾਰਟੀ ਸੀ. ਪੀ. ਸੀ. ਅਤੇ ਫੌਜ ਦਾ ਮਾਡਲ ਅਫਰੀਕਾ ’ਚ ਫੈਲਾਉਣਾ ਚਾਹੁੰਦਾ ਹੈ, ਜਿਸ ਦੇ ਲਈ ਉਹ ਜੀਅ-ਜਾਨ ਨਾਲ ਕੋਸ਼ਿਸ਼ ਵੀ ਕਰ ਰਿਹਾ ਹੈ। ਚੀਨ ਆਪਣੇ ਹਥਿਆਰ ਵੀ ਅਫਰੀਕਾ ’ਚ ਵੇਚ ਰਿਹਾ ਹੈ। ਅਫਰੀਕਾ ਮਹਾਦੀਪ ਦੇ ਤਿੰਨ ਚੌਥਾਈ ਦੇਸ਼ਾਂ ਨੂੰ ਚੀਨ ਆਪਣੇ ਹਥਿਆਰ ਵੇਚ ਚੁੱਕਾ ਹੈ। ਯੁਗਾਂਡਾ ਦਾ ਐਂਟੇਬੀ ਏਅਰਪੋਰਟ ਇੱਥੋਂ ਦਾ ਇਕਲੌਤਾ ਕੌਮਾਂਤਰੀ ਹਵਾਈ ਅੱਡਾ ਹੈ ਜਿਸ ਨੂੰ ਉੱਨਤ ਕਰਨ ਲਈ ਯੁਗਾਂਡਾ ਨੇ 2000 ਦੇ ਸ਼ੁਰੂਆਤੀ ਸਮੇਂ ’ਚ ਵਿਦੇਸ਼ੀ ਨਿਵੇਸ਼ ਮੰਗੇ ਸਨ ਕਿਉਂਕਿ ਤਦ ਤੱਕ ਇੱਥੇ ਸਭ ਤੋਂ ਉੱਚ ਪੱਧਰ ਦੀਆਂ ਸਹੂਲਤਾਂ ਮੌਜੂਦ ਨਹੀਂ ਸਨ ਅਤੇ ਯੁਗਾਂਡਾ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਇਸ ਨੂੰ ਉੱਨਤ ਕਰ ਸਕੇ। ਯੁਗਾਂਡਾ ਦੀ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਜੋ ਵੀ ਨਿਵੇਸ਼ਕ ਹੋਵੇਗਾ ਉਹ ਇਸ ਹਵਾਈ ਅੱਡੇ ਤੋਂ ਮਿਲਣ ਵਾਲੇ ਮਾਲੀਏ ਦਾ ਇਕ ਹਿੱਸਾ ਲੈ ਸਕਦਾ ਹੈ।

ਤਦ ਚੀਨ ਨੇ ਐਂਟੇਬੀ ਏਅਰਪੋਰਟ ’ਚ 20 ਕਰੋੜ ਅਮਰੀਕੀ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਪਰ ਉਸ ਦੇ ਕਰਾਰ ’ਚ ਇਕ ਸ਼ਰਤ ਇਹ ਵੀ ਹੈ ਕਿ ਜੇਕਰ ਯੁਗਾਂਡਾ ਚੀਨ ਨੂੰ 20 ਕਰੋੜ ਡਾਲਰ ਨਾ ਮੋੜ ਸਕਿਆ ਤਾਂ ਉਹ ਇਸ ਏਅਰਪੋਰਟ ਨੂੰ ਅੈਕਵਾਇਰ ਕਰ ਲਵੇਗਾ। ਚੀਨ ਨੇ ਐਂਟੇਬੀ ਏਅਰਪੋਰਟ ’ਚ ਨਿਵੇਸ਼ ਕੀਤਾ ਪਰ ਏਅਰਪੋਰਟ ਤੋਂ ਕੋਈ ਕਮਾਈ ਨਹੀਂ ਹੋਈ ਅਤੇ ਚੀਨ ਦਾ ਪੈਸਾ ਇਕ ਤਰ੍ਹਾਂ ਤਬਾਹ ਹੋ ਗਿਆ। ਚੀਨ ਦਾ ਹੁਣ ਤੱਕ ਦਾ ਜੋ ਟੈ੍ਕ ਰਿਕਾਰਡ ਹੈ ਉਸ ਨੂੰ ਦੇਖਦੇ ਹੋਏ ਆਉਣ ਵਾਲੇ ਕੁਝ ਮਹੀਨਿਆਂ ’ਚ ਇਹ ਗੱਲ ਤੈਅ ਹੈ ਕਿ ਚੀਨ ਹੱਥੋਂ ਯੁਗਾਂਡਾ ਦਾ ਐਂਟੇਬੀ ਏਅਰਪੋਰਟ ਚਲਾ ਜਾਵੇਗਾ ਕਿਉਂਕਿ ਚੀਨ ਦੇ ਸੱਭਿਆਚਾਰ ’ਚ ਦਾਨ ਦੇਣਾ ਅਤੇ ਆਪਣਾ ਕਰਜ਼ਾ ਮੁਆਫ ਕਰਨ ਵਰਗੀ ਕੋਈ ਪ੍ਰਥਾ ਨਹੀਂ ਹੈ। ਚੀਨ ਆਪਣਾ ਕਰਜ਼ਾ ਕਿਸੇ ਵੀ ਤਰ੍ਹਾਂ ਵਸੂਲ ਕਰ ਲੈਂਦਾ ਹੈ। ਉਹ ਕਦੀ ਆਪਣਾ ਨੁਕਸਾਨ ਨਹੀਂ ਹੋਣ ਦਿੰਦਾ।
 


Anuradha

Content Editor

Related News