ਯੋਗ ਅਤੇ ਸਮਰੱਥ ਰਾਸ਼ਟਰਪਤੀ ਵਜੋਂ ਯਾਦ ਕੀਤਾ ਜਾਵੇਗਾ ਪ੍ਰਣਬ ਮੁਖਰਜੀ ਨੂੰ

06/21/2017 6:54:53 AM

ਰਾਸ਼ਟਰਪਤੀ ਪ੍ਰਣਬ ਮੁਖਰਜੀ 25 ਜੁਲਾਈ ਨੂੰ ਰਿਟਾਇਰ ਹੋ ਰਹੇ ਹਨ, ਜਿਸ ਨਾਲ ਨਵੇਂ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਦਾ ਰਾਹ ਪੱਧਰਾ ਹੋ ਜਾਵੇਗਾ। ਭਾਜਪਾ ਉਨ੍ਹਾਂ ਨੂੰ ਦੂਜਾ ਕਾਰਜਕਾਲ ਨਹੀਂ ਦੇਣਾ ਚਾਹੁੰਦੀ ਤੇ ਮੁਖਰਜੀ ਨੇ ਵੀ ਕਹਿ ਦਿੱਤਾ ਹੈ ਕਿ ਉਹ ਦੂਜਾ ਕਾਰਜਕਾਲ ਲੈਣਾ ਨਹੀਂ ਚਾਹੁੰਦੇ। 
ਰਾਸ਼ਟਰਪਤੀ ਭਵਨ ਵਿਚ ਨਵਾਂ 'ਕਿਰਾਏਦਾਰ' ਆਵੇਗਾ ਕਿਉਂਕਿ ਭਾਜਪਾ ਕੋਲ ਉਨ੍ਹਾਂ ਦਾ ਉੱਤਰਾਧਿਕਾਰੀ ਚੁਣਨ ਲਈ ਕਾਫੀ ਮੈਂਬਰ ਗਿਣਤੀ ਹੈ (ਜ਼ਿਕਰਯੋਗ ਹੈ ਕਿ ਭਾਜਪਾ ਨੇ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ)।
ਮੁਖਰਜੀ ਤੋਂ ਪਹਿਲਾਂ ਕਈ ਰਾਸ਼ਟਰਪਤੀਆਂ ਨੇ ਰਾਏਸਿਨਾ ਹਿੱਲਜ਼ ਵਿਚ ਆਪਣੇ ਕਦਮਾਂ ਦੇ ਨਿਸ਼ਾਨ ਛੱਡੇ ਹਨ, ਜਿਨ੍ਹਾਂ 'ਚੋਂ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਦਾ ਕੱਦ ਸਭ ਤੋਂ ਉੱਚਾ ਸੀ। ਸਰਵਪੱਲੀ ਰਾਧਾਕ੍ਰਿਸ਼ਨਣ ਇਕ ਵਿਦਵਾਨ ਰਾਸ਼ਟਰਪਤੀ ਸਨ।
ਡਾ. ਅਬਦੁਲ ਕਲਾਮ ਨੂੰ 'ਲੋਕਾਂ ਦਾ ਰਾਸ਼ਟਰਪਤੀ' ਕਿਹਾ ਜਾਂਦਾ ਸੀ, ਜਦਕਿ ਨੀਲਮ ਸੰਜੀਵਾ ਰੈੱਡੀ ਤੇ ਗਿ. ਜ਼ੈਲ ਸਿੰਘ ਦੇ ਸੱਤਾਧਾਰੀਆਂ ਨਾਲ ਉਤਰਾਅ-ਚੜ੍ਹਾਅ ਭਰੇ ਸੰਬੰਧ ਰਹੇ। ਫਖਰੂਦੀਨ ਅਲੀ ਅਹਿਮਦ ਵਰਗੇ 'ਨਿਮਰ' ਰਾਸ਼ਟਰਪਤੀ ਵੀ ਸਨ, ਜਿਨ੍ਹਾਂ ਨੇ ਐਮਰਜੈਂਸੀ ਦੇ ਦਸਤਾਵੇਜ਼ਾਂ 'ਤੇ ਦਸਤਖਤ ਕੀਤੇ ਸਨ ਤਾਂ ਆਰ. ਵੈਂਕਟਰਮਨ ਅਤੇ ਕੇ. ਆਰ. ਨਾਰਾਇਣਨ ਵਰਗੇ 'ਹਾਂ 'ਚ ਹਾਂ' ਮਿਲਾਉਣ ਵਰਗੇ ਰਾਸ਼ਟਰਪਤੀ ਵੀ ਸਨ। 
ਸ਼੍ਰੀਮਤੀ ਪ੍ਰਤਿਭਾ ਪਾਟਿਲ ਇਕੋ-ਇਕ ਅਜਿਹੀ ਰਾਸ਼ਟਰਪਤੀ ਸੀ, ਜਿਸ ਨੇ ਆਪਣੀ ਕੋਈ ਵਿਰਾਸਤ ਪਿੱਛੇ ਨਹੀਂ ਛੱਡੀ। ਹੁਣ ਆਪਣੇ 5 ਵਰ੍ਹਿਆਂ ਦੇ ਕਾਰਜਕਾਲ ਤੋਂ ਬਾਅਦ ਪ੍ਰਣਬ ਮੁਖਰਜੀ ਕਿਹੋ ਜਿਹੀ ਵਿਰਾਸਤ ਪਿੱਛੇ ਛੱਡ ਕੇ ਜਾਣਗੇ? 
ਉਨ੍ਹਾਂ ਨੇ ਹਾਲ ਹੀ ਦੀ ਇਕ ਟੀ. ਵੀ. ਇੰਟਰਵਿਊ ਵਿਚ ਕਿਹਾ ਸੀ ਕਿ ''ਮੈਂ ਕੋਈ ਵਿਰਾਸਤ ਨਹੀਂ ਛੱਡਣਾ ਚਾਹੁੰਦਾ ਕਿਉਂਕਿ ਇਹ ਲੋਕਤੰਤਰ ਹੈ। ਲੋਕਤੰਤਰ ਇਕ ਸਮੂਹ ਹੈ ਅਤੇ ਮੈਂ ਇਸ ਸਮੂਹ ਦਾ ਹਿੱਸਾ ਹਾਂ। ਮੈਂ ਸਮੂਹ, ਹਵਾ 'ਚ ਘੁਲ ਜਾਵਾਂਗਾ। ਮੈਂ ਲੋਕਾਂ ਦਰਮਿਆਨ ਰਹਿਣਾ ਚਾਹਾਂਗਾ, ਇਸ ਲਈ ਕੋਈ ਵਿਰਾਸਤ ਨਹੀਂ ਛੱਡਾਂਗਾ।''
ਮੁਖਰਜੀ ਦਾ ਕਾਰਜਕਾਲ ਕਾਫੀ ਹੱਦ ਤਕ ਵਿਵਾਦਾਂ ਤੋਂ ਰਹਿਤ ਰਿਹਾ ਤੇ ਉਨ੍ਹਾਂ ਸਾਹਮਣੇ ਬਹੁਤੀਆਂ ਚੁਣੌਤੀਆਂ ਨਹੀਂ ਸਨ। ਉਨ੍ਹਾਂ ਨੂੰ ਯੂ. ਪੀ. ਏ. ਨੇ ਨਾਮਜ਼ਦ ਕੀਤਾ ਸੀ। ਉਨ੍ਹਾਂ ਕੋਲ ਕਾਂਗਰਸ ਦੇ ਇਕ ਨੇਤਾ ਵਜੋਂ ਲੰਮਾ ਤਜਰਬਾ ਸੀ। ਆਪਣੇ ਭਾਸ਼ਣ ਵਿਚ ਉਨ੍ਹਾਂ ਕਿਹਾ ਸੀ, ''ਇਸ ਉੱਚ ਅਹੁਦੇ 'ਤੇ ਚੁਣੇ ਜਾਣ ਲਈ ਮੈਂ ਭਾਰਤ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਲੋਕਾਂ ਵਲੋਂ ਦਿਖਾਇਆ ਗਿਆ ਉਤਸ਼ਾਹ ਤੇ ਗਰਮਜੋਸ਼ੀ ਜ਼ਿਕਰਯੋਗ ਹੈ। ਜਿੰਨਾ ਮੈਂ ਦਿੱਤਾ ਹੈ, ਉਸ ਨਾਲੋਂ ਕਿਤੇ ਜ਼ਿਆਦਾ ਮੈਨੂੰ ਇਸ ਦੇਸ਼ ਦੇ ਲੋਕਾਂ ਤੇ ਸੰਸਦ ਤੋਂ ਮਿਲਿਆ ਹੈ। ਹੁਣ ਮੈਨੂੰ ਇਕ ਰਾਸ਼ਟਰਪਤੀ ਵਜੋਂ ਸੰਵਿਧਾਨ ਦੀ ਰੱਖਿਆ ਦਾ ਜ਼ਿੰਮਾ ਸੌਂਪਿਆ ਗਿਆ ਹੈ ਤੇ ਮੈਂ ਲੋਕਾਂ ਦੇ ਭਰੋਸੇ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ।''
2014 ਦੀਆਂ ਲੋਕ ਸਭਾ ਚੋਣਾਂ ਉਨ੍ਹਾਂ ਦਾ ਪਹਿਲਾ ਇਮਤਿਹਾਨ ਹੁੰਦੀਆਂ ਪਰ ਸਿਆਸੀ ਪੰਡਿਤਾਂ ਦੀ ਇਕ ਹੋਰ ਗੱਠਜੋੜ ਸਰਕਾਰ ਦੀ ਭਵਿੱਖਬਾਣੀ ਦੇ ਬਾਵਜੂਦ ਭਾਜਪਾ ਆਪਣੇ ਦਮ 'ਤੇ ਸੱਤਾ ਵਿਚ ਆਈ। ਸ਼ੁਰੂ ਤੋਂ ਹੀ ਮੋਦੀ ਸਰਕਾਰ ਅਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਵਿਚਾਲੇ ਸੁਹਿਰਦਤਾ ਭਰੇ ਸੰਬੰਧ ਰਹੇ। ਜਦੋਂ ਮੋਦੀ ਨੇ ਆਪਣੇ ਸਹੁੰ-ਚੁੱਕ ਸਮਾਗਮ ਵਿਚ ਗੁਆਂਢੀ ਦੇਸ਼ਾਂ ਦੇ ਮੁਖੀਆਂ ਨੂੰ ਬੁਲਾਉਣ ਦਾ ਫੈਸਲਾ ਕੀਤਾ ਤਾਂ ਮੁਖਰਜੀ ਨੇ ਇਸ ਵਿਚ ਪੂਰਾ ਸਹਿਯੋਗ ਦਿੱਤਾ।
ਸੰਵਿਧਾਨਿਕ ਮੁਖੀ ਹੋਣ ਦੇ ਨਾਤੇ ਪ੍ਰਣਬ ਮੁਖਰਜੀ ਨੇ ਰਾਜਪਾਲਾਂ ਦੀਆਂ ਕਾਨਫਰੰਸਾਂ ਦਾ ਆਯੋਜਨ ਕੀਤਾ ਤੇ ਕਈ ਵਾਰ ਉਨ੍ਹਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵੀ ਸੰਬੋਧਨ ਕੀਤਾ। ਸੰਸਦ ਨਾਲ ਪ੍ਰਣਬ ਮੁਖਰਜੀ ਦੇ ਸੰਬੰਧ ਸੁਖਾਵੇਂ ਰਹੇ। ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰ ਆਮ ਤੌਰ 'ਤੇ ਉਨ੍ਹਾਂ ਨੂੰ ਮਿਲਦੇ ਰਹਿੰਦੇ ਸਨ ਤੇ ਅਜਿਹਾ ਹੀ ਸਿਆਸੀ ਪਾਰਟੀਆਂ ਦੇ ਨੇਤਾ ਵੀ ਕਰਦੇ ਸਨ ਕਿਉਂਕਿ ਮੁਖਰਜੀ ਨੇ ਖ਼ੁਦ ਨੂੰ ਦੇਸ਼ ਦੀ ਸਿਆਸੀ ਸਥਿਤੀ ਪ੍ਰਤੀ ਸੁਚੇਤ ਰੱਖਿਆ ਸੀ। 
ਲੰਮੇ ਸਮੇਂ ਤਕ ਸੰਸਦ ਮੈਂਬਰ ਰਹੇ ਪ੍ਰਣਬ ਮੁਖਰਜੀ ਨੇ ਪਿਛਲੇ ਮਹੀਨੇ ਜੈਪੁਰ ਵਿਚ ਕਿਹਾ ਸੀ ਕਿ ''80 ਕਰੋੜ ਲੋਕਾਂ ਨੇ ਲੋਕ ਸਭਾ ਮੈਂਬਰਾਂ ਤੇ ਦੇਸ਼ ਦੇ ਸਾਰੇ 29 ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਨੂੰ ਬਹੁਤ ਤਾਕਤ ਦਿੱਤੀ ਹੈ। ਜੇ ਅਸੀਂ ਉਸ ਵਿਸ਼ੇਸ਼ ਅਧਿਕਾਰ ਤੇ ਤਾਕਤ ਦੀ ਵਰਤੋਂ ਨਹੀਂ ਕਰਦੇ ਤਾਂ ਇਸ ਦਾ ਦੋਸ਼ ਸਾਨੂੰ ਖ਼ੁਦ ਨੂੰ ਦੇਣਾ ਪਵੇਗਾ।''
ਕੂਟਨੀਤਕ ਪੱਖ ਤੋਂ ਰਾਸ਼ਟਰਪਤੀ ਨੇ ਹੀ ਭਾਰਤ ਵਿਚ ਨਿਯੁਕਤ ਹੋਣ ਵਾਲੇ ਰਾਜਦੂਤਾਂ ਦਾ ਸਵਾਗਤ ਕਰਨਾ ਹੁੰਦਾ ਹੈ। ਉਹੀ ਭਾਰਤ ਦੇ ਆਉਣ ਵਾਲੇ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਲਈ ਭੋਜ ਦਾ ਆਯੋਜਨ ਵੀ ਕਰਦੇ ਹਨ ਤੇ ਉਨ੍ਹਾਂ ਦੇ ਦੌਰਿਆਂ ਦੌਰਾਨ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ। ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਭਵਨ ਵਿਚ ਗੈਸਟ ਹਾਊਸ ਖੋਲ੍ਹਿਆ ਤੇ ਸ਼ੇਖ ਹਸੀਨਾ (ਬੰਗਲਾਦੇਸ਼), ਹਾਮਿਦ ਕਰਜ਼ਈ (ਅਫਗਾਨਿਸਤਾਨ), ਭੂਟਾਨ ਨਰੇਸ਼ ਅਤੇ ਜਾਪਾਨ ਦੇ ਸਮਰਾਟ ਸਮੇਤ ਹੋਰਨਾਂ ਦੇਸ਼ਾਂ ਦੇ ਮੁਖੀਆਂ ਦੀ ਮੇਜ਼ਬਾਨੀ ਕੀਤੀ। ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਰਹੇ ਬਰਾਕ ਓਬਾਮਾ, ਵਲਾਦੀਮੀਰ ਪੁਤਿਨ (ਰੂਸ), ਸ਼ੀ ਜਿਨਪਿੰਗ (ਚੀਨ), ਫਰੈਂਕੋਇਸ ਹੋਲਾਂਦੇ (ਫਰਾਂਸ), ਸ਼ਿੰਜੋ ਆਬੇ (ਜਾਪਾਨ) ਸਮੇਤ ਭਾਰਤ ਦੇ ਦੌਰੇ 'ਤੇ ਆਉਣ ਵਾਲੇ ਹੋਰਨਾਂ ਮਹਿਮਾਨਾਂ ਨਾਲ ਵੀ ਗੱਲਬਾਤ ਕੀਤੀ।
ਆਪਣੇ ਕਾਰਜਕਾਲ ਦੌਰਾਨ ਪ੍ਰਣਬ ਮੁਖਰਜੀ ਨੇ ਬੰਗਲਾਦੇਸ਼, ਨੇਪਾਲ, ਚੀਨ, ਨਾਮੀਬੀਆ, ਘਾਨਾ, ਨਿਊਜ਼ੀਲੈਂਡ, ਫਿਲਸਤੀਨ, ਬੈਲਜੀਅਮ, ਸਵੀਡਨ, ਇਸਰਾਈਲ, ਜਾਰਡਨ ਤੇ ਭੂਟਾਨ ਸਮੇਤ ਕਈ ਦੇਸ਼ਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਫੋਰਮ ਫਾਰ ਇੰਡੀਆ-ਪੈਸੇਫਿਕ ਆਈਲੈਂਡ ਕੰਟਰੀਜ਼ ਦੇ ਦੂਜੇ ਸੰਮੇਲਨ ਦੀ ਮੇਜ਼ਬਾਨ ਕੀਤੀ।
ਜਿਥੇ ਪ੍ਰਣਬ ਮੁਖਰਜੀ ਨੂੰ ਲੋਕਾਂ ਦੇ ਮੂਡ ਮੁਤਾਬਿਕ ਸਹੀ ਮੁੱਦੇ ਉਠਾਉਣ ਦਾ ਸਿਹਰਾ ਜਾਂਦਾ ਹੈ, ਉਥੇ ਹੀ ਰਾਸ਼ਟਰਪਤੀ ਰਾਜ ਲਾਗੂ ਕਰਨ ਵਰਗੇ ਮਾਮਲਿਆਂ ਵਿਚ ਉਨ੍ਹਾਂ ਨੇ ਝੱਟਪਟ ਦਸਤਖਤ ਕਰ ਦਿੱਤੇ ਅਤੇ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਫੈਸਲਿਆਂ ਨੂੰ ਪਲਟ ਦਿੱਤਾ। ਮੁਖਰਜੀ ਦੇ ਆਲੋਚਕ ਮੰਨਦੇ ਹਨ ਕਿ ਉਹ ਇਨ੍ਹਾਂ ਮਾਮਲਿਆਂ ਨੂੰ ਇਕ ਵਾਰ ਵਾਪਿਸ ਭੇਜ ਸਕਦੇ ਸਨ, ਜਿਵੇਂ ਕਿ ਉਨ੍ਹਾਂ ਤੋਂ ਪਹਿਲਾਂ ਵਾਲੇ ਰਾਸ਼ਟਰਪਤੀ ਸ਼੍ਰੀ ਕੇ. ਆਰ. ਨਾਰਾਇਣਨ ਨੇ ਕੀਤਾ ਸੀ ਪਰ ਅੰਦਰੂਨੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਾਈਲ 'ਤੇ ਆਪਣਾ ਇਤਰਾਜ਼ ਦਰਜ ਕਰਵਾ ਦਿੱਤਾ ਸੀ। 
ਮੁਖਰਜੀ ਨੇ ਮੌਤ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਦੀਆਂ ਰਹਿਮ ਦੀਆਂ ਅਰਜ਼ੀਆਂ ਦੀ ਸਮੀਖਿਆ ਕਰਨ ਦੌਰਾਨ ਸਰਕਾਰ ਦੇ ਸੁਝਾਵਾਂ ਨੂੰ ਖਾਰਿਜ ਕਰ ਕੇ ਉਸ ਨੂੰ ਆਪਣੀ ਤਾਕਤ ਦਿਖਾਈ ਸੀ ਅਤੇ ਆਪਣੇ ਤੋਂ ਪਹਿਲਾਂ ਵਾਲੇ ਰਾਸ਼ਟਰਪਤੀਆਂ ਵਲੋਂ ਖਾਰਿਜ ਕੀਤੀਆਂ ਤਿੰਨ ਪਟੀਸ਼ਨਾਂ ਦੇ ਮੁਕਾਬਲੇ ਰਹਿਮ ਦੀਆਂ 30 ਪਟੀਸ਼ਨਾਂ ਖਾਰਿਜ ਕੀਤੀਆਂ। 
ਮੁਖਰਜੀ ਨੇ ਕਈ ਮੁੱਦਿਆਂ 'ਤੇ ਆਪਣੇ ਮਨ ਦੀ ਗੱਲ ਕਹੀ ਹੈ। ਮਿਲੀ-ਜੁਲੀ ਸਿਆਸਤ, ਭ੍ਰਿਸ਼ਟਾਚਾਰ ਤੇ ਸਹਿਣਸ਼ੀਲਤਾ 'ਤੇ ਉਨ੍ਹਾਂ ਦੇ ਵਿਚਾਰ ਸਪੱਸ਼ਟ ਹਨ। ਸਹਿਣਸ਼ੀਲਤਾ ਬਾਰੇ ਆਪਣੇ ਇਕ ਭਾਸ਼ਣ ਵਿਚ ਉਨ੍ਹਾਂ ਨੇ ਕਿਹਾ ਸੀ ਕਿ : ''ਅਸੀਂ ਇਕ ਰਾਸ਼ਟਰ ਹਾਂ। ਸਹਿ-ਹੋਂਦ ਅਤੇ ਆਪਸੀ ਸਮਝ ਸਾਡੀ ਤਾਕਤ ਹੈ। ਇਸ ਵੰਨ-ਸੁਵੰਨਤਾ ਦੀ ਮੈਨੇਜਮੈਂਟ ਕਰਨਾ ਸਾਡੀ ਸਭ ਤੋਂ ਵੱਡੀ ਤਾਕਤ ਹੈ। ਜੇਕਰ ਇਹ ਕਿਹਾ ਜਾਵੇ ਕਿ ਭਾਰਤੀ ਦਲੀਲਬਾਜ਼ੀ ਕਰਨ ਵਾਲੇ ਹਨ ਤਾਂ ਮੈਂ ਇਸ ਨਾਲ ਸਹਿਮਤ ਹਾਂ ਪਰ ਜੇ ਇਹ ਕਿਹਾ ਜਾਵੇ ਕਿ ਭਾਰਤੀ ਅਸਹਿਣਸ਼ੀਲ ਹਨ ਤਾਂ ਮੈਂ ਇਸ 'ਤੇ ਸਹਿਮਤ ਹੋਣ ਤੋਂ ਇਨਕਾਰ ਕਰਦਾ ਹਾਂ। ਭਾਰਤ ਵਿਚ ਅਸਹਿਣਸ਼ੀਲਤਾ ਦੀ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਗਈ।''
ਰਾਜ ਸਭਾ ਵਿਚ ਬਹੁਮਤ ਦੀ ਘਾਟ ਕਾਰਨ 8 ਮਹੀਨਿਆਂ 'ਚ ਸਰਕਾਰ ਵਲੋਂ 8 ਨੋਟੀਫਿਕੇਸ਼ਨ ਜਾਰੀ ਕਰਨ ਬਾਰੇ ਉਨ੍ਹਾਂ ਕਿਹਾ ਸੀ ਕਿ ਇਕ ਕਾਰਜ ਪਾਲਿਕਾ ਤਾਂ ਹੀ ਪ੍ਰਭਾਵਸ਼ਾਲੀ ਬਣ ਸਕਦੀ ਹੈ, ਜੇਕਰ ਇਹ ਦਾਅਵੇਦਾਰਾਂ ਦਰਮਿਆਨ ਮੱਤਭੇਦ ਸੁਲਝਾਉਣ, ਬਣਾਏ ਤੇ ਲਾਗੂ ਕੀਤੇ ਜਾਣ ਵਾਲੇ ਕਾਨੂੰਨ ਲਈ ਸਰਬਸੰਮਤੀ ਬਣਾਉਣ ਵਿਚ ਸਫਲ ਹੋਵੇ। 
ਮੁਖਰਜੀ ਦੀ ਵਿਰਾਸਤ ਨੂੰ ਉੱਚ ਸਿੱਖਿਆ ਅਤੇ ਪ੍ਰਸ਼ਾਸਨ ਦੀਆਂ ਵੱਖ-ਵੱਖ ਸੰਸਥਾਵਾਂ ਵਿਚ ਵੱਖ-ਵੱਖ ਪੜਾਵਾਂ 'ਚ ਸਥਾਪਿਤ ਕਰਨ ਲਈ ਚੇਤੇ ਰੱਖਿਆ ਜਾਵੇਗਾ। ਕੁਲ ਮਿਲਾ ਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਇਕ ਸ਼ਾਂਤ ਜ਼ਿੰਦਗੀ ਬਿਤਾਉਣ, ਇਕ ਆਧਾਰ ਬਣਾਉਣ ਅਤੇ ਕਿਤਾਬਾਂ ਪੜ੍ਹਨ-ਲਿਖਣ ਲਈ ਰਾਏਸਿਨਾ ਹਿੱਲਜ਼ ਨੂੰ ਛੱਡ ਰਹੇ ਹਨ ਪਰ ਉਨ੍ਹਾਂ ਨੂੰ ਇਕ ਯੋਗ, ਸਮਰੱਥ ਰਾਸ਼ਟਰਪਤੀ ਵਜੋਂ ਯਾਦ ਕੀਤਾ ਜਾਵੇਗਾ। 


Related News