ਸੰਧੂ ਜੋੜੀ ਖਿਲਾਫ ਠੱਗੀ ਅਤੇ ਮਨੁੱਖੀ ਸਮੱਗਲਿੰਗ ਦਾ ਕੇਸ ਦਰਜ

Friday, Sep 06, 2019 - 10:23 AM (IST)

ਸੰਧੂ ਜੋੜੀ ਖਿਲਾਫ ਠੱਗੀ ਅਤੇ ਮਨੁੱਖੀ ਸਮੱਗਲਿੰਗ ਦਾ ਕੇਸ ਦਰਜ

ਮੋਹਾਲੀ (ਕੁਲਦੀਪ)—ਯੂ-ਟਿਊਬ 'ਤੇ ਫਨੀ ਵੀਡੀਓ ਬਣਾ ਕੇ ਲੋਕਾਂ ਦਾ ਮਨੋਰੰਜਨ ਕਰਨ ਵਾਲੀ ਸੰਧੂ ਜੋੜੀ ਵਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਕੀਤੀ ਜਾ ਰਹੀ ਠੱਗੀ ਦੇ ਕੇਸ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਹੁਣ ਦੋਵਾਂ ਪਤੀ-ਪਤਨੀ ਏਕਮ ਸੰਧੂ ਅਤੇ ਬਲਜਿੰਦਰ ਕੌਰ ਦੇ ਖਿਲਾਫ ਮੋਹਾਲੀ ਦੇ ਫੇਜ਼-1 ਸਥਿਤ ਪੁਲਸ ਥਾਣੇ ਵਿਚ ਠੱਗੀ ਅਤੇ ਮਨੁੱਖੀ ਸਮੱਗਲਿੰਗ ਦਾ ਇਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ।

ਇਮੀਗ੍ਰੇਸ਼ਨ ਕੰਪਨੀ ਖੋਲ੍ਹ ਕੇ ਲੋਕਾਂ ਨਾਲ ਠੱਗੀ ਕਰਦੀ ਸੀ ਸੰਧੂ ਜੋੜੀ
ਪੁਲਸ ਵਲੋਂ ਕੀਤੀ ਗਈ ਜਾਂਚ ਵਿਚ ਪਤਾ ਲੱਗਾ ਕਿ ਲੋਕਾਂ ਦਾ ਮਨੋਰੰਜਨ ਕਰਨ ਵਾਲੀ ਇਸ ਜੋੜੀ ਨੇ ਮੋਹਾਲੀ ਦੇ ਫੇਜ਼-5 ਵਿਚ ਇੰਟਰਨੈਸ਼ਨਲ ਐਜੂਕੇਸ਼ਨ ਦੇ ਨਾਮ 'ਤੇ ਆਪਣਾ ਦਫਤਰ ਖੋਲ੍ਹਿਆ ਹੋਇਆ ਸੀ, ਜਿੱਥੇ ਲੋਕਾਂ ਤੋਂ ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਰੁਪਏ ਠੱਗੇ ਜਾਂਦੇ ਸਨ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਭਿਸ਼ੇਕ ਕੁਮਾਰ ਨਿਵਾਸੀ ਨਿਊ ਬਸੰਤ ਵਿਹਾਰ, ਕਾਕੋਵਾਲ ਰੋਡ ਲੁਧਿਆਣਾ ਨੇ ਦੱਸਿਆ ਕਿ ਉਸ ਨੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਮਨ ਬਣਾਇਆ ਸੀ। ਉਸ ਦਾ ਸੰਪਰਕ ਇੰਟਰਨੈਸ਼ਨਲ ਐਜੂਕੇਸ਼ਨ ਨਾਮ ਦੀ ਇਮੀਗ੍ਰੇਸ਼ਨ ਕੰਪਨੀ ਦੇ ਨਾਲ ਹੋਇਆ, ਜਿਸ ਦਾ ਦਫਤਰ ਮੋਹਾਲੀ ਦੇ ਫੇਜ਼-5 ਵਿਚ ਸੀ। ਉਸ ਨੂੰ ਸਟੱਡੀ ਵੀਜ਼ੇ ਉੱਤੇ ਕੈਨੇਡਾ ਭੇਜਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਕੰਮ ਲਈ ਕੰਪਨੀ ਨੇ ਉਸ ਤੋਂ ਵੱਖ-ਵੱਖ ਕਿਸ਼ਤਾਂ ਵਿਚ 5 ਲੱਖ 33 ਹਜ਼ਾਰ ਰੁਪਏ ਹਾਸਲ ਕਰ ਲਏ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕੰਪਨੀ ਨੇ ਉਸ ਨੂੰ ਟੋਰਾਂਟੋ (ਕੈਨੇਡਾ) ਸਥਿਤ ਕਿਸੇ ਦਫਤਰ ਤੋਂ ਆਫਰ ਲੈਟਰ ਮੰਗਵਾ ਕੇ ਦੇ ਦਿੱਤਾ ਅਤੇ ਬਾਅਦ ਵਿਚ ਉਸ ਤੋਂ ਲੱਖਾਂ ਰੁਪਏ ਲੈ ਲਏ। ਕੁੱਝ ਸਮੇਂ ਬਾਅਦ ਉਸ ਨੂੰ ਕਿਹਾ ਗਿਆ ਕਿ ਉਸ ਦਾ ਵੀਜ਼ਾ ਰਿਫਿਊਜ਼ ਹੋ ਗਿਆ ਹੈ। ਉਸ ਤੋਂ ਬਾਅਦ ਨਾ ਤਾਂ ਉਸ ਨੂੰ ਕੈਨੇਡਾ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਸ਼ਿਕਾਇਤ ਮਿਲਣ ਤੋਂ ਬਾਅਦ ਈ. ਓ. ਵਿੰਗ ਵਲੋਂ ਜਾਂਚ ਕੀਤੀ ਗਈ, ਜਿਸ ਉਪਰੰਤ ਏਕਮ ਸੰਧੂ ਅਤੇ ਉਸ ਦੀ ਪਤਨੀ ਬਲਜਿੰਦਰ ਕੌਰ ਉਰਫ ਕੋਮਲਪ੍ਰੀਤ ਕੌਰ ਖਿਲਾਫ ਕੇਸ ਦਰਜ ਕੀਤਾ ਗਿਆ।


author

Shyna

Content Editor

Related News