ਪੰਜਾਬ ਪੁਲਸ ਦੇ SHO ਖ਼ਿਲਾਫ਼ ਐਕਸ਼ਨ! ਕੀਤਾ ਗਿਆ ਸਸਪੈਂਡ
Wednesday, Oct 07, 2026 - 06:44 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ): ਪਿੰਡ ਘਰਾਚੋਂ ਵਿਚ ਸੀ. ਬੀ. ਆਈ. ਟੀਮ ਦੇ ਪਹੁੰਚਣ 'ਤੇ ਵਿਰੋਧੀ ਪਾਰਟੀਆਂ ਦੇ ਕੁਝ ਲੀਡਰਾਂ ਵੱਲੋਂ ਖੁਸ਼ੀ ਜ਼ਾਹਿਰ ਕਰਦਿਆਂ ਸੀ. ਬੀ. ਆਈ. ਅਧਿਕਾਰੀਆਂ ਦੀ ਕਾਰ 'ਤੇ ਫੁੱਲਾਂ ਦੀ ਵਰਖਾ ਕਰਨ ਦੀ ਘਟਨਾ ਤੋਂ ਕੁਝ ਘੰਟੇ ਬਾਅਦ ਹੀ ਸੰਗਰੂਰ ਪੁਲਸ ਵੱਲੋਂ ਥਾਣਾ ਭਵਾਨੀਗੜ੍ਹ ਦੇ ਐੱਸ. ਐੱਚ. ਓ. ਯਸ਼ਪਾਲ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਸ਼ਾਮ ਤਕ ਐੱਸ. ਐੱਚ. ਓ. ਨੂੰ ਸਸਪੈਂਡ ਕੀਤੇ ਜਾਣ ਸਬੰਧੀ ਥਾਣਾ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਦੇ ਪੁਲਸ ਅਫ਼ਸਰ ਮੀਡੀਆ ਨੂੰ ਕੋਈ ਸਪਸ਼ਟ ਜਾਣਕਾਰੀ ਦੇਣ ਤੋਂ ਟਾਲਮਟੋਲ ਕਰਦੇ ਰਹੇ। ਇਸ ਦੌਰਾਨ ਆਮ ਲੋਕਾਂ ਤੇ ਮੀਡੀਆ ਵਿਚ ਇਹ ਵੀ ਚਰਚਾ ਜ਼ੋਰ ਫੜ ਗਈ ਕਿ ਸੀ. ਬੀ. ਆਈ. ਟੀਮ ਦੀ ਗੱਡੀ 'ਤੇ ਫੁੱਲਾਂ ਦੀ ਵਰਖਾ ਕਰਨ ਵਾਲੇ ਆਗੂਆਂ ਨੂੰ ਮੌਕੇ 'ਤੇ ਹਿਰਾਸਤ 'ਚ ਕਿਉਂ ਨਹੀਂ ਲਿਆ ਗਿਆ। ਐੱਸ. ਐੱਚ. ਓ. ਨੂੰ ਸਸਪੈਂਡ ਕੀਤੇ ਜਾਣ ਦੀ ਘਟਨਾ ਨੂੰ ਇਸੇ ਘਟਨਾ ਨਾਲ ਜੋੜ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਸਾਹਮਣੇ ਆਈਆਂ।
ਪੁਰਾਣੇ ਕੇਸ 'ਚ ਹੋਈ ਕਾਰਵਾਈ, ਉਕਤ ਘਟਨਾ ਨਾਲ ਕੋਈ ਸਬੰਧ ਨਹੀਂ: ਡੀ. ਐੱਸ. ਪੀ.
ਡੀ. ਐੱਸ. ਪੀ. ਭਵਾਨੀਗੜ੍ਹ ਸਤਨਾਮ ਸਿੰਘ ਨੇ ਐੱਸ. ਐੱਚ. ਓ. ਨੂੰ ਸਸਪੈਂਡ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਡਿਊਟੀ ਵਿਚ ਲਾਪਰਵਾਹੀ ਵਰਤਣ ਦੇ ਦੋਸ਼ਾਂ ਵਿਚ ਪੁਲਸ ਵਿਭਾਗ ਦੇ ਅਫ਼ਸਰਾਂ ਵੱਲੋਂ ਯਸ਼ਪਾਲ ਸ਼ਰਮਾ ਨੂੰ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਇਹ ਕਾਰਵਾਈ ਕਿਸੇ ਪੁਰਾਣੇ ਕੇਸ ਨਾਲ ਸਬੰਧਤ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ ਤੇ ਇਸ ਦਾ ਸੀ. ਬੀ. ਆਈ. ਟੀਮ ਦੇ ਪਹੁੰਚਣ ਮੌਕੇ ਵਾਪਰੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ।
