ਭਰਾਜ ਦੀ ਮਹਿਲਾ ਸਰਪੰਚ ਦੇ ਮੁੰਡੇ ਨੂੰ ਪੁਲਸ ਨੇ ਲਿਆ ਹਿਰਾਸਤ ''ਚ, ਬਲਾਕ ਕਾਂਗਰਸ ਕਮੇਟੀ ਨੇ ਕੀਤਾ ਥਾਣੇ ਦਾ ਘਿਰਾਓ
01/29/2023 6:09:44 PM

ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਭਰਾਜ ਵਿਖੇ ਬੀਤੇ ਕੁਝ ਦਿਨ ਪਹਿਲਾ 2 ਧਿਰਾਂ ’ਚ ਹੋਏ ਲੜਾਈ-ਝਗੜੇ ਨੂੰ ਲੈ ਕੇ ਕਾਂਗਰਸ ਨਾਲ ਸਬੰਧਿਤ ਪਿੰਡ ਦੀ ਮਹਿਲਾ ਸਰਪੰਚ ਦੇ ਪੁੱਤਰ ਨੂੰ ਪੁਲਸ ਵੱਲੋਂ ਬੀਤੀ ਰਾਤ ਹਿਰਾਸਤ ’ਚ ਲਏ ਜਾਣ ਦੇ ਰੋਸ ਵਜੋਂ ਅੱਜ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ ਦੀ ਅਗਵਾਈ ਹੇਠ ਇਕੱਠੇ ਹੋਏ ਕਾਂਗਰਸੀ ਸਰਪੰਚਾਂ ਵੱਲੋਂ ਸਥਾਨਕ ਥਾਣੇ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਦਿਆਂ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਿੰਡ ਭਰਾਜ ਦੀ ਸਰਪੰਚ ਹਰਪਾਲ ਕੌਰ ਦੇ ਪੁੱਤਰ ਰਾਮ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਇੱਕ ਮੁਹੱਲੇ ਵਿਚ ਮਨਦੀਪ ਸਿੰਘ, ਲਖਵਿੰਦਰ ਸਿੰਘ ਤੇ ਹੈਲੀ ਨੇ ਦੇਸ ਰਾਜ ਅਤੇ ਉਸ ਦੀ ਮਾਤਾ ਨਾਨਕੀ ਕੌਰ ਦੇ ਘਰ ਵਿੱਚ ਦਾਖ਼ਲ ਹੋ ਕੇ ਕਥਿਤ ਕੁੱਟਮਾਰ ਕੀਤੀ ਸੀ।
ਇਹ ਵੀ ਪੜ੍ਹੋ- ਧਰਤੀ ਹੇਠੋਂ ਪਾਣੀ ਕੱਢਣ ਲਈ ਹੁਣ ਦੇਣਾ ਪਵੇਗਾ ਬਿੱਲ, ਪੰਜਾਬ ਵਾਟਰ ਰੈਗੂਲੇਸ਼ਨ ਨੇ ਜਾਰੀ ਕੀਤੇ ਇਹ ਹੁਕਮ
ਇਸ ਦਾ ਪਤਾ ਲਗਦਿਆਂ ਉਹ ਆਪਣੀ ਸਰਪੰਚ ਮਾਤਾ ਦੀ ਵੱਲੋਂ ਝਗੜੇ ਵਾਲੀ ਥਾਂ ਤੇ ਪਹੁੰਚ ਗਏ ਪਰ ਮਨਦੀਪ ਸਿੰਘ ਵਗੈਰਾ ਨੇ ਉਸ ਨਾਲ ਵੀ ਦੁਰਵਿਵਹਾਰ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਉਕਤ ਵਿਅਕਤੀਆ ਖ਼ਿਲਾਫ਼ ਪੁਲਸ ਚੌਂਕੀ ਕਾਲਾਝਾੜ ਵਿਖੇ ਲਿਖਤੀ ਸ਼ਿਕਾਇਤ ਕੀਤੀ ਸੀ ਪਰ ਪੁਲਸ ਨੇ ਉਸ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਕਰਨ ਦੀ ਥਾਂ ਉਲਟਾ ਬੀਤੀ ਸ਼ਾਮ ਉਸ ਨੂੰ ਅਤੇ ਉਸ ਦੇ ਭਰਾ ਕੁਲਦੀਪ ਸਿੰਘ ਸਮੇਤ 107/51 ਅਧੀਨ ਗ੍ਰਿਫ਼ਤਾਰ ਕਰ ਲਿਆ ਅਤੇ ਅੱਜ ਜ਼ਮਾਨਤ 'ਤੇ ਛੱਡ ਦਿੱਤਾ। ਇਸ ਮੌਕੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ, ਜਗਤਾਰ ਸਿੰਘ ਸਰਪੰਚ ਮੱਟਰਾਂ ਨੇ ਸਖ਼ਤ ਸਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਪੁਲਸ ਇਸੇ ਤਰ੍ਹਾਂ ਹੀ ਕਾਂਗਰਸੀ ਸਰਪੰਚਾਂ ਨਾਲ ਧੱਕੇਸ਼ਾਹੀ ਕਰੇਗੀ ਤਾਂ ਉਹ ਕਿਸੇ ਵੀ ਕੀਮਤ ’ਤੇ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਧੱਕੇਸ਼ਾਹੀ ਵਿਰੁੱਧ ਕਾਂਗਰਸ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਚਾਵਾਂ ਨਾਲ ਵਿਆਹੀ ਧੀ ਦੀ ਖ਼ੂਨ ਨਾਲ ਭਿੱਜੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਸਹੁਰਿਆਂ 'ਤੇ ਲਾਏ ਵੱਡੇ ਦੋਸ਼
ਇਸ ਸਬੰਧੀ ਪੁਲਸ ਚੈਕਪੋਸਟ ਕਾਲਾਝਾੜ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਭਰਾਜ ਵਿਖੇ ਦੋ ਧਿਰਾਂ ਦਾ ਝਗੜਾ ਹੋਇਆ ਸੀ ਅਤੇ ਸੂਚਨਾ ਮਿਲਣ ’ਤੇ ਉਹ ਆਪਣੀ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਸਨ। ਇਸ ਸਬੰਧੀ ਇਕ ਧਿਰ ਦੇ ਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਰਾਮ ਸਿੰਘ, ਕਲਦੀਪ ਸਿੰਘ, ਦੇਸ ਰਾਜ ਖ਼ਿਲਾਫ਼ 107/51 ਧਾਰਾ ਅਧੀਨ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ ਰਾਜ ਪੁੱਤਰ ਸਰੂਪ ਸਿੰਘ ਵਾਸੀ ਭਰਾਜ ਵੱਲੋਂ ਦਿੱਤੀ ਗਈ ਲਿਖ਼ਤੀ ਸ਼ਿਕਾਇਤ ਸਬੰਧੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।