ਪਿੰਡ ਮੱਲਕੇ ’ਚ ਦਿਨ-ਦਿਹਾੜੇ ਚਲੀਆਂ ਕਿਰਪਾਨਾਂ, ਖੂਨੀ ਲੜਾਈ ਦੇਖ ਦਹਿਲ ਗਏ ਲੋਕ
Wednesday, Oct 15, 2025 - 01:13 PM (IST)

ਸਮਾਲਸਰ (ਸੁਰਿੰਦਰ) : ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਥਾਣਾ ਸਮਾਲਸਰ ਦੇ ਪਿੰਡ ਮੱਲਕੇ ’ਚ ਪਿਛਲੇ ਕਈ ਦਿਨਾਂ ਤੋਂ ਆਪਸੀ ਤਕਰਾਰ ਦੀਆਂ ਚੱਲ ਰਹੀਆਂ ਘਟਨਾਵਾਂ ਨੇ ਅੱਜ ਖੂਨੀ ਰੂਪ ਧਾਰ ਲਿਆ। ਸਵੇਰ ਦੇ ਸਮੇਂ ਹੀ ਪਿੰਡ ਦੇ ਕੁਝ ਨੌਜਵਾਨਾਂ ’ਚ ਹੋਈ ਤਕਰਾਰ ਉਪਰੰਤ ਤੇਜ਼ ਧਾਰ ਹਥਿਆਰਾਂ ਨਾਲ ਹੋਏ ਹਮਲੇ ’ਚ ਪਿੰਡ ਮੱਲਕੇ ਦੇ ਇਕ ਪੰਚਾਇਤ ਮੈਂਬਰ ਅਤੇ ਉਸ ਦਾ ਭਰਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਦੋਵਾਂ ਨੂੰ ਤੁਰੰਤ ਇਲਾਜ ਲਈ ਬਾਘਾ ਪੁਰਾਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਾਰਨ ਮੋਗਾ ਦੇ ਸਿਵਲ ਹਸਪਤਾਲ ’ਚ ਰੈਫਰ ਕਰ ਦਿੱਤਾ, ਜੋ ਇਸ ਵੇਲੇ ਜ਼ੇਰੇ ਇਲਾਜ ਹਨ।
ਜਾਣਕਾਰੀ ਮੁਤਾਬਕ, ਪਿੰਡ ਵਿਚ ਪਿਛਲੇ ਕੁਝ ਦਿਨਾਂ ਤੋਂ ਦੋ ਧਿਰਾਂ ਦਰਮਿਆਨ ਪੁਰਾਣੀ ਰੰਜਿਸ਼ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ। ਮੰਗਲਵਾਰ ਸਵੇਰੇ ਇਸੇ ਤਣਾਅ ਨੇ ਹਿੰਸਕ ਰੂਪ ਧਾਰ ਲਿਆ ਅਤੇ ਦੋਵਾਂ ਧਿਰਾਂ ਦੇ ਨੌਜਵਾਨਾਂ ਵਿਚਾਲੇ ਬਹਿਸਬਾਜ਼ੀ ਹੋ ਗਈ ਜੋ ਕੁਝ ਹੀ ਸਮੇਂ ਵਿਚ ਖੂਨੀ ਝਗੜੇ ’ਚ ਤਬਦੀਲ ਹੋ ਗਈ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੁਰਮੀਤ ਸਿੰਘ ਅਤੇ ਉਸ ਦੇ ਭਰਾ ’ਤੇ ਹਮਲਾ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਮਾਲਸਰ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਮੁਤਾਬਕ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਜੋ ਫਰਾਰ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿੰਡ ਵਿਚ ਵਾਪਰੀ ਇਸ ਘਟਨਾ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਹੈ। ਥਾਣਾ ਸਮਾਲਸਰ ਦੇ ਮੁੱਖ ਅਫਸਰ ਕਮਲਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਿਹੜੇ ਵੀ ਵਿਅਕਤੀ ਇਸ ਖੂਨੀ ਘਟਨਾ ਵਿਚ ਸ਼ਾਮਲ ਹਨ, ਉਨ੍ਹਾਂ ਨਾਲ ਕਾਨੂੰਨ ਮੁਤਾਬਕ ਸਖਤੀ ਨਾਲ ਨਿਪਟਿਆ ਜਾਵੇਗਾ।