ਇਕ ਬਾਬੂ ਛੁੱਟੀ ਉਤੇ ਤੇ ਇਕ ਚੱਕਰ ''ਚ
Monday, Dec 26, 2016 - 08:11 AM (IST)
ਜਦੋਂ ਵਣਜ ਸਕੱਤਰ ਰੀਟਾ ਟਿਓਟੀਆ ਹਾਲ ਹੀ ਵਿਚ ਛੁੱਟੀ ''ਤੇ ਗਈ ਤਾਂ ਸਰਕਾਰ ਨੇ ਉਸ ਦਾ ਵਾਧੂ ਕਾਰਜਭਾਰ 2 ਸਕੱਤਰਾਂ-ਪਹਿਲਾਂ ਡੀ. ਆਈ. ਪੀ. ਪੀ. ਸਕੱਤਰ ਰਮੇਸ਼ ਅਭਿਸ਼ੇਕ ਅਤੇ ਉਸ ਤੋਂ ਬਾਅਦ ਭਾਰੀ ਉਦਯੋਗ ਸਕੱਤਰ ਗਿਰੀਸ਼ ਸ਼ੰਕਰ ਨੂੰ ਦੇ ਦਿੱਤਾ। ਦੋਵੇਂ ਬਾਬੂ ਬਿਹਾਰ ਕੇਡਰ ਤੋਂ ਹਨ ਅਤੇ ਦੋਵੇਂ 1982 ਬੈਚ ਨਾਲ ਸੰਬੰਧਿਤ ਹਨ।
ਇਸ ਤਰ੍ਹਾਂ ਇਸ ਮਹੀਨੇ ਵਣਜ ਮੰਤਰਾਲੇ ਨੂੰ 3 ਵੱਖ-ਵੱਖ ਸਕੱਤਰਾਂ ਨੇ ਦੇਖਿਆ, ਜੋ ਕਿ ਕਾਫੀ ਅਜੀਬ ਲੱਗਦਾ ਹੈ ਪਰ ਇਹ ਸਭ ਹੋਇਆ ਨਿਯਮਾਂ ਦੇ ਦਾਇਰੇ ਵਿਚ ਹੀ। ਆਮ ਤੌਰ ''ਤੇ ਜਦੋਂ ਵਣਜ ਸਕੱਤਰ ਛੁੱਟੀ ''ਤੇ ਹੁੰਦਾ ਹੈ ਤਾਂ ਵਾਧੂ ਕਾਰਜਭਾਰ ਸਕੱਤਰ ਉਦਯੋਗਿਕ ਨੀਤੀ ਅਤੇ ਉਤਸ਼ਾਹ ਵਿਭਾਗ (ਡੀ. ਆਈ. ਪੀ. ਪੀ.) ਨੂੰ ਦਿੱਤਾ ਜਾਂਦਾ ਹੈ ਕਿਉਂਕਿ ਵਣਜ ਅਤੇ ਡੀ. ਆਈ. ਪੀ. ਪੀ. ਇਕ-ਦੂਜੇ ਦੇ ਸਹਾਇਕ ਵਿਭਾਗ ਹਨ ਅਤੇ ਦੋਹਾਂ ਦਾ ਮੰਤਰੀ ਵੀ ਇਕ ਹੀ ਹੁੰਦਾ ਹੈ। ਇਸ ਦੇ ਨਾਲ ਹੀ ਦੋਵੇਂ ਵਿਭਾਗ ਇਕ ਹੀ ਭਵਨ—ਉਦਯੋਗ ਭਵਨ ''ਚ ਮੌਜੂਦ ਹਨ।
ਪਰ ਭਾਰੀ ਉਦਯੋਗ ਸਕੱਤਰ ਸੀ. ਜੀ. ਓ. ਕੰਪਲੈਕਸ ''ਚ ਬੈਠਦੇ ਹਨ, ਜੋ ਕਿ ਲੋਧੀ ਰੋਡ ''ਤੇ ਹੈ ਅਤੇ ਅਜਿਹੇ ਵਿਚ ਉਨ੍ਹਾਂ ਨੂੰ ਵਣਜ ਸਕੱਤਰ ਆਫਿਸ ਦਾ ਕੰਮਕਾਜ ਦੇਖਣ ਲਈ ਕਈ ਕਿਲੋਮੀਟਰ ਦਾ ਸਫਰ ਤਹਿ ਕਰਕੇ ਉਦਯੋਗ ਭਵਨ ਆਉਣਾ ਪੈਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਡੀ. ਆਈ. ਪੀ. ਪੀ. ਸਕੱਤਰ ਅਭਿਸ਼ੇਕ ਦੇ ਵੀ ਛੁੱਟੀ ''ਤੇ ਹੋਣ ਕਾਰਨ ਪ੍ਰਸੋਨਲ ਵਿਭਾਗ ਨੂੰ ਮਜਬੂਰੀ ''ਚ ਇਹ ਜ਼ਿੰਮੇਵਾਰੀ ਭਾਰੀ ਉਦਯੋਗ ਸਕੱਤਰ ਨੂੰ ਸੌਂਪਣੀ ਪਈ ਹੋਵੇ ਪਰ ਇਸ ਚੱਕਰ ਵਿਚ ਉਨ੍ਹਾਂ ਨੂੰ ਉਦਯੋਗ ਭਵਨ ਤੋਂ ਲੋਧੀ ਰੋਡ ਦੇ ਖੂਬ ਢੇਰ ਸਾਰੇ ਚੱਕਰ ਲਗਾਉਣੇ ਪੈ ਰਹੇ ਹਨ।
ਇਕ ਮੁਸ਼ਕਿਲ ਦੌੜ
ਭਾਰਤੀ ਸਕਿਓਰਿਟੀ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਚੇਅਰਮੈਨ ਯੂ. ਕੇ. ਸਿਨ੍ਹਾ ਦੇ ਉੱਤਰਾਧਿਕਾਰੀ ਦੀ ਭਾਲ ਇਕ ਵਾਰ ਫਿਰ ਤੋਂ ਜਾਰੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਫਰਵਰੀ ਵਿਚ ਅਹੁਦੇ ਤੋਂ ਮੁਕਤ ਹੋਣ ਜਾ ਰਹੇ ਸਿਨ੍ਹਾ ਦੇ ਉੱਤਰਾਧਿਕਾਰੀ ਦੀ ਚੋਣ ਲਈ 10 ਉਮੀਦਵਾਰਾਂ ਦੀ ਚੋਣ ਕਰ ਲਈ ਹੈ। ਇਨ੍ਹਾਂ ''ਚ ਬਿਜਲੀ ਸਕੱਤਰ ਪ੍ਰਦੀਪ ਕੁਮਾਰ ਪੁਜਾਰੀ, ਵਿਨਿਵੇਸ਼ ਸਕੱਤਰ ਨੀਰਜ ਕੁਮਾਰ ਗੁਪਤਾ, ਸਾਬਕਾ ਸੇਬੀ ਪੂਰੇ ਸਮੇਂ ਦੇ ਮੈਂਬਰ ਰਾਜੀਵ ਕੁਮਾਰ ਅਗਰਵਾਲ ਅਤੇ ਲੇਬਰ ਸਕੱਤਰ ਸ਼ੰਕਰ ਅਗਰਵਾਲ ਦਾ ਨਾਂ ਵੀ ਹੈ।
ਸਾਲ 1981 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਗੁਜਰਾਤ ਕੇਡਰ ਦੇ ਅਧਿਕਾਰੀ ਹਨ ਅਤੇ ਉਨ੍ਹਾਂ ਨੂੰ ਇਸ ਰੈਗੂਲੇਟਰੀ ਦੇ ਪ੍ਰਮੁੱਖ ਅਹੁਦੇ ਦਾ ਸਭ ਤੋਂ ਤਕੜਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਉਧਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਅਹੁਦੇ ਲਈ ਅਰਜ਼ੀ ਦੇਣ ਵਾਲੇ ਹੋਰ ਉਮੀਦਵਾਰ ਵੀ ਓਨੇ ਹੀ ਤਕੜੇ ਦਾਅਵੇਦਾਰ ਹਨ। ਇਨ੍ਹਾਂ ਵਿਚ ਵਿੱਤੀ ਸੇਵਾਵਾਂ ਸਕੱਤਰ ਅੰਜੁਲੀ ਚਿੱਬ ਦੁੱਗਲ ਅਤੇ ਐਡੀਸ਼ਨਲ ਸਕੱਤਰ-ਨਿਵੇਸ਼, ਆਰਥਿਕ ਮਾਮਲੇ ਵਿਭਾਗ ਅਜੈ ਤਿਆਗੀ ਵੀ ਸ਼ਾਮਿਲ ਹਨ। ਦੁੱਗਲ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਵਿੱਤ ਸਕੱਤਰ ਅਰੁਣ ਜੇਤਲੀ ਦੀ ਹਮਾਇਤ ਹਾਸਿਲ ਹੈ। ਆਰ. ਬੀ. ਆਈ. ਦੇ ਉਪ-ਰਾਜਪਾਲ ਐੱਸ. ਐੱਸ. ਮੁੰਦੜਾ ਵੀ ਇਸ ਦੌੜ ''ਚ ਦੱਸੇ ਜਾ ਰਹੇ ਹਨ।
ਚੋਣ ਪੈਨਲ ਦੀ ਪ੍ਰਧਾਨਗੀ ਕੈਬਨਿਟ ਸਕੱਤਰ ਪੀ. ਕੇ. ਸਿਨ੍ਹਾ ਕਰ ਰਹੇ ਹਨ ਅਤੇ ਪੈਨਲ ਦੇ ਹੋਰਨਾਂ ਮੈਂਬਰਾਂ ਵਿਚ ਪੀ. ਕੇ. ਮਿਸ਼ਰਾ, ਸਹਾਇਕ ਪਿੰ੍ਰਸੀਪਲ ਸਕੱਤਰ, ਪ੍ਰਧਾਨ ਮੰਤਰੀ ਹਨ। ਇਹ ਯਤਨ ਪਿਛਲੇ ਸਾਲ ਵੀ ਕੀਤਾ ਗਿਆ ਸੀ ਪਰ ਚੋਣ ਪੈਨਲ ਕਿਸੇ ਨਾਂ ''ਤੇ ਫੈਸਲਾ ਕਰ ਪਾਉਂਦਾ, ਉਸ ਤੋਂ ਪਹਿਲਾਂ ਹੀ ਸਰਕਾਰ ਨੇ ਸਿਨ੍ਹਾ ਨੂੰ ਇਕ ਹੋਰ ਸਾਲ ਦਾ ਸੇਵਾ-ਵਿਸਤਾਰ ਦੇ ਦਿੱਤਾ ਪਰ ਇਸ ਵਾਰ ਅਜਿਹਾ ਹੋਣਾ ਮੁਸ਼ਕਿਲ ਹੀ ਲੱਗਦਾ ਹੈ।
ਬਾਬੂਆਂ ਦੀ ਲੰਮੀ ਹੁੰਦੀ ਉਡੀਕ
ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਸੱਤਿਆ ਪ੍ਰਕਾਸ਼ ਟੱਕਰ ਨੂੰ ਬੀਤੇ ਮਹੀਨੇ 3 ਮਹੀਨਿਆਂ ਦਾ ਸੇਵਾ-ਵਿਸਤਾਰ ਦੂਜੀ ਵਾਰ ਮਿਲਿਆ ਅਤੇ ਇਸੇ ਦੌਰਾਨ ਤੇਲੰਗਾਨਾ ਵਿਚ ਉਨ੍ਹਾਂ ਦੇ ਹਮ-ਅਹੁਦਾ ਕੇ. ਪ੍ਰਦੀਪ ਚੰਦਰਾ ਨੂੰ ਵੀ ਆਪਣਾ ਪਹਿਲਾ ਸੇਵਾ-ਵਿਸਤਾਰ ਮਿਲ ਗਿਆ। ਅਜਿਹੇ ਵਿਚ ਇਨ੍ਹਾਂ ਦੋਹਾਂ ਤੇਲਗੂ ਭਾਸ਼ੀ ਸੂਬਿਆਂ ਵਿਚ ਦੋ ਪ੍ਰਮੁੱਖ ਅਹੁਦਿਆਂ ''ਤੇ ਆਉਣ ਲਈ ਕਾਹਲੇ ਹੋਰ ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਦੀ ਉਡੀਕ ਹੋਰ ਲੰਮੀ ਹੁੰਦੀ ਜਾ ਰਹੀ ਹੈ।
ਟੱਕਰ ਪਹਿਲਾਂ 31 ਅਗਸਤ ਨੂੰ ਸੇਵਾ-ਮੁਕਤ ਹੋਣ ਵਾਲੇ ਸਨ ਪਰ ਕੇਂਦਰ ਅਤੇ ਸੂਬਾਈ ਸਰਕਾਰਾਂ ਤੋਂ ਉਨ੍ਹਾਂ ਨੂੰ 3-3 ਮਹੀਨਿਆਂ ਦਾ ਸੇਵਾ-ਵਿਸਤਾਰ ਦੋ ਵਾਰ ਮਿਲ ਗਿਆ ਤੇ ਹੁਣ ਉਹ ਅਗਲੇ ਸਾਲ 28 ਫਰਵਰੀ ਨੂੰ ਸੇਵਾ-ਮੁਕਤ ਹੋਣਗੇ। ਉਧਰ ਤੇਲੰਗਾਨਾ ''ਚ ਚੰਦਰਾ ਤੋਂ ਪਹਿਲਾਂ ਦੇ ਅਧਿਕਾਰੀ ਰਾਜੀਵ ਸ਼ਰਮਾ ਨੂੰ ਵੀ ਇਸੇ ਤਰ੍ਹਾਂ ਸੇਵਾ-ਵਿਸਤਾਰ ਸੇਵਾ-ਮੁਕਤ ਹੋਣ ਤੋਂ ਇਕ ਦਿਨ ਪਹਿਲਾਂ ਮਿਲ ਗਿਆ ਸੀ। ਹੁਣ ਚੰਦਰਾ ਦੀ ਵਾਰੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਪਹਿਲੇ 3 ਮਹੀਨਿਆਂ ਦਾ ਸੇਵਾ-ਵਿਸਤਾਰ ਮਿਲੇਗਾ ਅਤੇ ਜੇਕਰ ਉਹ ਖੁਸ਼ਕਿਸਮਤ ਰਹੇ ਤਾਂ ਉਨ੍ਹਾਂ ਨੂੰ ਵੀ 3 ਮਹੀਨਿਆਂ ਦਾ ਇਕ ਹੋਰ ਸੇਵਾ-ਵਿਸਤਾਰ ਮਿਲ ਜਾਵੇਗਾ। ਅਜਿਹੇ ਵਿਚ ਸੇਵਾ-ਵਿਸਤਾਰ ਦੇ ਇਸ ਪੂਰੇ ਪ੍ਰੋਗਰਾਮ ਵਿਚ ਉਨ੍ਹਾਂ ਦੇ ਜੂਨੀਅਰ ਸਹਿ-ਅਧਿਕਾਰੀਆਂ ਦੇ ਸਬਰ ਦੀ ਉਡੀਕ ਹੁੰਦੀ ਰਹਿੰਦੀ ਹੈ, ਜੋ ਕਿ ਲਗਾਤਾਰ ਉਨ੍ਹਾਂ ਅਹੁਦਿਆਂ ''ਤੇ ਆਉਣ ਲਈ ਕਾਹਲੇ ਹਨ। ਕਈ ਅਧਿਕਾਰੀ ਤਾਂ ਇਸ ਸੇਵਾ-ਵਿਸਤਾਰ ਦੇ ਚੱਕਰ ਵਿਚ ਅਹੁਦਾ-ਮੁਕਤ ਵੀ ਹੋ ਜਾਂਦੇ ਹਨ ਪਰ ਅਜੇ ਤਾਂ ਸਾਰਿਆਂ ਦੀ ਉਮੀਦ ਲੱਗੀ ਹੋਈ ਹੈ।
