ਸੁਰੱਖਿਆ ਦੇ ਮੱਦੇਨਜ਼ਰ ਸੀ.ਸੀ.ਟੀ.ਵੀ. ਕੈਮਰੇ ਚਾਲੂ ਰੱਖੇ ਜਾਣ : ਐੱਸ. ਐੱਚ. ਓ. ਗਿੱਲ

02/20/2019 10:41:17 AM

ਰੋਪੜ (ਵਿਜੇ)-ਸਿਟੀ ਪੁਲਸ ਰੂਪਨਗਰ ਨੇ ਸ਼ਹਿਰ ਦੇ ਲੋਕਾਂ ਨੂੰ ਸੁਰੱਖਿਆ ਮਜ਼ਬੂਤ ਕਰਨ ਲਈ ਮੁਹੱਲਾ ਕਮੇਟੀਆਂ, ਬਾਜ਼ਾਰਾਂ ’ਚ ਕਮੇਟੀਆਂ ਆਦਿ ਬਣਾ ਕੇ ਚੌਕੀਦਾਰ ਰੱਖਣ ਦੀ ਸਲਾਹ ਦਿੱਤੀ ਹੈ। ਸਿਟੀ ਪੁਲਸ ਦੇ ਐੱਸ.ਐੱਚ.ਓ. ਦਲਜੀਤ ਸਿੰਘ ਗਿੱਲ ਨੇ ਅੱਜ ਸ਼ਹਿਰ ਦੇ ਕੌਂਸਲਰਾਂ ਦੀ ਇਕ ਮੀਟਿੰਗ ਬੁਲਾਈ ਜਿਸ ’ਚ ਉਨ੍ਹਾਂ ਕਿਹਾ ਕਿ ਮਾਪੇ ਛੋਟੇ ਬੱਚਿਆਂ ਦੁਆਰਾ ਵਾਹਨ ਚਲਾਉਣ ਦੇ ਮਾਮਲੇ ’ਚ ਗੰਭੀਰਤਾ ਨਾਲ ਧਿਆਨ ਦੇਣ ਕਿਉਂਕਿ ਇਸ ਕਾਰਨ ਵਾਹਨਾਂ ਦੀਆਂ ਦੁਰਘਟਨਾਵਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਸ਼ਹਿਰ ’ਚ ਜਿਨ੍ਹਾਂ ਲੋਕਾਂ ਨੇ ਆਪਣੇ ਘਰਾਂ ’ਚ ਕਿਰਾਏਦਾਰ ਰੱਖੇ ਹੋਏ ਹਨ ਉਹ ਤਿੰਨ ਦਿਨ ਦੇ ਅੰਦਰ-ਅੰਦਰ ਉਨ੍ਹਾਂ ਦੀ ਤਸਦੀਕ ਸਿਟੀ ਥਾਣੇ ਤੋਂ ਕਰਵਾਉਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼ਹਿਰ ’ਚ ਜਿੰਨੇ ਵੀ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ ਸਬੰਧਤ ਵਿਅਕਤੀ ਉਨ੍ਹਾਂ ਨੂੰ ਚਾਲੂ ਹਾਲਤ ’ਚ ਰੱਖਣ। ਉਨ੍ਹਾਂ ਨਗਰ ਕੌਂਸਲ ਰੂਪਨਗਰ ਨੂੰ ਕਿਹਾ ਕਿ ਉਹ ਸ਼ਹਿਰ ’ਚ ਸਾਰੀਆਂ ਸਟਰੀਟ ਲਾਈਟਾਂ ਸਹੀ ਹਾਲਤ ’ਚ ਰੱਖੇ ਤਾਂ ਜੋ ਰਾਤ ਸਮੇਂ ਕਿਤੇ ਹਨੇਰਾ ਨਾ ਹੋਵੇ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ’ਚ ਅਮਨ-ਸ਼ਾਂਤੀ ਦਾ ਮਾਹੌਲ ਕਾਇਮ ਰੱਖਣ ’ਚ ਸਿਟੀ ਪੁਲਸ ਨੂੰ ਆਪਣਾ ਸਹਿਯੋਗ ਦੇਣ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਹੋਰ ਯਕੀਨੀ ਬਣਾਈ ਜਾ ਸਕੇ।


Related News