ਕੇਰਲ ’ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹੁਣ ‘ਗਊਅਾਂ ਦਾਨ ਕਰਨ’ ਦੀ ਮੁਹਿੰਮ

Tuesday, Oct 09, 2018 - 06:37 AM (IST)

ਕੇਰਲ ਦੇ ਇਕ ਜ਼ਿਲੇ ਨੇ ਇਕ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ ਲੋਕਾਂ ਨੂੰ ਉਨ੍ਹਾਂ ਗਰੀਬਾਂ ਨੂੰ ਗਊਅਾਂ ਦਾਨ ਕਰਨ ਦੀ ਪ੍ਰਾਰਥਨਾ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਹੁਣੇ ਜਿਹੇ ਆਏ  ਹੜ੍ਹਾਂ ’ਚ ਆਪਣੇ ਪਸ਼ੂ ਗੁਆ ਲਏ। ਇਥੋਂ ਦੇ ਪਹਾੜੀ ਜ਼ਿਲੇ ਵਾਯਾਨਾਢ ’ਚ ਹੜ੍ਹਾਂ ਦੌਰਾਨ 223 ਗਊਅਾਂ ਮਾਰੀਅਾਂ ਗਈਅਾਂ ਸਨ, ਇਸ ਲਈ ਇਥੇ ‘ਡੋਨੇਟ ਏ ਕਾਊ’, ਭਾਵ ‘ਇਕ ਗਊ ਦਾਨ ਕਰੋ’ ਨਾਮੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਪ੍ਰਸ਼ਾਸਨ ਹੜ੍ਹ ਪੀੜਤ ਲੋਕਾਂ ਲਈ ਪਸ਼ੂ ਧਨ ਦਾ ਮੁੜ ਪ੍ਰਬੰਧ ਕਰੇਗਾ। 
ਇਸ ਪ੍ਰੋਗਰਾਮ ਦੇ ਇੰਚਾਰਜ ਡੇਅਰੀ ਵਿਕਾਸ ਅਧਿਕਾਰੀ ਹਰਸ਼ਾ ਵੀ. ਐੱਸ. ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤਕ 8 ਗਊਅਾਂ ਦਾਨ ਕੀਤੀਅਾਂ ਜਾ ਚੁੱਕੀਅਾਂ ਹਨ, ਜਦਕਿ 10 ਤੋਂ ਜ਼ਿਆਦਾ ਪ੍ਰਭਾਵਿਤ ਲੋਕਾਂ ਨੂੰ ਸੌਂਪਣ ਲਈ ਤਿਆਰ ਹਨ। ਉਨ੍ਹਾਂ ਦੀ ਸੂਚੀ ’ਚ ਦਾਨ ਕੀਤੀਅਾਂ ਹੋਰ ਗਊਅਾਂ ਵੀ ਹਨ। 
ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਮੂਲ ਤੌਰ ’ਤੇ ਪਸ਼ੂ ਧਨ ਨੂੰ ਉਤਸ਼ਾਹਿਤ ਕਰਨ ਵਾਸਤੇ ਹੈ। ਪੀੜਤ ਲੋਕਾਂ ਨੂੰ ਦੁਬਾਰਾ ਪਟੜੀ ’ਤੇ ਲਿਆ ਕੇ ਦਾਨੀ ਉਨ੍ਹਾਂ ਦੀ ਜ਼ਿੰਦਗੀ ਫਿਰ ਸੰਵਾਰਨ ’ਚ ਸਹਾਇਤਾ ਕਰ ਰਹੇ ਹਨ। ਜੋ ਲੋਕ ਸਹਿਕਾਰੀ ਕਮੇਟੀਅਾਂ ਨੂੰ ਦੁੱਧ ਵੇਚ ਕੇ ਆਪਣੀ ਰੋਜ਼ੀ-ਰੋਟੀ ਚਲਾਉਂਦੇ ਹਨ, ਉਹ ਆਪਣੇ ਪਸ਼ੂ ਧਨ ਦਾ ਨੁਕਸਾਨ ਹੋਣ ਕਾਰਨ ਹੁਣ ਸੰਘਰਸ਼ ਕਰ ਰਹੇ ਹਨ। 
ਹਰਸ਼ਾ ਮੁਤਾਬਿਕ ਸਿਰਫ ਇਕ ਦੁਧਾਰੂ ਗਊ ਪੀੜਤ ਪਰਿਵਾਰਾਂ ਨੂੰ ਦੁੱਧ ਵੇਚ ਕੇ ਦੁਬਾਰਾ ਪੈਰਾਂ ’ਤੇ ਖੜ੍ਹੇ ਹੋਣ ’ਚ ਮਦਦ ਕਰ ਸਕਦੀ ਹੈ। ਦਾਨ ਦੀਅਾਂ  ਗਊਅਾਂ ਹਾਸਿਲ ਕਰਨ ਵਾਲੇ 8 ਪਰਿਵਾਰ ਇਸ ਤਰ੍ਹਾਂ ਆਪਣੇ ਪੈਰਾਂ ’ਤੇ ਮੁੜ ਖੜ੍ਹੇ  ਹੋਣ ’ਚ ਸਫਲ ਹੋ ਰਹੇ ਹਨ। ਗਊਅਾਂ ਪ੍ਰਾਪਤ ਕਰਨ ਵਾਲਿਅਾਂ ਦੀ ਸੂਚੀ ਉਨ੍ਹਾਂ ਦੀ ਮਾਲੀ ਹਾਲਤ ਅਤੇ ਗਊਅਾਂ ਦੇ ਰੱਖ-ਰਖਾਅ ਦੀ ਉਨ੍ਹਾਂ ਦੀ ਸਮਰੱਥਾ ਦਾ ਜਾਇਜ਼ਾ ਲੈਣ ਤੋਂ ਬਾਅਦ ਤਿਆਰ ਕੀਤੀ ਗਈ ਹੈ। ਹਰਸ਼ਾ ਮੁਤਾਬਿਕ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਦਾਨ ਦਿੱਤੀਅਾਂ ਜਾਣ ਵਾਲੀਅਾਂ ਗਊਅਾਂ ਸਹੀ ਲੋਕਾਂ ਕੋਲ ਪਹੁੰਚਣ। 
ਮਹਿਕਮਾ ਇਸ ’ਤੇ ਵੀ ਨਜ਼ਰ ਰੱਖ ਰਿਹਾ ਹੈ ਕਿ ਦਾਨ ’ਚ ਮਿਲੀਅਾਂ ਗਊਅਾਂ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ? ਹਰਸ਼ਾ ਨੇ ਦੱਸਿਆ ਕਿ ਉਹ ਸਹਿਕਾਰੀ ਕਮੇਟੀਅਾਂ ਨੂੰ ਦੁੱਧ ਦੀ ਸਪਲਾਈ ਕਰਦੇ ਹਨ, ਜੋ ਕੰਪਿਊਟਰ ਸਾਫਟਵੇਅਰ ਦੇ ਜ਼ਰੀਏ ਇਕ-ਦੂਜੀ ਨਾਲ ਜੁੜੀਅਾਂ ਹੋਈਅਾਂ ਹਨ। ਇਸ ਲਈ ਉਨ੍ਹਾਂ ਵਾਸਤੇ ਇਹ ਪਤਾ ਲਾਉਣਾ ਸੌਖਾ ਹੋ ਜਾਂਦਾ ਹੈ ਕਿ ਪੀੜਤ ਪਰਿਵਾਰ ਕਿੰਨਾ ਦੁੱਧ ਦੇ ਸਕਦੇ ਹਨ। 
ਦਾਨ ’ਚ ਗਊਅਾਂ ਹਾਸਿਲ ਕਰਨ ਵਾਲਿਅਾਂ ਨੂੰ ਘੱਟੋ–ਘੱਟ 2 ਹਫਤਿਅਾਂ ਲਈ ਮੁਫਤ ਪੱਠੇ ਮੁਹੱਈਆ ਕਰਵਾਏ ਜਾ ਰਹੇ ਹਨ ਜਾਂ ਉਦੋਂ ਤਕ, ਜਦੋਂ ਤਕ ਉਹ ਪਸ਼ੂਅਾਂ ਦੇ ਰੱਖ-ਰਖਾਅ ਲਈ ਦੁੁੱਧ ਵੇਚ ਕੇ ਕਾਫੀ ਧਨ ਕਮਾਉਣਾ ਸ਼ੁਰੂ ਨਹੀਂ ਕਰ ਦਿੰਦੇ। ਹਰਸ਼ਾ ਨੇ ਦੱਸਿਆ ਕਿ ਇਹ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਕਿ ਲੰਮੇ ਸਮੇਂ ਲਈ ਪੀੜਤ ਪਰਿਵਾਰਾਂ ਨੂੰ ਸਬਸੀਡਾਈਜ਼ਡ ਚਾਰਾ (ਪੱਠੇ) ਮੁਹੱਈਆ ਕਰਵਾਇਆ ਜਾ ਸਕੇ। 
ਦਾਨੀਅਾਂ ’ਚ ਆਸਾਮ ਦੇ ਸਿਲਚਰ ’ਚ ਸਥਿਤ ਨੈਸ਼ਨਲ ਇੰਸਟੀਿਚਊਟ ਆਫ ਟੈਕਨਾਲੋਜੀ ਦੇ ਸਾਬਕਾ ਵਿਦਿਆਰਥੀ, ਕੇਰਲ ਦੇ ਤ੍ਰਿਚੂਰ ’ਚ ਸਥਿਤ ਕਾਲਜ ਆਫ ਡੇਅਰੀ ਸਾਇੰਸਿਜ਼ ਐਂਡ ਟੈਕਨਾਲੋਜੀ ਦੇ ਸਾਬਕਾ ਵਿਦਿਆਰਥੀ, ਗੁਜਰਾਤ ਦੇ ਆਣੰਦ ’ਚ ਸਥਿਤ ਇੰਸਟੀਚਿਊਟ ਆਫ ਰੂਰਲ ਮੈਨੇਜਮੈਂਟ ਦੇ ਸਾਬਕਾ ਵਿਦਿਆਰਥੀ ਤੇ ਹੋਰ ਕਈ ਲੋਕ ਸ਼ਾਮਿਲ ਹਨ। ਦਾਨੀਅਾਂ ’ਚ ਜ਼ਿਆਦਾਤਰ ਮਲਿਆਲੀ ਹਨ। 
ਹਰਸ਼ਾ ਨੇ ਦੱਸਿਆ ਕਿ ਪੀੜਤ ਲੋਕਾਂ ਦੇ ਦੁੱਖਾਂ ਨੂੰ ਦੇਖਦਿਅਾਂ ਉਨ੍ਹਾਂ ਨੇ ਦੁਬਾਰਾ ਦਾਨ ਕਰਨ ਦੀ ਵੀ ਅਪੀਲ ਕੀਤੀ। ਇਕ ਦਾਨੀ ਨੇ ਅਜਿਹੇ ਪਰਿਵਾਰ ਨੂੰ ਗਊ ਦਾਨ ਕੀਤੀ ਹੈ, ਜਿਸ ’ਚ ਇਕ ਕੈਂਸਰ ਰੋਗੀ ਅਤੇ ਬੋਲ, ਸੁਣ ਸਕਣ ’ਚ ਅਸਮਰੱਥ 2 ਬੱਚੇ ਹਨ। ਗਊ ਦਾਨ ਕਰਦੇ ਸਮੇਂ ਦਾਨੀ ਦੀਅਾਂ ਅੱਖਾਂ ’ਚ ਹੰਝੂ ਸਨ ਤੇ ਉਹ ਹੁਣ ਇਕ ਹੋਰ ਗਊ ਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵੱਡੀ ਗਿਣਤੀ ’ਚ ਪਸ਼ੂ ਧਨ ਗੁਆਉਣ ਵਾਲੇ ਬਹੁਤੇ ਲੋਕ ਜ਼ਿਲੇ ਦੇ ਅੰਦਰੂਨੀ ਖੇਤਰਾਂ ’ਚ ਰਹਿੰਦੇ ਹਨ। ਬਹੁਤ ਸਾਰੇ ਜਨਜਾਤੀ ਲੋਕਾਂ ਨੇ ਵੀ ਆਪਣੇ ਪਸ਼ੂ ਗੁਆਏ ਹਨ, ਜਿਨ੍ਹਾਂ ਨੂੰ ਉਹ ਜੰਗਲੀ ਖੇਤਰਾਂ ’ਚ ਪਾਲ਼ ਰਹੇ ਸਨ। 
ਇਕ ਦਿਨ ’ਚ 15 ਤੋਂ 20 ਲਿਟਰ ਤਕ ਦੁੱਧ ਦੇਣ ਵਾਲੀ ਇਕ ਗਊ ਦੀ ਕੀਮਤ 60,000 ਰੁਪਏ ਹੈ ਪਰ ਜਿਨ੍ਹਾਂ ਲੋਕਾਂ ਕੋਲ ਗਊਅਾਂ ਨਹੀਂ ਹਨ, ਉਹ ਫਾਰਮਾਂ ਤੋਂ ਪਸ਼ੂ ਖਰੀਦ ਕੇ ਦਾਨ ਕਰ ਰਹੇ ਹਨ ਅਤੇ ਵੇਚਣ ਵਾਲੇ ਉਨ੍ਹਾਂ ਨੂੰ ਕੀਮਤ ’ਚ ਛੋਟ ਵੀ ਦੇ ਰਹੇ ਹਨ। 
ਦਾਨ ’ਚ ਗਊਅਾਂ ਹਾਸਿਲ ਕਰਨ ਵਾਲੇ 8 ਵਿਅਕਤੀਅਾਂ ’ਚੋਂ ਇਕ ਚਰਵਾਹੇ (ਆਜੜੀ) ਮੋਇਦੂ ਨੇ ਦੱਸਿਆ ਕਿ ਦਾਨ ’ਚ ਗਊ ਮਿਲਣ ਨਾਲ ਉਸ ਨੂੰ ਬਹੁਤ ਰਾਹਤ ਮਿਲੀ ਹੈ। ਇਹ ਇਕ ਬਹੁਤ ਵੱਡੀ ਸਹਾਇਤਾ ਹੈ ਕਿਉਂਕਿ ਉਸ ਨੇ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 7 ਗਊਅਾਂ ਤੇ ਆਪਣਾ ਘਰ ਗੁਆਇਆ ਹੈ ਤੇ ਹੁਣ ਉਹ ਆਪਣੇ ਇਕ ਮਿੱਤਰ ਦੇ ਘਰ ਰਹਿ ਰਿਹਾ ਹੈ। 
ਦੁੱਧ ਵੇਚ ਕੇ ਗੁਜ਼ਾਰਾ ਕਰਨ ਵਾਲੀ ਮੈਰੀ ਕੁਰੀਅਨ ਨੇ ਅਚਾਨਕ ਆਏ  ਹੜ੍ਹ ’ਚ ਆਪਣੀਅਾਂ 3 ਦੁਧਾਰੂ ਗਊਅਾਂ ਤੇ 2 ਵੱਛੇ ਗੁਆ ਲਏ। ਮੈਰੀ ਨੇ ਦੱਸਿਆ ਕਿ ਹੁਣ ਉਸ ਨੂੰ ਜੋ ਗਊ ਦਾਨ ’ਚ ਮਿਲੀ ਹੈ, ਉਹ ਰੋਜ਼ਾਨਾ 15 ਲਿਟਰ ਦੁੱਧ ਦਿੰਦੀ ਹੈ, ਜਿਸ ਦੇ ਸਹਾਰੇ ਉਹ ਆਪਣਾ ਗੁਜ਼ਾਰਾ ਚਲਾ  ਰਹੀ ਹੈ।                     


Related News