ਗੁਜਰਾਤ ''ਚ ਫਸਵੀਂ ਟੱਕਰ ਦੇ ਰਹੀ ਹੈ ਕਾਂਗਰਸ

11/22/2017 3:59:00 AM

ਕਾਂਗਰਸ ਪਾਰਟੀ ਇਸ ਗੱਲ 'ਤੇ ਬਹੁਤ ਉਤਸ਼ਾਹਿਤ ਹੈ ਕਿ ਸੱਤਾ ਗੁਆਉਣ ਤੋਂ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਬਾਅਦ ਉਹ ਗੁਜਰਾਤ ਦੀਆਂ ਚੋਣਾਂ 'ਚ ਫਸਵੀਂ ਟੱਕਰ ਦੇ ਰਹੀ ਹੈ। ਗੁਜਰਾਤ ਦੇ ਵੋਟਰਾਂ ਨੂੰ ਲੁਭਾਉਣ ਲਈ ਪਾਰਟੀ ਕਿਸੇ ਵੀ ਹੱਦ ਤਕ ਜਾ ਰਹੀ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦਾਅਵਾ ਕੀਤਾ ਕਿ ''ਇਸ ਵਾਰ ਵੱਖਰੀ ਗੱਲ ਇਹ ਹੈ ਕਿ ਜ਼ਮੀਨੀ ਸਥਿਤੀ ਸਾਡੇ ਪੱਖ ਵਿਚ ਹੈ।'' 
ਭਾਜਪਾ ਨੂੰ ਉਥੇ ਜ਼ਬਰਦਸਤ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਪਰੋਂ ਆਰਥਿਕ ਮੰਦੀ, ਓ. ਬੀ. ਸੀ., ਪਾਟੀਦਾਰ ਅਤੇ ਦਲਿਤ ਭਾਈਚਾਰਿਆਂ 'ਚ ਨਾਰਾਜ਼ਗੀ ਦੇ ਨਾਲ-ਨਾਲ ਨੋਟਬੰਦੀ ਤੇ ਜੀ. ਐੱਸ. ਟੀ. ਕਾਰਨ ਛੋਟੇ ਵਪਾਰੀਆਂ ਤੇ ਮੱਧਵਰਗ 'ਤੇ ਬਹੁਤ ਬੁਰਾ ਅਸਰ ਪਿਆ ਹੈ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਗੁਜਰਾਤ ਭਾਜਪਾ 'ਚ ਕੋਈ ਕੱਦਾਵਰ ਸਥਾਨਕ ਆਗੂ ਨਹੀਂ ਉੱਭਰ ਸਕਿਆ ਤੇ ਕਾਂਗਰਸ ਨੇ ਇਨ੍ਹਾਂ ਸਾਰੀਆਂ ਗੱਲਾਂ 'ਤੇ ਬਹੁਤ ਸਾਰੀਆਂ ਉਮੀਦਾਂ ਲਾਈਆਂ ਹੋਈਆਂ ਹਨ। 
ਪਿਛਲੀਆਂ ਤਿੰਨਾਂ ਵਿਧਾਨ ਸਭਾ ਚੋਣਾਂ ਦੌਰਾਨ ਦੋਹਾਂ ਪਾਰਟੀਆਂ 'ਚ ਵੋਟਾਂ ਦਾ ਫਰਕ ਲੱਗਭਗ 11 ਫੀਸਦੀ ਦੇ ਆਸ-ਪਾਸ ਹੀ ਰਿਹਾ ਹੈ ਪਰ ਭਾਜਪਾ ਕਾਂਗਰਸ ਦੇ ਮੁਕਾਬਲੇ ਦੁੱਗਣੇ ਵਿਧਾਇਕ ਜਿਤਾਉਣ 'ਚ ਸਫਲ ਹੁੰਦੀ ਰਹੀ ਹੈ। ਕਾਂਗਰਸ ਨੂੰ ਹੁਣ ਇਕ ਲਾਭ ਇਹ ਵੀ ਹੈ ਕਿ ਰਾਹੁਲ ਗਾਂਧੀ ਦੀ ਚੋਣ ਮੁਹਿੰਮ ਨੂੰ ਉਤਸ਼ਾਹਜਨਕ ਪ੍ਰਤੀਕਿਰਿਆ ਮਿਲ ਰਹੀ ਹੈ। ਉਹ ਵੋਟਰਾਂ ਨਾਲ ਜ਼ਿਆਦਾ ਨੇੜਤਾ ਦਿਖਾ ਰਹੇ ਹਨ ਤੇ ਵੱਡੀਆਂ-ਵੱਡੀਆਂ ਰੈਲੀਆਂ ਕਰਨ ਦੀ ਬਜਾਏ ਸੜਕਾਂ ਕੰਢੇ ਲੋਕਾਂ ਨਾਲ ਮਿਲ ਕੇ ਗੱਲਾਂ ਕਰਦੇ ਹਨ। 
ਰਾਹੁਲ ਗਾਂਧੀ ਨੇ 182 ਮੈਂਬਰੀ ਗੁਜਰਾਤ ਵਿਧਾਨ ਸਭਾ 'ਚ 52 ਵਿਧਾਇਕ ਭੇਜਣ ਵਾਲੇ ਸੌਰਾਸ਼ਟਰ ਇਲਾਕੇ 'ਚ ਚੰਗਾ-ਖਾਸਾ ਪ੍ਰਭਾਵ ਜਮਾਇਆ ਹੈ। ਜ਼ਿਕਰਯੋਗ ਹੈ ਕਿ ਇਹੋ ਇਲਾਕਾ ਭਾਜਪਾ ਦਾ ਗੜ੍ਹ ਹੈ। ਅਜਿਹੀ ਸਥਿਤੀ 'ਚ ਪਾਟੀਦਾਰ ਭਾਈਚਾਰੇ ਦੇ ਨੇਤਾ ਹਾਰਦਿਕ ਪਟੇਲ ਨਾਲ ਗੱਠਜੋੜ ਦੀ ਗੱਲ ਛੇੜ ਕੇ ਕਾਂਗਰਸ ਨੇ ਬਹੁਤ ਚਲਾਕੀ ਭਰਿਆ ਕਦਮ ਚੁੱਕਿਆ ਹੈ। 
ਗੁਜਰਾਤ 'ਚ ਕਾਂਗਰਸ ਦੀ ਚੋਣ ਮੁਹਿੰਮ ਪੂਰੀ ਤਰ੍ਹਾਂ ਰਾਹੁਲ ਗਾਂਧੀ ਦਾ ਸ਼ੋਅ ਬਣ ਗਈ ਹੈ ਕਿਉਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਮਾਨ ਪੂਰੀ ਤਰ੍ਹਾਂ ਉਨ੍ਹਾਂ ਦੇ ਹੱਥਾਂ ਵਿਚ ਸੌਂਪ ਦਿੱਤੀ ਹੈ। ਸਤੰਬਰ ਵਿਚ ਅਮਰੀਕਾ ਤੋਂ ਪਰਤਣ ਮਗਰੋਂ ਉਂਝ ਵੀ ਰਾਹੁਲ ਗਾਂਧੀ ਆਪਣਾ ਬਹੁਤਾ ਸਮਾਂ ਗੁਜਰਾਤ ਵਿਚ ਬਿਤਾ ਰਹੇ ਹਨ ਤੇ ਚੋਣ ਮੁਹਿੰਮ 'ਤੇ ਬਹੁਤ ਨੇੜਿਓਂ ਨਜ਼ਰ ਰੱਖ ਰਹੇ ਹਨ। ਕਾਂਗਰਸ ਨੇ ਉਥੇ ਚੋਣਾਂ ਲੜਨ ਲਈ ਜਾਤ, ਮਜ਼੍ਹਬ, ਵਿਕਾਸ ਅਤੇ ਸੋਸ਼ਲ ਮੀਡੀਆ ਦੇ ਪੱਤੇ ਖੇਡਦਿਆਂ ਬਹੁ-ਆਯਾਮੀ ਰਣਨੀਤੀ ਘੜੀ ਹੈ। 
ਕਾਂਗਰਸ ਇਨ੍ਹਾਂ ਚੋਣਾਂ ਨੂੰ ਮੋਦੀ ਬਨਾਮ ਰਾਹੁਲ ਵਿਚਾਲੇ ਟਕਰਾਅ ਨਹੀਂ ਬਣਾਉਣਾ ਚਾਹੁੰਦੀ। ਇਸ ਨੇ ਸਭ ਤੋਂ ਪਹਿਲਾ ਕਦਮ ਇਹ ਚੁੱਕਿਆ ਹੈ ਕਿ ਸਿਰਫ ਉਨ੍ਹਾਂ ਲੋਕਾਂ ਨੂੰ ਟਿਕਟ ਦਿੱਤੀ ਜਾਵੇ, ਜਿਹੜੇ ਜਿੱਤ ਸਕਦੇ ਹੋਣ। ਉਂਝ ਇਹ ਐਲਾਨ ਚੋਣਾਂ ਵਿਚ ਅਕਸਰ ਹੀ ਹੁੰਦਾ ਹੈ ਪਰ ਇਸ 'ਤੇ ਪਹਿਲਾਂ ਕਦੇ ਅਮਲ ਨਹੀਂ ਕੀਤਾ ਗਿਆ। ਇਸ ਵਾਰ ਵੀ ਇਹ ਦੇਖਣਾ ਹੈ ਕਿ ਆਖਰੀ ਟਿਕਟ ਵੰਡਣ ਤੋਂ ਬਾਅਦ ਕਿੰਨੇ ਬਾਗ਼ੀ ਉਮੀਦਵਾਰ ਸਾਹਮਣੇ ਆਉਂਦੇ ਹਨ। 
ਦੂਜੀ ਗੱਲ ਇਹ ਹੈ ਕਿ ਕਾਂਗਰਸ ਉਤੇ ਭਾਜਪਾ ਵਲੋਂ ਇਹ ਦੋਸ਼ ਲਾਇਆ ਜਾਂਦਾ ਹੈ ਕਿ ਇਹ ਮੁਸਲਮਾਨਾਂ ਦਾ ਤੁਸ਼ਟੀਕਰਨ ਕਰਨ ਵਾਲੀ ਅਤੇ ਹਿੰਦੂਆਂ ਦੀ ਵਿਰੋਧੀ ਪਾਰਟੀ ਹੈ। ਇਸ ਦੋਸ਼ ਦਾ ਜੁਆਬ ਦੇਣ ਲਈ ਕਾਂਗਰਸ ਨੇ 'ਉਦਾਰ ਹਿੰਦੂਤਵ' ਦੀ ਨੀਤੀ ਅਪਣਾਈ ਹੈ। ਕਾਂਗਰਸ ਦੇ ਇਕ ਵਰਗ ਦਾ ਇਹ ਵੀ ਮੰਨਣਾ ਹੈ ਕਿ ਇਸ ਨੂੰ ਆਪਣੇ ਹਿੰਦੂ ਵਿਰੋਧੀ ਅਕਸ ਤੋਂ ਹਰ ਹਾਲ 'ਚ ਪਿੱਛਾ ਛੁਡਾਉਣਾ ਪਵੇਗਾ। 
ਕਾਂਗਰਸ ਨੇ ਇਹ ਨੀਤੀ ਰਾਜੀਵ ਗਾਂਧੀ ਦੇ ਦੌਰ ਵਿਚ ਵੀ ਅਜ਼ਮਾਈ ਸੀ, ਜਦੋਂ ਉਨ੍ਹਾਂ ਨੇ ਸ਼ਾਹਬਾਨੋ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਸੰਸਦ ਦੇ ਜ਼ਰੀਏ ਉਲਟਾ ਘੁਮਾ ਦਿੱਤਾ ਸੀ ਤੇ ਨਾਲ ਹੀ ਬਾਬਰੀ ਮਸਜਿਦ ਦੇ ਜਿੰਦਰੇ ਵੀ ਖੋਲ੍ਹ ਦਿੱਤੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਦੋਹਾਂ ਭਾਈਚਾਰਿਆਂ ਦਾ ਤੁਸ਼ਟੀਕਰਨ ਕਰਨ ਦੀ ਚਾਲ ਚੱਲੀ ਸੀ ਪਰ ਨਤੀਜਾ ਇਹ ਨਿਕਲਿਆ ਕਿ ਦੋਵੇਂ ਭਾਈਚਾਰੇ ਪਾਰਟੀ ਤੋਂ ਦੂਰ ਹੋ ਗਏ। 
ਇਹੋ ਨੀਤੀ ਕਾਂਗਰਸ ਨੇ 2002 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਵੀ ਅਪਣਾਈ ਸੀ ਤਾਂ ਕਿ ਸਮੁੱਚੀਆਂ ਹਿੰਦੂ ਵੋਟਾਂ ਬਟੋਰਨ ਦੀ ਭਾਜਪਾ ਦੀ ਰਣਨੀਤੀ ਨੂੰ ਬੇਅਸਰ ਕਰ ਸਕੇ। ਇਸ ਦੇ ਬਾਵਜੂਦ ਕਾਂਗਰਸ ਦੋਹਾਂ ਭਾਈਚਾਰਿਆਂ ਲਈ ਬੇਗਾਨੀ ਹੋ ਗਈ। ਨਹਿਰੂ-ਗਾਂਧੀ ਪਰਿਵਾਰ ਦੇ ਯੁਵਰਾਜ ਰਾਹੁਲ ਗਾਂਧੀ ਜੇ ਅੱਜਕਲ ਗੁਜਰਾਤ ਵਿਚ ਮੰਦਿਰਾਂ ਦੇ ਦਰਸ਼ਨ ਕਰ ਰਹੇ ਹਨ ਤਾਂ ਇਸ 'ਤੇ ਕਈਆਂ ਦੇ ਮੱਥੇ ਵੱਟ ਪੈ ਰਹੇ ਹਨ। 
ਸਤੰਬਰ ਵਿਚ ਦੁਆਰਕਾਧੀਸ਼ ਮੰਦਿਰ ਤੋਂ ਗੁਜਰਾਤ ਦੀ ਚੋਣ ਮੁਹਿੰਮ ਸ਼ੁਰੂ ਕਰਨ ਮਗਰੋਂ ਰਾਹੁਲ ਨੇ ਪ੍ਰਸਿੱਧ ਅੰਬਾਜੀ ਮੰਦਿਰ ਵਿਚ ਪੂਜਾ ਕੀਤੀ, ਦੇਵੀ ਚਾਮੁੰਡਾ ਦਾ ਆਸ਼ੀਰਵਾਦ ਲੈਣ ਲਈ ਉਹ 100 ਪੌੜੀਆਂ ਚੜ੍ਹ ਕੇ ਗਏ। 
ਜਦੋਂ ਭਾਜਪਾ ਨੇ ਰਾਹੁਲ ਵਲੋਂ ਮੰਦਿਰਾਂ ਦੀ ਯਾਤਰਾ ਕਰਨ ਦੀ ਆਲੋਚਨਾ ਕੀਤੀ ਤਾਂ ਉਨ੍ਹਾਂ ਨੇ ਦਾਅਵਾ ਕੀਤਾ, ''ਮੈਂ ਭਗਵਾਨ ਸ਼ਿਵ ਦਾ ਭਗਤ ਹਾਂ, ਭਾਜਪਾ ਵਾਲੇ ਜੋ ਮਰਜ਼ੀ ਕਹਿੰਦੇ ਰਹਿਣ, ਸੱਚ ਮੇਰੇ ਨਾਲ ਹੈ।''
ਧਰਮ ਦਾ ਕਾਰਡ ਖੇਡਣ ਦੇ ਨਾਲ-ਨਾਲ ਕਾਂਗਰਸ ਜਾਤ ਦਾ ਕਾਰਡ ਵੀ ਇਸਤੇਮਾਲ ਕਰ ਰਹੀ ਹੈ। ਕਾਂਗਰਸ ਕੋਲ ਹੁਣ ਉਹੋ ਜਿਹਾ ਜਨ-ਆਧਾਰ ਨਹੀਂ ਰਿਹਾ, ਜਿਹੋ ਜਿਹਾ 80 ਦੇ ਦਹਾਕੇ ਵਿਚ ਸੀ। ਖੱਤਰੀ-ਹਰੀਜਨ-ਆਦੀਵਾਸੀ-ਮੁਸਲਿਮ, ਭਾਵ ਕੇ. ਐੱਚ. ਏ. ਐੱਮ. (ਖਾਮ) ਦਾ ਜਿਹੜਾ ਦਾਅ ਕਾਂਗਰਸ ਨੇ 80 ਦੇ ਦਹਾਕੇ ਵਿਚ ਖੇਡਿਆ ਸੀ, ਉਹ ਦੋ ਦਹਾਕਿਆਂ ਦੌਰਾਨ ਛੂ-ਮੰਤਰ ਹੋ ਗਿਆ ਹੈ। ਇਸ ਵਾਰ ਕਾਂਗਰਸ ਪਾਟੀਦਾਰ, ਦਲਿਤ ਅਤੇ ਓ. ਬੀ. ਸੀ. 'ਤੇ ਆਧਾਰਿਤ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। 
ਹਾਰਦਿਕ ਪਟੇਲ (ਪਾਟੀਦਾਰ), ਜਿਗਨੇਸ਼ ਮੇਵਾਨੀ (ਦਲਿਤ) ਉਤੇ ਡੋਰੇ ਪਾਉਣ ਦੇ ਨਾਲ-ਨਾਲ ਪੱਛੜੇ ਭਾਈਚਾਰੇ ਦੇ ਨੇਤਾ ਅਲਪੇਸ਼ ਠਾਕੋਰ ਨੂੰ ਕਾਂਗਰਸ ਵਿਚ ਲਿਆਉਣ ਦੀ ਨੀਤੀ ਇਸੇ ਕੋਸ਼ਿਸ਼ ਦਾ ਹਿੱਸਾ ਹੈ। ਉਂਝ ਇਹ ਸਪੱਸ਼ਟ ਨਹੀਂ ਕਿ ਇਨ੍ਹਾਂ ਦੇ ਪ੍ਰਭਾਵ ਨੂੰ ਵੋਟਾਂ ਵਿਚ ਕਿਸ ਹੱਦ ਤਕ ਬਦਲਿਆ ਜਾ ਸਕੇਗਾ ਕਿਉਂਕਿ ਇਨ੍ਹਾਂ ਤਿੰਨਾਂ ਨੇਤਾਵਾਂ ਵਿਚ ਸਿਰਫ ਇਕੋ ਗੱਲ ਸਾਂਝੀ ਹੈ ਕਿ ਤਿੰਨਾਂ ਦਾ ਭਾਜਪਾ ਤੋਂ ਮੋਹ ਭੰਗ ਹੋਇਆ ਹੈ। 
ਇਸ ਤੋਂ ਇਲਾਵਾ ਕਾਂਗਰਸ ਨੇ ਆਪਣੀ ਚੋਣ ਮੁਹਿੰਮ ਦਾ ਫੋਕਸ ਜਾਤੀਗਤ ਪਛਾਣ ਤੋਂ ਦੂਰ ਰੱਖਣ ਦੀ ਚਲਾਕੀ ਵਰਤੀ ਹੈ ਤਾਂ ਕਿ ਚੋਣ ਬਹਿਸ ਮੁਸਲਮਾਨਾਂ 'ਤੇ ਕੇਂਦ੍ਰਿਤ ਨਾ ਹੋ ਜਾਵੇ। ਇਕ ਮੁਸਲਿਮ ਕਾਂਗਰਸੀ ਨੇਤਾ ਦਾ ਦਾਅਵਾ ਹੈ ਕਿ ''ਫਿਲਹਾਲ ਅਸੀਂ ਸਰਗਰਮ ਨਹੀਂ ਹੋਣਾ ਹੈ।''
ਰਾਜ ਸਭਾ ਚੋਣਾਂ ਵਿਚ ਅਹਿਮਦ ਪਟੇਲ ਦੀ ਜਿੱਤ ਨੇ ਦਿਖਾ ਦਿੱਤਾ ਹੈ ਕਿ ਜਦੋਂ ਵੀ ਕੋਈ ਮੁਸਲਿਮ ਉਮੀਦਵਾਰ ਮੈਦਾਨ ਵਿਚ ਹੁੰਦਾ ਹੈ ਤਾਂ ਭਾਜਪਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਮੁਸਲਮਾਨਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਕਿਸ ਨੂੰ ਵੋਟ ਦੇਣੀ ਹੈ। 
ਕਾਂਗਰਸ ਚੁਣ-ਚੁਣ ਕੇ ਭਾਜਪਾ ਦੇ ਸੰਵੇਦਨਸ਼ੀਲ ਹਲਕਿਆਂ 'ਤੇ ਫੋਕਸ ਬਣਾ ਰਹੀ ਹੈ। ਰਾਹੁਲ ਗਾਂਧੀ ਨੇ ਹੁਣੇ ਜਿਹੇ ਕਿਹਾ ਸੀ, ''ਨਰਿੰਦਰ ਮੋਦੀ ਨੇ ਭਾਰਤੀ ਅਰਥਚਾਰੇ 'ਤੇ ਦੋ ਤੋਪਾਂ ਚਲਾਈਆਂ ਹਨ। ਪਹਿਲੀ ਤੋਪ ਦੇ ਗੋਲਿਆਂ ਨਾਲ ਤਾਂ ਅਰਥਚਾਰਾ ਬਰਬਾਦ ਨਹੀਂ ਹੋ ਸਕਿਆ ਪਰ ਦੂਜੀ ਤੋਪ ਨੇ ਜ਼ਰੂਰ ਅਰਥਚਾਰੇ ਨੂੰ ਤਬਾਹ ਕਰ ਦਿੱਤਾ ਹੈ। ਪਹਿਲੀ ਤੋਪ ਸੀ ਨੋਟਬੰਦੀ ਦੀ ਤੇ ਦੂਜੀ ਸੀ ਜੀ. ਐੱਸ. ਟੀ. ਨੂੰ ਘਟੀਆ ਢੰਗ ਨਾਲ ਲਾਗੂ ਕਰਨਾ।''
ਇਸ ਤੋਂ ਇਲਾਵਾ ਪਾਰਟੀ ਨੇ ਆਪਣੀ ਸੰਚਾਰ ਰਣਨੀਤੀ ਨੂੰ ਵੀ ਨਵਾਂ ਰੂਪ ਦਿੰਦਿਆਂ ਸੋਸ਼ਲ ਮੀਡੀਆ 'ਤੇ ਜ਼ਿਆਦਾ ਫੋਕਸ ਬਣਾਇਆ ਹੈ ਕਿਉਂਕਿ ਨਵੇਂ ਸਿਰਿਓਂ ਜੇਕਰ ਕਾਂਗਰਸ ਸਿਆਸੀ ਤੌਰ 'ਤੇ ਨਜ਼ਰ ਆਉਣ ਲੱਗੀ ਹੈ ਤਾਂ ਇਸ ਪਿੱਛੇ ਸੋਸ਼ਲ ਮੀਡੀਆ ਦੀ ਹੀ ਭੂਮਿਕਾ ਹੈ। ਹੁਣੇ ਜਿਹੇ ਜਿਸ ਤਰ੍ਹਾਂ ਰਾਹੁਲ ਗਾਂਧੀ ਮੀਡੀਆ ਵਿਚ ਹਰ ਜਗ੍ਹਾ ਛਾਏ ਹੋਏ ਨਜ਼ਰ ਆਉਂਦੇ ਹਨ, ਉਸ ਤੋਂ ਕਾਂਗਰਸ ਖ਼ੁਦ ਹੈਰਾਨ ਹੈ। 
ਮੰਦਭਾਗੀ ਗੱਲ ਇਹ ਹੈ ਕਿ ਦੋਵੇਂ ਹੀ ਧਿਰਾਂ ਨਾਂਹ-ਪੱਖੀ ਮੁਹਿੰਮ ਤੋਂ ਬਾਜ਼ ਨਹੀਂ ਆਉਂਦੀਆਂ। ਕਾਂਗਰਸ ਨੂੰ ਇਹ ਗੱਲ ਯਾਦ ਰੱਖਣੀ ਪਵੇਗੀ ਕਿ ਇਕੱਲੇ ਮੋਦੀ 'ਤੇ ਹੀ ਨਿਸ਼ਾਨਾ ਲਾਉਣ ਨਾਲ ਵੋਟਾਂ ਨਹੀਂ ਮਿਲਣਗੀਆਂ, ਸਗੋਂ ਇਸ ਨੂੰ ਨਵੇਂ ਮੁਹਾਵਰੇ ਦੇ ਨਾਲ-ਨਾਲ ਇਕ ਨਵਾਂ ਅਤੇ ਆਕਰਸ਼ਕ ਪ੍ਰੋਗਰਾਮ ਅਪਣਾਉਣ ਦੀ ਲੋੜ ਹੈ। ਗੁਜਰਾਤ ਦੀਆਂ ਚੋਣਾਂ ਜਿਥੇ ਕਾਂਗਰਸ ਲਈ ਜਿਊਣ-ਮਰਨ ਦਾ ਸਵਾਲ ਹਨ, ਉਥੇ ਹੀ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਲਈ ਵੀ ਇਹ ਓਨੀਆਂ ਹੀ ਅਹਿਮ ਹਨ ਕਿਉਂਕਿ ਇਨ੍ਹਾਂ ਦੋਹਾਂ ਦਾ ਗ੍ਰਹਿ ਸੂਬਾ ਗੁਜਰਾਤ ਹੈ। 
ਹੁਣੇ ਜਿਹੇ 'ਟਾਈਮਜ਼ ਨਾਓ-ਬੀ. ਐੱਮ. ਆਰ.', 'ਇੰਡੀਆ ਟੁਡੇ' ਅਤੇ 'ਐਕਸਿਸ ਮਾਈ ਇੰਡੀਆ' ਵਲੋਂ ਕਰਵਾਏ ਗਏ ਸਰਵੇਖਣਾਂ 'ਚ ਸੱਤਾਧਾਰੀ ਪਾਰਟੀ ਲਈ ਕਾਫੀ ਸੌਖੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਹੈ। ਅਜਿਹੀ ਸਥਿਤੀ 'ਚ ਕੀ ਰਾਹੁਲ ਗਾਂਧੀ ਪੂਰੇ ਗੁਜਰਾਤ ਸੂਬੇ ਵਿਚ ਆਪਣੇ ਪੱਖ 'ਚ ਹਵਾ ਚਲਵਾਉਣ ਵਿਚ ਸਫਲ ਹੋ ਸਕਣਗੇ ਜਾਂ ਫਿਰ ਮੋਦੀ ਦਾ ਜਾਦੂ ਹੀ ਬਰਕਰਾਰ ਰਹੇਗਾ?


Related News