ਮਹਿਲ ਕਲਾਂ ''ਚ ਦਿਨ ਦਿਹਾੜੇ ਹੋਈਆਂ ਚੋਰੀਆਂ! Verna ਗੱਡੀ ''ਚ ਆਏ ਸੀ ਚੋਰ
Thursday, Jan 08, 2026 - 07:07 PM (IST)
ਮਹਿਲ ਕਲਾਂ (ਲਕਸ਼ਦੀਪ ਗਿੱਲ): ਮਹਿਲ ਕਲਾਂ ਵਿਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਦਿਨ ਦੇ ਚਾਨਣ ਵਿਚ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਹਨ। ਚੋਰਾਂ ਵੱਲੋਂ ਵੱਖ-ਵੱਖ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਇਕ ਵਰਨਾ ਗੱਡੀ 'ਤੇ ਸਵਾਰ ਤਿੰਨ ਚੋਰਾਂ ਨੇ ਇਕ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਉਨ੍ਹਾਂ ਨੇ ਮੂੰਹ ਤਕ ਨਹੀਂ ਢਕਿਆ। ਉਹ ਸਭ ਤੋਂ ਪਹਿਲੀ ਚੋਰੀ ਲਈ ਸੋਨੀ ਕਰਿਆਨਾ ਸਟੋਰ, ਵਜ਼ੀਦਕੇ ਗੱਡੀ ਤੋਂ ਉਤਰ ਕੇ, ਜਦ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨ 'ਤੇ ਲੱਗਿਆ ਹੋਇਆ ਸਿਕਿਉਰਟੀ ਅਲਰਟ ਵੱਜ ਜਾਂਦਾ ਹੈ, ਜਿਸ ਕਾਰਨ ਚੋਰਾਂ ਨੂੰ ਉਥੋਂ ਭੱਜਣਾ ਪਿਆ।
ਇਸੇ ਤਰ੍ਹਾਂ ਸਜਿਹੜਾ ਮੇਨ ਰੋਡ 'ਤੇ ਸਥਿਤ ਇਕੱਠੀਆਂ ਤਿੰਨ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਗੁਰਪ੍ਰੀਤ ਇਲੈਕਟਰੋਨਿਕ ਦਾ ਸ਼ਟਰ ਚੱਕਿਆ ਅਤੇ ਉਸ ਵਿਚੋਂ ਪਾਣੀ ਵਾਲੀਆਂ ਮੋਟਰਾਂ ਛੋਟੀਆਂ ਅਤੇ ਵੱਡੀਆਂ, ਪੱਖੇ, ਜਿਨ੍ਹਾਂ ਦੀ ਕੁੱਲ ਅੰਦਾਜ਼ਨ ਕੀਮਤ, ਇਕ ਲੱਖ 50 ਹਜ਼ਾਰ (ਡੇਢ ਲੱਖ) ਚੋਰੀ ਕਰ ਲਿਆ। ਇਸ ਮਗਰੋਂ ਉਸ ਦੇ ਬਿਲਕੁਲ ਨਾਲ ਵਾਲੀ ਸੁਰਜੀਤ ਇਲੈਕਟਰੋਨਿਕ ਦੀ ਦੁਕਾਨ ਦੇ ਪਿੱਛੇ ਪਾੜ ਲਾਇਆ ਅਤੇ ਅੰਦਾਜ਼ਨ 60 ਹਜ਼ਾਰ ਦਾ ਸਮਾਨ ਚੋਰੀ ਕੀਤਾ। ਤੀਜੀ ਦੁਕਾਨ ਤਰਸੇ ਟਾਇਰਾਂ ਵਾਲਾ ਦਾ ਸ਼ਟਰ ਚੁੱਕਣ ਤੋਂ ਪਹਿਲਾਂ ਉਨ੍ਹਾਂ ਦੁਕਾਨ ਦੇ ਅੱਗੇ ਲੱਗਾ ਬਲਬ ਤੋੜ ਦਿੱਤਾ। ਇਸ ਦੌਰਾਨ ਬਿਜਲੀ ਦੀ ਤਾਰ ਦੁਕਾਨ ਦੇ ਸ਼ਟਰ ਦੇ ਨਾਲ ਲੱਗ ਗਈ ਤੇ ਸ਼ਟਰ ਵਿਚ ਕਰੰਟ ਆ ਜਾਣ ਕਾਰਨ ਉਹ ਸ਼ਟਰ ਨਹੀਂ ਚੁੱਕ ਸਕੇ, ਪਰ ਦੁਕਾਨਦਾਰ ਦੇ ਟਾਇਰਾਂ ਦੇ ਰਿਮ, ਅੰਦਾਜ਼ਨ 20 ਹਜਾਰ, ਚੋਰੀ ਕਰ ਲੈ ਗਏ। ਚੌਥੀ ਚੋਰੀ ਮਹਿਲ ਕਲਾਂ ਅਨਾਜ ਮੰਡੀ ਦੇ ਗੇਟ ਨੰਬਰ ਦੋ ਦੇ ਬਿਲਕੁਲ ਸਾਹਮਣੇ ਦੁਰਗਾ ਟਰੇਡਿੰਗ ਕੰਪਨੀ ਵਿਖੇ ਹੋਏ। ਮਾਲਕ ਵਰਿੰਦਰ ਕੁਮਾਰ ਅਤੇ ਉਨ੍ਹਾਂ ਦੇ ਬੇਟੇ ਪੰਕਜ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਵਿਚੋਂ ਇਨਵਰਟਰ ਅਤੇ ਬੈਟਰੀ ਅਤੇ 20 ਹਜ਼ਾਰ ਦੇ ਕਰੀਬ ਨਗਦ ਰਾਸ਼ੀ ਚੋਰੀ ਕਰ ਲਈ। ਜ਼ਿਕਰਯੋਗ ਹੈ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵਿਚ ਚੋਰੀ ਦੌਰਾਨ ਵਰਤੀ ਗਈ ਵਰਨਾ ਗੱਡੀ, ਜਿਸ ਉੱਪਰ ਸਿੱਧੂ ਲਿਖਿਆ ਹੋਇਆ ਹੈ, ਅਤੇ ਉਸ ਵਿਚ ਤਿੰਨ ਲੋਕ ਸਵਾਰ ਹਨ ਤੇ ਉਨ੍ਹਾਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਹਨ। ਉਹ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ।
ਇਸ ਸਬੰਧੀ ਮਹਿਲ ਕਲਾਂ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਰੰਗੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ, ਚੋਰੀ ਦੀ ਵਾਰਦਾਤ ਸਬੰਧੀ ਤਫਦੀਸ਼ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਬਹੁਤ ਜਲਦ, ਮੁਜਰਮਾਂ ਨੂੰ ਟਰੇਸ ਕਰਕੇ, ਫੜ ਲਿਆ ਜਾਏਗਾ, ਅਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਕਿਸੇ ਵੀ ਆਮ ਨਾਗਰਿਕ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਇਲਾਕੇ ਵਿਚ, ਮਾੜੇ ਅਨਸਰਾਂ ਤੇ ਸਖਤ ਸ਼ਿਕੰਜਾ ਕਸਿਆ ਜਾਵੇਗਾ, ਅਮਨ ਸ਼ਾਂਤੀ ਅਤੇ ਕਾਨੂੰਨ, ਬਰਕਰਾਰ ਰੱਖਿਆ ਜਾਵੇਗਾ ਤੇ ਦਹਿਸ਼ਤਗਰਦਾਂ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਸਬੰਧੀ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਨੇ ਗੱਲਬਾਤ ਦੌਰਾਨ ਉਨ੍ਹਾਂ ਪੁਲਸ ਪ੍ਰਸ਼ਾਸਨ ਪਾਸੋਂ, ਮਹਿਲ ਕਲਾਂ, ਪੁਲਸ ਸਟੇਸ਼ਨ ਵਿਚ ਸਟਾਫ ਵਧਾਉਣ ਅਤੇ ਖਾਸ ਕਰਕੇ ਰਾਤ ਸਮੇਂ ਪੈਟਰੋਲਿੰਗ ਵਧਾਉਣ ਦੀ ਮੰਗ ਕੀਤੀ।
