ਚੀਨ ’ਚ ਮੁਸਲਮਾਨਾਂ ’ਤੇ ਅੱਤਿਆਚਾਰ : ਪਾਕਿਸਤਾਨ ਚੁੱਪ ਕਿਉਂ

Friday, Sep 21, 2018 - 06:32 AM (IST)

ਦੁਨੀਆ ਸਾਹਮਣੇ ਕਈ ਅਣਸੁਲਝੇ ਸਵਾਲਾਂ ’ਚੋਂ ਇਕ ਸਵਾਲ ਇਹ ਵੀ ਹੈ ਕਿ ਇਸਲਾਮ ਦਾ ਆਪੇ ਬਣਿਆ ਰੱਖਿਅਕ ਪਾਕਿਸਤਾਨ, ਜੋ ਦੁਨੀਆ ਭਰ ਦੇ ਮੁਸਲਮਾਨਾਂ ਦਾ ਹਿੱਤ-ਚਿੰਤਕ ਹੋਣ ਦਾ ਦਾਅਵਾ ਕਰਦਾ ਹੈ, ਚੀਨ ’ਚ ਮੁਸਲਮਾਨਾਂ ’ਤੇ ਹੋ ਰਹੇ ਅੱਤਿਆਚਾਰਾਂ ਨੂੰ ਲੈ ਕੇ ਚੁੱਪ ਕਿਉਂ ਹੈ? 
ਚੀਨ ’ਚ ਘੱਟਗਿਣਤੀਅਾਂ ਦੀ ਸਥਿਤੀ ਕੀ ਹੈ? ਇਸ ਸਾਮਵਾਦੀ ਦੇਸ਼ ਦੀ ਕੁਲ ਆਬਾਦੀ 141 ਕਰੋੜ ਤੋਂ ਜ਼ਿਆਦਾ ਹੈ, ਜਿਸ ’ਚ ਮੁਸਲਿਮ ਆਬਾਦੀ 2.5 ਕਰੋੜ ਹੈ, ਭਾਵ 1.71 ਫੀਸਦੀ। ਦੁਨੀਆ ਦੀਅਾਂ ਵੱਡੀਅਾਂ ਆਰਥਿਕ ਤਾਕਤਾਂ ’ਚੋਂ ਇਕ ਚੀਨ ਆਪਣੇ ਇਥੇ ਮਜ਼੍ਹਬੀ ਆਜ਼ਾਦੀ ਹੋਣ ਦਾ ਦਾਅਵਾ ਤਾਂ ਕਰਦਾ ਹੈ ਪਰ ਉਸ ਦੇ ਕੌੜੇ ਸੱਚ ਨੂੰ ਮਨੁੱਖੀ ਅਧਿਕਾਰਾਂ ਸਬੰਧੀ ਤਾਜ਼ਾ ਰਿਪੋਰਟਾਂ ਨੇ ਮੁੜ ਸਾਹਮਣੇ  ਲੈ ਅਾਉਂਦਾ ਹੈ। ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ‘ਹਿਊਮਨ ਰਾਈਟ ਵਾਚ’ ਦੀ ਇਕ ਰਿਪੋਰਟ ਮੁਤਾਬਿਕ ਚੀਨ ’ਚ 10 ਲੱਖ ਮੁਸਲਮਾਨਾਂ ਨੂੰ ਜ਼ਬਰਦਸਤੀ ‘ਸਿਆਸੀ ਵਿਚਾਰ ਪਰਿਵਰਤਨ’ ਲਈ ਇਕ ਵੱਡੇ ਕੈਂਪ ’ਚ ਭੇਜਿਆ ਜਾ ਰਿਹਾ ਹੈ, ਜਿੱਥੇ ਕੌਮੀ ਸੁਰੱਖਿਆ ਅਤੇ ਸਮਾਜਿਕ ਸਥਿਰਤਾ ਦੇ ਨਾਲ-ਨਾਲ ਮਜ਼੍ਹਬੀ ਕੱਟੜਤਾ ਨਾਲ ਨਜਿੱਠਣ ਦੇ ਨਾਂ ’ਤੇ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਜਾ ਰਹੇ ਹਨ। 
ਇਸ ਮਨੁੱਖੀ ਅਧਿਕਾਰ ਸੰਗਠਨ ਨੇ ਕੈਂਪਾਂ ’ਚ ਰਹਿ ਚੁੱਕੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਹੈ ਅਤੇ ਪਤਾ ਲੱਗਾ ਹੈ ਕਿ ਨਜ਼ਰਬੰਦ ਹੋਏ ਮੁਸਲਮਾਨਾਂ ’ਤੇ ਸਰਕਾਰ ਚੀਨੀ ਭਾਸ਼ਾ ਮੈਂਡਰਿਨ ਸਿੱਖਣ ਲਈ ਦਬਾਅ ਪਾ ਰਹੀ ਹੈ। ਉਨ੍ਹਾਂ ਨੂੰ ਚੀਨੀ ਕਮਿਊਨਿਸਟ ਪਾਰਟੀ ਦੇ ਸਮਰਥਨ ’ਚ ਗੀਤ, ਭਾਸ਼ਣ ਸੁਣਾਏ ਜਾ ਰਹੇ ਹਨ ਅਤੇ ਉਸ ਦੇ ਹੱਕ ’ਚ ਨਾਅਰੇ ਲਗਵਾਏ ਜਾ ਰਹੇ ਹਨ, ਚੀਨ ਦੇ ਮੌਜੂਦਾ ਰਾਸ਼ਟਰਪਤੀ ਦੀ ਵਫ਼ਾਦਾਰੀ ਦੀਅਾਂ ਕਸਮਾਂ ਦਿਵਾਈਅਾਂ ਜਾ ਰਹੀਅਾਂ ਹਨ। ਜੇ ਕੋਈ ਮੁਸਲਮਾਨ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਕਈ-ਕਈ ਘੰਟੇ ਭੁੱਖਾ ਰੱਖਿਆ ਜਾਂਦਾ ਹੈ, ਦਿਨ-ਰਾਤ ਖੜ੍ਹੇ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਕਾਲਕੋਠੜੀਅਾਂ ’ਚ ਮਾਨਸਿਕ ਤਸੀਹੇ ਦਿੱਤੇ ਜਾਂਦੇ ਹਨ। ਤਸੀਹਿਅਾਂ ਨਾਲ ਭਰਪੂਰ ਇਨ੍ਹਾਂ ਕੈਂਪਾਂ ’ਚ ਜਿਨ੍ਹਾਂ ਮੁਸਲਮਾਨਾਂ ਨੂੰ ਕੈਦ ਕੀਤਾ ਗਿਆ ਹੈ, ਉਨ੍ਹਾਂ ਦੇ ਬੱਚਿਅਾਂ ਨੂੰ ਸਰਕਾਰ ਅਨਾਥ ਆਸ਼ਰਮਾਂ ’ਚ ਭੇਜ ਚੁੱਕੀ ਹੈ। 
ਮੁਸਲਿਮ ਬਹੁਲਤਾ  ਵਾਲੇ ਸ਼ਿਨਜਿਅਾਂਗ ’ਚ ਮੁਸਲਮਾਨਾਂ ਦੀ ਆਬਾਦੀ ਨਾ ਵਧੇ, ਇਸ ਲਈ ਗਰਭਵਤੀ ਮੁਸਲਿਮ ਔਰਤਾਂ ’ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਜ਼ਬਰਦਸਤੀ ਗਰਭਪਾਤ ਕਰਵਾਇਆ ਜਾ ਰਿਹਾ ਹੈ। ਮੁਸਲਿਮ ਲੜਕੀਅਾਂ ਦਾ ਨਿਕਾਹ ਜ਼ਬਰਦਸਤੀ ਉਥੇ ਚੀਨੀ ਸਰਕਾਰ ਵਲੋਂ ਵਸਾਏ ਗਏ ਹਾਨ ਚੀਨੀਅਾਂ ਨਾਲ ਕਰਵਾਇਆ ਜਾ ਰਿਹਾ ਹੈ। ਸਰਕਾਰੀ  ਤਸ਼ੱਦਦ  ਕਾਰਨ ਜੋ ਮੁਸਲਿਮ ਆਪਣੇ ਪਰਿਵਾਰਾਂ ਨਾਲ ਦੂਜੇ ਦੇਸ਼ਾਂ (ਮੁਸਲਿਮ ਰਾਸ਼ਟਰਾਂ ਸਮੇਤ) ’ਚ ਜਾ ਕੇ ਵਸ ਵੀ ਗਏ ਹਨ, ਉਨ੍ਹਾਂ ’ਤੇ ਵੀ ਚੀਨ ਆਪਣੇ ਕੁਝ ਦੂਤਘਰਾਂ ਦੇ ਜ਼ਰੀਏ ਨਜ਼ਰ ਰੱਖ ਰਿਹਾ ਹੈ। 
ਚੀਨ ਦੀ ਮਾਰਕਸਵਾਦੀ ਸਰਕਾਰ ਦੀ ਇਹ ਪੂਰੀ ਕਸਰਤ ਉਈਗਰ ਮੁਸਲਮਾਨਾਂ ਦੀ ਸੱਭਿਆਚਾਰਕ ਪਛਾਣ ਅਤੇ ਇਸਲਾਮ ਪ੍ਰਤੀ ਉਨ੍ਹਾਂ ਦੇ  ਭਰੋਸੇ ਨੂੰ ਖਤਮ ਕਰਨ ਲਈ ਹੈ। ਉਈਗਰਾਂ ਦੀ ਮਜ਼੍ਹਬੀ ਆਜ਼ਾਦੀ ’ਤੇ ਪਾਬੰਦੀ ਕਈ ਸਾਲਾਂ ਤੋਂ ਲੱਗ ਰਹੀ ਹੈ। ਸਰਕਾਰ ਕਈ ਮਸਜਿਦਾਂ ਨੂੰ  ਢਹਿਢੇਰੀ ਕਰ ਚੁੱਕੀ ਹੈ। ਇੰਨਾ ਹੀ ਨਹੀਂ, ਰਮਜ਼ਾਨ ’ਚ ਮੁਸਲਿਮ ਕਰਮਚਾਰੀਅਾਂ ਨੂੰ ਰੋਜ਼ਾ ਰੱਖਣ ਅਤੇ ਮੁਸਲਿਮ ਨਾਗਿਰਕਾਂ ਨੂੰ ਦਾੜ੍ਹੀ ਵਧਾਉਣ ਤੋਂ ਰੋਕਿਆ ਜਾਂਦਾ ਹੈ। ਕੁਰਾਨ ਪੜ੍ਹਨ, ਬੱਚਿਅਾਂ ਦੇ ਮਦਰੱਸਿਅਾਂ ’ਚ ਜਾਣ, ਨਮਾਜ਼ ਅਦਾ ਕਰਨ ਅਤੇ ਨਵਜੰਮੇ ਬੱਚਿਅਾਂ ਦੇ ਇਸਲਾਮੀ ਨਾਂ ਰੱਖਣ ’ਤੇ ਸਰਕਾਰੀ ਪਾਬੰਦੀ ਪਹਿਲਾਂ ਹੀ  ਠੋਸ ਦਿੱਤੀ ਗਈ ਸੀ। 
ਚੀਨ ਦੀ ਕੁਲ ਮੁਸਲਿਮ ਆਬਾਦੀ ’ਚ ਉਈਗਰਾਂ ਤੋਂ ਇਲਾਵਾ ‘ਹੁਈ’ ਮੁਸਲਮਾਨ ਵੀ ਹਨ । ਇਨ੍ਹਾਂ ਦੋਹਾਂ ਦੀ ਆਬਾਦੀ ਇਕ-ਇਕ ਕਰੋੜ ਤੋਂ  ਜ਼ਿਆਦਾ ਹੈ। ਜ਼ਿਆਦਾਤਰ ਚੀਨੀ ਚਰਿੱਤਰ ’ਚ ਢਲ ਚੁੱਕੇ ‘ਹੁਈ’  ਮੁਸਲਮਾਨਾਂ ਦੇ ਮੁਕਾਬਲੇ ਉਈਗਰ ਮੁਸਲਮਾਨਾਂ ’ਤੇ ਸਰਕਾਰੀ ਪਾਬੰਦੀਅਾਂ ਜ਼ਿਆਦਾ ਹੋਣ ਦਾ ਵੱਡਾ ਕਾਰਨ ਉਈਗਰਾਂ ਦਾ ਕੱਟੜਪੰਥੀ ਇਸਲਾਮੀ ਅੰਦੋਲਨ ਹੈ, ਜਿਸ ਨੂੰ ‘ਪੂਰਬੀ ਤੁਰਕਿਸਤਾਨ ਇਸਲਾਮਿਕ ਅੰਦੋਲਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਾ ਉਦੇਸ਼ ਚੀਨ ਨਾਲੋਂ ਵੱਖ ਹੋਣਾ ਹੈ।
ਸੰਨ 1949 ’ਚ ਪੂਰਬੀ ਤੁਰਕਿਸਤਾਨ, ਜੋ ਹੁਣ ਚੀਨੀ ਪ੍ਰਾਂਤ ਸ਼ਿਨਜਿਅਾਂਗ ਹੈ, ਨੂੰ ਇਕ ਵੱਖਰੇ ਰਾਸ਼ਟਰ ਵਜੋਂ ਕੁਝ ਸਮੇਂ ਲਈ ਪਛਾਣ ਮਿਲੀ ਸੀ ਪਰ ਥੋੜ੍ਹੇ ਸਮੇਂ ’ਚ ਹੀ ਸਾਮਰਾਜਵਾਦੀ ਚੀਨ ਨੇ ਉਸ ਨੂੰ ਹੜੱਪ ਲਿਆ। ਇਸ ਖੇਤਰ ’ਚ ਵੱਖਵਾਦੀ ਅਤੇ ਇਸਲਾਮੀ ਕੱਟੜਪੰਥੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਹਨ, ਜਿਸ ਨੂੰ ਚੀਨ ਕਿਸੇ ਵੀ ਕੀਮਤ ’ਤੇ ਕੁਚਲਣਾ ਚਾਹੁੰਦਾ ਹੈ। 
ਮਜ਼੍ਹਬੀ ਤਸ਼ੱਦਦ ਸਿਰਫ ਚੀਨੀ ਮੁਸਲਮਾਨਾਂ ਤਕ ਸੀਮਤ ਨਹੀਂ ਹੈ, ਇਸਾਈ ਵੀ ਇਸ ਦਾ ਸੰਤਾਪ ਝੱਲ ਰਹੇ ਹਨ। ਇਥੇ ਕੈਥੋਲਿਕ ਇਸਾਈਅਾਂ ਦੀ ਗਿਣਤੀ 1.2 ਕਰੋੜ ਹੈ। ਹੇਨਾਨ ਸਮੇਤ ਹੋਰਨਾਂ ਪ੍ਰਾਂਤਾਂ ’ਚ ਸਰਕਾਰੀ ਹੁਕਮਾਂ ’ਤੇ ਇਸਾਈਅਾਂ ਦੇ ਪਵਿੱਤਰ ਚਿੰਨ੍ਹ ‘ਕ੍ਰਾਸ’ ਅਤੇ ‘ਬਾਈਬਲ’ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਬੀਜਿੰਗ ’ਚ ਸਥਿਤ ਸਭ ਤੋਂ ਵੱਡੀ ਚਰਚ ‘ਜਿਓਨ’ ਸਮੇਤ ਕਈ ਹੋਰ ਚਰਚਾਂ ਨੂੰ ਢਾਹ ਦਿੱਤਾ ਗਿਆ ਹੈ। ਆਪਣਾ ਮਜ਼੍ਹਬ ਛੱਡਣ ਲਈ ਇਸਾਈਅਾਂ ਤੋਂ ਸਰਕਾਰੀ ਦਸਤਾਵੇਜ਼ਾਂ ’ਤੇ ਜ਼ਬਰਦਸਤੀ ਦਸਤਖਤ ਕਰਵਾਏ ਜਾ ਰਹੇ ਹਨ। 
7 ਦਹਾਕੇ ਪਹਿਲਾਂ ਚੀਨ ਵਲੋਂ ਕਬਜ਼ੇ ’ਚ ਲਏ ਗਏ ਤਿੱਬਤ ’ਚ ਵੀ ਬੋਧੀ ਪੈਰੋਕਾਰਾਂ ਦਾ ਮਜ਼੍ਹਬੀ ਦਮਨ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਸੱਭਿਆਚਾਰਕ ਤੇ ਭਾਸ਼ਾਈ ਵਿਰਾਸਤ ਨੂੰ ਕੁਚਲਿਆ ਜਾ ਰਿਹਾ ਹੈ। ਇਥੇ ਹਜ਼ਾਰਾਂ ਲੋਕ ਸਿਆਸੀ ਕੈਦੀ ਬਣੇ ਹੋਏ ਹਨ, ਜਿਨ੍ਹਾਂ ਬਾਰੇ ਕੋਈ ਜਾਣਕਾਰੀ ਵੀ ਮੁਹੱਈਆ ਨਹੀਂ ਕਰਵਾਈ ਜਾ ਰਹੀ। 
ਇਹ ਕਿਸੇ ਤ੍ਰਾਸਦੀ ਤੋਂ ਘੱਟ ਨਹੀਂ ਕਿ ਸੰਯੁਕਤ ਰਾਸ਼ਟਰ ਤੇ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਚੀਨ ਸਾਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ ਤੇ ਇਹ ਸੰਗਠਨ ਉਸ ਵਿਰੁੱਧ ਕੋਈ ਵੀ ਠੋਸ ਕਾਰਵਾਈ ਕਰ ਸਕਣ ’ਚ ਅਸਮਰੱਥ ਹਨ। ਇਨ੍ਹਾਂ ਹੀ ਕੌਮਾਂਤਰੀ ਸੰਸਥਾਵਾਂ ਦਾ ਪਾਖੰਡ ਹੋਰ ਵੀ ਦੇਖਣ ਲਾਇਕ ਹੈ। ਬੀਤੇ ਦਿਨੀਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਕਸ਼ਮੀਰੀ ਵੱਖਵਾਦੀਅਾਂ ਦੇ ਝੂਠੇ ਦਾਅਵਿਅਾਂ ਤੇ ਪਾਕਿਸਤਾਨ ਦੇ ਕੂੜ ਪ੍ਰਚਾਰ ’ਤੇ ਇਕ ਭਾਰਤ ਵਿਰੋਧੀ ਰਿਪਰੋਟ ਤਿਆਰ ਕੀਤੀ ਸੀ, ਜਿਸ ਨੂੰ ਕਈ ਹੋਰ ਦੇਸ਼ਾਂ ਨੇ ਮੰਦੀ ਭਾਵਨਾ ਤੋਂ ਪ੍ਰੇਰਿਤ ਦੱਸ ਕੇ ਰੱਦ ਕਰ ਦਿੱਤਾ ਸੀ। ਉਹ ਸੰਗਠਨ ਵੀ ਚੀਨ ’ਚ ਘੱਟਗਿਣਤੀਅਾਂ ’ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਨਹੀਂ ਬੋਲਦੇ। ਅਜਿਹਾ ਕਿਉਂ? 
ਚੀਨ ’ਚ ਇਸ ਸਥਿਤੀ ਦੀ ਵਜ੍ਹਾ ਕੀ ਹੈ? ਜਿਸ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਮੁਤਾਬਿਕ ਚੀਨੀ ਕਮਿਊਨਿਸਟ ਪਾਰਟੀ ਦੇ ਬਾਨੀ ਮਾਓ-ਤਸੇ-ਤੁੰਗ ਨੇ ਸੰਨ 1949 ’ਚ ਆਧੁਨਿਕ ਚੀਨ ਦੀ ਨੀਂਹ ਰੱਖੀ ਸੀ, ਉਸ ’ਚ ਸਾਮਵਾਦੀ ਦਰਸ਼ਨ ਕਾਰਨ ਸੱਤਾ ਅਦਾਰਿਅਾਂ ’ਚ ਰੱਬ ਲਈ ਕੋਈ ਥਾਂ ਨਹੀਂ ਹੈ। ਚੀਨ ’ਚ ਦੁਨੀਆ ਦੀ ਇਕ ਅਜਿਹੀ ਗੈਰ-ਸੁਭਾਵਿਕ ਵਿਵਸਥਾ ਹੈ, ਜਿੱਥੋਂ ਦੀ ਸ਼ਾਸਨ ਪ੍ਰਣਾਲੀ ਅਤੇ ਸਿਆਸਤ ’ਚ ਹਿੰਸਾਗ੍ਰਸਤ ਮਾਰਕਸਵਾਦੀ ਤਾਨਾਸ਼ਾਹੀ ਹੈ ਤੇ ਉਸ ਦੀ ਅਰਥ-ਵਿਵਸਥਾ ’ਚ ਘੋਰ ਪੂੰਜੀਵਾਦ ਦਾ ਮੱਕੜਜਾਲ। ਇਸੇ ਖਤਰਨਾਕ ਗੱਠਜੋੜ ਨੇ ਚੀਨ ’ਚ ਜਿੱਥੇ ਮਨੁੱਖਤਾ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ, ਉਥੇ ਹੀ ਸੱਤਾ ਅਦਾਰਾ ਵਿਚਾਰਕ ਅਸਹਿਮਤੀ ਰੱਖਣ ਵਾਲਿਅਾਂ ਨੂੰ ਤਸੀਹੇ ਦੇ ਰਿਹਾ ਹੈ। ਸਿੱਟੇ ਵਜੋਂ ਅੱਜ ਚੀਨ ’ਚ ਮੌਤ ਦੀ ਸਜ਼ਾ, ਖ਼ੁਦਕੁਸ਼ੀ ਕਰਨ ਵਾਲਿਅਾਂ ਅਤੇ  ਡਿਪ੍ਰੈਸ਼ਨ  ਦੇ  ਸ਼ਿਕਾਰ  ਰੋਗੀਅਾਂ ਦੀ ਗਿਣਤੀ ਦੁਨੀਆ ’ਚ ਸਭ ਤੋਂ ਜ਼ਿਆਦਾ ਹੈ। 
ਚੀਨ ’ਚ ਮੁਸਲਮਾਨਾਂ ਦੇ ਤਸ਼ੱਦਦ ’ਤੇ ਪਾਕਿਸਤਾਨ ਦੀ ਚੁੱਪ ਸਬੰਧੀ ਅਣਸੁਲਝੇ ਸਵਾਲ ਦਾ ਦੂਜਾ ਅਹਿਮ ਬਿੰਦੂ ਇਹ ਵੀ ਹੈ ਕਿ ਵਿਚਾਰਕ ਬਰਾਬਰੀ ਕਾਰਨ ਜੋ ਭਾਰਤੀ ਖੱਬੇਪੱਖੀ (ਮਾਓਵਾਦੀਅਾਂ ਸਮੇਤ) ਚੀਨੀ ਸਮਾਜਵਾਦ ਨੂੰ ਆਦਰਸ਼ ਮੰਨਦੇ ਹਨ, ਜਿਨ੍ਹਾਂ ਨੇ ਗੁਲਾਮ ਭਾਰਤ ’ਚ ਮੁਸਲਿਮ ਲੀਗ ਦੇ ਅੰਦੋਲਨ ਦਾ ਸਮਰਥਨ ਕੀਤਾ ਅਤੇ ਪਾਕਿਸਤਾਨ ਦੇ ਜਨਮ ’ਚ ‘ਦਾਈ’ ਦੀ ਭੂਮਿਕਾ ਨਿਭਾਈ, ਉਨ੍ਹਾਂ ਦੀ ਹੋਂਦ ਉਸ ਇਸਲਾਮੀ ਦੇਸ਼ ’ਚ ਕਈ ਦਹਾਕੇ ਪਹਿਲਾਂ ਕਿਉਂ ਮਿਟ ਗਈ? 
ਦੁਨੀਆ ’ਚ ਕਿਸੇ ਵੀ ਵਿਚਾਰਧਾਰਾ ਨੂੰ ਕਿਸੇ ਵੀ ਭੂਗੋਲਿਕ ਹੱਦ ’ਚ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ, ਜਿਸ ਜ਼ਹਿਰੀਲੇ ਵਿਚਾਰਕ ਚਿੰਤਨ ਨੇ ਪਾਕਿਸਤਾਨ ਦੀ ਨੀਂਹ ਰੱਖੀ ਅਤੇ ਉਸ ਦੇ ਅਵਸ਼ੇਸ਼ (ਰਹਿੰਦ-ਖੂੰਹਦ) ਖੰਡਿਤ ਭਾਰਤ ’ਚ ਕਸ਼ਮੀਰ ਸਮੇਤ ਕੁਝ ਖੇਤਰਾਂ ’ਚ ਅੱਜ ਵੀ ਮੌਜੂਦ ਹੈ, ਉਸੇ ਚਿੰਤਨ ਦਾ ਜਿਸ ਤਰ੍ਹਾਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਮਰਥਨ ਭਾਰਤੀ ਖੱਬੇਪੱਖੀ ਆਪਣੇ ਕਥਿਤ ਉਦਾਰਵਾਦੀ ਦਰਸ਼ਨ ਦੇ ਨਾਂ ’ਤੇ ਅੱਜ ਵੀ ਕਰ ਰਹੇ ਹਨ, ਕੀ ਉਹ ਉਨ੍ਹਾਂ ਦੀ ‘ਲੇਮਿੰਗ’ ਨਾਮੀ ਮੂਰਖ ਜੀਵ ਦੀ ਆਤਮਘਾਤੀ ਪ੍ਰਵਿਰਤੀ ਨੂੰ ਨਹੀਂ ਦਰਸਾਉਂਦਾ, ਜਿਸ ’ਚ ਅਕਸਰ ਸੰਕਟ ਆਉਣ ’ਤੇ ‘ਲੇਮਿੰਗ’ ਮੌਤ ਦੀ ਖੱਡ ਵੱਲ ਦੌੜਦਾ ਹੈ ਤੇ ਉਸ ਦਾ ਅੰਤ ਦਿਲ-ਕੰਬਾਊ ਹੁੰਦਾ ਹੈ। 
ਅਸੀਂ ਆਪਣੇ ਮੂਲ ਸਵਾਲ ਵੱਲ ਆਉਂਦੇ ਹਾਂ। ਕੀ ਕੋਈ ਦੱਸ ਸਕਦਾ ਹੈ ਕਿ ਕਸ਼ਮੀਰ ਸਮੇਤ ਬਾਕੀ ਭਾਰਤ ’ਚ ਮੁਸਲਮਾਨਾਂ ਸਮੇਤ ਸਾਰੇ ਘੱਟਗਿਣਤੀਅਾਂ ਨੂੰ ਬਹੁਗਿਣਤੀਅਾਂ ਦੇ ਮੁਕਾਬਲੇ ਜ਼ਿਆਦਾ ਲੋਕਤੰਤਰਿਕ ਅਤੇ ਸੰਵਿਧਾਨਕ ਅਧਿਕਾਰ ਮਿਲੇ ਹੋਏ ਹਨ, ਫਿਰ ਵੀ ਪਾਕਿਸਤਾਨ ਇਸਲਾਮ ਦੇ ਨਾਂ ’ਤੇ ਭਾਰਤੀ ਮੁਸਲਮਾਨਾਂ ਨੂੰ ‘ਕਾਫਿਰ’ ਭਾਰਤ ਦੇ ਸ਼ਿਕੰਜੇ ’ਚੋਂ ਮੁਕਤ ਕਰਵਾਉਣ ਦੇ ਨਾਂ ’ਤੇ ਅਸਿੱਧੀ ਜੰਗ ਚਲਾ ਰਿਹਾ ਹੈ? ਇਸ ਦੇ ਉਲਟ ਚੀਨ ’ਚ ਸਥਾਨਕ ਮੁਸਲਮਾਨਾਂ ਦੀ ਸਮਾਜਿਕ ਤੇ ਮਜ਼੍ਹਬੀ ਪਛਾਣ ਨੂੰ ਖਤਮ ਕਰਨ ਦੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਤੇ ਪਾਕਿਸਤਾਨ ਨਾ ਸਿਰਫ ਇਸ ਬੇਇਨਸਾਫੀ ’ਤੇ ਚੁੱਪ ਹੈ, ਸਗੋਂ ਚੀਨ ਨਾਲ ਆਪਣੇ ਰਣਨੀਤਕ ਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਉਤਾਵਲਾ ਹੈ। 
ਇਹ ਆਪਾ-ਵਿਰੋਧ ਕਿਉਂ? ਕੀ ਕੋਈ  ਬੁੱਧੀਮਾਨ ਪਾਠਕ ਇਸ ਸਵਾਲ ਦਾ ਸਹੀ ਜਵਾਬ ਦੇ ਸਕਦਾ ਹੈ? ਮੈਨੂੰ ਤੁਹਾਡੇ ਪੱਤਰਾਂ ਦੀ ਉਡੀਕ ਰਹੇਗੀ। 
 


Related News