ਪੁਲਸ ਨੇ ਚੋਰੀ ਦਾ ਸਾਮਾਨ ਖਰੀਦਣ ਵਾਲੇ ਸਕਰੈਪ ਡੀਲਰਾਂ ਸਮੇਤ 3 ਮੁਲਜ਼ਮਾਂ ਨੂੰ ਕੀਤਾ ਕਾਬੂ

06/28/2024 6:30:42 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) : ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਚੋਰੀ ਦਾ ਸਾਮਾਨ ਖਰੀਦਣ ਵਾਲੇ ਸਕਰੈਪ ਡੀਲਰ ਸਮੇਤ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤਾ ਤਾਂਬਾ ਬਰਾਮਦ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੰਕਜ ਕੁਮਾਰ ਪੁੱਤਰ ਸੁਰਿੰਦਰ ਕਪੂਰ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਉਸਦਾ ਨਵਾਂਸ਼ਹਿਰ ਦੇ ਵਾਲਮੀਕਿ ਮੁਹੱਲੇ ਵਿਚ ਗੋਦਾਮ ਹੈ, ਜਿੱਥੇ ਉਸਨੇ ਬਿਜਲੀ ਦੀਆਂ ਤਾਰਾਂ ਅਤੇ ਹੋਰ ਸਾਮਾਨ ਰੱਖਿਆ ਹੋਇਆ ਹੈ।

ਉਸਨੇ ਦੱਸਿਆ ਕਿ ਉਸਦੇ ਗੋਦਾਮ ਵਿਚੋਂ ਬੀਤੀ ਤਿੰਨ ਰਾਤਾਂ ਤੋਂ ਚੋਰੀਆਂ ਹੋ ਰਹੀਆਂ ਸਨ ਅਤੇ ਉਹ ਚੋਰਾਂ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਸਨੇ ਦੱਸਿਆ ਕਿ ਉਸਨੂੰ ਸ਼ੱਕ ਸੀ ਕਿ ਅਜੈ ਕੁਮਾਰ ਪੁੱਤਰ ਅਸ਼ੋਕ ਕੁਮਾਰ ਅਤੇ ਵਿਸ਼ਾਲ ਪੁੱਤਰ ਦਵਿੰਦਰ ਕੁਮਾਰ ਵਾਸੀ ਨਵਾਂਸ਼ਹਿਰ ਨੇ ਉਸਦੇ ਗੋਦਾਮ ਵਿਚੋਂ ਤਾਰਾਂ ਅਤੇ ਹੋਰ ਸਾਮਾਨ ਚੋਰੀ ਕਰ ਕੇ ਪਾਲਾ ਰਾਮ ਪੁੱਤਰ ਭਗਤ ਰਾਮ ਵਾਸੀ ਪ੍ਰੇਮ ਨਗਰ, ਨਵਾਂਸ਼ਹਿਰ ਨੂੰ ਵੇਚ ਦਿੱਤਾ ਹੈ, ਜੋ ਸਕਰੈਪ ਦਾ ਕੰਮ ਕਰ ਰਿਹਾ ਸੀ। ਐੱਸ.ਐੱਚ.ਓ. ਮਹਿੰਦਰ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।


Gurminder Singh

Content Editor

Related News