ਕੀ ਤੁਹਾਡੀਆਂ ਕੀਮਤੀ ਚੀਜ਼ਾਂ ਬੈਂਕ ਲਾਕਰਾਂ ''ਚ ਸੁਰੱਖਿਅਤ ਹੁੰਦੀਆਂ ਹਨ

Thursday, Nov 23, 2017 - 08:07 AM (IST)

ਕੀ ਤੁਹਾਡੀਆਂ ਕੀਮਤੀ ਚੀਜ਼ਾਂ ਬੈਂਕ ਲਾਕਰਾਂ ''ਚ ਸੁਰੱਖਿਅਤ ਹੁੰਦੀਆਂ ਹਨ

ਲੱਗਭਗ 46 ਸਾਲ ਪਹਿਲਾਂ ਸਤੰਬਰ 'ਚ ਲੰਡਨ ਦੀ ਬੇਕਰ ਸਟ੍ਰੀਟ ਤੋਂ ਲੈ ਕੇ ਲਾਇਡ ਬੈਂਕ ਤਕ ਠੱਗਾਂ ਨੇ ਇਕ ਸੁਰੰਗ ਪੁੱਟ ਦਿੱਤੀ ਅਤੇ ਬੈਂਕ ਦੇ 'ਸੇਫਟੀ ਡਿਪਾਜ਼ਿਟ' ਬਕਸਿਆਂ 'ਚ ਸੰਨ੍ਹ ਲਾ ਕੇ ਪੰਜ ਲੱਖ ਪੌਂਡ ਚੋਰੀ ਕਰ ਲਏ ਸਨ। 
36 ਸਾਲਾਂ ਬਾਅਦ 'ਦਿ ਬੈਂਕ ਜੌਬ' ਨਾਮੀ ਫਿਲਮ ਦੇ ਜ਼ਰੀਏ ਹਾਲੀਵੁੱਡ ਨੇ ਇਸ ਡਕੈਤੀ ਦੀ ਘਟਨਾ ਨੂੰ ਪਰਦੇ 'ਤੇ ਉਤਾਰਿਆ। ਹੁਣ ਪਿਛਲੇ ਹਫਤੇ ਨਵੀ ਮੁੰਬਈ 'ਚ ਬਿਲਕੁਲ ਅਜਿਹੀ ਹੀ ਘਟਨਾ ਦੁਹਰਾਈ ਗਈ, ਜਦੋਂ ਲੁਟੇਰੇ ਬੈਂਕ ਦੇ ਲਾਕਰਾਂ 'ਚੋਂ 2.85 ਕਰੋੜ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਲੈ ਉੱਡੇ। 
ਅਖਬਾਰੀ ਰਿਪੋਰਟਾਂ ਮੁਤਾਬਕ ਲੁਟੇਰਿਆਂ ਨੇ ਬੈਂਕ ਆਫ ਬੜੌਦਾ ਦੇ ਬ੍ਰਾਂਚ ਆਫਿਸ ਤਕ ਨਾਲ ਦੀ ਦੁਕਾਨ 'ਚੋਂ ਸੁਰੰਗ ਪੁੱਟੀ ਤੇ ਆਪਣੀ ਕਰਤੂਤ ਨੂੰ ਅੰਜਾਮ ਦਿੱਤਾ। ਲੰਡਨ ਦੀ ਘਟਨਾ ਵਾਂਗ ਇਹ ਲੁੱਟ ਵੀ ਹਫਤੇ ਦੇ ਆਖਰੀ ਦਿਨ ਹੀ ਅੰਜਾਮ ਦਿੱਤੀ ਗਈ ਸੀ, ਜਦੋਂ ਬੈਂਕ ਆਮ ਤੌਰ 'ਤੇ ਬੰਦ ਹੁੰਦੇ ਹਨ।
ਬੈਂਕ ਲਾਕਰਾਂ ਨੂੰ ਆਮ ਤੌਰ 'ਤੇ ਸੁਰੱਖਿਅਤ ਮੰਨਿਆ ਜਾਂਦਾ ਹੈ ਤੇ ਇਹੋ ਵਜ੍ਹਾ ਹੈ ਕਿ ਬੈਂਕ ਦੇ ਗਾਹਕ ਹਨੇਰ ਭਰੇ ਗੋਦਾਮ 'ਚ ਛੋਟਾ ਜਿਹਾ ਧਾਤੂ ਦਾ ਸੰਦੂਕ ਕਿਰਾਏ 'ਤੇ ਲੈ ਲੈਂਦੇ ਹਨ ਪਰ ਜੇ ਉਸ 'ਚ ਵੀ ਸੰਨ੍ਹ ਲੱਗ ਜਾਵੇ ਤਾਂ ਕੀ ਬੈਂਕ ਤੁਹਾਨੂੰ ਮੁਆਵਜ਼ਾ ਦੇਵੇਗਾ? ਜੇ ਨਹੀਂ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਸੇਫਟੀ ਲਾਕਰ
ਜ਼ਿਆਦਾਤਰ ਖਾਤਾਧਾਰਕ ਬੈਂਕ ਲਾਕਰਾਂ ਨੂੰ ਬਹੁਤ ਸੁਰੱਖਿਅਤ ਜਗ੍ਹਾ ਮੰਨਦੇ ਹਨ ਤੇ ਇਸੇ ਲਈ ਲਾਕਰ ਦੀ ਫੀਸ ਤੋਂ ਇਲਾਵਾ ਬੀਮਾ ਪਾਲਿਸੀ ਵੀ ਖਰੀਦਦੇ ਹਨ ਜਾਂ ਫਿਕਸ ਡਿਪਾਜ਼ਿਟ ਕਰਵਾਉਂਦੇ ਹਨ ਤਾਂ ਕਿ ਕੰਧ 'ਚ ਫਿੱਟ ਹੋਇਆ ਲੋਹੇ ਦਾ ਬਕਸਾ ਉਨ੍ਹਾਂ ਨੂੰ ਮੁਹੱਈਆ ਹੋ ਸਕੇ। 
ਫੈਡਰਲ ਬੈਂਕ ਲਿਮ. ਦੇ ਰਿਟੇਲ ਮੈਨੇਜਰ ਜੋਸ ਕੇ. ਮੈਥਿਊ ਦਾ ਕਹਿਣਾ ਹੈ ਕਿ ਲਾਕਰਾਂ ਦੀ ਬਹੁਤ ਭਾਰੀ ਮੰਗ ਹੈ। ਇਸ ਸਮੇਂ ਬੈਂਕ ਕੋਲ 1 ਲੱਖ 75 ਹਜ਼ਾਰ ਬੈਂਕ ਲਾਕਰ ਹਨ, ਜਿਨ੍ਹਾਂ ਦੀ 65-70 ਫੀਸਦੀ ਵਰਤੋਂ ਹੋ ਰਹੀ ਹੈ। ਜਨਤਕ ਖੇਤਰ ਦੀਆਂ ਬੈਂਕ ਬ੍ਰਾਂਚਾਂ 'ਚ ਲਾਕਰ ਦੀ ਸਹੂਲਤ ਚਾਹੁਣ ਵਾਲਿਆਂ ਦੀ ਉਡੀਕ ਸੂਚੀ ਅਕਸਰ ਬਹੁਤ ਲੰਬੀ ਹੁੰਦੀ ਹੈ। 
ਅਜਿਹੀ ਸਥਿਤੀ 'ਚ ਲੋਕ ਲਾਕਰ ਦੀ ਸਹੂਲਤ ਲੈਣ ਲਈ ਅਰਜ਼ੀਆਂ ਦਿੰਦੇ ਰਹਿੰਦੇ ਹਨ ਪਰ ਸਵਾਲ ਉੱਠਦਾ ਹੈ ਕਿ ਕੀ ਤੁਹਾਡੀਆਂ ਕੀਮਤੀ ਚੀਜ਼ਾਂ ਇਨ੍ਹਾਂ ਬੈਂਕ ਲਾਕਰਾਂ 'ਚ ਸੁਰੱਖਿਅਤ ਹੁੰਦੀਆਂ ਹਨ? ਜੇ ਕੋਈ ਇਨ੍ਹਾਂ ਨੂੰ ਸੰਨ੍ਹ ਲਾ ਕੇ ਚੋਰੀ ਕਰ ਲਵੇ ਤਾਂ ਇਸ ਦੇ ਲਈ ਕੀ ਕੋਈ ਜ਼ਿੰਮੇਵਾਰ ਹੋਵੇਗਾ?
ਕਿਸੇ ਵੀ ਅਦ੍ਰਿਸ਼ ਜੋਖਮ ਤੋਂ ਬਚਣ ਲਈ ਤੁਹਾਨੂੰ ਖੁਦ ਆਪਣੀਆਂ ਕੀਮਤੀ ਚੀਜ਼ਾਂ ਦਾ ਬੀਮਾ ਕਰਵਾਉਣਾ ਪੈਂਦਾ ਹੈ, ਜੋ ਉਨ੍ਹਾਂ ਦੀ ਕੀਮਤ 'ਤੇ ਆਧਾਰਿਤ ਹੁੰਦਾ ਹੈ ਪਰ ਕਿਸੇ ਬੈਂਕ ਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਆਪਣੇ ਲਾਕਰ 'ਚ ਕੀ ਰੱਖਿਆ ਹੈ, ਇਸ ਲਈ ਉਹ ਇਨ੍ਹਾਂ 'ਤੇ ਤੁਹਾਨੂੰ ਕੋਈ ਸੁਰੱਖਿਆ ਕਵਰ ਮੁਹੱਈਆ ਨਹੀਂ ਕਰਵਾਉਂਦੇ।
ਕੋਟਕ ਮਹਿੰਦਰਾ ਬੈਂਕ ਦੇ ਸੀਨੀਅਰ ਕਾਰਜਕਾਰੀ ਉਪ-ਪ੍ਰਧਾਨ ਵਿਰਾਟ ਦੀਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੈਂਕ ਕੋਲ 2 ਲੱਖ ਦੇ ਲੱਗਭਗ ਲਾਕਰ ਹਨ, ਜਿਨ੍ਹਾਂ ਦੀ 60-65 ਫੀਸਦੀ ਵਰਤੋਂ ਹੋ ਰਹੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਲਾਕਰ ਕਾਰਨ ਬੈਂਕ ਅਤੇ ਇਸ ਦੇ ਖਾਤਾਧਾਰਕਾਂ ਵਿਚਾਲੇ ਕਿਰਾਏਦਾਰ ਤੇ ਮਕਾਨ ਮਾਲਕ ਵਰਗਾ ਰਿਸ਼ਤਾ ਬਣ ਜਾਂਦਾ ਹੈ ਭਾਵ ਬੈਂਕ ਆਪਣੀ ਜਗ੍ਹਾ ਕਿਰਾਏ 'ਤੇ ਦਿੰਦਾ ਹੈ ਅਤੇ ਖਾਤਾਧਾਰਕ ਨੇ ਉਸ ਜਗ੍ਹਾ ਦੀ ਵਰਤੋਂ ਆਪਣੀ ਮਰਜ਼ੀ ਨਾਲ ਕਰਨੀ ਹੁੰਦੀ ਹੈ।
ਜਦੋਂ ਵੀ ਤੁਸੀਂ ਬੈਂਕ ਲਾਕਰ ਲੈਂਦੇ ਹੋ ਤਾਂ ਬੈਂਕ ਨਾਲ ਇਕ ਐਗਰੀਮੈਂਟ ਕਰਦੇ ਹੋ, ਜਿਸ 'ਚ ਸਪੱਸ਼ਟ ਤੌਰ 'ਤੇ ਲਿਖਿਆ ਹੁੰਦਾ ਹੈ ਕਿ ਬੈਂਕ ਤੁਹਾਡੇ ਡਿਪਾਜ਼ਿਟ ਲਾਕਰ ਲਈ ਜ਼ਿੰਮੇਵਾਰ ਨਹੀਂ ਹੋਵੇਗਾ ਭਾਵ ਮੀਂਹ, ਹੜ੍ਹ, ਅੱਗ, ਭੂਚਾਲ ਬਿਜਲੀ ਡਿਗਣ, ਲੜਾਈ ਦੰਗੇ ਜਾਂ ਚੋਰੀ ਆਦਿ ਕਿਸੇ ਵੀ ਕਾਰਨ ਹੋਣ ਵਾਲੇ ਨੁਕਸਾਨ ਲਈ ਬੈਂਕ ਜ਼ਿੰਮੇਵਾਰ ਨਹੀਂ ਹੋਵੇਗਾ ਕਿਉਂਕਿ ਇਨ੍ਹਾਂ 'ਚੋਂ ਕੋਈ ਵੀ ਚੀਜ਼ ਬੈਂਕ ਦੇ ਵੱਸ 'ਚ ਨਹੀਂ ਹੁੰਦੀ। 
ਇਸ ਲਈ ਬੈਂਕ ਵਾਲੇ ਲਾਕਰ ਲੈਣ ਵਾਲਿਆਂ ਨੂੰ ਇਹੋ ਸਲਾਹ ਦਿੰਦੇ ਹਨ ਕਿ ਉਹ ਲਾਕਰ 'ਚ ਪਈਆਂ ਚੀਜ਼ਾਂ ਦਾ ਬੀਮਾ ਕਰਵਾ ਲੈਣ। ਫਿਰ ਵੀ ਮੁੰਬਈ ਦੇ ਖਪਤਕਾਰ ਐਕਟੀਵਿਸਟ ਜਹਾਂਗੀਰ ਗਾਈ ਦਾ ਕਹਿਣਾ ਹੈ ਕਿ ਅਜਿਹੇ ਨੁਕਸਾਨ ਲਈ ਬੈਂਕ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਮਿਸਾਲ ਦੇ ਤੌਰ 'ਤੇ 2006 'ਚ ਕੌਮੀ ਖਪਤਕਾਰ ਸ਼ਿਕਾਇਤ ਨਿਵਾਰਣ ਕਮਿਸ਼ਨ ਨੇ ਇਕ ਝਗੜੇ ਦਾ ਫੈਸਲਾ ਕਰਦਿਆਂ ਲਾਕਰ 'ਚ ਰੱਖੀਆਂ ਚੀਜ਼ਾਂ ਦੇ ਨੁਕਸਾਨ ਲਈ ਬੈਂਕ ਨੂੰ ਜ਼ਿੰਮੇਵਾਰ ਠਹਿਰਾਇਆ ਸੀ। 
ਇਸ ਘਟਨਾ 'ਚ ਲਾਕਰ ਨੂੰ ਉਸ ਦੇ ਪੁਰਾਣੇ ਖਾਤਾਧਾਰਕ ਨੇ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਤੋੜ ਲਿਆ ਸੀ ਤੇ ਉਸ 'ਚੋਂ ਸਾਰੀਆਂ ਕੀਮਤੀ ਚੀਜ਼ਾਂ ਤੇ ਸੋਨੇ ਦੇ ਗਹਿਣੇ ਆਦਿ ਕੱਢ ਕੇ ਲੈ ਗਿਆ ਸੀ। ਬਾਅਦ 'ਚ ਬੈਂਕ ਅਤੇ ਸਾਬਕਾ ਲਾਕਰ ਧਾਰਕ ਨੇ ਮੰਨਿਆ ਸੀ ਕਿ ਚੋਰੀ ਉਨ੍ਹਾਂ ਨੇ ਹੀ ਕੀਤੀ ਸੀ। ਇਸੇ ਤਰ੍ਹਾਂ 2012 'ਚ ਵੀ ਇਕ ਬੈਂਕ ਨੂੰ ਅਜਿਹੇ ਨੁਕਸਾਨ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਕਿਉਂਕਿ ਲਾਕਰ ਨੂੰ ਸਹੀ ਢੰਗ ਨਾਲ ਬੰਦ ਨਹੀਂ ਕੀਤਾ ਗਿਆ ਸੀ ਤੇ ਉਸ 'ਚ ਰੱਖੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਸਨ।
ਇਸ ਲਈ ਆਪਣੇ ਲਾਕਰ 'ਚ ਰੱਖੀਆਂ ਚੀਜ਼ਾਂ ਨੂੰ ਸੁਰੱਖਿਅਤ ਕਰਨ ਲਈ ਸਹੀ ਬੀਮਾ ਕਰਵਾਓ। ਆਮ ਤੌਰ 'ਤੇ ਬੈਂਕ ਲਾਕਰਾਂ 'ਤੇ ਮਿਲਣ ਵਾਲਾ ਬੀਮਾ ਸਭ ਤੋਂ ਜ਼ਿਆਦਾ ਸਸਤਾ ਹੁੰਦਾ ਹੈ। ਬੀਮਾ ਕੰਪਨੀ ਤੁਹਾਨੂੰ ਲਾਕਰ 'ਚ ਰੱਖੀਆਂ ਚੀਜ਼ਾਂ 'ਤੇ ਬੀਮਾ ਉਸੇ ਸਥਿਤੀ 'ਚ ਦਿੰਦੀ ਹੈ, ਜੇ ਤੁਹਾਡੇ ਘਰ ਦਾ ਵੀ ਬੀਮਾ ਹੋਇਆ ਹੋਵੇ।     
ਪਰ ਜੇ ਤੁਸੀਂ ਬੀਮਾ ਕੰਪਨੀ ਨੂੰ ਇਹ ਦੱਸਦੇ ਹੋ ਕਿ ਤੁਸੀਂ ਕਿਰਾਏ ਦੇ ਮਕਾਨ 'ਚ ਰਹਿੰਦੇ ਹੋ ਤਾਂ ਉਹ ਮਕਾਨ ਦੀ ਬਜਾਏ ਸਿਰਫ ਤੁਹਾਡੀਆਂ ਕੀਮਤੀ ਚੀਜ਼ਾਂ 'ਤੇ ਹੀ ਚੋਰੀ ਵਿਰੁੱਧ ਬੀਮਾ ਕਰੇਗੀ। ਇਸ 'ਤੇ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਤੁਹਾਡੀਆਂ ਕੀਮਤੀ ਚੀਜ਼ਾਂ ਦੀ ਚੋਰੀ ਵਿਰੁੱਧ ਘਰ 'ਚ ਹੀ ਬੀਮਾ ਹੋ ਜਾਂਦਾ ਹੈ ਤਾਂ ਇਨ੍ਹਾਂ ਨੂੰ ਬੈਂਕ ਲਾਕਰ 'ਚ ਰੱਖਣ ਦੀ ਕੀ ਲੋੜ ਹੈ? ਉਥੇ ਰੱਖਣ ਦੀ ਬਜਾਏ ਕਿਉਂ ਨਾ ਇਹ ਚੀਜ਼ਾਂ ਘਰ 'ਚ ਹੀ ਰੱਖੀਆਂ ਜਾਣ ਅਤੇ ਬੀਮੇ ਦੀ ਸੁਰੱਖਿਆ ਦਾ ਲਾਭ ਉਠਾਇਆ ਜਾਵੇ।                 


Related News