ਮੈਰੀਟੋਰੀਅਸ ਸਕੂਲ ’ਚ ਮੁੜ ਹੰਗਾਮਾ, ਵਿਦਿਆਰਥਣਾਂ ਦਾ ਰੋਹ ਵੇਖ ਪ੍ਰਸ਼ਾਸਨ ਨੇ ਲਿਆ ਸਖ਼ਤ ਫ਼ੈਸਲਾ

12/07/2023 12:17:16 PM

ਭਵਾਨੀਗੜ੍ਹ (ਵਿਕਾਸ) : ਸਕੂਲ ਦੀ ਮੈੱਸ ’ਚ ਬੱਚਿਆਂ ਨੂੰ ਖ਼ਰਾਬ ਖਾਣਾ ਪਰੋਸਣ ਕਾਰਨ ਪਿਛਲੇ ਦਿਨੀਂ ਸੁਰਖੀਆਂ ’ਚ ਆਏ ਘਾਬਦਾਂ ਦੇ ਮੈਰੀਟੋਰੀਅਸ ਸਕੂਲ ’ਚ ਮੁੜ ਹੰਗਾਮਾ ਹੋ ਗਿਆ। ਬੁੱਧਵਾਰ ਸਵੇਰੇ ਵੱਡੀ ਗਿਣਤੀ ’ਚ ਇਕੱਤਰ ਹੋਈਆਂ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਸਕੂਲ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਗਿਆ ਤੇ ਕੁੜੀਆਂ ਦੀ ਹੋਸਟਲ ਵਾਰਡਨ ਨੂੰ ਨੌਕਰੀ ਤੋਂ ਹਟਾਉਣ ਸਮੇਤ ਹੋਰ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ :  ਬਠਿੰਡਾ ਸਣੇ 4 ਜ਼ਿਲ੍ਹਿਆਂ ਦੇ ਕਿਸਾਨਾਂ ਲਈ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ

ਜ਼ਿਕਰਯੋਗ ਹੈ ਕਿ ਬੀਤੀ 2 ਦਸੰਬਰ ਨੂੰ ਸਕੂਲ ਦੀ ਕੰਟੀਨ ’ਚ ਜ਼ਹਿਰੀਲਾ ਭੋਜਨ ਖਾਣ ਤੋਂ ਬਾਅਦ 70 ਤੋਂ ਵੱਧ ਬੱਚਿਆਂ ਨੂੰ ਫੂਡ ਪੋਆਇਜਨਿੰਗ ਦੀ ਸ਼ਿਕਾਇਤ ਮਗਰੋਂ ਹਾਲਤ ਵਿਗੜਨ ਕਾਰਨ ਹਸਪਤਾਲ ਦਾਖ਼ਲ ਕਰਵਾਉਣ‍ਾ ਪਿਆ ਸੀ। ਸਕੂਲ ’ਚ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਉਣ ’ਤੇ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹੁਕਮਾਂ ’ਤੇ ਪੁਲਸ ਨੇ ਕੰਟੀਨ ਦੇ ਠੇਕੇਦਾਰ ਸਮੇਤ ਮੈਨੇਜਰ ਖ਼ਿਲਾਫ਼ ਪਰਚਾ ਦਰਜ ਕਰ ਕੇ ਕਾਰਵਾਈ ਕੀਤੀ ਹੈ ਤੇ ਉਸੇ ਦਿਨ ਪ੍ਰਸ਼ਾਸਨ ਨੇ ਜਾਂਚ ਟੀਮ ਬਣਾ ਕੇ ਸਕੂਲ ਨੂੰ 5 ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ।

ਇਹ ਵੀ ਪੜ੍ਹੋ  ਗੁਰੂ ਸਾਹਿਬ ਦੀ ਤਾਬਿਆ 'ਚ ਬੈਠੇ ਗ੍ਰੰਥੀ ਸਿੰਘ 'ਤੇ ਹਮਲੇ ਦਾ ਜਥੇਦਾਰ ਨੇ ਲਿਆ ਗੰਭੀਰ ਨੋਟਿਸ

ਬੁੱਧਵਾਰ ਨੂੰ ਜਦੋਂ ਸਕੂਲ ਮੁੜ ਖੁੱਲ੍ਹਿਆ ਤਾਂ ਆਪਣੇ ਮਾਪਿਆਂ ਨਾਲ ਸਕੂਲ ਪੁੱਜੀਆਂ ਵਿਦਿਆਰਥਣਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਹੋਸਟਲ ਦੀ ਵਾਰਡਨ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਧਰਨੇ ’ਚ ਸ਼ਾਮਲ 12ਵੀਂ ਜਮਾਤ ਦੀ ਵਿਦਿਆਰਥਣ ਮਨਮੀਤ ਕੌਰ ਤੇ ਪਵਨਪ੍ਰੀਤ ਕੌਰ ਸਮੇਤ 11ਵੀਂ ਜਮਾਤ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ਵਾਰਡਨ ’ਤੇ ਬੱਚਿਆਂ ਨਾਲ ਸਹੀ ਸਲੂਕ ਨਾ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਦੱਸਿਆ ਕਿ ਵਾਰਡਨ ਬੱਚੀਆਂ ਨੂੰ ਸਕੂਲ ’ਚੋਂ ਕਢਵਾਉਣ ਦੀਆਂ ਧਮਕੀਆਂ ਦਿੰਦੀ ਹੈ। ਹੋਰ ਤਾਂ ਹੋਰ ਬੀਮਾਰ ਪੈਣ ’ਤੇ ਵੀ ਉਨ੍ਹਾਂ ਨੂੰ ਦਵਾਈ ਨਹੀਂ ਦਿੱਤੀ ਜਾਂਦੀ। ਇਸ ਮੌਕੇ ਭੜਕੇ ਮਾਪਿਆਂ ਨੇ ਵੀ ਹੋਸਟਲ ਵਾਰਡਨ ਨੂੰ ਬਰਖ਼ਾਸਤ ਕਰਨ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਧਰਨੇ ਦੀ ਸੂਚਨਾ ਮਿਲਣ ’ਤੇ ਸਿੱਖਿਆ ਵਿਭਾਗ ਦੇ ਡਿਪਟੀ ਡੀ. ਈ.ਓ. ਸੰਗਰੂਰ ਪ੍ਰੀਤਇੰਦਰ ਘਈ ਪੁਲਸ ਅਧਿਕਾਰੀਆਂ ਸਮੇਤ ਮੌਕੇ ’ਤੇ ਪੁੱਜੇ ਅਤੇ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਦੀ ਗੱਲ ਸੁਣੀ। ਇਸ ਤੋਂ ਬਾਅਦ ਡਿਪਟੀ ਡੀ.ਈ.ਓ. ਨੇ ਮਾਪਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਤੇ ਹਰ ਹੀਲੇ ਪੂਰੀਆਂ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ  ਦਿਵਿਆਂਗਜਨਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਤੋਹਫ਼ਾ

ਪ੍ਰਸ਼ਾਸਨ ਝੁਕਿਆ, ਹੋਸਟਲ ਵਾਰਡਨ ਨੂੰ ਹਟਾਇਆ

ਡਿਪਟੀ ਡੀ.ਈ.ਓ. ਘਈ ਨੇ ਸਟੇਜ ਤੋਂ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਵੱਲੋਂ ਮੌਜੂਦਾ ਹੋਸਟਲ ਵਾਰਡਨ ਨੂੰ ਹਟਾ ਕੇ ਉਸ ਦੀ ਥਾਂ 'ਤੇ ਫਿਲਹਾਲ ਆਰਜ਼ੀ ਵਾਰਡਨ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਕੂਲ ’ਚ 8 ਬੱਚਿਆਂ ਤੇ 8 ਅਧਿਆਪਕਾਂ ਵਾਲੀ ਕਮੇਟੀ ਰੋਜ਼ਾਨਾ ਕੰਟੀਨ ਦੇ ਖਾਣੇ ਦੀ ਜਾਂਚ ਕਰੇਗੀ ਅਤੇ 5 ਅਧਿਆਪਕਾਂ ਦੀ ਟੀਮ ਸਕੂਲ ਦੀ ਮੈੱਸ ਦੀ ਸਾਫ਼-ਸਫ਼ਾਈ ਤੇ ਖਾਣਾ ਤਿਆਰ ਕਰਨ ਵਾਲੇ ਲੋਕਾਂ ਦੀ ਨਿਯਮਤ ਤੌਰ ’ਤੇ ਜਾਂਚ ਕਰੇਗੀ। ਇਸ ਤੋਂ ਇਲਾਵਾ ਸਕੂਲ ਦੇ ਬਾਥਰੂਮਾਂ ਦੀ ਦਿਨ ’ਚ ਦੋ ਵਾਰ ਸਫ਼ਾਈ ਕੀਤੀ ਜਾਵੇਗੀ, ਬੱਚਿਆਂ ਨੂੰ ਹਫ਼ਤੇ ’ਚ ਇਕ ਵਾਰ ਆਪਣੇ ਮਾਪਿਆਂ ਨਾਲ ਫ਼ੋਨ ’ਤੇ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸਕੂਲ ਵਿਚ ਇਕ ਸ਼ਿਕਾਇਤ ਬਾਕਸ ਹੋਵੇਗਾ ਜਿਸਦੀ ਚਾਬੀ ਉਨ੍ਹਾਂ ਕੋਲ ਰਹੇਗੀ ਤੇ ਸਮੇਂ-ਸਮੇਂ ’ਤੇ ਬਕਸੇ ਨੂੰ ਖੋਲ੍ਹਿਆ ਜਾਵੇਗਾ। ਅਧਿਕਾਰੀ ਵੱਲੋਂ ਦਿੱਤੇ ਭਰੋਸੇ ਮਗਰੋਂ ਵਿਦਿਆਰਥਣਾਂ ਤੇ ਮਾਪੇ ਸ਼ਾਂਤ ਹੋਏ ਜਿਸ ਤੋਂ ਬਾਅਦ ਉਨ੍ਹਾਂ ਆਪਣਾ ਧਰਨਾ ਸਮਾਪਤ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Harnek Seechewal

Content Editor

Related News