20 ਮਹੀਨਿਆਂ ਤੋਂ ਬੰਦ ਹੈ ਸੰਗਰੂਰ ਜ਼ਿਲ੍ਹੇ ਦਾ ਸਰਕਾਰੀ Swimming Pool, ਤੈਰਾਕ ਪਰੇਸ਼ਾਨ
Wednesday, Jun 14, 2023 - 03:22 PM (IST)

ਸੰਗਰੂਰ : ਸੰਗਰੂਰ ਦੇ ਖੇਡ ਅਥਾਰਟੀਆਂ ਦਾ 50 ਮੀਟਰ ਦਾ ਸਵਿੰਮਿੰਗ ਪੂਲ ਪਿਛਲੇ 20 ਮਹੀਨਿਆਂ ਤੋਂ ਬੰਦ ਪਿਆ ਹੈ। ਅਕਤੂਬਰ 2021 'ਚ ਸਾਬਕਾ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪੂਲ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਕੰਮ ਸ਼ੁਰੂ ਹੋ ਗਿਆ ਸੀ। ਸਰਕਾਰ ਨੇ ਇਸ ਪ੍ਰਾਜੈਕਟ ਲਈ 7.5 ਕਰੋੜ ਰੁਪਏ ਦੀ ਮਨਜ਼ੂਰ ਕੀਤੇ ਸਨ ਅਤੋ ਲੋਕ ਨਿਰਮਾਣ ਵਿਭਾਗ ਕਾਰਜਕਾਰੀ ਏਜੰਸੀ ਬਣਾਈ ਗਈ ਸੀ ਪਰ ਪੰਜ ਮਹੀਨੇ ਪਹਿਲਾਂ ਇਸ ਦੇ ਕੰਮ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਸੰਗਰੂਰ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਕ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਲੋੜੀਂਦੀ ਉਸਾਰੀ ਸਮੱਗਰੀ ਵਿਦੇਸ਼ਾਂ ਤੋਂ ਮੰਗਵਾਈ ਗਈ ਅਤੇ ਲੁਧਿਆਣਾ ਪੁਹੰਚ ਗਈ ਹੈ। ਅਸੀਂ ਠੇਕੇਦਾਰ ਨੂੰ ਤਿੰਨ ਮਹੀਨਿਆਂ ਵਿੱਚ ਕੰਮ ਪੂਰਾ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈਸ ਵੇਅ ਰੂਟ 'ਚੋਂ ਹਟਾਇਆ ਜਾ ਸਕਦੈ ਗੁਰਦਾਸਪੁਰ, ਜਾਣੋ ਵਜ੍ਹਾ
ਦੱਸ ਦੇਈਏ ਕਿ ਉਭਰਦੇ ਹੋਏ ਤੈਰਾਕਾਂ ਨੂੰ ਭਾਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਪ੍ਰਾਈਵੇਟ ਪੂਲ 'ਤੇ ਟਰੇਨਿੰਗ ਕਰਨ ਲਈ ਹਰ ਮਹੀਨੇ ਹਜ਼ਾਰਾਂ ਰੁਪਏ ਖ਼ਰਚਣੇ ਪੈਂਦੇ ਹਨ ਅਤੇ ਕਈਆਂ ਨੂੰ ਖੇਡ ਛੱਡਣ ਲਈ ਮਜ਼ਬੂਰ ਹੋਣਾ ਪਿਆ ਕਿਉਂਕਿ ਉਹ ਫ਼ੀਸਾਂ ਦਾ ਭੁਗਤਾਨ ਨਹੀਂ ਕਰ ਸਕਦੇ। ਇਸ ਮੌਕੇ ਗੱਲ ਕਰਦਿਆਂ ਸੰਗਰੂਰ ਦੇ ਰਾਸ਼ਟਰੀ ਪੱਧਰ ਦੇ ਤੈਰਾਕ ਨੇ ਕਿਹਾ ਕਿ ਸਟੇਡੀਅਮ ਵਿੱਚ ਸਾਡਾ ਪੂਲ ਸਤੰਬਰ 2021 ਤੋਂ ਬੰਦ ਹੈ ਅਤੇ ਮੈਂ ਨਿੱਜੀ ਪੂਲ ਮਾਲਕ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਰਿਹਾ ਹਾਂ। ਮੈਨੂੰ ਪੂਲ ਤੱਕ ਪਹੁੰਚਣ ਲਈ ਰੋਜ਼ਾਨਾ ਸ਼ਹਿਰ ਤੋਂ ਲਗਭਗ 7 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਤਪਾ ਦੀ ਪੀਹੂ ਗਰਗ ਦੀ ਮਿਹਨਤ ਲਿਆਈ ਰੰਗ, ਮਾਂ-ਪਿਓ ਨੂੰ ਮਿਲਣ ਲੱਗੀਆਂ ਵਧਾਈਆਂ
ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਕਾਰੀ ਪੂਲ 'ਤੇ 50 ਮੀਟਰ ਦੇ ਪੂਲ ਲਈ 700 ਰੁਪਏ ਪ੍ਰਤੀ ਮਹੀਨਾ ਖ਼ਰਚਾ ਲਿਆ ਜਾਂਦਾ ਹੈ ਪਰ ਵੱਖ-ਵੱਖ ਸਕੂਲਾਂ 'ਚ ਸਥਿਤ ਪ੍ਰਾਈਵੇਟ ਪੂਲ ਦੇ ਮਾਲਕਾਂ ਕੋਲ 20,22 ਜਾਂ 25 ਮੀਟਰ ਲੰਬੇ ਪੂਲ ਹਨ। ਜੇਕਰ ਤੈਰਾਕ ਉੱਥੇ ਦਿਨ ਵਿੱਚ ਦੋ ਵਾਰ ਅਭਿਆਸ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 4,000 ਰੁਪਏ ਪ੍ਰਤੀ ਮਹੀਨਾ ਅਦਾ ਕਰਨਾ ਪੈਂਦਾ ਹੈ। ਇਸ ਸਬੰਧੀ ਜਿੱਥੇ ਐਡਵੋਕੇਟ ਕਮਲ ਆਨੰਦ ਅਤੇ ਹੋਰ ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੋਮਵਾਰ ਨੂੰ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਦੇਰੀ ਲਈ ਠੇਕੇਦਾਰਾਂ ਅਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ, ਉੱਥੇ ਹੀ ਜ਼ਿਲ੍ਹਾ ਖੇਡ ਅਫ਼ਸਰ ਦਾ ਕਹਿਣਾ ਹੈ ਕਿ ਉਹ ਇਸ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।