ਅਕਬਰ ਦੇ ਅਸਤੀਫੇ ਨਾਲ ਸਾਰੇ ਸਵਾਲਾਂ ਦਾ ਜਵਾਬ ਨਹੀਂ ਮਿਲ ਜਾਂਦਾ

Thursday, Oct 18, 2018 - 06:37 AM (IST)

ਮਰਿਆਦਾ ਪੁਰਸ਼ੋਤਮ ਦੀ ਰਾਮਲੀਲਾ ਦਰਮਿਆਨ ਵਿਦੇਸ਼ ਰਾਜ ਮੰਤਰੀ ਮੋਬਸ਼ਰ ਜਾਵੇਦ ਅਕਬਰ (ਐੱਮ. ਜੇ. ਅਕਬਰ) ਦੇ ਅਸਤੀਫੇ ਦੀ ਖਬਰ ਇਕ ਸ਼ੁਭ ਸਮਾਚਾਰ ਹੈ ਪਰ ਕੀ ਇਹ ਅਸਤੀਫਾ  ਸੈਕਸ ਸ਼ੋਸ਼ਣ ਵਿਰੁੱਧ ਔਰਤਾਂ ਦੇ ਅੰਦੋਲਨ ਦਾ ਸਿੱਟਾ ਹੈ ਜਾਂ ਫਿਰ ਇਸ ਅੰਦੋਲਨ ਦੇ ਨਵੇਂ ਦੌਰ ਦੀ ਸ਼ੁਰੂਆਤ? ਇਸ ਅਸਤੀਫੇ ਪਿੱਛੇ ਸਾਧਾਰਨ ਦੋਸ਼ ਨਹੀਂ ਸਨ। 
ਅਕਬਰ ਵਿਰੁੱਧ ਪਿਛਲੇ 10 ਦਿਨਾਂ ’ਚ ਲੱਗੇ ਦੋਸ਼ਾਂ ਦੀ ਵੰਨਗੀ ਦੇਖੋ Û: ਇਕ ਕੁੜੀ ਕਹਿੰਦੀ ਹੈ ਕਿ ਉਨ੍ਹਾਂ ਨੇ ਮੈਨੂੰ ਹੋਟਲ ’ਚ ਮਿਲਣ ਲਈ ਸੱਦਿਆ ਅਤੇ ਜਦੋਂ ਦਰਵਾਜ਼ਾ  ਖੋਲ੍ਹਿਆ  ਤਾਂ ਉਨ੍ਹਾਂ ਨੇ ਸਿਰਫ ਅੰਡਰਵੀਅਰ ਪਹਿਨਿਆ ਹੋਇਆ ਸੀ। ਇਕ ਹੋਰ ਕੁੜੀ ਦੱਸਦੀ ਹੈ ਕਿ ਅਕਬਰ ‘ਅੰਕਲ’ ਉਸ ਦੇ ਪਿਤਾ ਜੀ ਦੇ ਮਿੱਤਰ ਸਨ, ਇਸ ਲਈ ਇੰਟਰਨਸ਼ਿਪ ਵਾਸਤੇ ਉਹ ਵਿਦੇਸ਼ ਤੋਂ ਉਨ੍ਹਾਂ ਕੋਲ ਆਈ ਪਰ ਉਨ੍ਹਾਂ ਨੇ ਉਸ ਨਾਲ ਜ਼ਬਰਦਸਤੀ ਕੀਤੀ।
ਕਈ ਕੁੜੀਆਂ ਦੱਸਦੀਆਂ ਹਨ ਕਿ ਜਦੋਂ ਅਕਬਰ ਸੰਪਾਦਕ ਸਨ ਤਾਂ ਕੁੜੀਆਂ ਨੂੰ ਆਪਣੇ ਕੈਬਿਨ ’ਚ ਬੁਲਾ ਕੇ ਜ਼ਬਰਦਸਤੀ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦੇ ਸਨ। ਕਈ ਔਰਤਾਂ ਦੱਸਦੀਆਂ ਹਨ ਕਿ ਉਹ ਨੌਕਰੀ ਦੀ ਇੰਟਰਵਿਊ ਆਪਣੇ ਦਫਤਰ ’ਚ ਨਹੀਂ, ਹੋਟਲ ਦੇ ਕਮਰੇ ’ਚ ਲੈਂਦੇ ਸਨ ਅਤੇ ਅਭੱਦਰ ਪ੍ਰਸਤਾਵ ਰੱਖਦੇ ਸਨ। ਉਨ੍ਹਾਂ ਨਾਲ ਕੰਮ ਕਰਨ ਵਾਲੀ ਲਗਭਗ ਹਰੇਕ ਔਰਤ ਕਹਿੰਦੀ ਹੈ ਕਿ ਉਹ ਔਰਤਾਂ ਨੂੰ ਘੂਰਦੇ ਸਨ, ਅਸ਼ਲੀਲ ਟਿੱਪਣੀਆਂ ਕਰਦੇ ਸਨ ਅਤੇ ਆਪਣੀ ਤਾਕਤ ਦੀ ਵਰਤੋਂ ਔਰਤਾਂ ਨੂੰ ‘ਫਸਾਉਣ’ ਲਈ ਕਰਦੇ ਸਨ। ਅਜੇ ਤਕ ਬਲਾਤਕਾਰ ਦਾ ਦੋਸ਼ ਕਿਸੇ ਨੇ ਨਹੀਂ ਲਾਇਆ ਹੈ ਪਰ ਹੋਰ ਕੋਈ ਕਸਰ ਬਾਕੀ ਵੀ ਨਹੀਂ ਬਚੀ।
ਹੁਣ ਤਕ ਲਗਭਗ 20 ਮਹਿਲਾ ਪੱਤਰਕਾਰ ਉਨ੍ਹਾਂ ’ਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾ ਚੁੱਕੀਆਂ ਹਨ। ਇਹ ਦੋਸ਼ ਵੱਖ-ਵੱਖ ਸ਼ਹਿਰਾਂ, ਵੱਖ-ਵੱਖ ਸਾਲ ਤੇ ਵੱਖ-ਵੱਖ ਅਖਬਾਰਾਂ ਦੇ ਦਫਤਰਾਂ ਤੋਂ ਹਨ। ਦੋਸ਼ ਲਾਉਣ ਵਾਲੀਆਂ ਕਈ ਔਰਤਾਂ ਇਕ-ਦੂਜੀ ਨੂੰ ਜਾਣਦੀਆਂ ਵੀ ਨਹੀਂ ਹਨ। ਉਨ੍ਹਾਂ ਨੂੰ ਜੋੜਨ ਵਾਲੀ ਇਕ ਹੀ ਤਾਰ ਹੈ ਕਿ ਇਹ ਸਾਰੀਆਂ ਜਵਾਨ ਔਰਤਾਂ ਸਨ, ਅਕਬਰ ਦੇ ਅਖਬਾਰ ’ਚ ਕੰਮ ਕਰਦੀਆਂ ਸਨ ਜਾਂ ਕਰਨਾ ਚਾਹੁੰਦੀਆਂ ਸਨ ਜਾਂ ਉਨ੍ਹਾਂ ਨੂੰ ਪੱਤਰਕਾਰ ਦੀ ਹੈਸੀਅਤ ਵਜੋਂ ਮਿਲਣਾ ਚਾਹੁੰਦੀਆਂ ਸਨ। ਇਨ੍ਹਾਂ ਸਾਰੀਆਂ ’ਤੇ ਬੌਸ ਦੀ ਨਜ਼ਰ ਪਈ ਅਤੇ ਉਹ ਉਨ੍ਹਾਂ ਦੀਆਂ ਗੰਦੀਆਂ ਹਰਕਤਾਂ ਦਾ ਸ਼ਿਕਾਰ ਹੋਈਆਂ।
ਐੱਮ. ਜੇ. ਅਕਬਰ ਦਾ ਅਸਤੀਫਾ ਇਨ੍ਹਾਂ ਔਰਤਾਂ ਦੀ ਹਿੰਮਤ ਦੀ ਜਿੱਤ ਹੈ, ਜਿਨ੍ਹਾਂ ਨੇ ਇੰਨਾ ਜੋਖਮ ਉਠਾ ਕੇ ਆਪਣਾ ਮੂੰਹ ਖੋਲ੍ਹਿਆ ਹੈ। ਇਸ ਅਸਤੀਫੇ ਨੂੰ ਕਿਸੇ ਸਿਆਸੀ ਵਿਚਾਰਧਾਰਾ ਜਾਂ ਪਾਰਟੀ ਨਾਲ ਜੋੜ ਕੇ ਦੇਖਣਾ ਗਲਤ ਹੋਵੇਗਾ। ਐੱਮ. ਜੇ. ਅਕਬਰ ਅੱਜ ਬੇਸ਼ੱਕ ਹੀ ਭਾਜਪਾ ਦੇ ਮੰਤਰੀ ਹੋਣ ਪਰ 80 ਦੇ ਦਹਾਕੇ ’ਚ ਉਹ ਸੈਕੁਲਰਿਸਟਾਂ ਦੇ ‘ਹੀਰੋ’ ਹੁੰਦੇ ਸਨ, ਨਹਿਰੂ ਦਾ ਗੁਣਗਾਨ ਕਰਦੇ ਸਨ, ਸੈਕੁਲਰ ਨਜ਼ਰੀਏ ਤੋਂ ਭਾਰਤੀ ਇਤਿਹਾਸ ਤੇ ਸਮਕਾਲੀਨ ਸਿਆਸਤ ’ਤੇ ਲਿਖਦੇ ਸਨ। 
ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਉੱਛਲ-ਉੱਛਲ ਕੇ ਐੱਮ. ਜੇ. ਅਕਬਰ ਦਾ ਅਸਤੀਫਾ ਮੰਗ ਰਹੀ ਸੀ ਪਰ ਉਨ੍ਹਾਂ ਨੂੰ ਸਿਆਸਤ ’ਚ ਲਿਆਉਣ ਦਾ ਸਿਹਰਾ ਭਾਜਪਾ ਨੂੰ ਨਹੀਂ ਸਗੋਂ ਕਾਂਗਰਸ ਨੂੰ ਜਾਂਦਾ ਹੈ। ਰਾਜੀਵ ਗਾਂਧੀ ਦੇ ਜ਼ਮਾਨੇ ’ਚ ਅਕਬਰ ਉਨ੍ਹਾਂ ਦੇ ਸਲਾਹਕਾਰ ਬਣੇ, ਬੋਫਰਜ਼ ਕਾਂਡ ’ਚ ਰਾਜੀਵ ਗਾਂਧੀ ਦੇ ਬਚਾਅ ’ਚ ਉਤਰੇ, ਵੀ. ਪੀ. ਸਿੰਘ ਦੇ ਵਿਰੁੱਧ ਸੇਂਟ ਕਿਟਸ ਘਪਲੇ ਦੇ ਫਰਜ਼ੀ ਦੋਸ਼ ਲਾਏ ਤੇ ਇਸ ਦੇ ਇਵਜ਼ ’ਚ ਕਾਂਗਰਸ ਦੀ ਟਿਕਟ ਲੈ ਕੇ ਲੋਕ ਸਭਾ ਦੀ ਚੋਣ ਜਿੱਤੀ। ਫਿਰ ਗਾਂਧੀ ਪਰਿਵਾਰ ਨਾਲ ਅਣਬਣ ਹੋਣ ਤੋਂ ਬਾਅਦ ਉਹ ਸ਼੍ਰੀ ਵਾਜਪਾਈ ਦੀ ਪਨਾਹ ’ਚ ਗਏ ਤੇ ਮੋਦੀ ਮੰਤਰੀ ਮੰਡਲ ’ਚ ਉਨ੍ਹਾਂ ਨੂੰ ਜਗ੍ਹਾ ਮਿਲੀ।
ਅਕਬਰ ਵਿਰੁੱਧ ਇਹ ਮੁਹਿੰਮ ਦੇਸ਼ ਭਰ ’ਚ ਔਰਤਾਂ ਦੇ ਸੈਕਸ ਸ਼ੋਸ਼ਣ ਵਿਰੁੱਧ ਚੱਲ ਰਹੀ ‘ਮੀ ਟੂ’ ਮੁਹਿੰਮ (ਭਾਵ ‘ਮੈਂ ਵੀ ਸੈਕਸ ਸ਼ੋਸ਼ਣ ਦਾ ਸ਼ਿਕਾਰ ਹੋਈ, ਮੈਂ ਵੀ ਬੋਲਾਂਗੀ।’) ਦਾ ਸਿੱਟਾ ਸੀ। ਇਸ ਮੁਹਿੰਮ ਕਾਰਨ ਪਿਛਲੇ 15 ਦਿਨਾਂ ’ਚ ਮੀਡੀਆ ਤੇ ਫਿਲਮ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਦੀਆਂ ਕਾਲੀਆਂ ਕਰਤੂਤਾਂ ਦਾ ਭਾਂਡਾ ਭੱਜਿਆ। ਕਈ ਸੰਸਥਾਵਾਂ ’ਚ ਲੋਕਾਂ ਨੇ ਅਸਤੀਫੇ ਦਿੱਤੇ ਹਨ, ਕਈ ਹਸਤੀਆਂ ਦਾ ਬਾਈਕਾਟ ਹੋਇਆ ਹੈ। 
ਔਰਤਾਂ ਨੂੰ ਕਾਫੀ ਸਾਲਾਂ ਬਾਅਦ ਇਸ ਵਿਰੁੱਧ ਮੂੰਹ ਖੋਲ੍ਹਣ ਦਾ ਮੌਕਾ ਮਿਲਿਆ, ਵੱਡੇ-ਵੱਡੇ ਇੱਜ਼ਤਦਾਰਾਂ ਦੇ ਤਾਜ ਉੱਛਲੇ ਹਨ, ਮਰਦ-ਸੱਤਾ  ਦਾ ਤਖਤ ਹਿੱਲਿਆ ਹੈ। ਜੇ ਇਸ ਪਿੱਛੇ ਕੋਈ ਵਿਚਾਰਧਾਰਾ ਹੈ ਤਾਂ ਉਹ ਹੈ ਨਾਰੀਵਾਦ ਦੀ ਵਿਚਾਰਧਾਰਾ ਅਤੇ ਜੇ ਕੋਈ ਸਿਆਸਤ ਹੈ ਤਾਂ ਉਹ ਹੈ ਮਹਿਲਾ ਅੰਦੋਲਨ ਦੀ ਸਿਆਸਤ।
ਅਕਬਰ ਦੇ ਅਸਤੀਫੇ ਨਾਲ ਕੁਝ ਅਟਕਲਾਂ ’ਤੇ ਤਾਂ ਰੋਕ ਲੱਗ ਜਾਂਦੀ ਹੈ ਪਰ ਸਾਰੇ ਸਵਾਲਾਂ ਦਾ ਜਵਾਬ ਨਹੀਂ ਮਿਲਦਾ। ਆਖਿਰ ਇੰਨੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਅਕਬਰ ਤੋਂ ਤੁਰੰਤ ਅਸਤੀਫਾ ਕਿਉਂ ਨਹੀਂ ਮੰਗਿਆ ਗਿਆ? ਵਿਦੇਸ਼ ਯਾਤਰਾ ਤੋਂ ਵਾਪਸ ਆ ਕੇ ਅਸਤੀਫਾ ਦੇਣ ਦੀ ਬਜਾਏ ਅਕਬਰ ਨੇ ਸਾਰੇ ਦੋਸ਼ਾਂ ਨੂੰ ਝੂਠ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ, ਪਹਿਲਾ ਦੋਸ਼ ਲਾਉਣ ਵਾਲੀ ਔਰਤ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਠੋਕ ਦਿੱਤਾ। ਜ਼ਾਹਿਰ ਹੈ ਕਿ ਉਦੋਂ ਉਨ੍ਹਾਂ ਨੂੰ ਪਾਰਟੀ ਅਤੇ ਸਰਕਾਰ ਦੇ ਮੁਖੀ ਦਾ ਆਸ਼ੀਰਵਾਦ ਪ੍ਰਾਪਤ ਸੀ। ਸਵਾਲ ਹੈ ਕਿ ਭਾਜਪਾ ਨੂੰ ਨੈਤਿਕਤਾ ਇੰਨੀ ਦੇਰ ਨਾਲ ਕਿਉਂ ਚੇਤੇ ਆਈ?
ਅਸਤੀਫਾ ਤਾਂ ਆ ਗਿਆ ਹੈ ਪਰ ਸਰਕਾਰ ਨੇ ਇਸ ਦੇ ਕਾਰਨ ਨਹੀਂ ਦੱਸੇ ਹਨ, ਅਗਾਂਹ ਕੀ ਹੋਵੇਗਾ, ਇਹ ਸਪੱਸ਼ਟ ਨਹੀਂ ਕੀਤਾ ਹੈ। ਕੀ ਸਿਰਫ ਅਸਤੀਫੇ ਨਾਲ ਮਾਮਲਾ ਖਤਮ ਹੋ ਜਾਵੇਗਾ? 
ਸਰਕਾਰਾਂ ਦੀ ਰਵਾਇਤ ਹੈ ਕਿ ਜਦੋਂ ਵੀ ਕਿਸੇ ਅਫਸਰ ਵਿਰੁੱਧ ਗੰਭੀਰ ਦੋਸ਼ ਲੱਗਦੇ ਹਨ ਤਾਂ ਉਸ ਦੀ ਬਦਲੀ ਕਰ ਦਿੱਤੀ ਜਾਂਦੀ ਹੈ ਅਤੇ ਮੰਨ ਲਿਆ ਜਾਂਦਾ ਹੈ ਕਿ ਬਦਲੀ ਕਰਨ ਨਾਲ ਇਨਸਾਫ ਹੋ ਗਿਆ। ਕੀ ਅਕਬਰ ਦੇ ਮਾਮਲੇ ’ਚ ਇਹੋ ਰਸਮ ਨਿਭਾਈ ਜਾਵੇਗੀ ਜਾਂ ਉਨ੍ਹਾਂ ਨੂੰ ਅਗਨੀ ਪ੍ਰੀਖਿਆ ’ਚੋਂ ਲੰਘਣ ਲਈ ਕਿਹਾ ਜਾਵੇਗਾ? ਕੀ ਮਾਮਲੇ ਦੀ ਈਮਾਨਦਾਰੀ ਨਾਲ ਜਨਤਕ ਜਾਂਚ ਨਹੀਂ ਹੋਣੀ ਚਾਹੀਦੀ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ? 
ਜਦ ਇੰਨੇ ਗੰਭੀਰ ਦੋਸ਼ਾਂ ਦੇ ਬਾਵਜੂਦ ਐੱਮ. ਜੇ. ਅਕਬਰ ਵਰਗੇ ਨੇਤਾ ਨੂੰ ਮੰਤਰੀ ਮੰਡਲ ’ਚ ਬਣਾਈ ਰੱਖਣ ਦਾ ਸੰਕੇਤ ਮਿਲਿਆ ਸੀ ਤਾਂ ਸਰਕਾਰ ਦੇ ਇਰਾਦੇ ਬਾਰੇ ਦੋ ਕਿਆਸ ਲੱਗੇ ਸਨ–ਜਾਂ ਤਾਂ ਪ੍ਰਧਾਨ ਮੰਤਰੀ ਆਪਣੀ ਮਜ਼ਬੂਤੀ ਦਾ ਸੰਦੇਸ਼ ਦੇਣਾ ਚਾਹੁੰਦੇ ਸਨ, ਜਿਵੇਂ ਪ੍ਰਧਾਨ ਮੰਤਰੀ ਕਹਿ ਰਹੇ ਹੋਣ ਕਿ ਔਰਤਾਂ ਦੇ ਇਸ ਰੌਲੇ ਤੋਂ ਮੈਂ ਘਬਰਾਉਂਦਾ ਨਹੀਂ। 
ਇਹ ਸੈਕਸ ਸ਼ੋਸ਼ਣ ਦਾ ਸਾਹਮਣਾ ਕਰਨ ਵਾਲੀ ਦੇਸ਼ ਦੀ ਹਰ ਔਰਤ ਲਈ ਨਿਰਾਸ਼ਾ ਦਾ ਕਾਰਨ ਬਣਿਆ ਸੀ। ਕੀ ਅਸੀਂ ਮੰਨ ਲਈਏ ਕਿ ਅਕਬਰ ਦੇ ਅਸਤੀਫੇ ਨਾਲ ਇਹ ਖਦਸ਼ਾ ਦੂਰ ਹੋ ਗਿਆ? ਕੀ ਪ੍ਰਧਾਨ ਮੰਤਰੀ ਨੂੰ ਸੈਕਸ ਸ਼ੋਸ਼ਣ ਦੇ ਸਵਾਲ ’ਤੇ ਆਪਣੀ ਚੁੱਪ ਨਹੀਂ ਤੋੜਨੀ  ਚਾਹੀਦੀ?
ਐੱਮ. ਜੇ. ਅਕਬਰ ਤੋਂ ਤੁਰੰਤ ਅਸਤੀਫਾ ਨਾ ਮੰਗਣ ਨਾਲ ਇਕ ਹੋਰ ਕਿਆਸ ਲੱਗਾ ਸੀ ਕਿ ਪ੍ਰਧਾਨ ਮੰਤਰੀ ਨੂੰ ਖਦਸ਼ਾ ਹੈ ਕਿ ਅੱਜ ਅਕਬਰ ਦਾ ਨੰਬਰ ਹੈ, ਫਿਰ ਉਨ੍ਹਾਂ ਦੇ ਕਈ ਹੋਰ ਸਿਆਸੀ ਸਹਿਯੋਗੀਆਂ ਦਾ ਨੰਬਰ ਆਏਗਾ। ਦਿੱਲੀ ਦਾ ਹਰੇਕ ਪੱਤਰਕਾਰ ਉਸ ਕਿੱਸੇ ਨੂੰ ਜਾਣਦਾ ਹੈ, ਜਿਸ ’ਚ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਹੁੰਦਿਆਂ ਗੁਜਰਾਤ ਦੇ ਅੱਤਵਾਦ ਵਿਰੋਧੀ ਸੈੱਲ ਨੂੰ ਇਕ ਔਰਤ ਦੀ ਜਾਸੂਸੀ ਕਰਨ ਲਈ ਛੱਡਿਆ ਹੋਇਆ ਸੀ। ਇਕ ਆਡੀਓ ਨਿਕਲੀ  ਸੀ, ਜਿਸ ’ਚ ਉਸ ਔਰਤ ਦੇ ਨਿੱਜੀ ਜੀਵਨ ਦੇ ਹਰ ਪਲ ਦੀ ਜਾਣਕਾਰੀ ਅਮਿਤ ਸ਼ਾਹ ਫੋਨ ’ਤੇ ਲੈ ਰਹੇ ਸਨ।
ਫੋਨ ’ਚ ਵਾਰ-ਵਾਰ ‘ਸਾਹਿਬ’ ਦਾ ਜ਼ਿਕਰ ਹੁੰਦਾ ਸੀ। ਮੀਡੀਆ ਦੇ ਸਹਿਯੋਗ ਨਾਲ ਉਹ ਮਾਮਲਾ ਉਦੋਂ ਦੱਬਿਆ ਗਿਆ ਸੀ ਪਰ ਪ੍ਰਧਾਨ ਮੰਤਰੀ ਨੂੰ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਗੱਲ ਐੱਮ. ਜੇ. ਅਕਬਰ ਦੇ ਬਹਾਨੇ ਨਿਕਲੀ ਹੈ ਪਰ ਦੂਰ ਤਕ ਜਾਵੇਗੀ। ਕੀ ਮੀਡੀਆ ਉਸ ਖਬਰ ਨੂੰ ਉਠਾਉਣ ਦੀ ਹਿੰਮਤ ਦਿਖਾਏਗਾ?
ਅਕਬਰ ਦਾ ਅਸਤੀਫਾ ‘ਮੀ ਟੂ’ ਅੰਦੋਲਨ ਦੀ ਆਵਾਜ਼ ਉਠਾਉਣ ਵਾਲਿਆਂ ਲਈ ਵੀ ਇਕ ਸਵਾਲ ਛੱਡਦਾ ਹੈ। ਕੀ ਉਹ ਇਸ ਵੱਡੀ ਸਫਲਤਾ ’ਤੇ ਜਸ਼ਨ ਮਨਾ ਕੇ ਰੁਕ ਜਾਣਗੀਆਂ ਜਾਂ ਆਪਣੇ ਅੰਦੋਲਨ ਨੂੰ ਹੋਰ ਅੱਗੇ ਲੈ ਕੇ ਜਾਣਗੀਆਂ? ਸੈਕਸ ਸ਼ੋਸ਼ਣ ਵਿਰੁੱਧ ਔਰਤਾਂ ਦੀ ਆਵਾਜ਼ ਅਜੇ ਸਿਰਫ ਮੀਡੀਆ ਤੇ ਫਿਲਮ ਜਗਤ ’ਚ ਉੱਠੀ ਹੈ, ਇਸ ਨੂੰ ਸਿਆਸਤ, ਸਿੱਖਿਆ, ਵਪਾਰ ਤੋਂ ਲੈ ਕੇ ਘਰ-ਪਰਿਵਾਰ ਦੇ ਅੰਦਰ ਤਕ ਉਠਾਉਣ ਦੀ ਲੋੜ ਹੈ। ਇਹ ਆਵਾਜ਼ ਵੱਡੇ ਸ਼ਹਿਰਾਂ ’ਚ ਉੱਠੀ ਹੈ, ਜੋ ਹੁਣ ਕਸਬਿਆਂ ਤੇ ਪਿੰਡਾਂ ਤਕ ਉਠਾਉਣ ਦੀ ਲੋੜ ਹੈ। ਕੀ ਇਸ ਚੰਗੀ ਸ਼ੁਰੂਆਤ ਨਾਲ ਇਕ ਵੱਡਾ ਅੰਦੋਲਨ ਖੜ੍ਹਾ  ਹੋਵੇਗਾ।
 ‘ਰਾਮਨੌਮੀ’ ਦੇ ਦਿਨ ਇਹ ਉਮੀਦ ਤਾਂ ਰੱਖਣੀ ਹੀ ਚਾਹੀਦੀ ਹੈ।
                           


Related News