ਪਿੰਡ ਚੂਹੜਪੁਰ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤੜਫੇ, ਟੈਂਕਰਾਂ ਰਾਹੀਂ ਪਾਣੀ ਲਿਆ ਕੇ ਟਪਾ ਰਹੇ ਵਕਤ

Saturday, Apr 08, 2023 - 01:02 AM (IST)

ਪਿੰਡ ਚੂਹੜਪੁਰ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤੜਫੇ, ਟੈਂਕਰਾਂ ਰਾਹੀਂ ਪਾਣੀ ਲਿਆ ਕੇ ਟਪਾ ਰਹੇ ਵਕਤ

ਬਲਾਚੌਰ (ਬ੍ਰਹਮਪੁਰੀ) : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਚੂਹੜਪੁਰ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਪੂਰਾ ਨਹੀਂ ਮਿਲ ਰਿਹਾ। ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰ ਪਾਣੀ ਦੀ ਸਮੱਸਿਆ ਨੂੰ ਲੈ ਕੇ ਡਿਪਟੀ ਕਮਿਸ਼ਨਰ ਨਵਾਂਸ਼ਹਿਰ, ਐੱਸ. ਡੀ. ਓ. ਵਾਟਰ ਸਪਲਾਈ ਆਦਿ ਦਫ਼ਤਰਾਂ ਵਿਚ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਘੁੰਮਦੇ ਆ ਰਹੇ ਪਰ ਕਿਸੇ ਨੇ ਵੀ ਇਸ ਪਿੰਡ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਠੀਕ ਨਹੀਂ ਕੀਤੀ ਤੇ ਅਜੇ ਤਕ ਵੀ ਕੋਈ ਹੱਲ ਨਹੀਂ ਹੋਇਆ।

ਇਹ ਖ਼ਬਰ ਵੀ ਪੜ੍ਹੋ : ‘ਮੇਰਾ ਨਾਂ’ ਗਾਣਾ ਆਉਣ ਮਗਰੋਂ ਮੁੜ ਚਰਚਾ ’ਚ ਮੂਸੇਵਾਲਾ, ਇਨ੍ਹਾਂ ਕਲਾਕਾਰਾਂ ਨੇ ਕੀਤੀ ਫੁੱਲ ਸਪੋਰਟ

ਪੀਣ ਵਾਲੇ ਪਾਣੀ ਦੀ ਸਕੀਮ ਦੀ ਹੋਂਦ

ਪਿੰਡ ਚੂਹੜਪੁਰ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਗਰੀਬਦਾਸੀ ਸੰਪਰਦਾਇ ਦੇ ਤੀਸਰੇ ਮੁਖੀ ਬ੍ਰਹਮਲੀਨ ਸਤਿਗੁਰੂ ਬ੍ਰਹਮਾ ਨੰਦ ਜੀ  ਭੂਰੀਵਾਲਿਆਂ (ਗਊਆਂ ਵਾਲਿਆਂ) ਦੀ ਜਨਮ ਭੂਮੀ ਹੈ। ਇਸ ਲਈ ਪਿੰਡ ਨਿਵਾਸੀਆਂ ਨੇ ਇਕੱਠੇ ਹੋ ਕੇ 1995 ’ਚ ਗਊਆਂ ਵਾਲਿਆਂ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਪੀਣ ਵਾਲਾ ਪਾਣੀ ਪੂਰਾ ਨਹੀਂ ਮਿਲਦਾ। ਪਿੰਡ ਦੇ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਸਤਿਗੁਰੂ ਗਊਆਂ ਵਾਲਿਆਂ ਨੇ ਉਸ ਸਮੇਂ ਦੇ ਮੁਖ ਮੰਤਰੀ ਬੇਅੰਤ ਸਿੰਘ ਨੂੰ ਪਿੰਡ ਲਿਆ ਕੇ ਇਸ ਸਮੱਸਿਆ ਦਾ ਹੱਲ ਕਰਵਾਇਆ ਤੇ ਪਿੰਡ ਵਿਚ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਲਗਵਾ ਦਿੱਤਾ। ਇਸ ਟਿਊਬਵੈੱਲ ਤੋਂ ਚੂਹੜਪੁਰ ਤੇ ਪਿੰਡ ਨਾਨੋਵਾਲ ਲਈ ਸਪਲਾਈ ਸੀ ਪਰ ਕਿਸੇ ਕਾਰਨ ਕਰਕੇ ਬਿਨਾਂ ਰਿਕਾਰਡ ਪਿੰਡ ਜੀਤਪੁਰ ਨੂੰ ਵੀ ਸਪਲਾਈ ਦੇ ਦਿੱਤੀ, ਜਿਸ ਨਾਲ ਟਿਊਬਵੈੱਲ ਆਪਣੀ ਸਮਰੱਥਾ ਤੋਂ ਵੱਧ ਪਾਣੀ ਦੀ ਸਪਲਾਈ ਦੇਣ ਲੱਗ ਪਿਆ, ਜਦਕਿ ਸਰਕਾਰੀ ਨਿਯਮਾਂ ਅਨੁਸਾਰ ਸਿਰਫ ਚੂਹੜਪੁਰ ਅਤੇ ਨਾਨੋਵਾਲ ਪਿੰਡ ਹੀ ਸਪਲਾਈ ਅਧੀਨ ਸਨ।

ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ, ਦੋ ਭੈਣਾਂ ਦਾ ਸੀ ਇਕਲੌਤਾ ਭਰਾ

ਕੀ ਕਹਿੰਦੇ ਨੇ ਪਿੰਡ ਵਾਸੀ 

ਪਿੰਡ ਦੇ ਸਮਾਜ ਸੇਵਕ ਕਿਸ਼ੋਰ ਲਾਲ ਸਾਬਕਾ ਪੰਚ, ਜੋ ਲੰਬੇ ਸਮੇਂ ਤੋਂ ਪਿੰਡ ਦੀਆਂ ਲੋੜਾਂ ਬਾਰੇ ਸੰਘਰਸ਼ ਕਰਦੇ ਆ ਰਹੇ ਹਨ, ਉਨ੍ਹਾਂ ਦੱਸਿਆ ਕਿ 1995 ’ਚ ਇਹ ਸਕੀਮ ਹੋਂਦ ਵਿਚ ਆਈ ਸੀ। ਤਕਰੀਬਨ 28  ਸਾਲ ਹੋ ਗਏ ਇਸ ਸਕੀਮ ਦਾ ਨਵੀਨੀਕਰਨ ਵੀ ਨਹੀਂ ਕੀਤਾ ਸਗੋਂ ਤਕਨੀਕੀ ਤੌਰ ’ਤੇ ਇਸ ਦੇ ਪਾਣੀ ਦਾ ਪੱਧਰ/ਡੂੰਘਾਈ, ਜੋ ਹੇਠਲੇ ਪੱਧਰ ’ਤੇ ਚਲੇ ਗਏ, ਦਾ ਆਖ਼ਰੀ ਪਾਈਪ ਵੀ ਪੈ ਚੁੱਕਿਆ ਪਰ ਮਹਿਕਮਾ ਇਸ ਤੋਂ ਨਿਯਮਾਂ ਦੇ ਖਿਲਾਫ ਕੰਮ ਲੈ ਰਿਹਾ ਹੈ। ਕਿਸ਼ੋਰ ਲਾਲ ਨੇ ਦੱਸਿਆ ਕਿ ਉਹ ਉਕਤ ਮਾਮਲੇ ਬਾਰੇ ਕਈ ਵਾਰ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੂੰ ਉਨ੍ਹਾਂ ਦੇ ਦਫ਼ਤਰ ਜਾ ਕੇ ਲਿਖਤੀ ਬੇਨਤੀਆਂ ਕਰ ਚੁੱਕੇ ਹਨ ਅਤੇ ਵਿਭਾਗ ਦੇ ਐੱਸ. ਡੀ. ਓ., ਐਕਸੀਅਨ ਅਤੇ ਜੇ. ਈ. ਨੂੰ ਵੀ ਵਾਰ-ਵਾਰ ਮਿਲ ਚੁੱਕੇ ਹਨ ਪਰ ਵਿਭਾਗ ਲੋਕਾਂ ਦੀ ਇਕ ਨਹੀਂ ਸੁਣ ਰਿਹਾ। ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤੜਫ਼ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦਾ ਇਕ ਆਲ੍ਹਾ ਅਫ਼ਸਰ ਸਰਕਾਰ ਦੀ ਬਦਨਾਮੀ ਕਰਵਾ ਰਿਹਾ ਹੈ ਅਤੇ ਲੋਕਾਂ ਨੂੰ ਜਾਣਬੁੱਝ ਕੇ ਸਤਾ ਰਿਹਾ ਹੈ, ਜਿਸ ਦੀ ਸ਼ਿਕਾਇਤ ਉਹ ਮੁੱਖ ਮੰਤਰੀ ਪੰਜਾਬ ਨੂੰ ਵੀ ਕਰਨਗੇ ਕਿ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਦੇ ਹੁਕਮਾਂ ਨੂੰ ਵੀ ਟਿੱਚ ਜਾਣਦਾ।

ਕੀ ਕਹਿੰਦੇ ਪਿੰਡ ਦੇ ਸਰਪੰਚ ਤੇ ਸੰਮਤੀ ਮੈਂਬਰ

ਜਸਵੀਰ ਕੌਰ ਜੱਸੀ ਪਿੰਡ ਦੀ ਨੌਜਵਾਨ ਸਰਪੰਚ ਨੇ ਦੱਸਿਆ ਕਿ ਪਿੰਡ ਸਾਡੇ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਸਹੀ ਨਾ ਹੋਣ ਕਰਕੇ ਪਿੰਡ ਦੇ ਲੋਕਾਂ ਨੇ ਬਹੁਤ ਵਾਰੀ ਸ਼ਿਕਾਇਤਾਂ ਮਹਿਕਮੇ ਨੂੰ ਦਸਤਖ਼ਤ ਕਰਕੇ ਭੇਜੀਆਂ ਪਰ ਮਹਿਕਮੇ ਦੇ ਕੰਨ ’ਤੇ ਜੂੰ ਨਹੀਂ ਸਰਕਦੀ। ਇਸ ਬਾਰੇ ਗੱਲ ਕਰਦਿਆਂ ਰਾਜ ਕੁਮਾਰ ਸੰਮਤੀ ਮੈਂਬਰ, ਹਰਮੇਸ਼ ਲਾਲ ਬਜਾੜ, ਡਾਕਟਰ ਕੇਵਲ, ਰਾਕੇਸ਼ ਕੇਸ਼ੀ ਸਾਬਕਾ ਫ਼ੌਜੀ, ਮੋਹਨ ਲਾਲ ਸਾਬਕਾ ਫ਼ੌਜੀ , ਅਮਨ ਚੇਚੀ ਆਦਿ ਨੇ ਦੱਸਿਆ ਕਿ ਸਾਡੀ ਇਹ ਹਾਲਤ ਹੋ ਗਈ ਕਿ ਅਸੀਂ ਮੁੱਲ ਪਾਣੀ ਟੈਂਕਰਾਂ ਰਾਹੀਂ ਲਿਆ ਕੇ ਪੀ ਰਹੇ ਹਾਂ, ਜਦਕਿ ਸਾਡੇ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਪਸ਼ੂ ਪਾਲਣ ਹੈ। ਪਸ਼ੂਆਂ ਨੂੰ ਪਾਣੀ ਵੀ ਪੂਰਾ ਨਹੀਂ ਮਿਲ ਰਿਹਾ, ਜਿਸ ਨਾਲ ਸਾਡਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ।

ਕੀ ਕਹਿੰਦੇ ਨੇ ਵਿਭਾਗ ਦੇ ਅਧਿਕਾਰੀ

ਜਦੋਂ ਇਸ ਬਾਰੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਵਿਭਾਗ ਦੇ ਜੇ. ਈ. ਸੁਰਿੰਦਰ ਕੁਮਾਰ ਨੇ ਕਿਹਾ ਕਿ ਅਸੀਂ ਇਸ ਮਸਲੇ ਦੀ ਗੰਭੀਰਤਾ ਨੂੰ ਹੱਲ ਕਰ ਰਹੇ ਹਾਂ ਪਰ ਇਹ ਪੂਰਾ ਅਮਲ ਉੱਚ ਪੱਧਰ ਦਾ ਹੋਣ ਕਰਕੇ ਵਿਭਾਗ ਦੇ ਉੱਚ ਅਧਿਕਾਰੀ ਇਸ ਬਾਰੇ ਦਿਸ਼ਾ-ਨਿਰਦੇਸ਼ ਦੇਣਗੇ ਅਸੀਂ ਜੀਤਪੁਰ ਪਿੰਡ ਦੀ ਸਪਲਾਈ ਕੱਟ ਦੇਵਾਂਗੇ, ਜਦੋਂ ਇਸ ਬਾਰੇ ਐੱਸ. ਡੀ. ਓ. ਗੁਰਵਿੰਦਰ ਕੋਛੜ, ਜਿਸ ’ਤੇ ਪਿੰਡ ਵਾਲੇ ਸਿੱਧਾ ਦੋਸ਼ ਲਾ ਰਹੇ ਹਨ ਕਿ ਇਸ ਅਧਿਕਾਰੀ ਦੀ ਮਾੜੀ ਕਾਰਗੁਜ਼ਾਰੀ ਕਰਕੇ ਅਸੀਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਾਂ, ਜਦੋਂ ਉਸ ਨੂੰ ਵਾਰ-ਵਾਰ ਫ਼ੋਨ ਕੀਤਾ ਤਾਂ ਉਸ ਨੇ ਚੁੱਕਿਆ ਹੀ ਨਹੀਂ।


author

Manoj

Content Editor

Related News