ਪੁਲਸ ਪਾਰਟੀ ਨੇ ਸ਼ੱਕੀ ਘਰਾਂ ਦੀ ਕੀਤੀ ਚੈਕਿੰਗ, 1 ਔਰਤ ਸਮੇਤ 3 ਨੂੰ ਕੀਤਾ ਰਾਊਂਡਅੱਪ
Friday, Jul 22, 2022 - 02:02 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ, ਕਾਂਸਲ): ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਵਿਭਾਗ ਦੇ ਉੱਚ-ਅਧਿਕਾਰੀਆਂ ਦੇ ਨਿਰਦੇਸ਼ਾ 'ਤੇ ਅੱਜ ਤੜਕੇ ਭਵਾਨੀਗੜ੍ਹ ਪੁਲਸ ਵੱਲੋਂ ਇਲਾਕੇ ਦੇ ਦੋ ਪਿੰਡਾਂ 'ਚ ਸਰਚ ਅਭਿਆਨ ਚਲਾਇਆ ਗਿਆ। ਡੀ.ਐੱਸ.ਪੀ. ਭਵਾਨੀਗੜ੍ਹ ਮੋਹਿਤ ਅਗਰਵਾਲ ਤੇ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਥਾਣਾ ਮੁਖੀ ਭਵਾਨੀਗੜ੍ਹ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਪਿੰਡ ਮਾਝੀ ਤੇ ਖੇੜੀ ਗਿਲਾਂ 'ਚ ਸਵੇਰੇ 5 ਤੋਂ 8 ਵਜੇ ਤੱਕ ਸ਼ੱਕੀ ਲੋਕਾਂ ਦੇ ਕਰੀਬ 42 ਘਰਾਂ 'ਚ ਛਾਪਾਮਾਰੀ ਕਰਦਿਆਂ ਤਲਾਸ਼ੀ ਕੀਤੀ। ਹਾਲਾਂਕਿ ਪੁਲਸ ਨੂੰ ਇਸ ਦੌਰਾਨ ਕੁਝ ਵੀ ਬਰਾਮਦ ਨਹੀਂ ਹੋ ਸਕਿਆ ਪਰ ਸ਼ੱਕ ਦੇ ਆਧਾਰ 'ਤੇ ਪੁਲਸ ਨੇ ਇੱਕ ਔਰਤ ਸਮੇਤ 3 ਲੋਕਾਂ ਨੂੰ ਆਪਣੀ ਹਿਰਾਸਤ ਵਿੱਚ ਲਿਆ ਹੈ।
ਇਹ ਵੀ ਪੜ੍ਹੋ- ਬਿਕਰਮ ਮਜੀਠੀਆ ਦਾ ਕੇਸ ਨਵੀਂ ਬੈਂਚ ਨੂੰ ਰੈਫ਼ਰ, 29 ਜੁਲਾਈ ਨੂੰ ਹੋਵੇਗੀ ਸੁਣਵਾਈ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਡੀ.ਐੱਸ.ਪੀ. ਭਵਾਨੀਗੜ੍ਹ ਮੋਹਿਤ ਅਗਰਵਾਲ ਦੀ ਅਗਵਾਈ ਵਿੱਚ ਪਹਿਲਾਂ ਪੁਲਸ ਵੱਲੋਂ ਸਵੇਰੇ 4 ਤੋਂ 5 ਵਜੇ ਤੱਕ ਚੰਨੋਂ ਨੇੜੇ ਹਾਈਵੇਅ 'ਤੇ ਨਾਕਾਬੰਦੀ ਕਰਕੇ ਆਉਂਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਜਿਸ ਉਪਰੰਤ ਪੁਲਸ ਨੇ 40 ਮੁਲਾਜ਼ਮਾਂ ਦੀ ਟੀਮ ਦੀ ਸਹਾਇਤਾ ਨਾਲ 3 ਘੰਟੇ ਸਰਚ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪੁਲਸ ਨੇ ਪਿੰਡ ਮਾਝੀ ਵਿਖੇ 12 ਤੇ ਖੇੜੀ ਗਿੱਲਾਂ 'ਚ 25-30 ਦੇ ਕਰੀਬ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ।
ਇਹ ਵੀ ਪੜ੍ਹੋ- ਡੇਢ ਮਹੀਨਾ ਪਹਿਲਾਂ ਲਾਪਤਾ ਹੋਏ ਪਰਿਵਾਰ ਦੀਆਂ ਲਾਸ਼ਾਂ ਨਹਿਰ ’ਚੋਂ ਮਿਲੀਆਂ, ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ
ਥਾਣਾ ਮੁਖੀ ਬਾਜਵਾ ਨੇ ਦੱਸਿਆ ਕਿ ਇਸ ਦੌਰਾਨ ਪੁਲਸ ਨੂੰ ਕੋਈ ਵੀ ਨਸ਼ਾ ਬਰਾਮਦ ਨਹੀਂ ਹੋਇਆ ਪਰ ਸ਼ੱਕ ਦੇ ਆਧਾਰ 'ਤੇ ਪੁਲਸ ਵੱਲੋਂ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਰਾਊਂਡਅੱਪ ਕਰਕੇ ਥਾਣੇ ਲਿਆਂਦਾ ਗਿਆ ਹੈ। ਪੁਲਸ ਵੱਲੋਂ ਧਾਰਾ 110 ਸੀ.ਆਰ.ਪੀ. ਤਹਿਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਤੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸਰਚ ਅਭਿਆਨ ਦੌਰਾਨ ਕਾਲਾਝਾੜ ਚੌਕੀ ਦੇ ਇੰਚਾਰਜ ਐੱਸ.ਆਈ ਕਰਮਜੀਤ ਕੌਰ ਤੇ ਘਰਾਚੋਂ ਚੌਕੀ ਦੇ ਇੰਚਾਰਜ ਐੱਸ.ਆਈ ਜਗਤਾਰ ਸਿੰਘ ਵੀ ਸ਼ਾਮਲ ਸਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।