Youtube 'ਤੇ ਚੈਨਲ ਬਣਾ ਕੇ ਖੇਤੀਬਾੜੀ ਦੇ ਬਲਾਗ ਪਾਉਣ ਵਾਲਾ ਸੁਖਜਿੰਦਰ ਲੋਪੋਂ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Thursday, Jun 01, 2023 - 04:39 PM (IST)
ਚੰਡੀਗੜ੍ਹ (ਰਮਨਜੀਤ) : ਯੂ-ਟਿਊਬ ’ਤੇ ਆਪਣਾ ਇਕ ਚੈਨਲ ਬਣਾ ਕੇ ਸੂਬੇ 'ਚ ਖੇਤੀਬਾੜੀ ਅਤੇ ਉਸ ਦੇ ਸਹਾਇਕ ਧੰਦਿਆਂ ’ਤੇ ਬਲਾਗ ਬਣਾਉਣ ਵਾਲੇ ਸੁਖਜਿੰਦਰ ਸਿੰਘ ਲੋਪੋਂ ਨੂੰ ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਲੋਪੋਂ ਖਿਲਾਫ਼ ਜ਼ਬਰਨ ਵਸੂਲੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਲੋਪੋਂ ਨੂੰ ਲੈ ਕੇ ਕਾਫ਼ੀ ਵਿਵਾਦ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਇਕ ਨਹੀਂ 3 ਸਾਬਕਾ ਅਧਿਕਾਰੀ ਬਣੇ ਹੋਏ ਹਨ ਪੰਜਾਬ ਦੇ ਮੰਤਰੀ
ਇਹ ਵਿਵਾਦ ਉਸ ਦੀ ਇਕ ਵੀਡੀਓ ਬਲਾਗ ਦੀ ਵਜ੍ਹਾ ਨਾਲ ਸੀ, ਜਿਸ ਵਿਚ ਉਸ ਨੇ ਪੰਜਾਬ ਦੇ ਹਾਰਸ ਬ੍ਰੀਡਰਜ਼ ਵਲੋਂ ਘੋੜਿਆਂ ਦੀਆਂ ਕੀਮਤਾਂ ਵਧਾ-ਚੜ੍ਹਾ ਕੇ ਦੱਸਣ ਸਬੰਧੀ ਟਿੱਪਣੀਆਂ ਕੀਤੀਆਂ ਸਨ। ਵਿਵਾਦ ਵੱਧਣ ਤੋਂ ਬਾਅਦ ਲੋਪੋਂ ਵਲੋਂ ਹਾਰਸ ਬ੍ਰੀਡਰਜ਼ ਦੇ ਸਾਹਮਣੇ ਮੁਆਫ਼ੀ ਮੰਗੀ ਗਈ ਸੀ। ਉਸੇ ਮੁਆਫ਼ੀ ਵਾਲੀ ਵੀਡੀਓ ’ਤੇ ਭਾਰਤ ਵਲੋਂ ਐਲਾਨੇ ਅੱਤਵਾਦੀ ਅਰਸ਼ਦੀਪ ਸਿੰਘ ਡੱਲਾ ਵਲੋਂ ਪੋਸਟ ਪਾਈ ਗਈ ਸੀ।
ਉਸ ਨੇ ਲੋਪੋਂ ਤੋਂ ਮੁਆਫ਼ੀ ਮੰਗਵਾਉਣ ਵਾਲਿਆਂ ਨੂੰ ਧਮਕਾਇਆ ਸੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸੂਤਰਾਂ ਦੀ ਮੰਨੀਏ ਤਾਂ ਅਰਸ਼ ਡੱਲਾ ਦੀ ਇਸ ਪੋਸਟ ਤੋਂ ਬਾਅਦ ਐੱਸ. ਐੱਸ. ਓ. ਸੀ. ਵਲੋਂ ਲੋਪੋਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਪੁਲਸ ਨੂੰ ਸ਼ੱਕ ਹੈ ਕਿ ਲੋਪੋਂ ਦਾ ਅਰਸ਼ ਡੱਲਾ ਨਾਲ ਸਬੰਧ ਹੈ ਅਤੇ ਉਹ ਜ਼ਬਰਨ ਵਸੂਲੀ ਵਿਚ ਡੱਲਾ ਦਾ ਸਹਿਯੋਗੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ