1500 ਵਿਦਿਆਰਥੀਆਂ ਦਿੱਤਾ ਆਨਲਾਈਨ ਮੌਕ ਟੈਸਟ

12/12/2018 11:56:13 AM

ਸੰਗਰੂਰ (ਵਿਵੇਕ ਸਿੰਧਵਾਨੀ) - ਭਾਈ ਗੁਰਦਾਸ ਗਰੁੱਪ ਦੇ ਇੰਜੀਨੀਅਰਰਿੰਗ ਕਾਲਜ ’ਚ ਆਨਲਾਈਨ ਮੌਕ ਟੈਸਟ ਦਾ ਆਯੋਜਨ ਕੀਤਾ ਗਿਆ, ਜਿਸ ’ਚ 10+2 ਦੇ ਮੈਡੀਕਲ ਅਤੇ ਨਾਨ-ਮੈਡੀਕਲ ਦੇ 1500 ਤੋਂ ਵੀ ਵੱਧ ਵਿਦਿਆਰਥੀਆਂ ਨੇ ਬਡ਼ੇ ਉਤਸ਼ਾਹ ਨਾਲ ਭਾਗ ਲਿਆ। ਇਸ ਆਨਲਾਈਨ ਮੌਕ ਟੈਸਟ ਦੌਰਾਨ ਸੰਗਰੂਰ, ਧੂਰੀ, ਅਹਿਮਦਗਡ਼੍ਹ, ਤਪਾ, ਧਨੌਲਾ, ਬਰਨਾਲਾ, ਮਹਿਲ ਕਲਾਂ, ਸੁਨਾਮ, ਭੀਖੀ, ਮਹਿਲਾਂ, ਦਿਡ਼੍ਹਬਾ, ਪਾਤਡ਼ਾਂ, ਭਵਾਨੀਗਡ਼੍ਹ, ਨਾਭਾ, ਸਮਾਣਾ, ਪਟਿਆਲਾ ਆਦਿ ਤੋਂ ਇਲਾਵਾ ਇਲਾਕੇ ਦੇ ਤਕਰੀਬਨ 40 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਆਨਲਾਈਨ ਮੌਕ ਟੈਸਟ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਰਮਵਾਰ 5100, 3100, 2100 ਦੇ ਚੈੱਕ, ਸਰਟੀਫਿਕੇਟ ਅਤੇ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ। 10 ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਇਨਾਮ ਵੀ ਦਿੱਤੇ ਗਏ। ਇਸ ਮੌਕੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਗਾਈਡੈਂਸ ਸੈਮੀਨਾਰ ਵੀ ਆਯੋਜਿਤ ਕੀਤਾ ਗਿਆ। ਕਾਲਜ ਕੈਂਪਸ ਦੀ ਪ੍ਰਭਾਵਸ਼ਾਲੀ ਦਿਖ ਨੂੰ ਦੇਖ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਨਾਲ ਆਇਆ ਟੀਚਿੰਗ ਸਟਾਫ ਬੇਹੱਦ ਪ੍ਰਭਾਵਿਤ ਹੋਇਆ। ਟੀਚਿੰਗ ਸਟਾਫ ਦੇ ਮੈਂਬਰਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਇਹੋ ਜਿਹੇ ਮਾਹੌਲ ਵਿਦਿਆਰਥੀਆਂ ਲਈ ਲਾਹੇਵੰਦ ਹਨ। ਕੈਂਪਸ ’ਚ ਆਧੁਨਿਕ ਢੰਗ ਨਾਲ ਬਣੀ ਲਾਇਬ੍ਰੇਰੀ ਨੂੰ ਦੇਖ ਕੇ ਵਿਦਿਆਰਥੀ ਕਾਫੀ ਹੈਰਾਨ ਹੋਏ। ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਡਾ. ਗੁਨਇੰਦਰਜੀਤ ਸਿੰਘ ਜਵੰਧਾ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਇਹ ਆਨਲਾਈਨ ਮੌਕ ਟੈਸਟ ਨੈਸ਼ਨਲ ਲੈਵਲ ’ਤੇ ਇੰਜੀਨੀਅਰਿੰਗ ਕੰਪੀਟੀਸ਼ਨ ਜੇ. ਈ. ਮੈਨ ਅਤੇ ਐਡਵਾਂਸ ਦੇ ਹੋ ਰਹੇ ਟੈਸਟ ਲਈ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਮੌਕ ਟੈਸਟ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਵਲੋਂ ਸੁਨੇਹਾ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਦੀ ਤੇਜ਼ ਰਫਤਾਰ ਮੁਤਾਬਕ ਟੈਕਨੀਕਲ ਪਡ਼੍ਹਾਈ ਦੀ ਲੋਡ਼ ਹੈ। ਸ. ਜਵੰਧਾ ਨੇ ਅੱਜ ਦੇ ਇਸ ਟੈਸਟ ’ਚ ਲਡ਼ਕੀਆਂ ਦੀ ਵਧੇਰੇ ਸ਼ਮੂਲੀਅਤ ਤੇ ਟਿਪਣੀ ਕਰਦਿਆਂ ਕਿਹਾ ਕਿ ਸਮਾਜ ਅਤੇ ਦੇਸ਼ ਦੀ ਮਜ਼ਬੂਤੀ ਲਈ ਇਨ੍ਹਾਂ ਨੰਨ੍ਹੀਆਂ-ਮੁੰਨੀਆਂ ਬੱਚੀਆਂ ਦਾ ਰੋਲ ਅਹਿਮ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਸਮੇਂ-ਸਮੇਂ ’ਤੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਨੂੰ ਉੱਚਾ ਚੁਕਣ ਲਈ ਕਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ ਡਾ. ਸੁਵਰੀਤ ਕੌਰ ਜਵੰਧਾ ਡੀਨ, ਭਾਈ ਗੁਰਦਾਸ ਗਰੁੱਪ ਵੀ ਖਾਸ ਤੌਰ ’ਤੇ ਪਹੁੰਚੇ।


Related News