ਕੌਮੀ ਏਕਤਾ ਤੇ ਖ਼ੁਸ਼ਹਾਲੀ ਦਾ ਪ੍ਰਤੀਕ ਹੈ ਵਿਸਾਖੀ
Thursday, Apr 13, 2023 - 05:27 PM (IST)
ਭਾਰਤ ਅਨੇਕਤਾ ’ਚ ਏਕਤਾ ਦੀ ਸਰਵਉੱਤਮ ਉਦਾਹਰਣ ਹੈ ਜੋ ਹਜ਼ਾਰਾਂ ਸਾਲਾਂ ਤੋਂ ਪੂਰੀ ਦੁਨੀਆ ਨੂੰ ਏਕਤਾ ਦਾ ਸੰਦੇਸ਼ ਦਿੰਦਾ ਆ ਰਿਹਾ ਹੈ। ਭਾਰਤ ਸਿਰਫ਼ ਇਕ ਸ਼ਬਦ ਨਹੀਂ ਸਗੋਂ ਹਰ ਭਾਰਤੀ ਦੀ ਆਤਮਾ ਹੈ ਜੋ ਉਨ੍ਹਾਂ ਨੂੰ ਏਕਤਾ ਦੇ ਸੂਤਰ ’ਚ ਬੰਨ੍ਹਦਾ ਹੈ ਜਿਸ ਦੀ ਸ਼ਾਨ ਦੇ ਲਈ ਲੋਕ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹਨ, ਜਿਸ ਦੀ ਆਜ਼ਾਦੀ ਦੇ ਲਈ ਕਰੋੜਾਂ ਲੋਕਾਂ ਨੇ ਖੂਨ ਦੀਆਂ ਨਦੀਆਂ ਵਹਾਈਆਂ ਹਨ, ਇਸ ’ਚ ਅਨੇਕਾਂ ਜਾਤੀਆਂ, ਧਰਮਾਂ, ਪੰਥਾਂ, ਭਾਸ਼ਾਵਾਂ, ਸੱਭਿਆਚਾਰਾਂ, ਸੱਭਿਅਤਾਵਾਂ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦੇ ਰੰਗ, ਰੂਪ, ਪਹਿਰਾਵੇ ਹਨ, ਬੋਲੀਆਂ ਭਾਵੇਂ ਹੀ ਵੱਖ ਹੋਣ ਪਰ ਉਨ੍ਹਾਂ ਦੀ ਪਛਾਣ ਇਕ ਭਾਰਤੀ ਦੀ ਹੈ। ਇੱਥੇ ਦੀਵਾਲੀ, ਈਦ, ਹੋਲੀ, ਕ੍ਰਿਸਮਸ, ਵਿਸਾਖੀ ਕਿਸੇ ਇਕ ਧਰਮ ਤੱਕ ਸੀਮਤ ਨਹੀਂ ਹੈ। ਭਾਰਤ ’ਚ ਕੁਝ ਤਿਉਹਾਰ ਰੁੱਤਾਂ ਅਤੇ ਮੌਸਮਾਂ ਨਾਲ ਜੁੜੇ ਹਨ ਤਾਂ ਕੁਝ ਸੱਭਿਆਚਾਰਕ ਰਵਾਇਤਾਂ ਅਤੇ ਘਟਨਾਵਾਂ ਨਾਲ ਪਰ ਵਿਸਾਖੀ ਦਾ ਸਬੰਧ ਸਾਡੀ ਖੇਤੀ ਅਤੇ ਭਾਰਤ ਦੇ ਅੰਨਦਾਤਿਆਂ ਨਾਲ ਹੈ। ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਹਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਖੁਸ਼ੀ ਨੂੰ ਮਨਾਉਣ ਲਈ ਤਿਉਹਾਰ ਮਨਾਏ ਜਾਂਦੇ ਹਨ। ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ ਜਿਸ ਦੀ ਆਤਮਾ ਪਿੰਡਾਂ ’ਚ ਵੱਸਦੀ ਹੈ। ਭਾਰਤ ਇਕੋ-ਇਕ ਅਜਿਹਾ ਦੇਸ਼ ਹੈ ਜਿੱਥੇ ਕਿਸਾਨ ਧਰਤੀ ਨੂੰ ਮਾਤਾ ਦਾ ਸਨਮਾਨ ਦਿੰਦੇ ਹਨ। ਕਿਸਾਨ ਆਪਣਾ ਖੂਨ-ਪਸੀਨਾ ਇਕ ਕਰ ਕੇ ਅਨਾਜ ਉਗਾਉਂਦਾ ਹੈ ਅਤੇ ਉਹ ਤਿਉਹਾਰ ਸੰਪੂਰਨ ਭਾਰਤ ਦੇ ਕਿਸਾਨਾਂ ਲਈ ਖੁਸ਼ੀ ਅਤੇ ਉਤਸ਼ਾਹ ਲਿਆਉਂਦਾ ਹੈ। ਇਹ ਸਾਲ ਦਾ ਉਹ ਦਿਨ ਹੈ ਜਦੋਂ ਸਾਨੂੰ ਭਾਰਤ ਦੇ ਵੱਖ-ਵੱਖ ਸੱਭਿਆਚਾਰਾਂ ਦੀ ਸੁੰਦਰ ਝਲਕ ਦੇਖਣ ਨੂੰ ਮਿਲਦੀ ਹੈ। ਵਿਸਾਖੀ ਦਾ ਮੁੱਖ ਕਾਰਨ ਤਿਆਰ ਫਸਲਾਂ ਦੀ ਕਟਾਈ ਹੁੰਦਾ ਹੈ। ਨਵੇਂ ਸਾਲ ਦੀ ਪਹਿਲੀ ਫਸਲ ਨੂੰ ਦੇਖ ਕੇ ਕਿਸਾਨ ਫੁੱਲੇ ਨਹੀਂ ਸਮਾਉਂਦੇ। ਦੇਸ਼ ਭਰ ਦੇ ਕਿਸਾਨ ਵਿਸਾਖੀ, ਬੋਹਾਗ ਬਿਹੂ, ਵਿਸ਼ੂ, ਪੋਇਲਾ ਬੋਸਾਖ ਅਤੇ ਪੁਥੰਡੂ ਵਰਗੇ ਤਿਉਹਾਰਾਂ ਨੂੰ ਬੜੇ ਜੋਸ਼-ਉਤਸ਼ਾਹ ਨਾਲ ਮਨਾ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ। ਭਾਰਤ ਦੇ ਲਗਭਗ ਹਰ ਸੂਬੇ ’ਚ ਕਿਸਾਨ ਆਪਣੀਆਂ ਫਸਲਾਂ ਦੇ ਨਾਲ-ਨਾਲ ਆਪਣੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹੋਏ ਆਪਣੇ-ਆਪਣੇ ਲੋਕ ਨ੍ਰਿਤਾਂ ਰਾਹੀਂ ਆਪਣੀ ਖੁਸ਼ੀ ਪ੍ਰਗਟ ਕਰਦੇ ਹਨ। ਪਿਛਲੇ ਕੁਝ ਦਹਾਕਿਆਂ ਦੌਰਾਨ ਖੇਤੀ ਦੇ ਪਤਨ ਤੋਂ ਬਾਅਦ ਮੌਜੂਦਾ ਸਰਕਾਰ ਖੇਤੀ ਨੂੰ ਇਕ ਲਾਭਦਾਇਕ ਕਾਰੋਬਾਰ ਬਣਾਉਣ ਲਈ ਖੇਤੀ ’ਚ ਨਿਵੇਸ਼ ਕਰ ਰਹੀ ਹੈ। ਖੇਤੀ ਦੇ ਵਿਕਾਸ ਲਈ ਕਈ ਨਵੇਂ ਪ੍ਰੋਗਰਾਮ ਅਤੇ ਯੋਜਨਾਵਾਂ ਲੈ ਕੇ ਆਈ ਹੈ। ਇਸੇ ਕੜੀ ’ਚ ਕੇਂਦਰ ਸਰਕਾਰ ਨੇ ਖੇਤੀ ਵੰਨ-ਸੁਵੰਨਤਾ ਬਿੱਲ 2021 ਪਾਸ ਕੀਤਾ ਹੈ।
ਜੇਕਰ ਪੰਜਾਬ ਦੇ ਇਤਿਹਾਸਕ ਅਤੇ ਧਾਰਮਿਕ ਸੰਦਰਭ ’ਚ ਵਿਸਾਖੀ ਦਿਵਸ ਦੀ ਚਰਚਾ ਕੀਤੀ ਜਾਵੇ ਤਾਂ ਵਿਸਾਖੀ ਅਤੇ ਸਿੱਖ ਧਰਮ ਦਾ ਅਨੋਖਾ ਤੇ ਅਟੁੱਟ ਸਬੰਧ ਹੈ। ਵਿਸਾਖੀ ਸਿੱਖ ਇਤਿਹਾਸ ਦਾ ਇਕ ਅਜਿਹਾ ਪੰਨਾ ਹੈ ਜਿਸ ਦਾ ਮਹੱਤਵ ਸਮੁੱਚਾ ਸੰਸਾਰ ਜਾਣਦਾ ਹੈ। 13 ਅਪ੍ਰੈਲ, 1699 ਨੂੰ ਖਾਲਸਾ ਦੀ ਸਥਾਪਨਾ ਇਕ ਅਜਿਹੀ ਹੀ ਕ੍ਰਾਂਤੀਕਾਰੀ ਘਟਨਾ ਹੈ। 1699 ’ਚ ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ’ਚ ‘ਖਾਲਸਾ ਪੰਥ’ ਦੀ ਸਥਾਪਨਾ ਕੀਤੀ ਸੀ। ਖਾਲਸਾ ਦਾ ਅਰਥ ਹੁੰਦਾ ਹੈ ਸ਼ੁੱਧ ਭਾਵ ਉਹ ਵਿਅਕਤੀ ਜਾਂ ਸੱਤਾ ਜੋ ਪੂਰੀ ਤਰ੍ਹਾਂ ਨਾਲ ਪਵਿੱਤਰ ਹੋਵੇ, ਜੋ ਲੁੱਟ ਅਤੇ ਅੱਤਿਆਚਾਰ ਤੋਂ ਮੁਕਤ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਅੱਤਿਆਚਾਰ ਖ਼ਿਲਾਫ਼ ਲੜਨ ਅਤੇ ਸਮਾਜ ’ਚ ਵਧਦੇ ਜਾਤੀ ਆਧਾਰਿਤ ਮਤਭੇਦਾਂ ਨੂੰ ਖਤਮ ਕਰ ਕੇ ਲੋਕਾਂ ਨੂੰ ਇਕਜੁੱਟ ਕਰਨ ਦੇ ਉਦੇਸ਼ ਨਾਲ ਕੀਤੀ ਸੀ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆ ਜੋ ਭਾਰਤ ਦੇ ਵੱਖ-ਵੱਖ ਸੂਬਿਆਂ, ਧਰਮਾਂ ਅਤੇ ਜਾਤੀਆਂ ਨਾਲ ਸਬੰਧ ਰੱਖਦੇ ਸਨ, ਨੂੰ ਅੰਮ੍ਰਿਤਪਾਨ ਕਰਵਾਇਆ ਅਤੇ ਖੁਦ ਵੀ ਅੰਮ੍ਰਿਤਪਾਨ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਪੰਜ ਪਿਆਰਿਆਂ ਨੂੰ ‘ਸਿੰਘ’ ਕਹਿ ਕੇ ਸੰਬੋਧਨ ਕੀਤਾ ਅਤੇ ਸੱਚੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ। ਇਸੇ ਖਾਲਸਾ ਫੌਜ ਨੇ ਗੁਰਿੱਲਾ ਜੰਗ ਰਣਨੀਤੀ ਨਾਲ ਮੁਗਲ ਸਾਮਰਾਜ ਦੀ ਨੀਂਹ ਹਿਲਾ ਕੇ ਇੱਟ ਨਾਲ ਇੱਟ ਵਜਾ ਦਿੱਤੀ। ਸਿੱਖ ਇਤਿਹਾਸ ’ਚ ‘ਗੁਰੂ ਦਾ ਲੰਗਰ’ ਦੀ ਸਥਾਪਨਾ ਵੀ ਇਸੇ ਦਿਨ ਹੋਈ ਸੀ। ਉਂਝ ਤਾਂ ਲੰਗਰ ਪ੍ਰਥਾ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਪਰ ਇਸ ਨੂੰ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦਾ ਇਕ ਲਾਜ਼ਮੀ ਅੰਗ ਬਣਾ ਦਿੱਤਾ ਸੀ ਕਿਉਂਕਿ ਉਸ ਸਮੇਂ ਜਾਤੀ ਦੇ ਨਾਂ ’ਤੇ ਭੇਦਭਾਵ ਹੋ ਰਿਹਾ ਸੀ, ਉੱਚੀਆਂ ਜਾਤੀਆਂ ਨੀਵੀਂ ਜਾਤੀ ਨਾਲ ਭੇਦਭਾਵ ਕਰਦੀਆਂ ਸਨ। ਇਸ ਛੂਤਛਾਤ ਨੂੰ ਖਤਮ ਕਰਨ ਲਈ ਉਨ੍ਹਾਂ 1539 ’ਚ ਵਿਸਾਖੀ ਦੇ ਦਿਨ ‘ਸੰਗਤ-ਪੰਗਤ-ਲੰਗਰ’ ਪ੍ਰਥਾ ਸ਼ੁਰੂ ਕਰਨ ਦਾ ਐਲਾਨ ਕੀਤਾ। ਅੱਜ ਸਿੱਖ ਧਰਮ ’ਚ ਲੰਗਰ ਦਾ ਬੜਾ ਮਹੱਤਵ ਹੈ। ਪੰਜਾਬ ’ਚ ਹਰ ਥਾਂ ਵਿਸਾਖੀ ਦੇ ਮੇਲੇ ਲੱਗਦੇ ਹਨ ਅਤੇ ਉਨ੍ਹਾਂ ਮੇਲਿਆਂ ’ਚ ਅਤੁੱਟ ਲੰਗਰ ਚਲਾਏ ਜਾਂਦੇ ਹਨ। ਖੁਸ਼ੀ ਦੇ ਮੌਕਿਆਂ ’ਤੇ ਹੀ ਨਹੀਂ ਸਗੋਂ ਭਾਰਤ ਜਾਂ ਵਿਦੇਸ਼ ’ਚ ਜਦੋਂ ਵੀ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਆਫਤ ਆਉਂਦੀ ਹੈ ਤਾਂ ਸਿੱਖ ਬਿਨਾਂ ਕਿਸੇ ਜਾਤੀ, ਧਰਮ, ਭਾਸ਼ਾ, ਰੰਗ ਦੇ ਭੇਦਭਾਵ ਦੇ ਹਰ ਜਗ੍ਹਾ ਲੰਗਰ ਦੀ ਸੇਵਾ ਪ੍ਰਦਾਨ ਕਰਦੇ ਹਨ। ਕਿਉਂਕਿ ਗੁਰੂ ਸਾਹਿਬਾਨ ਨੇ ਸੇਵਾ ਨੂੰ ਸਰਵਉੱਚ ਧਰਮ ਮੰਨਿਆ ਹੈ, ਜਿਸ ਦੀ ਪਾਲਣਾ ਹਰ ਸਿੱਖ ਪੂਰੀ ਲਗਨ ਨਾਲ ਕਰਦਾ ਹੈ।
ਜਲਿਆਂਵਾਲੇ ਬਾਗ ’ਚ ਵਾਪਰਿਆ ਕਤਲੇਆਮ ਬ੍ਰਿਟਿਸ਼ ਸਾਮਰਾਜ ਅਤੇ ਗੁਲਾਮੀ ਦੇ ਵਿਰੁੱਧ ਭਾਰਤੀਆਂ ਦੇ ਸਾਂਝੇ ਸੰਘਰਸ਼ ਦਾ ਪ੍ਰਤੀਕ ਹੈ। ਰਾਲਟ ਐਕਟ ਵਰਗੇ ਕਾਲੇ ਕਾਨੂੰਨਾਂ ਵਿਰੁੱਧ ਇਕਜੁੱਟ ਹੋ ਕੇ ਸਾਰੇ ਧਰਮਾਂ ਦੇ ਹਜ਼ਾਰਾਂ ਨਿਹੱਥੇ ਲੋਕਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਭੂਮੀ ’ਤੇ ਜ਼ੁਲਮ ਦੇ ਖਿਲਾਫ ਆਪਣਾ ਖੂਨ ਵਹਾਇਆ। ਜਲਿਆਂਵਾਲੇ ਬਾਗ ਦੀ ਘਟਨਾ ਸ਼ੋਸ਼ਣ ਖਿਲਾਫ ਉਸ ਆਮ ਲੜਾਈ ਦਾ ਪ੍ਰਤੀਕ ਹੈ ਜਿਸ ਨੇ ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਅਤੇ ਭਗਤ ਸਿੰਘ ਵਰਗੇ ਸ਼ਹੀਦਾਂ ਨੂੰ ਆਜ਼ਾਦੀ ਲਈ ਲੜਨ ਦੀ ਪ੍ਰੇਰਣਾ ਦਿੱਤੀ। ਬੋਹਾਗ ਬਿਹੂ ਵਿਸਾਖ ਮਹੀਨੇ ਦੇ ਪਹਿਲੇ ਦਿਨ ਅਸਾਮ, ਮਣੀਪੁਰ, ਬੰਗਾਲ, ਨੇਪਾਲ, ਓਡਿਸ਼ਾ, ਕੇਰਲ ਅਤੇ ਤਮਿਲਨਾਡੂ ਦੇ ਕੁਝ ਹਿੱਸਿਆਂ ’ਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਬੋਹਾਗ ਬਿਹੂ ਦੇ ਦਿਨ ਕਿਸਾਨ ਆਪਣੀਆਂ ਤਿਆਰ ਫਸਲਾਂ ਦੀ ਕਟਾਈ ਸ਼ੁਰੂ ਕਰਦੇ ਹਨ, ਆਪਣੀਆਂ ਫਸਲਾਂ ਅਤੇ ਪਸ਼ੂਆਂ ਦੀ ਪੂਜਾ ਕਰਦੇ ਹਨ ਅਤੇ ਆਪਣੇ ਦੇਵਤਿਆਂ ਅਤੇ ਵੱਡਿਆਂ ਦੀ ਪੂਜਾ ਕਰਦੇ ਹਨ। ਇਸ ਸ਼ੁੱਭ ਮੌਕੇ ’ਤੇ ਉਹ ਅੰਬ, ਚਿਰਾ ਅਤੇ ਪੇਠਾ ਵਰਗੇ ਵੱਖ-ਵੱਖ ਪਕਵਾਨ ਤਿਆਰ ਕਰਦੇ ਹਨ। ਇਸ ਦਿਨ ਔਰਤਾਂ, ਮਰਦ ਅਤੇ ਬੱਚੇ ਨੱਚਦੇ-ਗਾਉਂਦੇ, ਦਾਅਵਤਾਂ ਕਰਦੇ ਹਨ ਅਤੇ ਤੋਹਫਿਆਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਆਪਣੇ ਵੱਡਿਆਂ ਕੋਲੋਂ ਆਸ਼ੀਰਵਾਦ ਲੈਣਾ, ਨਵੇਂ ਕੱਪੜੇ ਪਹਿਨਣਾ ਅਤੇ ਰਵਾਇਤੀ ਬਿਹੂ ਨ੍ਰਿਤ ਕਰਨਾ ਬੋਹਾਗ ਬਿਹੂ ਦੀ ਮੁੱਖ ਵਿਸ਼ੇਸ਼ਤਾ ਹੈ। ਸਾਡੇ ਤਿਉਹਾਰ ਸਾਡੇ ਭਾਰਤੀ ਸੱਭਿਆਚਾਰ, ਰਵਾਇਤਾਂ, ਮਾਨਤਾਵਾਂ, ਸੱਭਿਅਤਾ ਅਤੇ ਲੋਕਾਂ ਦੀ ਏਕਤਾ ਦਾ ਪ੍ਰਤੀਕ ਹੈ। ਤਿਉਹਾਰ ਹਰੇਕ ਭਾਰਤੀ ਨੂੰ ਊਚ-ਨੀਚ, ਅਮੀਰ-ਗਰੀਬ, ਜਾਤੀ-ਧਰਮ ਤੋਂ ਉਪਰ ਉੱਠ ਕੇ ਇਕ-ਦੂਜੇ ਨਾਲ ਜੁੜਨ, ਉਨ੍ਹਾਂ ਦੇ ਸੱਭਿਆਚਾਰਾਂ ਅਤੇ ਰੀਤੀ-ਰਿਵਾਜਾਂ ਦਾ ਹਿੱਸਾ ਬਣਨ ਦਾ ਮੌਕਾ ਿਦੰਦੇ ਹਨ ਜਿਸ ਨਾਲ ਆਪਸੀ ਦੁਸ਼ਮਣੀ, ਈਰਖਾ, ਗੁੱਸੇ ਦੀ ਭਾਵਨਾ ਦਾ ਨਾਸ਼ ਹੁੰਦਾ ਹੈ। ਇਨ੍ਹਾਂ ਤਿਉਹਾਰਾਂ ਨੇ ਸਦੀਆਂ ਤੋਂ ਭਾਰਤੀਆਂ ਨੂੰ ਏਕਤਾ ਦੇ ਸੂਤਰ ’ਚ ਬੰਨ੍ਹ ਕੇ ਰੱਖਿਆ ਹੈ। ਕਈ ਬਾਹਰੀ ਸ਼ਕਤੀਆਂ ਨੇ ਕਈ ਵਾਰ ਧਾਰਮਿਕ, ਸਮਾਜਿਕ, ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਭਾਰਤੀਆਂ ਦੀ ਅਖੰਡ ਏਕਤਾ ਨੂੰ ਹਾਨੀ ਨਹੀਂ ਪਹੁੰਚਾ ਸਕੇ। ਭਾਰਤ ਦੀ ਵੰਨ-ਸੁਵੰਨਤਾ ’ਚ ਏਕਤਾ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹੈ ਜੋ ਭਾਰਤੀਆਂ ’ਚ ਦੇਸ਼-ਪ੍ਰੇਮ, ਭਾਈਚਾਰੇ ਅਤੇ ਏਕਤਾ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਬਾਹਰੀ ਸ਼ਕਤੀਆਂ ਨੂੰ ਇਹ ਸੰਦੇਸ਼ ਿਦੰਦੀ ਹੈ ਕਿ ਭਾਰਤ ਅਖੰਡ ਸੀ, ਹੈ ਅਤੇ ਹਮੇਸ਼ਾ ਰਹੇਗਾ।
ਤਰੁਣ ਚੁੱਘ ਅਤੇ ਸਤਨਾਮ ਸਿੰਘ ਸੰਧੂ