ਨੰਗਲ ਦਾ ਪ੍ਰਸਿੱਧ ਕਾਰੋਬਾਰੀ ਭੇਤਭਰੇ ਹਾਲਾਤ ’ਚ ਲਾਪਤਾ

07/26/2022 4:11:25 PM

ਨੰਗਲ (ਗੁਰਭਾਗ ਸਿੰਘ)-ਨੰਗਲ ਦੇ ਇਕ ਪ੍ਰਸਿੱਧ ਕਾਰੋਬਾਰੀ ਦੇ ਭੇਤਭਰੇ ਹਾਲਾਤ ’ਚ ਲਾਪਤਾ ਹੋਣ ਕਰ ਕੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਲਾਪਤਾ ਹੋਏ ਨੌਜਵਾਨ ਦਾ ਨਾਂ ਤਜਿੰਦਰ ਸਿੰਘ ਸ਼ੇਰੂ ਹੈ, ਜੋ ਇਕ ਹੋਟਲ ਅਤੇ ਮੱਛੀ ਕਾਰੋਬਾਰ ’ਚ ਹਿੱਸੇਦਾਰ ਹੈ। ਦੱਸਿਆ ਜਾ ਰਿਹਾ ਹੈ ਕਿ ਤਜਿੰਦਰ ਸਿੰਘ ਸ਼ੇਰੂ ਦੀ ਐਕਟਿਵਾ ਨੰਗਲ ਭਾਖਡ਼ਾ ਨਹਿਰ ਕਿਨਾਰੇ ਬੀਤੀ ਦੇਰ ਰਾਤ ਖੜ੍ਹੀ ਮਿਲੀ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਖ਼ਦਸ਼ੇ ਪੈਦਾ ਹੋ ਰਹੇ ਹਨ। ਚਰਚਾ ਇਸ ਗੱਲ ਦੀ ਵੀ ਆਮ ਹੋ ਰਹੀ ਹੈ ਕਿ ਸ਼ਾਇਦ ਉਕਤ ਨੌਜਵਾਨ ਮੱਛੀਆਂ ਨੂੰ ਆਟਾ ਪਾਉਣ ਲਈ ਨਹਿਰ ਕਿਨਾਰੇ ਗਿਆ ਅਤੇ ਉਸ ਦਾ ਪੈਰ ਫਿਸਲ ਗਿਆ।

ਇਲਾਕੇ ਦੇ ਮਸ਼ਹੂਰ ਗੋਤਾਖੋਰ ਕਮਲਪ੍ਰੀਤ ਸੈਣੀ ਦੀ ਟੀਮ ਵੱਲੋਂ ਸਵੇਰੇ ਤੋਂ ਹੀ ਨੰਗਲ ਭਾਖਡ਼ਾ ਨਹਿਰ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਰਸਾਤ ਕਾਰਨ ਨਹਿਰ ਦਾ ਪਾਣੀ ਗੰਧਲਾ ਹੈ ਅਤੇ ਗੋਤਾਖੋਰਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਜਿੰਦਰ ਸਿੰਘ ਇਕ ਰਸੂਖਦਾਰ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਉਸਦੇ ਸਾਥੀਆਂ ਵੱਲੋਂ ਨੰਗਲ ਥਾਣਾ ’ਚ ਦੇ ਦਿੱਤੀ ਗਈ ਹੈ।
 


Manoj

Content Editor

Related News