ਘਰ ''ਚ ਮਨਾਏ ਜਾ ਰਹੇ ਸੀ ਵਿਆਹ ਦੇ ਜਸ਼ਨ, ਅਚਾਨਕ ਮਾਤਮ ''ਚ ਬਦਲੀਆਂ ਖੁਸ਼ੀਆਂ

11/21/2019 12:14:53 AM

ਜ਼ੀਰਕਪੁਰ,(ਗੁਲਸ਼ਨ): ਜ਼ੀਰਕਪੁਰ 'ਚ ਜਿਥੇ ਇਕ ਨੌਜਵਾਨ ਦੇ ਘਰ ਵਿਆਹ ਦੀਆਂ ਸ਼ਹਿਨਾਈਆਂ ਵੱਜਣ ਵਾਲੀਆਂ ਸਨ, ਉਥੇ ਹੀ ਅਚਾਨਕ ਮਾਤਮ ਛਾ ਗਿਆ। ਇਥੋਂ ਦੇ ਇਕ ਘਰ 'ਚ ਗੁਰਤੇਜ ਸਿੰਘ ਤੇਜਾ ਨਾਮ ਦੇ ਨੌਜਵਾਨ ਦਾ ਵਿਆਹ ਬੁੱਧਵਾਰ ਨੂੰ ਹੋਣਾ ਸੀ, ਜਿਸ ਸਬੰਧੀ ਮੰਗਲਵਾਰ ਰਾਤ ਜਸ਼ਨ ਮਨਾਏ ਜਾ ਰਹੇ ਸਨ। ਅਚਾਨਕ ਗੁਰਤੇਜ ਦੀ ਮੌਤ ਦੀ ਖਬਰ ਮਿਲਣ 'ਤੇ ਪਰਿਵਾਰਕ ਮੈਂਬਰਾਂ ਸਮੇਤ ਸਾਰੇ ਰਿਸ਼ਤੇਦਾਰਾਂ ਦੇ ਹੋਸ਼ ਉਡ ਗਏ ਤੇ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।

ਜਾਣਕਾਰੀ ਮੁਤਾਬਕ 31 ਸਾਲਾ ਨੌਜਵਾਨ ਗੁਰਤੇਜ ਸਿੰਘ ਤੇਜਾ ਪੁੱਤਰ ਜਰਨੈਲ ਸਿੰਘ ਜੋ ਪ੍ਰਾਈਵੇਟ ਤੌਰ 'ਤੇ ਡਰਾਇਵਰੀ ਕਰਦਾ ਸੀ, ਦਾ 20 ਨਵੰਬਰ ਦਿਨ ਬੁੱਧਵਾਰ ਨੂੰ ਵਿਆਹ ਸੀ, ਜਿਸ ਕਾਰਨ ਘਰ 'ਚ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਦੌਰਾਨ ਮੰਗਲਵਾਰ ਰਾਤ ਡੀ. ਜੇ. 'ਤੇ ਸਭ ਨੱਚ ਰਹੇ ਸਨ। ਰਸਮਾਂ ਤੇ ਡੀ. ਜੇ. ਬੰਦ ਹੋਣ ਦੇ ਬਾਅਦ ਗੁਰਤੇਜ ਆਪਣੇ ਦੋਸਤਾਂ ਮਨਜੀਤ ਸਿੰਘ, ਪ੍ਰਵੀਨ ਦੇ ਨਾਲ ਆਲਟੋ ਗੱਡੀ 'ਚ ਸਵਾਰ ਹੋ ਕੇ ਨੇੜਲੇ ਪਿੰਡ ਰਾਮਪੁਰਾ ਵੱਲ ਚਲੇ ਗਏ। ਗੱਡੀ ਨੂੰ ਮਨਜੀਤ ਚਲਾ ਰਿਹਾ ਸੀ ਤੇ ਗੁਰਤੇਜ ਨਾਲ ਵਾਲੀ ਸੀਟ 'ਤੇ ਬੈਠਾ ਸੀ ਤੇ ਪ੍ਰਵੀਨ ਪਿੱਛੇ ਬੈਠਾ ਸੀ। ਵਾਪਿਸ ਘਰ ਆਉਂਦੇ ਸਮੇਂ ਜਦ ਉਹ ਛੱਤਬੀੜ ਚਿੜੀਆਘਰ ਨੇੜੇ ਪੁੱਜੇ ਤਾਂ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟਰੱਕ ਦੀ ਟੱਕਰ ਗੁਰਤੇਜ ਵਾਲੀ ਸਾਈਡ ਲੱਗੀ, ਜਿਸ ਕਾਰਨ ਉਹ ਗੰਭੀਰ ਹਾਲਤ 'ਚ ਜ਼ਖਮੀ ਹੋ ਗਿਆ ਤੇ ਉਸ ਨੂੰ ਤੁਰੰਤ ਜ਼ੀਰਕਪੁਰ ਦੇ ਇਕ ਨਿਜੀ ਹਸਪਤਾਲ 'ਚ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਇਸ ਹਾਦਸੇ ਦੌਰਾਨ ਪ੍ਰਵੀਨ ਤੇ ਮਨਜੀਤ ਦੇ ਵੀ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਪੀ. ਜੀ.ਆਈ. ਤੇ ਸੈਕਟਰ 32 ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਰ 'ਚ ਗੁਰਤੇਜ ਦੇ ਇਲਾਵਾ ਉਸ ਦਾ ਵੱਡਾ ਭਰਾ ਤੇ ਵੱਡੀ ਭੈਣ ਹਨ, ਜੋ ਕਿ ਵਿਆਹੇ ਹਨ। ਜ਼ੀਰਕਪੁਰ ਪੁਲਸ ਨੇ ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਟਰੱਕ ਦੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News