ਫਸਲਾਂ ਦੀ ਕਟਾਈ ਦੌਰਾਨ ਬਿਜਲੀ ਬੰਦ ਕਰਨ ਦੇ ਫੈਸਲੇ ਖਿਲਾਫ ਇੰਡਸਟਰੀ ਚੈਂਬਰ ਦਾ ਰੋਸ

Friday, Apr 11, 2025 - 02:58 PM (IST)

ਫਸਲਾਂ ਦੀ ਕਟਾਈ ਦੌਰਾਨ ਬਿਜਲੀ ਬੰਦ ਕਰਨ ਦੇ ਫੈਸਲੇ ਖਿਲਾਫ ਇੰਡਸਟਰੀ ਚੈਂਬਰ ਦਾ ਰੋਸ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਜ਼ਿਲ੍ਹਾ ਇੰਡਸਟਰੀ ਚੈਂਬਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਵੱਲੋਂ ਫਸਲਾਂ ਦੀ ਕਟਾਈ ਦੇ ਸੀਜ਼ਨ ਦੌਰਾਨ ਦਿਨ ਦੇ ਸਮੇਂ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰੱਖਣ ਦੇ ਪ੍ਰਸਤਾਵਿਤ ਫੈਸਲੇ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਚੈਂਬਰ ਦੇ ਪ੍ਰਧਾਨ ਵਿਕਾਸ ਗੋਇਲ ਨੇ ਇਸ ਫੈਸਲੇ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਇਹ ਕਦਮ ਸੂਬੇ ਦੀ ਪਹਿਲਾਂ ਤੋਂ ਹੀ ਸੰਘਰਸ਼ ਕਰ ਰਹੀ ਇੰਡਸਟਰੀ ਲਈ ਇਕ ਵੱਡਾ ਝਟਕਾ ਸਾਬਿਤ ਹੋਵੇਗਾ। ਵਿਕਾਸ ਗੋਇਲ ਨੇ ਕਿਹਾ ਕਿ ਇੰਡਸਟਰੀ ਚੈਂਬਰ ਨੂੰ ਸੂਚਨਾ ਮਿਲੀ ਹੈ ਕਿ ਬਿਜਲੀ ਬੋਰਡ ਵੱਲੋਂ ਇਹ ਫੈਸਲਾ ਲਿਆ ਜਾ ਰਿਹਾ ਹੈ ਕਿ ਜਦੋਂ ਤੱਕ ਫਸਲਾਂ ਦੀ ਕਟਾਈ ਜਾਰੀ ਰਹੇਗੀ, ਉਦੋਂ ਤੱਕ ਦਿਨ ਦੇ ਸਮੇਂ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਉਨ੍ਹਾਂ ਸਵਾਲ ਉਠਾਇਆ ਕਿ ਕੀ ਬਿਜਲੀ ਬੋਰਡ ਪੰਜਾਬ ਦੀ ਇੰਡਸਟਰੀ ਦੀਆਂ ਮੁਸ਼ਕਿਲਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ? ਉਨ੍ਹਾਂ ਕਿਹਾ ਕਿ ਜੇਕਰ ਇਕ ਸਰਕਾਰੀ ਅਦਾਰਾ ਵੀ ਇੰਡਸਟਰੀ ਦੇ ਵਿਰੁੱਧ ਕੰਮ ਕਰੇਗਾ, ਤਾਂ ਇੰਡਸਟਰੀ ਕਿਸ ਤਰ੍ਹਾਂ ਆਪਣਾ ਕਾਰੋਬਾਰ ਚਲਾ ਸਕੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੰਡਸਟਰੀ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਬਿਜਲੀ ਸਪਲਾਈ ਬੰਦ ਰਹਿਣ ਨਾਲ ਉਤਪਾਦਨ ਪ੍ਰਕਿਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।

ਚੈਂਬਰ ਦੇ ਪ੍ਰਧਾਨ ਨੇ ਕਿਹਾ ਕਿ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਿਜਲੀ ਦੇ ਢਾਂਚੇ, ਖਾਸ ਕਰਕੇ ਤਾਰਾਂ ਅਤੇ ਫੀਡਰਾਂ ਨੂੰ ਇੰਨਾ ਮਜ਼ਬੂਤ ਅਤੇ ਸੁਰੱਖਿਅਤ ਬਣਾ ਕੇ ਰੱਖੇ ਕਿ ਕਣਕ ਦੀ ਕਟਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਵਾਪਰਨ ਦਾ ਕੋਈ ਖ਼ਤਰਾ ਨਾ ਰਹੇ। ਵਿਕਾਸ ਗੋਇਲ ਨੇ ਕਿਹਾ ਕਿ ਜੇਕਰ ਬਿਜਲੀ ਬੋਰਡ ਨੇ ਆਪਣੇ ਇਸ ਫੈਸਲੇ 'ਤੇ ਮੁੜ ਵਿਚਾਰ ਨਾ ਕੀਤਾ ਅਤੇ ਦਿਨ ਦੇ ਸਮੇਂ ਬਿਜਲੀ ਸਪਲਾਈ ਬੰਦ ਰੱਖਣ ਦਾ ਫੈਸਲਾ ਲਾਗੂ ਕੀਤਾ ਗਿਆ, ਤਾਂ ਸੋਮਵਾਰ ਨੂੰ ਜ਼ਿਲ੍ਹਾ ਬਰਨਾਲਾ ਦੇ ਸਾਰੇ ਇੰਡਸਟਰੀ ਚੈਂਬਰ ਦੇ ਮੈਂਬਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਰੋਸ ਮੁਜ਼ਾਹਰਾ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ, ਤਾਂ ਇੰਡਸਟਰੀ ਦੇ ਮਾਲਕ ਆਪਣੀਆਂ ਫੈਕਟਰੀਆਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਸੌਂਪਣ ਲਈ ਵੀ ਮਜਬੂਰ ਹੋ ਸਕਦੇ ਹਨ। ਚੈਂਬਰ ਦੇ ਚੇਅਰਮੈਨ ਵਿਜੇ ਗਰਗ ਨੇ ਵੀ ਇਸ ਮੁੱਦੇ 'ਤੇ ਆਪਣੀ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਰਕਾਰ ਇਕ ਪਾਸੇ ਤਾਂ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਰਦੀ ਹੈ, ਪਰ ਦੂਜੇ ਪਾਸੇ ਅਜਿਹੇ ਫੈਸਲੇ ਲੈ ਕੇ ਇੰਡਸਟਰੀ ਨੂੰ ਵੱਡਾ ਨੁਕਸਾਨ ਪਹੁੰਚਾ ਰਹੀ ਹੈ। 

ਕੀ ਕਹਿੰਦੇ ਹਨ ਬਿਜਲੀ ਬੋਰਡ ਦੇ ਐੱਸਈ  

ਇਸ ਸੰਬੰਧੀ ਜਦੋਂ ਐੱਸਈ ਬਿਜਲੀ ਬੋਰਡ ਤੇਜ ਬੰਸਲ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਕਿ ਪੂਰੇ ਦਿਨ ਲਈ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਾਵਰਕੌਮ ਵੱਲੋਂ ਇਸ ਸੀਜ਼ਨ ਵਿਚ ਫੀਡਰਾਂ ਦੀ ਜ਼ਰੂਰੀ ਮੁਰੰਮਤ ਅਤੇ ਦੇਖਭਾਲ ਦਾ ਕੰਮ ਕੀਤਾ ਜਾਂਦਾ ਹੈ। ਇਸ ਨਾਲ ਦੋ ਮੁੱਖ ਮਕਸਦ ਹੱਲ ਹੁੰਦੇ ਹਨ - ਇੱਕ ਤਾਂ ਕਣਕ ਦੀ ਕਟਾਈ ਦੇ ਸੀਜ਼ਨ ਦੌਰਾਨ ਬਿਜਲੀ ਦੀਆਂ ਤਾਰਾਂ ਕਾਰਨ ਹੋਣ ਵਾਲੇ ਸੰਭਾਵੀ ਹਾਦਸਿਆਂ ਤੋਂ ਬਚਾਅ ਹੋ ਜਾਂਦਾ ਹੈ ਅਤੇ ਦੂਜਾ ਪਾਵਰਕੌਮ ਦੇ ਫੀਡਰਾਂ ਦੀ ਮੁਰੰਮਤ ਵੀ ਹੋ ਜਾਂਦੀ ਹੈ, ਜਿਸ ਨਾਲ ਭਵਿੱਖ ਵਿੱਚ ਬਿਜਲੀ ਸਪਲਾਈ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਤੇਜ ਬੰਸਲ ਨੇ ਸਪੱਸ਼ਟ ਕੀਤਾ ਕਿ ਬਿਜਲੀ ਸਪਲਾਈ ਪੂਰੇ ਦਿਨ ਲਈ ਨਹੀਂ ਕੱਟੀ ਜਾ ਰਹੀ, ਸਗੋਂ ਇਹ ਕੱਟ ਸਿਰਫ਼ ਕੁਝ ਘੰਟਿਆਂ ਲਈ ਹੀ ਲਗਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਾਵਰਕੌਮ ਵੱਲੋਂ ਇਸ ਸਬੰਧੀ ਅਗਾਊਂ ਸੂਚਨਾ ਲੋਕਾਂ ਨੂੰ ਜ਼ਰੂਰ ਦਿੱਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਉਮੀਦ ਜਤਾਈ ਕਿ ਫੀਡਰਾਂ ਦੀ ਮੁਰੰਮਤ ਦਾ ਕੰਮ ਅਗਲੇ ਦੋ-ਤਿੰਨ ਦਿਨਾਂ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਕੋਈ ਵੀ ਬਿਜਲੀ ਕੱਟ ਨਹੀਂ ਲੱਗੇਗਾ।


author

Gurminder Singh

Content Editor

Related News