ਡਾਕਟਰ ਨੇ ਬਣਾਈ ਅਜਿਹੀ ਐਪ, ਜੋ ਔਖੇ ਸਮੇਂ ਕਰੇਗੀ ਮਰੀਜ਼ਾਂ ਦੀ ਮਦਦ
Wednesday, Feb 06, 2019 - 06:01 PM (IST)

ਕਪੂਰਥਲਾ (ਓਬਰਾਏ)— ਟੈਕਨਾਲੋਜੀ ਦੀ ਦੁਨੀਆ 'ਚ ਰੋਜ਼ਾਨਾ ਕਈ ਨਵੀਆਂ ਤਕਨੀਕਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਰੋਜ਼ਾਨਾ ਦੇ ਕੰਮ ਬਹੁਤ ਹੀ ਸੌਖੇ ਹੋ ਜਾਂਦੇ ਹਨ। ਅਜਿਹਾ ਹੀ ਕੁਝ ਕਰਕੇ ਦਿਖਾਇਆ ਹੈ ਕਪੂਰਥਲਾ ਦੇ ਇਕ ਡਾਕਟਰ ਨੇ, ਜਿਸ ਨੇ ਇਕ ਮੋਬਾਇਲ ਐਪ ਤਿਆਰ ਕੀਤੀ ਹੈ ਜੋ ਕਿ ਡਾਕਟਰ ਵਾਂਗ ਹੀ ਕੰਮ ਕਰਦੀ ਹੈ ਅਤੇ ਐਮਰਜੈਂਸੀ 'ਚ ਫਾਸਟ ਐਡਵਾਇਜ਼ਰੀ ਦੇ ਰੂਪ 'ਚ ਤੁਹਾਨੂੰ ਗਾਈਡ ਕਰਦੀ ਹੈ। ਦੱਸਣਯੋਗ ਹੈ ਕਿ ਇਸ ਤਰ੍ਹਾਂ ਦੀ ਇਹ ਐਪ ਭਾਰਤ ਦੀ ਪਹਿਲੀ ਅਤੇ ਦੁਨੀਆ ਦੀ ਤੀਜੀ ਐਪ ਹੈ।
ਇਸ ਐਪ ਦਾ ਨਾਂ 'ਜ਼ਿਨੀ' ਹੈ, ਜਿਸ ਨੂੰ ਕਪੂਰਥਲਾ ਦੇ ਡਾਕਟਰ ਰੋਹਿਤ ਸ਼ਰਮਾ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ। ਰੋਹਿਤ ਸ਼ਰਮਾ ਨੇ ਦੱਸਿਆ ਕਿ ਜ਼ਿਨੀ ਐਪ ਐਮਰਜੈਂਸੀ 'ਚ ਤੁਹਾਨੂੰ ਫਾਸਟ ਐਡਵਾਇਜ਼ਰੀ ਦੇ ਰੂਪ 'ਚ ਸਲਾਹ ਦਿੰਦੀ ਹੈ ਅਤੇ ਤੁਹਾਨੂੰ ਬੀਮਾਰੀ ਮੁਤਾਬਕ ਕਿਹੜੇ ਡਾਕਟਰ ਦੀ ਲੋੜ ਹੈ, ਕਿਹੜੇ ਟੈਸਟ ਦੀ ਲੋੜ ਹੈ, ਇਸ ਸਬੰਧੀ 'ਚ ਵੀ ਗਾਈਡ ਕਰੇਗੀ। ਇੰਨਾ ਹੀ ਨਹੀਂ ਇਸ ਐਪ ਜ਼ਰੀਏ ਇਹ ਵੀ ਪਤਾ ਲੱਗ ਸਕੇਗਾ ਕਿ ਡਾਕਟਰ ਤੁਹਾਡੇ ਤੋਂ ਕਿੰਨਾ ਕੁ ਦੂਰ ਹੈ।
ਕਪੂਰਥਲਾ ਦੇ ਪ੍ਰਸਿੱਧ ਡਾਕਟਰ ਰਣਵੀਰ ਸਿੰਘ ਕੋਸ਼ਲ ਨੇ ਦੱਸਿਆ ਕਿ ਇਹ ਐਪ ਭਾਰਤ ਦੀ ਪਹਿਲੀ ਅਤੇ ਦੁਨੀਆ ਦੀ ਤੀਜੀ ਐਪ ਹੈ, ਜੋ ਡਾਕਟਰ ਵਾਂਗ ਬੀਮਾਰੀ ਦੇ ਸਮੇਂ ਤੁਹਾਨੂੰ ਗਾਈਡ ਕਰਦੀ ਹੈ। ਜ਼ਿਨੀ ਐਪ ਸਿਹਤ ਨਾਲ ਸਬੰਧਤ ਫੀਡ ਕੀਤਾ ਗਿਆ ਡਾਟਾ ਵੀ ਆਪਣਾ ਕੋਲ ਸੇਵ ਕਰਕੇ ਰੱਖਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਜ਼ਿਨੀ ਐਪ ਫਿਲਹਾਲ ਅੰਗੇਰਜ਼ੀ 'ਚ ਹੈ ਪਰ ਜਲਦੀ ਹੀ ਇਸ ਨੂੰ ਪੰਜਾਬੀ ਸਮੇਤ ਭਾਰਤ ਦੀਆਂ 6 ਭਾਸ਼ਾਵਾਂ 'ਚ ਐਡ ਕੀਤਾ ਜਾ ਰਿਹਾ ਹੈ। ਅਗਲੇ ਸਾਲ ਤੱਕ ਇਹ ਐਪ ਤੁਹਾਨੂੰ ਮੈਡੀਕਲ ਦੀ ਸਲਾਹ ਵੀ ਦੇਵੇਗੀ ਅਤੇ ਬੀਮਾਰੀ ਦੇ ਹਿਸਾਬ ਨਾਲ ਕਿਹੜੇ ਟੈਸਟ ਦੀ ਜ਼ਰੂਰਤ ਹੈ, ਇਹ ਵੀ ਦੱਸੇਗੀ।