ਅਹਿਮ ਖ਼ਬਰ: ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲਿਆ ਜਾਵੇਗਾ ਸਖ਼ਤ ਐਕਸ਼ਨ
Sunday, May 19, 2024 - 12:09 PM (IST)
ਜਲੰਧਰ (ਚੋਪੜਾ)–ਜਲੰਧਰ ਲੋਕ ਸਭਾ ਹਲਕੇ ਦੇ ਜਨਰਲ ਆਬਜ਼ਰਵਰ ਨੇ ਮੇਘਨਾਥ ਰੈੱਡੀ ਅਤੇ ਖ਼ਰਚਾ ਆਬਜ਼ਰਵਰ ਮਾਧਵ ਦੇਸ਼ਮੁਖ ਨੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਮੀਟਿੰਗ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ, ਪੁਲਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਐੱਸ. ਐੱਸ. ਪੀ. ਡਾ. ਅੰਕੁਰ ਗੁਪਤਾ ਸਮੇਤ ਆਬਜ਼ਰਵਰਾਂ ਨੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਪ੍ਰਤੀਨਿਧੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੋਲਿੰਗ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੱਭਿਅਕ ਢੰਗ ਨਾਲ ਪੂਰਾ ਕਰਵਾਉਣ ਲਈ ਪਾਬੰਦ ਹੈ।
ਆਬਜ਼ਰਵਰਾਂ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨੀ ਚਾਹੀਦੀ ਹੈ, ਨਹੀਂ ਤਾਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਾਬਤੇ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣ ਲਈ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਹਿਲਾਂ ਹੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਉਲੰਘਣਾ ਕਰਨ ਵਾਲਿਆਂ ਪ੍ਰਤੀ ‘ਜ਼ੀਰੋ ਟਾਲਰੈਂਸ’ਦੀ ਨੀਤੀ ਅਪਣਾਈ ਜਾਵੇਗੀ।
ਇਹ ਵੀ ਪੜ੍ਹੋ- ਡਾ. ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਜਲੰਧਰ ਦੇ ਵਿਅਕਤੀ ਦੀ ਮ੍ਰਿਤਕ ਦੇਹ ਪਹੁੰਚੀ ਭਾਰਤ, ਦੋ ਬੱਚਿਆਂ ਦਾ ਸੀ ਪਿਓ
ਆਬਜ਼ਰਵਰਾਂ ਨੇ ਕਿਹਾ ਕਿ ਪੈਸਿਆਂ ਦੀ ਤਾਕਤ, ਸ਼ਰਾਬ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਜ਼ਿਲੇ ਵਿਚ ਸਕ੍ਰੀਨਿੰਗ ਕਮੇਟੀ, ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ, ਟਰਾਂਸਪੋਰਟ ਮੈਨੇਜਮੈਂਟ ਟੀਮਾਂ, ਖਰਚਾ ਨਿਗਰਾਨ ਕਮੇਟੀ, ਐੱਮ. ਸੀ. ਸੀ. ਟੀਮਾਂ, ਵੀਡੀਓ ਵਿਊਇੰਗ ਟੀਮਾਂ ਤੇ ਲੇਖਾ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੂੰ ਇਨ੍ਹਾਂ ਸੈੱਲਾਂ ਦੇ ਨੋਡਲ ਅਧਿਕਾਰੀਆਂ ਦੇ ਸੰਪਰਕ ਦੀ ਸੂਚੀ ਵੀ ਦਿੱਤੀ ਗਈ।
ਆਬਜ਼ਰਵਰਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਅਜਿਹੀ ਕਿਸੇ ਵੀ ਮੁਹਿੰਮ ਤੋਂ ਬਚਣਾ ਚਾਹੀਦਾ ਹੈ, ਜੋ ਆਪਸੀ ਨਫਰਤ ਨੂੰ ਭੜਕਾਉਂਦੀ ਹੋਵੇ ਅਤੇ ਪ੍ਰਚਾਰ ਲਈ ਕਿਸੇ ਵੀ ਧਾਰਮਿਕ ਸਥਾਨ ਦੀ ਵਰਤੋਂ ਨਾ ਕੀਤੀ ਜਾਵੇ। ਸਿਆਸੀ ਵਿਰੋਧੀਆਂ ਦੇ ਪੋਸਟਰ ਨਾ ਪਾੜੇ ਜਾਣ ਅਤੇ ਇਕ-ਦੂਜੇ ਖ਼ਿਲਾਫ਼ ਰੋਸ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਸਿਆਸੀ ਰੈਲੀਆਂ ਅਤੇ ਜਲੂਸਾਂ ਦੀ ਥਾਂ ਅਤੇ ਸਮੇਂ ਬਾਰੇ ਪਹਿਲਾਂ ਹੀ ਸੂਚਨਾ ਦਿਓ। ਚੋਣ ਪ੍ਰਚਾਰ ਨੂੰ ਲੈ ਕੇ ਜ਼ਿਲ੍ਹੇ 'ਚ ਬਾਹਰੋਂ ਆਏ ਲੋਕਾਂ ਨੂੰ 30 ਮਈ ਸ਼ਾਮ 6 ਵਜੇ ਤਕ ਵਾਪਸ ਮੁੜਨਾ ਹੋਵੇਗਾ। 30 ਮਈ ਤੋਂ ਬਾਅਦ ਪਾਬੰਦੀਸ਼ੁਦਾ ਸਮੇਂ ਦੌਰਾਨ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਸਮੇਤ ਕਿਸੇ ਵੀ ਪਲੇਟਫਾਰਮ ’ਤੇ ਕੋਈ ਪ੍ਰਚਾਰ ਨਹੀਂ ਕੀਤਾ ਜਾਵੇਗਾ।
ਖ਼ਰਚਾ ਆਬਜ਼ਰਵਰ ਮਾਧਵ ਦੇਸ਼ਮੁਖ ਨੇ ਚੋਣ ਖਰਚੇ ਸਬੰਧੀ ਆਪਣੇ ਖ਼ਾਤੇ ਸਾਵਧਾਨੀ ਨਾਲ ਮੇਨਟੇਨ ਕਰਨ ਲਈ ਕਿਹਾ ਕਿਉਂਕਿ ਚੋਣ ਕਮਿਸ਼ਨ ਨੇ ਹਰੇਕ ਉਮੀਦਵਾਰ ਲਈ 95 ਲੱਖ ਰੁਪਏ ਦੀ ਹੱਦ ਨਿਰਧਾਰਿਤ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਖ਼ਰਚਾ ਟੀਮ ਵੱਲੋਂ 3 ‘ਅਕਾਊਂਟ ਰੀਕੰਸੀਲੇਸ਼ਨ’ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ ਉਮੀਦਵਾਰਾਂ ਦੇ ਪ੍ਰਤੀਨਿਧੀਆਂ ਨੂੰ ਆਪਣੇ ਚੋਣ ਖ਼ਰਚੇ ਸਬੰਧੀ ਅਸਲੀ ਰਿਕਾਰਡ ਨਾਲ ਲਿਆਉਣਾ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਵੱਲੋਂ 'ਲੂ' ਦਾ ਅਲਰਟ ਜਾਰੀ, ਤਾਪਮਾਨ 'ਚ ਹੋਵੇਗਾ ਹੋਰ ਵਾਧਾ, ਜਾਣੋ ਅਗਲੇ ਦਿਨਾਂ ਦੀ ਤਾਜ਼ਾ ਅਪਡੇਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8