ਬਾਈਡੇਨ ਦੀ ਜਿੱਤ ਤੋਂ ਬਾਅਦ ਵੀ ਤਾਈਵਾਨ ਚੀਨ ਤੋਂ ਸਪਲਾਈ ਚੇਨ ਹਟਾਏਗਾ
Wednesday, Nov 18, 2020 - 02:28 AM (IST)

ਅਮਰੀਕੀ ਚੋਣਾਂ ’ਚ ਬਾਈਡੇਨ ਨੂੰ ਮਿਲੀ ਜਿੱਤ ਦੇ ਬਾਵਜੂਦ ਤਾਈਵਾਨ ਚੀਨ ਤੋਂ ਆਪਣੀ ਸਪਲਾਈ ਚੇਨ ਹਟਾਉਣ ਦੇ ਫੈਸਲੇ ਨੂੰ ਨਹੀਂ ਬਦਲੇਗਾ। ਤਾਈਵਾਨ ਦੀਅਾਂ ਕਈ ਕੰਪਨੀਅਾਂ ਨੇ ਕਿਹਾ ਹੈ ਕਿ ਉਹ ਆਪਣੀ ਸਾਰੀ ਸਪਲਾਈ ਚੇਨ ਸਾਮਵਾਦੀ ਚੀਨ ਤੋਂ ਹਟਾਉਣਗੀਅਾਂ। ਹਾਲਾਂਕਿ ਅਮਰੀਕੀ ਚੋਣਾਂ ਦੇ ਕਾਰਨ ਅਜੇ ਤਕ ਇਨ੍ਹਾਂ ਕੰਪਨੀਅਾਂ ਨੇ ਸਪਲਾਈ ਚੇਨ ਨੂੰ ਚੀਨ ਤੋਂ ਹਟਾਉਣ ’ਤੇ ਕੰਮ ਨਹੀਂ ਕੀਤਾ ਸੀ। ਤਾਈਵਾਨ ਦੀ ਕੰਪਿਊਟਰ ਬਣਾਉਣ ਵਾਲੀ ਕੰਪਨੀ ਕਵਾਂਟਾ ਕੰਪਿਊਟਰਸ ਇੰਕ ਨੇ ਦੱਸਿਆ ਕਿ ਇਸ ਮੁੱਦੇ ’ਤੇ ਸਾਲ 2018 ਤੋਂ ਗੱਲ ਚੱਲ ਰਹੀ ਹੈ, ਜਦ ਤੋਂ ਅਮਰੀਕਾ-ਚੀਨ ਵਪਾਰ ਸੰਘਰਸ਼ ਸ਼ੁਰੂ ਹੋਇਆ ਹੈ। ਅਗਲੇ 5 ਤੋਂ 10 ਵਰ੍ਹਿਅਾਂ ’ਚ ਸਪਲਾਈ ਚੇਨ ਨੂੰ ਕਈ ਦੂਜੇ ਸਥਾਨਾਂ ’ਤੇ ਲਿਜਾਇਆ ਜਾਵੇਗਾ। ਇਨ੍ਹਾਂ ’ਚ ਵੀਅਤਨਾਮ, ਇੰਡੋਨੇਸ਼ੀਆ ਵਰਗੇ ਦੇਸ਼ ਸ਼ਾਮਲ ਹਨ। ਕਵਾਂਟਾ ਕੰਪਿਊਟਰਸ ਨੇ ਦੱਸਿਆ ਕਿ ਗਾਹਕਾਂ ਦੀ ਮੰਗ ਦੇ ਆਧਾਰ ’ਤੇ ਫੈਕਟਰੀਅਾਂ ਨੂੰ ਦੂਜੇ ਸਥਾਨਾਂ ’ਤੇ ਲਿਜਾਇਆ ਜਾਵੇਗਾ। ਕੰਪਨੀ ਵਲੋਂ ਅੱਗੇ ਦੱਸਿਆ ਗਿਆ ਕਿ ਚੀਨ ਤੋਂ ਸਪਲਾਈ ਚੇਨ ਬਾਹਰ ਲਿਜਾਂਦੇ ਸਮੇਂ ਹਰ ਗੱਲ ਦਾ ਧਿਆਨ ਰੱਖਿਆ ਜਾਵੇਗਾ ਤਾਂ ਕਿ ਕੰਪਨੀ ਦੇ ਵੱਕਾਰ ਨੂੰ ਕੋਈ ਨੁਕਸਾਨ ਨਾ ਹੋਵੇ। ਠੀਕ ਅਜਿਹਾ ਹੀ ਫੈਸਲਾ ਤਾਈਵਾਨ ਦੀ ਵੱਡੀ ਇਲੈਕਟ੍ਰਾਨਿਕ ਕੰਪਨੀ ‘ਏਸਰ ਇੰਕ’ ਨੇ ਵੀ ਕੀਤਾ ਹੈ। ਉਹ ਵੀ ਚੀਨ ਤੋਂ ਬਾਹਰ ਅਾਪਣੀ ਸਪਲਾਈ ਚੇਨ ਲਾਉਣ ਲਈ ਜਗ੍ਹਾ ਲੱਭ ਰਹੀ ਹੈ ਅਤੇ ਜਿਸ ਲਈ ਉਹ ਆਪਣੇ ਭਾਈਵਾਲਾਂ ਨਾਲ ਗੱਲਬਾਤ ਦੇ ਦੌਰ ’ਚ ਵੀ ਹੈ।
ਐਪਲ ਇੰਕ ਦੀ ਸਪਲਾਇਰ ਵਿਸਟ੍ਰਾਨ ਕਾਰਪੋਰੇਸ਼ਨ ਦ ਾ ਵੀ ਇਹੀ ਵਿਚਾਰ ਹੈ। ਕੰਪਨੀ ਬਾਜ਼ਾਰ ਦੀ ਮੰਗ ਨੂੰ ਦੇਖਦੇ ਹੋਏ ਆਪਣਾ ਅਗਲਾ ਕਦਮ ਚੁੱਕੇਗੀ ਪਰ ਇੰਨਾ ਤੈਅ ਹੈ ਕਿ ਵਿਸਟ੍ਰਾਨ ਵੀ ਚੀਨ ਤੋਂ ਬਾਹਰ ਜਾਏਗੀ। ਵਿਸਟ੍ਰਾਨ ਨੇ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਆਪਣੀ ਸਪਲਾਈ ਚੇਨ ਦਾ ਸਥਾਨ ਬਦਲਣ ’ਤੇ ਕੰਮ ਕਰ ਰਹੀ ਹੈ, ਚੀਨ ਅਤੇ ਚੀਨ ਦੇ ਆਲੇ-ਦੁਆਲੇ ਦੇ ਖੇਤਰਾਂ ਅਤੇ ਉਸ ਤੋਂ ਬਾਹਰ ਦੇ ਖੇਤਰਾਂ ਬਾਰੇ ’ਚ। ਨਾਲ ਹੀ ਵਿਸਟ੍ਰਾਨ ਨੇ ਤਾਈਵਾਨ ’ਚ ਆਪਣਾ ਨਿਵੇਸ਼ ਵੀ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਦੁਨੀਆ ਦੀ ਸਭ ਤੋਂ ਵੱਡੀ ਕੰਟ੍ਰੈਕਟ ਚਿੱਪ ਬਣਾਉਣ ਵਾਲੀ ਕੰਪਨੀ ਤਾਈਵਾਨ ਸੈਮੀ ਕੰਡਕਟਰ ਮੈਨੂਫੈਕਚਰਿੰਗ ਕੰਪਨੀ ਨੇ ਇਸ ਸਾਲ ਮਈ ’ਚ ਐਲਾਨ ਕੀਤਾ ਸੀ ਕਿ ਉਹ ਆਪਣੀ ਫੈਕਟਰੀ ਅਮਰੀਕਾ ਦੇ ਐਰੀਜ਼ੋਨਾ ਸੂਬੇ ’ਚ ਲਗਾਏਗੀ। ਨਾਲ ਹੀ ਕੰਪਨੀ ਨੇ ਇਹ ਵੀ ਸਾਫ ਕੀਤਾ ਕਿ ਇਸ ਤਬਾਦਲੇ ਦਾ ਕੋਈ ਸਿਆਸੀ ਕਾਰਨ ਨਹੀਂ ਹੈ। ਕੰਪਨੀ ਨੇ ਇਹ ਗੱਲ ਸਾਫ ਕੀਤੀ ਕਿ ਉਸ ਨੂੰ ਅਮਰੀਕਾ ’ਚ ਆਪਣਾ ਪਲਾਂਟ ਲਾਉਣ ਲਈ ਅਮਰੀਕੀ ਪ੍ਰਸ਼ਾਸਨ ਤੋਂ ਸਬਸਿਡੀ, ਬਾਕੀ ਸ਼ਰਤਾਂ ਪੂਰੀਅਾਂ ਕਰਨੀਅਾਂ ਚਾਹੀਦੀਅਾਂ ਹਨ।
ਫਾਰਮੋਸਾ ਪੈਟਰੋ ਕੈਮੀਕਲ ਕਾਰਪ. ਨੇ ਵੀ ਚੀਨ ਤੋਂ ਹਟਣ ਦਾ ਮਨ ਬਣਾ ਲਿਆ ਹੈ। ਕੰਪਨੀ ਵਲੋਂ ਇਹ ਗੱਲ ਦੱਸੀ ਗਈ ਹੈ ਕਿ ਜੇ ਵੁਹਾਨ ਕੋਰੋਨਾ ਵਾਇਰਸ ਦਾ ਕਹਿਰ ਨਾ ਹੋਇਆ ਹੁੰਦਾ ਤਾਂ ਇਹ ਕੰਮ ਬਹੁਤ ਪਹਿਲਾਂ ਹੀ ਕਰ ਲਿਆ ਹੁੰਦਾ। ਲੂਸੀਆਨਾ ਸੂਬੇ ’ਚ ਕੰਪਨੀ 9.4 ਅਰਬ ਅਮਰੀਕੀ ਡਾਲਰ ਦਾ ਪਲਾਂਟ ਬਣਵਾ ਰਹੀ ਹੈ।
ਪੈਟਰੋ ਕੈਮੀਕਲ ਕਾਰਪ. ਦੇ ਪ੍ਰਧਾਨ ਛਨ ਨੇ ਦੱਸਿਆ ਕਿ ਬਾਈਡੇਨ ਚੌਗਿਰਦੇ ਦੇ ਮੁੱਦੇ ਅਤੇ ਵਾਤਾਵਰਣ ’ਤੇ ਬਹੁਤ ਧਿਆਨ ਦੇਣ ਵਾਲੇ ਵਿਅਕਤੀ ਹਨ ਅਤੇ ਉਹ ਵੱਡੇ ਪੱਧਰ ’ਤੇ ਸ਼ੈੱਲ ਤੇਲ ਅਤੇ ਗੈਸ ਕੱਢਣ ਨੂੰ ਜ਼ਿਆਦਾ ਬੜ੍ਹਾਵਾ ਨਹੀਂ ਦੇਣ ਵਾਲੇ ਪਰ ਪਹਿਲਾਂ ਤੋਂ ਚੱਲੀਅਾਂ ਆ ਰਹੀਅਾਂ ਅਮਰੀਕੀ ਨੀਤੀਅਾਂ ਤੋਂ ਅਚਾਨਕ ਕੋਈ ਵੱਡੀ ਤਬਦੀਲੀ ਨਹੀਂ ਕਰਨਗੇ ਅਤੇ ਨਾ ਹੀ ਕੌਮਾਂਤਰੀ ਤੇਲ ਦੀਅਾਂ ਕੀਮਤਾਂ ’ਚ ਬਾਈਡੇਨ ਦੀ ਊਰਜਾ ਨੀਤੀ ਨਾਲ ਕੋਈ ਵੱਡੀ ਤਬਦੀਲੀ ਆਏਗੀ।
ਇਲੈਕਟ੍ਰਾਨਿਕਸ ਕੰਪਨੀਅਾਂ ਤੋਂ ਇਲਾਵਾ ਤਾਈਵਾਨ ਦੀਆਂ ਜਿਨ੍ਹਾਂ ਟੈਕਸਟਾਈਲ ਕੰਪਨੀਅਾਂ ਨੇ ਚੀਨ ’ਚ ਆਪਣੀ ਸਪਲਾਈ ਚੇਨ ਬਣਾਈ ਹੋਈ ਸੀ, ਉਹ ਵੀ ਚੀਨ ਤੋਂ ਹਟਣ ਦਾ ਮਨ ਬਣਾ ਚੁੱਕੀਅਾਂ ਹਨ। ਅਜਿਹੀ ਹੀ ਇਕ ਵੱਡੀ ਟੈਕਸਟਾਈਲ ਕੰਪਨੀ ਮਾਲਾਕੋਟ ਇੰਡਸਟ੍ਰੀਅਲ ਕੰਪਨੀ ਅਤੇ ਏਕਲਾਟ ਟੈਕਸਟਾਈਲ ਕੰਪਨੀ ਨੇ ਦੱਸਿਆ ਕਿ ਹੁਣ ਨਾ ਤਾਂ ਉਹ ਕਿਸੇ ਇਕ ਜਗ੍ਹਾ ’ਤੇ ਆਪਣੀ ਪੂਰੀ ਸਪਲਾਈ ਚੇਨ ਰੱਖਣ ਦੇ ਹੱਕ ’ਚ ਹੈ, ਸਗੋਂ ਹੁਣ ਉਹ ਸੰਸਾਰਕ ਬਾਜ਼ਾਰ ਨੂੰ ਦੇਖਦੇ ਹੋਏ ਆਪਣਾ ਫੈਲਾਅ ਦੁਨੀਆ ਦੇ ਦੂਸਰੇ ਦੇਸ਼ਾਂ ’ਚ ਵੀ ਕਰੇਗੀ।
ਏਕਲਾਟ ਟੈਕਸਟਾਈਲ ਕੰਪਨੀ ਦੇ ਅਨੁਸਾਰ ਕੋਵਿਡ ਮਹਾਮਾਰੀ ਤੋਂ ਬਾਅਦ ਈ-ਕਾਮਰਸ ਦਾ ਬਾਜ਼ਾਰ ਵਿਸਥਾਰਤ ਰੂਪ ’ਚ ਫੈਲੇਗਾ ਪਰ ਨਵੇਂ ਨਿਵੇਸ਼ ਦੇ ਰੂਪ ’ਚ ਉਥੇ ਵੱਡੇ ਪੱਧਰ ’ਤੇ ਆਰਡਰਾਂ ’ਚ ਕਮੀ ਆਏਗੀ। ਭਾਵ ਬਾਜ਼ਾਰ ’ਚ ਵਿਭਿੰਨਤਾ ਨਾਲ ਭਰੇ ਸਮਾਨਾਂ ਦੀ ਵਿਕਰੀ ਤਾਂ ਵਧੇਗੀ ਪਰ ਇਕ ਹੀ ਸਾਮਾਨ ਦੀ ਵੱਡੀ ਮਾਤਰਾ ’ਚ ਮੰਗ ’ਚ ਕਮੀ ਆਏਗੀ। ਇਸ ਲਈ ਕੰਪਨੀ ਨੇ ਤੈਅ ਕੀਤਾ ਹੈ ਕਿ ਵਿਭਿੰਨਤਾ ਭਰੇ ਬਾਜ਼ਾਰ ਦੀ ਮੰਗ ਨੂੰ ਦੇਖਦੇ ਹੋਏ ਉਹ ਆਪਣੀ ਭਵਿੱਖ ਦੀ ਯੋਜਨਾ ਬਣਾਏਗੀ ਪਰ ਇੰਨਾ ਤੈਅ ਹੈ ਕਿ ਹੁਣ ਕੰਪਨੀ ਚੀਨ ’ਚ ਵੀਨਿਰਮਾਣ ਦੀ ਯੋਜਨਾ ਦਾ ਕੰਮ ਖਤਮ ਕਰੇਗੀ।
ਮਾਲਾਕੋਟ ਇੰਡਸਟ੍ਰੀਜ਼ ਅਨੁਸਾਰ ਸਪਲਾਈ ਚੇਨ ਦੇ ਚੀਨ ਤੋਂ ਹਟਣ ਦਾ ਸਿੱਧਾ ਫਾਇਦਾ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਨੂੰ ਮਿਲੇਗਾ। ਕੰਪਨੀ ਦਾ ਮੁੱਖ ਵਿਨਿਰਮਾਣ ਕੇਂਦਰ ਦੱਖਣ-ਪੂਰਬੀ ਏਸ਼ੀਆ ’ਚ ਪਹਿਲਾਂ ਤੋਂ ਹੀ ਹੈ ਅਤੇ ਉਨ੍ਹਾਂ ਨੇ ਆਪਣੀ ਪ੍ਰੋਡਕਸ਼ਨ ਲਾਈਨ ਦੇ ਕੰਮ ’ਚ ਵਾਧੇ ਲਈ ਫੈਲਾਅ ਦਾ ਕੰਮ ਵੀਅਤਨਾਮ, ਇੰਡੋਨੇਸ਼ੀਆ ਸਮੇਤ ਤਿੰਨ ਹੋਰ ਦੇਸ਼ਾਂ ’ਚ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦਾ ਅੰਦਾਜ਼ਾ ਹੈ ਕਿ ਦੱਖਣ-ਪੂਰਬੀ ਏਸ਼ੀਆ ’ਚ ਪ੍ਰੋਡਕਸ਼ਨ ਦੇ ਕੰਮ ’ਚ 20 ਤੋਂ 30 ਫੀਸਦੀ ਵਾਧਾ ਹੋਵੇਗਾ। ਇਸ ਤੋਂ ਇਲਾਵਾ ਕੰਪਨੀ ਅਜੇ ਖੇਤਰ ਦੇ 6ਵੇਂ ਦੇਸ਼ ’ਚ ਆਪਣੇ ਕੰਮ ਦੇ ਫੈਲਾਅ ’ਤੇ ਵੀ ਵਿਚਾਰ ਕਰ ਰਹੀ ਹੈ।
ਮੈਰੀਨ ਕੰਪਨੀ ਯਾਂਗ ਮਿੰਗ ਟਰਾਂਸਪੋਰਟ ਕਾਰਪੋਰੇਸ਼ਨ ਵੀ ਚੀਨ ਤੋਂ ਖੁਦ ਨੂੰ ਹਟਾ ਕੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ’ਚ ਆਪਣਾ ਆਧਾਰ ਤਿਆਰ ਕਰ ਰਹੀ ਹੈ ਅਤੇ ਕਾਰਪੋਰੇਸ਼ਨ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਆਉਣ ਵਾਲੇ ਸਮੇਂ ’ਚ ਦੱਖਣ-ਪੂਰਬੀ ਏਸ਼ੀਆ ਆਪਣੀ ਗੁਣਵੱਤਾ ਅਤੇ ਘੱਟ ਲਾਗਤ ਕਾਰਨ ਖੇਤਰੀ ਬਾਜ਼ਾਰ ਦੇ ਵਿਨਿਰਮਾਣ ਦਾ ਕੇਂਦਰ ਬਣੇਗਾ। ਕੰਪਨੀ ਵੀ ਇਸ ਦਿਸ਼ਾ ’ਚ ਕੰਮ ਕਰ ਰਹੀ ਹੈ।
ਹਾਰਵਰਡ ਕੇਨੇਡੀ ਸਕੂਲ ਦੇ ਸਾਬਕਾ ਵਿਭਾਗ ਦੇ ਮੁਖੀ ਵੇਨਚੀ ਯੂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀਅਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਬਾਈਡੇਨ ਸਰਕਾਰ ਦਾ ਮੁੱਖ ਫੋਕਸ ਸਪਲਾਈ ਚੇਨ ਦੀ ਨਿਰੰਤਰਤਾ ਨੂੰ ਬਣਾਉਣ ’ਚ ਰਹੇਗਾ ਅਤੇ ਇਸ ਨੂੰ ਦੇਖਦੇ ਹੋਏ ਬਾਈਡੇਨ ਸਰਕਾਰ ਤਾਈਵਾਨ ਦੇ ਨਾਲ ਗੰਭੀਰਤਾ ਨਾਲ ਵਪਾਰਕ ਰਿਸ਼ਤਿਅਾਂ ਨੂੰ ਮਜ਼ਬੂਤ ਬਣਾਏਗੀ।