‘ਈ-ਵੇਸਟ’ ਇਕੱਠਾ ਕਰ ਕੇ ਦੋ ਵਿਦਿਆਰਥੀਆਂ ਨੇ ਬਣਾਇਆ 17000 ਬੱਚਿਆਂ ਦੀ ਪੜ੍ਹਾਈ ਦਾ ਰਾਹ

11/15/2018 7:12:24 AM

ਇਕ ਪ੍ਰਤੀਯੋਗਿਤਾ ਤੋਂ ਸ਼ੁਰੂ ਹੋਇਆ ਇਕ ਵਿਚਾਰ ਹੁਣ ਗੋਰੇਗਾਂਵ ਦੇ ਇਕ ਸਕੂਲ ’ਚ ਪੜ੍ਹਨ ਵਾਲੇ ਦੋ ਵਿਦਿਆਰਥੀਆਂ ਲਈ ਮੁਹਿੰਮ ਬਣ ਗਿਆ ਹੈ। ਇਸ ਦੇ ਤਹਿਤ ‘ਈ-ਵੇਸਟ’ ਦੇ ਬਿਹਤਰ ਡਿਸਪੋਜ਼ਲ ਨੂੰ ਲੈ ਕੇ ਉਹ ਦੋਵੇਂ ਇਕ ਮੁਹਿੰਮ ਚਲਾ ਰਹੇ ਹਨ।
 ਪਿਛਲੇ ਦੋ ਮਹੀਨਿਆਂ ’ਚ ਸੂਰੀਆ ਬਾਲਾਸੁਬਰਾਮਣੀਅਮ ਤੇ ਤ੍ਰਿਸ਼ਾ ਭੱਟਾਚਾਰੀਆ ਨੇ ਸਕੂਲਾਂ ਤੇ ਆਮ ਲੋਕਾਂ ਤੋਂ 380 ਕਿਲੋ ‘ਈ-ਵੇਸਟ’ ਇਕੱਠਾ ਕੀਤਾ ਤੇ ਉਸ ਨੂੰ ਇਕ ਐੱਨ. ਜੀ. ਓ. ਨੂੰ ‘ਦਾਨ’ ਕਰ ਦਿੱਤਾ। ਇਸ ਦੇ ਜ਼ਰੀਏ ਉਨ੍ਹਾਂ ਨੇ ਝੁੱਗੀਆਂ ’ਚ ਰਹਿਣ ਵਾਲੇ 17000 ਬੱਚਿਆਂ ਦੀ ਪੜ੍ਹਾਈ ’ਚ ਮਦਦ ਕੀਤੀ।
ਅਸਲ ’ਚ ਇਸ ਸਾਲ ਦੇ ਸ਼ੁਰੂ ’ਚ ਦੋਹਾਂ ਨੇ ਕੌਮੀ ਪੱਧਰ ਦੇ ਇਕ ਮੁਕਾਬਲੇ ’ਚ ਹਿੱਸਾ ਲਿਆ ਸੀ। ਉਨ੍ਹਾਂ ਨੇ ਕੋਈ ਮੁੱਦਾ ਲੈ ਕੇ ਉਸ ਦਾ ਹੱਲ ਕੱਢਣਾ ਸੀ। 
ਸੂਰੀਆ ਨੇ ਦੱਸਿਆ ਕਿ ‘‘ਸਾਡਾ ਸਕੂਲ (ਵਿਬਗਿਓਰ ਹਾਈ ਸਕੂਲ) ਪਹਿਲਾਂ ਹੀ ਕਈ ਮੁਹਿੰਮਾਂ ਚਲਾ ਰਿਹਾ ਸੀ ਤੇ ਅਸੀਂ ਇਸ ਮੁਕਾਬਲੇ ’ਚ ਉਨ੍ਹਾਂ ’ਤੇ ਕੰਮ ਕਰਨ ਦੀ ਉਮੀਦ ਕਰ ਰਹੇ ਸੀ। ਇਨ੍ਹਾਂ ’ਚ ਈ-ਵੇਸਟ ’ਤੇ ਚੱਲ ਰਹੀ ਮੁਹਿੰਮ ਨੂੰ ਰਫਤਾਰ ਨਹੀਂ ਮਿਲ ਰਹੀ ਸੀ, ਇਸ ਲਈ ਅਸੀਂ ਮੁਕਾਬਲੇ ’ਚ ਇਸ ’ਤੇ ਹੀ ਕੰਮ ਕਰਨ ਬਾਰੇ ਸੋਚਿਆ।’’
ਮੁਕਾਬਲੇ ’ਚ ਚੌਥਾ ਸਥਾਨ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ’ਤੇ ਕੰਮ ਕਰਨਾ ਜਾਰੀ ਰੱਖਿਆ। ਸੂਰੀਆ ਤੇ ਤ੍ਰਿਸ਼ਾ ਨੇ ਆਪਣੇ ਸਹਿਪਾਠੀਆਂ ਨੂੰ ਆਪੋ-ਆਪਣੇ ਘਰਾਂ ’ਚੋਂ ਈ-ਵੇਸਟ ਲਿਆਉਣ ਲਈ ਕਿਹਾ। 
ਤ੍ਰਿਸ਼ਾ ਨੇ ਦੱਸਿਆ, ‘‘ਜ਼ਿਆਦਾਤਰ ਘਰਾਂ ’ਚ ਖਰਾਬ ਫੋਨ, ਚਾਰਜਰ ਵਗੈਰਾ ਪਏ ਰਹਿੰਦੇ  ਹਨ ਕਿਉਂਕਿ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦਾ ਕੀ ਕਰਨਾ ਹੈ। ਸਾਨੂੰ ‘ਇੰਡੀਆ ਡਿਵੈੱਲਪਮੈਂਟ ਫਾਊਂਡੇਸ਼ਨ’ ਮਿਲਿਆ, ਜੋ ਈ-ਵੇਸਟ ਇਕੱਠਾ ਕਰ ਕੇ ਰੀ-ਸਾਈਕਲਿੰਗ ਕੰਪਨੀ ਨੂੰ ਦਿੰਦਾ ਹੈ। ਉਸ ਤੋਂ ਮਿਲੇ ਪੈਸੇ ਨਾਲ 17000 ਤੋਂ ਜ਼ਿਆਦਾ ਗਰੀਬ ਬੱਚਿਆਂ  ਨੂੰ ਪੜ੍ਹਾਇਆ ਜਾਂਦਾ ਹੈ। ਅਸੀਂ ਆਪਣੇ ਸਕੂਲ ’ਚ  180 ਕਿਲੋ ਈ-ਵੇਸਟ ਇਕੱਠਾ ਕੀਤਾ।’’
ਸਕੂਲ ਤੇ ਹਾਊਸਿੰਗ ਸੋਸਾਇਟੀਆਂ ਤੋਂ ਇਕੱਠਾ ਕੀਤਾ ਈ-ਵੇਸਟ
ਸੂਰੀਆ ਤੇ ਤ੍ਰਿਸ਼ਾ ਨੇ ਪਹਿਲਾਂ ਸਕੂਲ ਤੇ ਫਿਰ ਹਾਊਸਿੰਗ ਸੋਸਾਇਟੀਆਂ ਤੋਂ ਈ-ਵੇਸਟ ਇਕੱਠਾ ਕਰ ਕੇ ਇਕ ਗੈਰ-ਸਰਕਾਰੀ ਸੰਗਠਨ ਦੇ ਜ਼ਰੀਏ ਰੀ-ਸਾਈਕਲਿੰਗ ਕੰਪਨੀਆਂ ਨੂੰ ਵੇਚਿਆ। ਉਸ ਤੋਂ ਮਿਲੇ ਪੈਸਿਆਂ ਨਾਲ ਝੁੱਗੀਆਂ ’ਚ ਰਹਿਣ ਵਾਲੇ ਹਜ਼ਾਰਾਂ ਬੱਚੇ ਪੜ੍ਹਾਈ ਕਰ ਸਕਣਗੇ। ਹਾਊਸਿੰਗ ਸੋਸਾਇਟੀਆਂ ਤੋਂ ਉਨ੍ਹਾਂ ਨੂੰ ਵਾਸ਼ਿੰਗ ਮਸ਼ੀਨ, ਲੈਪਟਾਪ, ਚਾਰਜਰ ਵਰਗੀਆਂ ਚੀਜ਼ਾਂ ਮਿਲੀਆਂ। ਹੁਣ ਇਹ ਦੋਵੇਂ ਵਿਦਿਆਰਥੀ ਆਪਣੀ ਮੁਹਿੰਮ ’ਚ ਹੋਰ ਲੋਕਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ।     


Related News