ਸਿਰਫ ਮੋਦੀ ਨੂੰ ਨਿਸ਼ਾਨਾ ਬਣਾਉਣ ਨਾਲ ਕੰਮ ਨਹੀਂ ਚੱਲੇਗਾ

01/24/2019 5:32:39 AM

ਆਉਣ ਵਾਲੇ ਇਕ-ਦੋ ਮਹੀਨਿਆਂ ’ਚ ਆਮ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਲ-ਨਾਲ ਹੁਣ ਸਰਕਾਰ ਵੀ ‘ਚੋਣ ਮੋਡ’ ਵਿਚ ਆ ਗਈ ਹੈ। ਵੱਡਾ ਸਵਾਲ ਇਹ ਹੈ ਕਿ ਕੀ ਰਾਜਗ ਸਰਕਾਰ ਵਾਪਸੀ ਕਰ ਸਕੇਗੀ ਜਾਂ ਮਹਾਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਗੈਰ-ਭਾਜਪਾ ਪਾਰਟੀਆਂ ਦਾ ਸਮੂਹ ਸੱਤਾ ’ਚ ਆਏਗਾ?
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਵਲੋਂ ਹੁਣੇ ਜਿਹੇ ਕੋਲਕਾਤਾ ’ਚ ਆਯੋਜਿਤ ਵਿਸ਼ਾਲ ਰੈਲੀ ਨੇ ਮਹਾਗੱਠਜੋੜ ਲਈ ਬਿਗੁਲ ਵਜਾ ਦਿੱਤਾ, ਜਿਸ ’ਚ ਕਈ ਖੇਤਰੀ ਪਾਰਟੀਆਂ ਸਮੇਤ 23 ਸਿਆਸੀ ਪਾਰਟੀਆਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ।
 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਇਹ  ਕਹਿ ਕੇ ਪ੍ਰਤੀਕਿਰਿਆ ਜ਼ਾਹਿਰ ਕੀਤੀ ਕਿ ਰੈਲੀ ’ਚ ਘੱਟੋ-ਘੱਟ 8 ਨੇਤਾ ਅਜਿਹੇ ਸਨ, ਜੋ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਚਾਹਵਾਨ ਹਨ। ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਦਾ ਗੱਠਜੋੜ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ।
ਭਾਜਪਾ ਆਗੂ ਚਾਹੇ ਇਨ੍ਹਾਂ ਸਿਆਸੀ ਪਾਰਟੀਆਂ  ਵਲੋਂ ਇਕ-ਦੂਜੀ ਦਾ ਹੱਥ ਫੜਨ ਦੇ ਯਤਨਾਂ ਨੂੰ ਖਾਰਿਜ ਕਰਦੇ  ਹੋਣ, ਇਹ ਤੱਥ  ਹੈ  ਕਿ ਜਿਸ ਤਰ੍ਹਾਂ ਇਹ ਪਾਰਟੀਆਂ ਮੁੱਖ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾ ਰਹੀਆਂ ਹਨ, ਉਹ ਸ਼ਾਇਦ ਉਹੀ ਗਲਤੀ ਕਰ ਰਹੀਆਂ ਹਨ, ਜੋ ਮੋਦੀ ਨੇ ਪਹਿਲਾਂ ‘ਕਾਂਗਰਸ ਮੁਕਤ ਭਾਰਤ’ ਦਾ ਸੱਦਾ ਦੇ ਕੇ ਕੀਤੀ ਸੀ।
ਪਿਛਲੇ ਕੁਝ ਸਾਲਾਂ ਦੌਰਾਨ ਭਾਜਪਾ ਨੇ ਇਕ ਤੋਂ ਬਾਅਦ ਇਕ ਜਿੱਤ ਹਾਸਲ ਕੀਤੀ ਅਤੇ ਲਗਭਗ ਉਨ੍ਹਾਂ ਸਾਰੇ ਸੂਬਿਆਂ ’ਚ ਕਾਂਗਰਸ ਨੂੰ ਗੱਦੀਓਂ ਲਾਹੁਣ ’ਚ  ਸਫਲ ਰਹੀ, ਜਿਥੇ ਕਾਂਗਰਸ ਸੱਤਾ ’ਚ ਸੀ। ਫਿਰ ਵੀ ਜਿਵੇਂ ਕਿ ਦਸੰਬਰ ਦੇ ਚੋਣ ਨਤੀਜੇ ਦਿਖਾਉਂਦੇ ਹਨ, ਕਾਂਗਰਸ ਵਾਪਸੀ ਵੱਲ ਵਧ ਰਹੀ ਹੈ ਅਤੇ ਭਾਜਪਾ ਨੂੰ ‘ਕਾਂਗਰਸ ਮੁਕਤ ਭਾਰਤ’ ਦਾ ਸੁਪਨਾ ਸਤਾਉਣ ਲੱਗਾ ਹੈ। 
2014 ਦੀਆਂ ਆਮ ਚੋਣਾਂ ਦੌਰਾਨ ਤੇ ਉਸ ਤੋਂ  ਬਾਅਦ ਭਾਜਪਾ ਦੇ ਪ੍ਰਚਾਰ ਦਾ ਮੁੱਖ ਜ਼ੋਰ ਕਾਂਗਰਸ ਨੂੰ ਉਖਾੜ ਸੁੱਟਣ ’ਤੇ ਸੀ ਤੇ ਇਹ ਕਾਫੀ ਹੱਦ ਤਕ ਇਸ ’ਚ ਸਫਲ ਵੀ ਹੋਈ ਪਰ ਹੁਣ ਉਹੀ ਨਾਅਰਾ ਉਸ ’ਤੇ ਉਲਟਾ ਪੈਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਸਰਕਾਰ ਕੋਲ ਆਪਣੀਆਂ ਪ੍ਰਾਪਤੀਆਂ ਦੇ ਤੌਰ ’ਤੇ ਦਿਖਾਉਣ ਲਈ ਕੁਝ ਖਾਸ ਨਹੀਂ ਹੈ। 
ਮੋਦੀ ਸਰਕਾਰ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ
ਇਸ ’ਚ ਕੋਈ ਸ਼ੱਕ ਨਹੀਂ ਕਿ ਮੋਦੀ ਸਰਕਾਰ ਦੀ ਹਰਮਨਪਿਆਰਤਾ ’ਚ ਗਿਰਾਵਟ ਆਈ ਹੈ ਅਤੇ ਸੱਤਾ ਵਿਰੋਧੀ ਲਹਿਰ ਦੇ ਸੰਕੇਤ ਵੀ ਹਨ ਪਰ ਆਉਣ ਵਾਲੀਆਂ ਆਮ ਚੋਣਾਂ ’ਚ ਇਸ ਦੀ ਸੰਭਾਵਨਾ ਨੂੰ ਇੰਝ ਹੀ ਖਾਰਿਜ ਨਹੀਂ ਕੀਤਾ ਜਾ ਸਕਦਾ। ਮਹਾਗੱਠਜੋੜ ਦੇ ਮੈਂਬਰ ਇਕ ਵੱਡੀ ਗਲਤੀ ਕਰਨਗੇ, ਜੇ ਉਹ ਸੋਚਦੇ ਹਨ ਕਿ ‘ਮੋਦੀ ਮੁਕਤ ਭਾਰਤ’ ਕਹਿ ਕੇ ਸਿਰਫ ਮੋਦੀ ਨੂੰ ਨਿਸ਼ਾਨਾ ਬਣਾਉਣ ਨਾਲ ਉਨ੍ਹਾਂ ਨੂੰ ਕੋਈ  ਫਾਇਦਾ ਹੋਵੇਗਾ। ਉਨ੍ਹਾਂ ਨੂੰ ਲੋੜ ਹੈ ਇਕ ਘੱਟੋ-ਘੱਟ ਸਾਂਝੇ ਪ੍ਰੋਗਰਾਮ ਨਾਲ ਅੱਗੇ ਆਉਣ ਦੀ, ਜਿਸ ’ਚ ਉਨ੍ਹਾਂ ਕਦਮਾਂ ਨੂੰ ਸੂਚੀਬੱਧ ਕੀਤਾ ਜਾਵੇ, ਜਿਹੜੇ ਉਹ ਗੈਰ-ਭਾਜਪਾ ਸਰਕਾਰ ਦੇ ਸੱਤਾ ’ਚ ਆਉਣ ਦੀ ਸੂਰਤ ’ਚ ਉਠਾਉਣਗੇ। 
ਇਕ ਇੱਛਾਵਾਨ ਦੇਸ਼ ਅਤੇ ਇਸ ਦੇ ਨੌਜਵਾਨ (ਜਿਨ੍ਹਾਂ ਦੀ ਗਿਣਤੀ ਹੁਣ ਦਰਮਿਆਨੇ ਉਮਰ ਵਰਗ ਤੇ ਬਜ਼ੁਰਗਾਂ ਨਾਲੋਂ ਕਿਤੇ ਜ਼ਿਆਦਾ ਹੈ) ਜਾਣਨਾ ਚਾਹੁਣਗੇ ਕਿ ਰੋਜ਼ਗਾਰ ਪੈਦਾ ਕਰਨ ਜਾਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਤੇ ਖੇਤੀਬਾੜੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਆਉਣ ਵਾਲੀ ਸਰਕਾਰ ਦੀਆਂ ਕੀ ਯੋਜਨਾਵਾਂ ਹਨ। ਸਿਰਫ ਵਾਅਦੇ ਕਰਨਾ ਲੋਕਾਂ ਨੂੰ ਮਨਜ਼ੂਰ ਨਹੀਂ ਹੋਵੇਗਾ।
 ਉਹ ਦੇਸ਼ ਲਈ ਇਕ ਸਮਾਂਬੱਧ ਅਤੇ ਭਰੋਸੇਯੋਗ ਰੂਪ-ਰੇਖਾ ਚਾਹੁਣਗੇ। ਉਨ੍ਹਾਂ ਨੂੰ ਇਹ ਭਰੋਸਾ ਦਿਵਾਉਣ ਦੀ ਲੋੜ ਹੋਵੇਗੀ ਕਿ ਵਿਰੋਧੀ ਧਿਰ ਦੇ ਨੇਤਾ ਸਿਰਫ ਮੋਦੀ ਨੂੰ ਹਟਾਉਣ ਜਾਂ ਸੱਤਾ ਹਾਸਲ ਕਰਨ ਦੇ ਇਕੋ-ਇਕ ਉਦੇਸ਼ ਨੂੰ ਲੈ ਕੇ ਇਕੱਠੇ ਨਹੀਂ ਹੋ ਰਹੇ ਸਗੋਂ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲਿਜਾਣ ਲਈ ਇਕਜੁੱਟ ਹੋ ਰਹੇ ਹਨ।
ਸਿਆਸੀ ਇੱਛਾਵਾਂ ਅਤੇ ਆਪਾ-ਵਿਰੋਧ
ਨੇਤਾਵਾਂ ਦੀਆਂ ਸਿਆਸੀ ਇੱਛਾਵਾਂ ਤੋਂ ਇਲਾਵਾ ਮਹਾਗੱਠਜੋੜ ਲਈ ਅੰਦਰੂਨੀ ਆਪਾ-ਵਿਰੋਧਾਂ ਨਾਲ ਨਜਿੱਠਣਾ ਵੀ ਸੌਖਾ ਨਹੀਂ ਹੋਵੇਗਾ। ਮਿਸਾਲ ਵਜੋਂ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਲਈ ਖੱਬੀਆਂ ਪਾਰਟੀਆਂ ਨਾਲ ਗੱਠਜੋੜ ਕਰਨਾ ਮੁਸ਼ਕਿਲ ਹੋਵੇਗਾ, ਜੋ ਪੱਛਮੀ ਬੰਗਾਲ ’ਚ ਇਸ ਦੇ ਮੁੱਖ ਵਿਰੋਧੀ ਹਨ।
ਇਸੇ ਤਰ੍ਹਾਂ ਸਪਾ ਤੇ ਬਸਪਾ ਨੇ ਯੂ. ਪੀ. ’ਚ ਗੱਠਜੋੜ ਕਰ ਲਿਆ ਹੈ, ਜਿਸ ’ਚੋਂ ਕਾਂਗਰਸ ਨੂੰ ਬਾਹਰ ਰੱਖਿਆ ਗਿਆ ਹੈ। ਕਾਂਗਰਸ ਨੇ ਐਲਾਨ ਕੀਤਾ ਹੈ ਕਿ ਉਹ ਯੂ. ਪੀ. ’ਚ ਸਾਰੀਆਂ ਸੰਸਦੀ ਸੀਟਾਂ ’ਤੇ ਚੋਣਾਂ ਲੜੇਗੀ, ਜਿਸ ਨਾਲ ਦੇਸ਼ ਦੇ ਸਭ ਤੋਂ ਵੱਡੇ ਸੂਬੇ ’ਚ ਤਿਕੋਣੀ ਲੜਾਈ ਯਕੀਨੀ ਬਣ ਗਈ ਹੈ।
 ਜ਼ਿਕਰਯੋਗ ਹੈ ਕਿ ਯੂ. ਪੀ. ਤੋਂ 80 ਲੋਕ ਸਭਾ ਮੈਂਬਰ ਚੁਣ ਹੋ ਕੇ ਆਉਂਦੇ ਹਨ। ‘ਆਮ ਆਦਮੀ ਪਾਰਟੀ’ ਨੇ ਵੀ ਦਿੱਲੀ ਤੇ ਪੰਜਾਬ ’ਚ ਇਕੱਲਿਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਤੇ ਕਾਂਗਰਸ ਨਾਲ ਕਿਸੇ ਵੀ ਗੱਠਜੋੜ ਤੋਂ ਇਨਕਾਰ ਕੀਤਾ ਹੈ। 
ਜਿਥੇ ਇਹ ਸੱਚ ਹੈ ਕਿ ਸਾਡੀ ਸਰਕਾਰ ਸੰਸਦੀ ਪ੍ਰਣਾਲੀ ਵਾਲੀ ਹੈ, ਨਾ ਕਿ ਰਾਸ਼ਟਰਪਤੀ ਪ੍ਰਣਾਲੀ ਵਾਲੀ, ਜਿਵੇਂ  ਕਿ ਅਮਰੀਕਾ ’ਚ ਹੈ ਪਰ ਜਿਥੋਂ ਤਕ ਚੋਣਾਂ ਦਾ ਸਬੰਧ ਹੈ, ਅਸੀਂ ਬਹੁਤ ਤੇਜ਼ੀ ਨਾਲ ਰਾਸ਼ਟਰਪਤੀ ਪ੍ਰਣਾਲੀ ਵੱਲ ਝੁਕ ਰਹੇ ਹਾਂ। ਇਹੋ ਵਜ੍ਹਾ ਹੈ ਕਿ ਭਾਜਪਾ ਮੋਦੀ ਬਨਾਮ ਰਾਹੁਲ ਗਾਂਧੀ ਮੁਕਾਬਲੇ ’ਤੇ ਧਿਆਨ ਦੇ ਰਹੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਆਹਮੋ-ਸਾਹਮਣੇ ਵਾਲੀ ਲੜਾਈ ’ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਜੇ ਵੀ ਮੋਦੀ ਦੇ ਤਜਰਬੇ ਅਤੇ ਭਾਸ਼ਣਬਾਜ਼ੀ ’ਚ ਮੁਕਾਬਲਾ ਨਹੀਂ ਕਰ ਸਕਦੇ।
ਸੰਭਾਵੀ ਪ੍ਰਧਾਨ ਮੰਤਰੀ ਨੂੰ ਲੈ ਕੇ ਸ਼ੱਕ
ਬੇਸ਼ੱਕ ਸਿਆਸੀ ਪਾਰਟੀਆਂ ਇਹ ਰੁਖ਼ ਅਪਣਾ ਰਹੀਆਂ ਹਨ ਕਿ ਸੰਸਦੀ ਪ੍ਰਣਾਲੀ ਦੇ ਤਹਿਤ ਚੁਣੇ ਹੋਏ ਨੁਮਾਇੰਦੇ ਆਪਣਾ ਨੇਤਾ ਚੁਣਨਗੇ ਪਰ ਵੋਟਰਾਂ ਨੂੰ ਸੰਭਾਵੀ ਪ੍ਰਧਾਨ ਮੰਤਰੀ ਨੂੰ ਲੈ ਕੇ ਸ਼ੱਕ ਹੈ। ਇਕ ਤਰ੍ਹਾਂ ਨਾਲ ਇਹ ਸਹੀ ਹੈ ਕਿਉਂਕਿ ਆਉਣ ਵਾਲੀਆਂ ਚੋਣਾਂ ’ਚ ਕਿਸੇ ਵਿਸ਼ੇਸ਼ ਪਾਰਟੀ ਦੇ ਪੱਖ ’ਚ ਸਪੱਸ਼ਟ ਫਤਵਾ ਆਉਣ ਦੀ  ਸੰਭਾਵਨਾ ਨਹੀਂ ਹੈ ਤੇ ਦੋਹਾਂ ਮਾਮਲਿਆਂ ’ਚ ਅਜਿਹੀ ਆਸ ਹੈ ਕਿ ਗੱਠਜੋੜ ਭਾਈਵਾਲਾਂ ਦੀ ਲੈਣ-ਦੇਣ ਦੀ ਤਾਕਤ ਅਗਲੇ ਪ੍ਰਧਾਨ ਮੰਤਰੀ ਦਾ ਫੈਸਲਾ ਕਰੇਗੀ।
ਇਸ ਲਈ ਮਹਾਗੱਠਜੋੜ ਨੂੰ ਇਹ ਸੋਚਣ ਨਾਲੋਂ ਕਿਤੇ ਜ਼ਿਆਦਾ ਕਰਨਾ ਪਵੇਗਾ ਕਿ ਚੋਣਾਂ ਗਣਿਤ ਦੀ ਖੇਡ ਹਨ ਜਾਂ ਪੁਰਾਣੇ ਅੰਕੜਿਆਂ ਨੂੰ ਦੇਖਦਿਆਂ ਸਪਾ-ਬਸਪਾ ਮਿਲ ਕੇ ਭਾਜਪਾ ਨਾਲੋਂ ਜ਼ਿਆਦਾ ਵੋਟਾਂ ਹਾਸਲ ਕਰ ਲੈਣਗੀਆਂ। ਗਣਿਤ ਅਤੇ ਭੌਤਿਕ ਵਿਗਿਆਨ ਨਾਲੋਂ ਜ਼ਿਆਦਾ ਇਹ ਨੇਤਾਵਾਂ ਤੇ ਗੱਠਜੋੜਾਂ ਵਿਚਲੀ ਕੈਮਿਸਟਰੀ ਹੈ, ਜੋ ਨੇੜਲੇ ਭਵਿੱਖ ’ਚ ਦੇਸ਼ ਦੀ ਸਿਆਸੀ ਕਿਸਮਤ ਦਾ ਫੈਸਲਾ ਕਰੇਗੀ।           vipinpubby@gmail.com


Related News