ਸੈਕੁਲਰਿਸਟਾਂ ਦੀ ''ਅਸਹਿਣਸ਼ੀਲਤਾ'' ਦੇ ਪੈਮਾਨੇ ਵੱਖ-ਵੱਖ ਕਿਉਂ

Friday, Jul 27, 2018 - 06:36 AM (IST)

ਸੈਕੁਲਰਿਸਟਾਂ ਦੀ ''ਅਸਹਿਣਸ਼ੀਲਤਾ'' ਦੇ ਪੈਮਾਨੇ ਵੱਖ-ਵੱਖ ਕਿਉਂ

ਪਿਛਲੇ ਦਿਨੀਂ ਦਿੱਲੀ ਨਾਲ ਲੱਗਦੇ ਯੂ. ਪੀ. ਦੇ ਗਾਜ਼ੀਆਬਾਦ ਵਿਚ ਭੀੜ ਵਲੋਂ ਹਿੰਸਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ। ਇਥੇ ਇਕ ਹਿੰਦੂ ਲੜਕੀ ਨਾਲ 'ਕੋਰਟ ਮੈਰਿਜ' ਕਰਨ ਲਈ ਅਦਾਲਤੀ ਕੰਪਲੈਕਸ ਪਹੁੰਚੇ ਇਕ ਮੁਸਲਿਮ ਨੌਜਵਾਨ ਨੂੰ ਗੁੱਸੇ ਵਿਚ ਆਈ ਭੀੜ ਨੇ ਕੁੱਟ ਦਿੱਤਾ। ਹੁਣ ਇਹ ਮਾਮਲਾ ਪੁਲਸ ਕੋਲ ਹੈ। ਨਿਰਵਿਵਾਦ ਤੌਰ 'ਤੇ ਭਾਰਤ ਵਰਗੇ ਬਹੁਲਤਾਵਾਦੀ, ਲੋਕਤੰਤਰਿਕ ਅਤੇ ਧਰਮ ਨਿਰਪੱਖ ਦੇਸ਼ ਵਿਚ ਕਿਸੇ ਵੀ ਵਿਅਕਤੀ ਜਾਂ ਭਾਈਚਾਰੇ ਨੂੰ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਹੱਕ ਨਹੀਂ ਹੈ। ਫਿਰ ਅਜਿਹਾ ਕਿਉਂ ਹੈ ਕਿ ਦੇਸ਼ ਦਾ ਇਕ ਵਰਗ, ਜੋ ਆਪਣੀਆਂ ਦਲੀਲਾਂ ਨਾਲ ਜਨਤਕ ਬਹਿਸ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ, ਲਈ ਗਾਜ਼ੀਆਬਾਦ ਦਾ ਮਾਮਲਾ ਦਿਲ-ਕੰਬਾਊ ਹੈ ਅਤੇ ਸਮਾਜ 'ਤੇ ਕਲੰਕ ਹੈ, ਜਿਸ ਨੂੰ ਲੈ ਕੇ ਸੰਸਦ ਤੋਂ ਸੜਕ ਤੇ ਸੋਸ਼ਲ ਮੀਡੀਆ ਤਕ ਉੱਤੇ ਹੰਗਾਮਾ ਹੋ ਜਾਂਦਾ ਹੈ ਪਰ ਬਾੜਮੇਰ ਵਾਲੀ ਘਟਨਾ ਕਥਿਤ ਸੈਕੁਲਰ ਬਹਿਸ ਦਾ ਹਿੱਸਾ ਨਹੀਂ ਬਣਦੀ, ਜਿਥੇ ਇਕ ਦਲਿਤ ਨੌਜਵਾਨ ਭੜਕੀ ਭੀੜ ਦੇ ਪਾਗਲਪਨ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਜਦ ਦੋਹਾਂ ਮਾਮਲਿਆਂ ਵਿਚ ਪੀੜਤ ਹਿੰਸਕ ਭੀੜ ਦਾ ਸ਼ਿਕਾਰ ਹੋਏ ਹਨ ਤਾਂ ਗਾਜ਼ੀਆਬਾਦ ਦੇ ਮਾਮਲੇ ਵਿਚ ਹੀ ਵਿਸ਼ੇਸ਼ ਦਿਲਚਸਪੀ ਕਿਉਂ? ਭਾਰਤ-ਪਾਕਿ ਸਰਹੱਦ ਨੇੜੇ ਪੈਂਦੇ ਬਾੜਮੇਰ ਦੇ ਇਕ ਪਿੰਡ ਮੇਕਰਨਵਾਲਾ ਵਿਚ 22 ਸਾਲਾ ਖੇਤਾ ਰਾਮ ਭੀਲ ਦਾ ਦੋਸ਼ ਸਿਰਫ ਇੰਨਾ ਸੀ ਕਿ ਉਸ ਨੇ ਇਕ ਮੁਸਲਿਮ ਲੜਕੀ ਨਾਲ ਪਿਆਰ ਕਰਨ ਦੀ 'ਜੁਰਅੱਤ' ਕੀਤੀ ਸੀ, ਜੋ ਉਸ ਲੜਕੀ ਦੇ ਸਮਾਜ ਦੇ ਕੁਝ ਲੋਕਾਂ ਨੂੰ ਬਿਲਕੁਲ ਵੀ ਰਾਸ ਨਹੀਂ ਆਇਆ ਤੇ ਉਨ੍ਹਾਂ ਨੇ ਉਸ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ ਤੇ ਬਾਅਦ ਵਿਚ ਉਸ ਦੀ ਲਾਸ਼ ਢਾਣੀ ਨਾਂ ਦੇ ਸੁੰਨਸਾਨ ਇਲਾਕੇ ਵਿਚ ਸੁੱਟ ਦਿੱਤੀ।
ਮੀਡੀਆ ਰਿਪੋਰਟਾਂ ਅਨੁਸਾਰ ਖੇਤਾ ਰਾਮ ਮਹਿਬੂਬ ਖਾਨ ਦੇ ਘਰ ਕੰਮ ਕਰਦਾ ਸੀ, ਜਿਥੇ ਉਸ ਨੂੰ ਮੁਸਲਿਮ ਲੜਕੀ ਨਾਲ ਪਿਆਰ ਹੋ ਗਿਆ। ਲੜਕੀ ਵੀ ਉਸ ਨੂੰ ਪਿਆਰ ਕਰਦੀ ਸੀ। ਖੇਤਾ ਰਾਮ ਦੇ ਭਰਾ ਹਰੀ ਰਾਮ ਨੇ ਦੱਸਿਆ ਕਿ ਪ੍ਰੇਮ ਪ੍ਰਸੰਗ ਨੂੰ ਲੈ ਕੇ ਖੇਤਾ ਰਾਮ ਨੂੰ ਪਹਿਲਾਂ ਵੀ ਮਹਿਬੂਬ ਖਾਨ ਦੇ ਘਰੋਂ ਧਮਕੀਆਂ ਮਿਲ ਚੁੱਕੀਆਂ ਸਨ ਤੇ ਬਾਅਦ ਵਿਚ ਖੇਤਾ ਰਾਮ ਦੀ ਹੱਤਿਆ ਦੀ ਯੋਜਨਾ ਬਣਾਈ ਗਈ।  ਸੱਦਾਮ ਖਾਨ ਅਤੇ ਹਯਾਤ ਖਾਨ ਨੇ ਖੇਤਾ ਰਾਮ ਨੂੰ ਆਪਣੇ ਖੇਤਾਂ ਵਿਚ ਬੁਲਾਇਆ, ਜਿਥੇ 7 ਹੋਰ ਬੰਦੇ ਪਹਿਲਾਂ ਹੀ ਉਡੀਕ ਵਿਚ ਬੈਠੇ ਸਨ। ਉਨ੍ਹਾਂ ਨੇ ਖੇਤਾ ਰਾਮ ਦੇ ਦੋਵੇਂ ਹੱਥ ਬੰਨ੍ਹ ਕੇ ਉਸ ਨੂੰ ਉਦੋਂ ਤਕ ਕੁੱਟਿਆ, ਜਦੋਂ ਤਕ ਉਹ ਮਰ ਨਹੀਂ ਗਿਆ (ਲੇਖ ਲਿਖੇ ਜਾਣ ਤਕ ਇਸ ਮਾਮਲੇ ਵਿਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ)। 
ਗੱਲ ਸਿਰਫ ਖੇਤਾ ਰਾਮ ਤਕ ਸੀਮਤ ਨਹੀਂ, ਪਿਛਲੇ ਇਕ ਦਹਾਕੇ ਵਿਚ 30 ਤੋਂ ਜ਼ਿਆਦਾ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਪ੍ਰੇਮੀ ਜੋੜਿਆਂ ਜਾਂ ਵਿਆਹੁਤਾ ਜੋੜਿਆਂ ਨੇ ਕਤਲ, ਅਗਵਾ, ਮਾਰ-ਕੁਟਾਈ ਜਾਂ ਤਸ਼ੱਦਦ ਦਾ ਸੰਤਾਪ ਸਿਰਫ ਇਸ ਲਈ ਝੱਲਿਆ ਕਿਉਂਕਿ ਇਨ੍ਹਾਂ ਮਾਮਲਿਆਂ ਵਿਚ ਕਿਸੇ ਨਾ ਕਿਸੇ ਗੈਰ-ਮੁਸਲਿਮ ਨੌਜਵਾਨ ਨੇ ਮੁਸਲਿਮ ਲੜਕੀ ਨਾਲ ਵਿਆਹ ਜਾਂ ਪਿਆਰ ਕਰਨ ਦੀ ਜੁਰਅੱਤ ਕੀਤੀ ਸੀ। ਦਿੱਲੀ ਵਿਚ ਇਸ ਸਾਲ ਅੰਕਿਤ ਸਕਸੈਨਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਇਸੇ ਘਿਨਾਉਣੇ, ਨਫਰਤ ਭਰੇ ਕੁਚੱਕਰ ਦਾ ਸਬੂਤ ਹੈ।
ਜੁਲਾਈ 2008 ਵਿਚ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿਚ ਹਿੰਦੂ ਮਜ਼ਦੂਰ ਸ਼ੈਲੇਂਦਰ  ਪ੍ਰਸਾਦ ਦਾ ਸਿਰ ਉਸ ਦੇ ਸਹੁਰਾ ਪਰਿਵਾਰ ਵਾਲਿਆਂ ਨੇ ਇਸ ਲਈ ਧੜ ਤੋਂ ਅੱਡ ਕਰ ਦਿੱਤਾ ਕਿਉਂਕਿ ਉਸ ਨੇ ਮੁਸਲਿਮ ਲੜਕੀ ਮੁਨਰਾ ਬੀਬੀ ਨਾਲ ਵਿਆਹ ਕਰਵਾਇਆ ਸੀ। ਸੰਨ 2009 ਵਿਚ ਜੰਮੂ ਦੇ ਰਜਨੀਸ਼ ਨੂੰ ਸ਼੍ਰੀਨਗਰ ਪੁਲਸ ਥਾਣੇ ਵਿਚ ਅਣਮਨੁੱਖੀ ਤਸੀਹੇ ਇਸ ਲਈ ਝੱਲਣੇ ਪਏ ਕਿਉਂਕਿ ਉਸ ਨੇ ਇਕ ਮੁਸਲਿਮ ਲੜਕੀ ਅਮੀਨਾ ਨਾਲ ਵਿਆਹ ਕਰਵਾਇਆ ਸੀ। ਪੁਲਸ ਤਸ਼ੱਦਦ ਤੋਂ ਬਾਅਦ ਰਜਨੀਸ਼ ਦੀ ਮੌਤ ਹੋ ਗਈ ਸੀ।
ਨਵੰਬਰ 2010 ਵਿਚ ਯੂ. ਪੀ. ਦੇ ਮੁਰਾਦਾਬਾਦ ਵਿਚ ਮੁਸਤਕੀਮ ਨੇ ਆਪਣੀ 18 ਸਾਲਾ ਧੀ ਰੇਹਾਨਾ ਨੂੰ ਇਸ ਲਈ ਜਾਨੋਂ ਮਾਰ ਦਿੱਤਾ ਕਿਉਂਕਿ ਉਹ ਹਿੰਦੂ ਨੌਜਵਾਨ ਭੂਰਾ ਪਰਜਾਪਤੀ ਨਾਲ ਪਿਆਰ ਕਰਦੀ ਸੀ। ਮਈ 2011 ਵਿਚ ਜਾਹਿਦਾ ਤੇ ਹੁਸਨਾ ਨੂੰ ਉਨ੍ਹਾਂ ਦੀਆਂ ਮਾਵਾਂ ਨੇ ਇਸ ਲਈ ਜਾਨੋਂ ਮਾਰ ਦਿੱਤਾ ਕਿਉਂਕਿ ਉਨ੍ਹਾਂ ਦੋਹਾਂ ਨੇ ਹਿੰਦੂ ਨੌਜਵਾਨਾਂ ਨਾਲ ਪ੍ਰੇਮ ਵਿਆਹ ਕਰਨ ਦੀ ਗੁਸਤਾਖੀ ਕੀਤੀ ਸੀ। ਨਵੰਬਰ 2014 ਵਿਚ ਯੂ. ਪੀ. ਦੇ ਮੇਰਠ ਵਿਚ ਸੋਨੂੰ-ਦਾਨਿਸਤਾ ਨੂੰ ਲੜਕੀ ਦੇ ਭਰਾਵਾਂ ਨੇ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਨ੍ਹਾਂ ਦੀ ਭੈਣ ਨੇ ਇਕ ਗੈਰ-ਮੁਸਲਿਮ ਨੌਜਵਾਨ ਨਾਲ ਪ੍ਰੇਮ ਵਿਆਹ ਕੀਤਾ ਸੀ।
ਜੂਨ 2017 ਵਿਚ ਕਰਨਾਟਕ ਵਿਚ ਇਕ ਗਰਭਵਤੀ ਔਰਤ ਬਾਨੋ ਬੇਗਮ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਸਾੜ ਕੇ ਮਾਰ ਦਿੱਤਾ ਕਿਉਂਕਿ ਉਸ ਨੇ ਇਕ ਦਲਿਤ ਨੌਜਵਾਨ ਨਾਲ ਪ੍ਰੇਮ ਵਿਆਹ ਕੀਤਾ ਸੀ। ਅਜਿਹੇ ਮਾਮਲਿਆਂ ਦੀ ਲੰਮੀ ਸੂਚੀ ਹੈ। ਕੀ ਪਿਛਲੇ ਸਾਲਾਂ ਦੌਰਾਨ ਅਸੀਂ ਉਕਤ ਮਾਮਲਿਆਂ ਨੂੰ ਲੈ ਕੇ ਕਿਸੇ ਅਖੌਤੀ ਸੈਕੁਲਰਿਸਟ ਸਿਆਸਤਦਾਨ-ਬੁੱਧੀਜੀਵੀ, ਆਪੇ ਬਣੇ ਉਦਾਰਵਾਦੀ ਅਤੇ ਪ੍ਰਗਤੀਸ਼ੀਲ ਜਮਾਤ ਨੂੰ ਭੜਕਦਿਆਂ ਦੇਖਿਆ ਹੈ? ਇਸ ਦੋਗਲੇ ਰਵੱਈਏ ਦੀ ਵਜ੍ਹਾ ਕੀ ਹੈ?
ਮੁਸਲਿਮ ਸਮਾਜ ਦਾ ਇਕ ਵੱਡਾ ਵਰਗ ਅੱਜ ਵੀ ਉਨ੍ਹਾਂ ਹੀ ਅੰਤਰ-ਮਜ਼੍ਹਬੀ ਵਿਆਹਾਂ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰਦਾ ਹੈ, ਜਿਨ੍ਹਾਂ ਵਿਚ ਮੁਸਲਿਮ ਨੌਜਵਾਨ ਹਿੰਦੂ ਜਾਂ ਈਸਾਈ ਮੁਟਿਆਰਾਂ ਨੂੰ ਮੁਸਲਮਾਨ ਬਣਾ ਕੇ ਉਨ੍ਹਾਂ ਨਾਲ ਨਿਕਾਹ ਕਰਦੇ ਹਨ। 
ਦੇਸ਼ ਦੇ ਸੈਕੁਲਰਿਸਟ ਵੀ ਆਧੁਨਿਕਵਾਦੀ ਸੋਚ ਅਤੇ ਨਿੱਜੀ ਪਸੰਦ ਦਾ ਮਾਮਲਾ ਦੱਸ ਕੇ ਅਜਿਹੇ ਸਬੰਧਾਂ ਦਾ ਸਵਾਗਤ ਕਰਦੇ ਹਨ ਪਰ ਜਦੋਂ ਇਕ ਮੁਸਲਿਮ ਲੜਕੀ ਕਿਸੇ ਹਿੰਦੂ ਨੌਜਵਾਨ ਨਾਲ ਪ੍ਰੇਮ ਵਿਆਹ ਕਰਦੀ ਹੈ ਜਾਂ ਕਰਨਾ ਚਾਹੁੰਦੀ ਹੈ ਤਾਂ ਅਕਸਰ ਮਜ਼੍ਹਬ ਦੇ ਨਾਂ 'ਤੇ ਮੁਸਲਿਮ ਸਮਾਜ ਹਿੰਸਕ ਹੋ ਜਾਂਦਾ ਹੈ ਤੇ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਇਹੋ ਵਿਗੜੀ ਜਮਾਤ 'ਫਿਰਕੂ' ਦੱਸਦੀ ਹੈ। ਹਿੰਦੂਆਂ ਵਿਚ ਅੰਤਰ-ਮਜ਼੍ਹਬੀ ਵਿਆਹ ਦਾ ਵਿਰੋਧ ਕਰਨ ਦੇ ਆਪਣੇ ਠੋਸ ਕਾਰਨ ਹਨ, ਖਾਸ ਕਰਕੇ ਮੁਸਲਿਮ ਲੜਕੇ ਤੇ ਹਿੰਦੂ ਲੜਕੀ ਦਰਮਿਆਨ। ਪਿਛਲੇ ਕੁਝ ਸਾਲਾਂ ਤੋਂ ਕਈ ਰਾਸ਼ਟਰਵਾਦੀ ਅਤੇ ਸਿਆਸਤਦਾਨ ਅਜਿਹੇ ਵਿਆਹਾਂ ਨੂੰ 'ਲਵ ਜੇਹਾਦ' ਦੇ ਰੂਪ ਵਿਚ ਦੇਖਦੇ ਤੇ ਪਰਿਭਾਸ਼ਿਤ ਕਰ ਰਹੇ ਹਨ। 
ਅਜਿਹੇ ਮਾਮਲਿਆਂ ਵਿਚ ਦੋਸ਼ ਲਾਇਆ ਜਾਂਦਾ ਹੈ ਕਿ ਅਕਸਰ ਗੈਰ-ਮੁਸਲਿਮ ਲੜਕੀਆਂ ਨੂੰ ਪ੍ਰੇਮ ਜਾਲ ਵਿਚ ਫਸਾ ਕੇ ਨੌਜਵਾਨ ਉਨ੍ਹਾਂ ਦਾ ਇਸਲਾਮ ਵਿਚ ਧਰਮ  ਪਰਿਵਰਤਨ ਕਰਦੇ ਹਨ ਤੇ ਨਿਕਾਹ ਤੋਂ ਬਾਅਦ ਉਨ੍ਹਾਂ 'ਚ ਕੱਟੜਤਾ ਦਾ ਬੀਜ ਬੀਜਿਆ ਜਾਂਦਾ ਹੈ। ਅਜਿਹੇ ਨਿਕਾਹ ਦਾ ਅੰਤਰ-ਮਜ਼੍ਹਬੀ ਵਿਆਹ ਨਾਲ ਕੋਈ ਸਬੰਧ ਨਹੀਂ ਹੁੰਦਾ, ਸਗੋਂ ਧੋਖੇ ਨਾਲ ਹਿੰਦੂ ਜਾਂ ਈਸਾਈ ਕੁੜੀ ਨੂੰ ਮੁਸਲਮਾਨ ਬਣਾਉਣ ਤੋਂ ਬਾਅਦ ਅੱਤਵਾਦੀ ਕੈਂਪ ਵਿਚ ਭੇਜ ਦਿੱਤਾ ਜਾਂਦਾ ਹੈ।
ਭਾਰਤ ਵਿਚ ਸਾਰੇ ਨਾਗਰਿਕਾਂ ਨੂੰ ਅੰਤਰ-ਮਜ਼੍ਹਬੀ ਤੇ ਅੰਤਰਜਾਤੀ ਵਿਆਹ ਕਰਵਾਉਣ ਦਾ ਹੱਕ ਹੈ ਅਤੇ ਇਸ ਵਿਚ ਅੜਿੱਕਾ ਡਾਹੁਣ ਵਾਲਿਆਂ ਨਾਲ ਨਜਿੱਠਣ ਲਈ ਸਖਤ ਕਾਨੂੰਨ ਵੀ ਹਨ ਪਰ ਜਿਸ ਵਿਆਹ ਸਬੰਧ ਦੀ ਕਲਪਨਾ ਵਿਚ ਅੱਤਵਾਦ ਲੁਕਿਆ ਹੋਵੇ, ਉਹ ਕਿਸੇ ਵੀ ਬੁੱਧੀਜੀਵੀ ਸਮਾਜ ਨੂੰ ਮਨਜ਼ੂਰ ਨਹੀਂ ਹੋ ਸਕਦਾ। ਹਾਲ ਹੀ ਦੇ ਵਰ੍ਹਿਆਂ ਵਿਚ ਕੇਰਲਾ ਤੇ ਹੋਰਨਾਂ ਸੂਬਿਆਂ ਵਿਚ ਅਜਿਹੇ ਦਰਜਨਾਂ ਮਾਮਲੇ ਸਾਹਮਣੇ ਆਏ ਹਨ।
ਬਾੜਮੇਰ ਵਿਚ ਖੇਤਾ ਰਾਮ ਦੀ ਹੱਤਿਆ ਨਾਲ ਉੱਠੇ ਕੁਝ ਸਵਾਲਾਂ ਦੇ ਜਵਾਬ ਲੱਭਣੇ ਜ਼ਰੂਰੀ ਹਨ। ਕੀ ਖੇਤਾ ਰਾਮ ਦੀ ਹੱਤਿਆ ਸਿਰਫ ਇਸ ਲਈ ਨਹੀਂ ਕਰ ਦਿੱਤੀ ਗਈ ਕਿ ਉਹ ਹਿੰਦੂ ਸੀ ਅਤੇ ਮੁਸਲਿਮ ਲੜਕੀ ਨਾਲ ਪਿਆਰ ਕਰਦਾ ਸੀ? ਉਸ ਦੀ ਹੱਤਿਆ ਲਈ ਕੌਣ ਜ਼ਿੰਮੇਵਾਰ ਹੈ? ਜੇ ਅਖਲਾਕ, ਜੁਨੈਦ, ਪਹਿਲੂ ਖਾਨ ਅਤੇ ਰਕਬਰ ਦੇ ਕਾਤਲਾਂ ਨੂੰ ਘਿਨਾਉਣੀ ਕਰਤੂਤ ਲਈ ਹਿੰਦੂਵਾਦ ਨੇ ਉਕਸਾਇਆ, ਜਿਵੇਂ ਕਿ ਅਕਸਰ ਕਥਿਤ ਸੈਕੁਲਰਿਸਟ ਤੇ ਆਪੇ ਬਣੇ ਉਦਾਰਵਾਦੀ ਦੋਸ਼ ਲਾਉਂਦੇ ਹਨ ਤਾਂ ਖੇਤਾ ਰਾਮ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਵਾਲਿਆਂ ਨੂੰ ਕਿਹੜੀ ਮਾਨਸਿਕਤਾ ਨੇ ਪ੍ਰੇਰਿਤ ਕੀਤਾ?
ਕੀ ਇਹ ਸੱਚ ਨਹੀਂ ਕਿ ਮੁਸਲਿਮ ਕੱਟੜਪੰਥੀਆਂ ਲਈ ਇਸਲਾਮ ਛੱਡ ਕੇ ਦੂਜੇ ਮਤ ਨੂੰ ਅਪਣਾਉਣਾ ਤੇ ਉਸ ਦੀਆਂ ਰਵਾਇਤਾਂ 'ਤੇ ਚੱਲਣਾ ਹਰਾਮ ਹੈ? ਉਨ੍ਹਾਂ ਮੁਤਾਬਿਕ ਸ਼ਰੀਅਤ ਵਿਚ ਇਸ ਦੀ ਸਜ਼ਾ ਸਿਰਫ ਮੌਤ ਹੈ। ਜੇ ਖੇਤਾ ਰਾਮ ਮੁਸਲਮਾਨ ਹੁੰਦਾ, ਤਾਂ ਕੀ ਉਸ ਨੂੰ ਮੁਸਲਮਾਨਾਂ ਦੀ ਭੀੜ ਇਸੇ ਤਰ੍ਹਾਂ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੰਦੀ? ਹੁਣ ਕਿਉਂਕਿ ਖੇਤਾ ਰਾਮ ਦੀ ਹੱਤਿਆ ਸੈਕੁਲਰਿਸਟ ਵਿਚਾਰ-ਵਟਾਂਦਰੇ ਦੇ ਅਨੁਕੂਲ ਨਹੀਂ ਹੈ, ਇਸ ਲਈ ਇਸ ਘਿਨਾਉਣੇ ਅਪਰਾਧ 'ਤੇ ਚਰਚਾ ਕਰਨ ਤੋਂ ਬਚਿਆ ਜਾ ਰਿਹਾ ਹੈ। 
ਕਲਪਨਾ ਕਰੋ, ਜੇ ਖੇਤਾ ਰਾਮ ਮੁਸਲਮਾਨ ਹੁੰਦਾ, ਉਸ ਦੀ ਪ੍ਰੇਮਿਕਾ ਹਿੰਦੂ ਹੁੰਦੀ ਤੇ ਭੀੜ ਵਿਚ ਸ਼ਾਮਲ ਲੋਕ ਸਿਰਫ ਹਿੰਦੂ ਹੁੰਦੇ, ਤਾਂ ਹੁਣ ਤਕ ਸੋਸ਼ਲ ਮੀਡੀਆ ਵਿਚ ਹੈਸ਼ਟੈਗ ਨਾਲ ਨਵੀਂ ਮੁਹਿੰਮ ਸ਼ੁਰੂ ਹੋ ਜਾਂਦੀ, 'ਅਸਹਿਣਸ਼ੀਲਤਾ' ਦੇ ਨਾਂ 'ਤੇ ਸੈਕੁਲਰਿਸਟ ਭਾਜਪਾ ਅਤੇ ਸੰਘ ਪਰਿਵਾਰ ਨੂੰ ਦੋਸ਼ੀ ਠਹਿਰਾਉਂਦੇ, ਫਿਲਮੀ ਹਸਤੀਆਂ ਨੂੰ ਇਹ ਦੇਸ਼ ਅਸੁਰੱਖਿਅਤ ਲੱਗਣ ਲੱਗਦਾ ਤੇ ਐਵਾਰਡ ਵਾਪਸ ਕਰਨ ਦਾ ਦੌਰ ਸ਼ੁਰੂ ਹੋ ਜਾਂਦਾ।
ਇਨ੍ਹੀਂ ਦਿਨੀਂ ਅੰਗਰੇਜ਼ੀ ਦਾ ਸ਼ਬਦ 'ਮੌਬ ਲਿੰਚਿੰਗ' ਜਨਤਕ ਚਰਚਾ ਵਿਚ ਹੈ। ਇਸ ਸੰਦਰਭ ਵਿਚ ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਇਕ ਨਵਾਂ ਤੇ ਸਖਤ ਕਾਨੂੰਨ ਬਣਾਉਣ ਦੀ ਹਦਾਇਤ ਦਿੱਤੀ ਹੈ। ਸਵਾਲ ਇਹ ਹੈ ਕਿ ਜੇ ਸਰਕਾਰ ਦੀ ਇੱਛਾ ਸ਼ਕਤੀ ਅਤੇ ਸਖਤ ਕਾਨੂੰਨਾਂ ਨਾਲ ਸਮਾਜ ਨੂੰ ਅਪਰਾਧ-ਮੁਕਤ ਕੀਤਾ ਜਾ ਸਕਦਾ ਹੈ ਤਾਂ ਮਈ 2014 ਤੋਂ ਪਹਿਲਾਂ ਬਣੇ ਸਖਤ ਨਿਯਮਾਂ-ਕਾਨੂੰਨਾਂ ਨਾਲ ਦੇਸ਼ ਬਲਾਤਕਾਰ ਅਤੇ ਹੋਰ ਘਿਨਾਉਣੇ ਅਪਰਾਧਾਂ ਤੋਂ ਮੁਕਤ ਕਿਉਂ ਨਹੀਂ ਹੋਇਆ?
ਉਚਿਤ ਕਾਨੂੰਨ, ਉਨ੍ਹਾਂ ਦੀ ਉਲੰਘਣਾ ਦਾ ਤੁਰੰਤ ਨੋਟਿਸ, ਪੁਲਸ ਵਲੋਂ ਉਚਿਤ ਕਾਰਵਾਈ, ਅਦਾਲਤ ਵਲੋਂ ਬਿਨਾਂ ਦੇਰੀ ਸੁਣਵਾਈ ਅਤੇ ਫੈਸਲੇ ਨਾਲ ਸਮਾਜ ਵਿਚ ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਚੇਤਨਾ ਤੇ ਸੰਸਕਾਰ ਹੋਣ ਨਾਲ ਸਮਾਜ ਅੰਦਰ ਅਪਰਾਧਾਂ ਵਿਚ ਕਮੀ ਲਿਆਉਣੀ ਸੰਭਵ ਹੈ। 
 (punjbalbir@gmail.com)


Related News