ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਬਣਾਏ ਸਬੰਧ, ਗਰਭਵਤੀ ਹੋਈ ਤਾਂ ਮੁੱਕਰ ਗਿਆ

Monday, Nov 25, 2024 - 11:48 AM (IST)

ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਬਣਾਏ ਸਬੰਧ, ਗਰਭਵਤੀ ਹੋਈ ਤਾਂ ਮੁੱਕਰ ਗਿਆ

ਖਰੜ (ਰਣਬੀਰ) : ਇਕ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਉਸ ਦੇ ਗਰਭਵਤੀ ਹੋਣ ’ਤੇ ਵਿਆਹ ਤੋਂ ਮੁੱਕਰ ਗਿਆ ਤੇ ਉਸ ਨਾਲ ਸੰਪਰਕ ਤੋੜ ਲਿਆ। ਇਸ ਮਾਮਲੇ ’ਚ ਖਰੜ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੌਮੀ ਮਹਿਲਾ ਕਮਿਸ਼ਨ ਦੇ ਹੁਕਮਾਂ ’ਤੇ ਪਰਚਾ ਦਰਜ ਕੀਤਾ ਹੈ। ਫਿਲਹਾਲ ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਕਮਿਸ਼ਨ ਨੂੰ ਆਨਲਾਈਨ ਭੇਜੀ ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਕਿ ਉਹ ਪ੍ਰਾਈਵੇਟ ਕੰਪਨੀ ’ਚ ਨੌਕਰੀ ਕਰਦੀ ਸੀ।

ਇਸ ਦੌਰਾਨ ਸੋਸ਼ਲ ਮੀਡੀਆ ਰਾਹੀਂ ਉਸ ਦਾ ਸੰਪਰਕ ਉਕਤ ਨੌਜਵਾਨ ਨਾਲ ਹੋਇਆ। ਗੱਲਬਾਤ ਮਗਰੋਂ ਦੋਹਾਂ ’ਚ ਨਜ਼ਦੀਕੀਆਂ ਵੱਧ ਗਈਆਂ। ਇਸ ਪਿੱਛੋਂ ਦੋਵੇਂ ਖਰੜ ਵਿਖੇ ਅਕਸਰ ਮਿਲਣ ਲੱਗੇ। ਇਸੇ ਦੌਰਾਨ ਨੌਜਵਾਨ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਅਗਸਤ ’ਚ ਗਰਭਵਤੀ ਹੋ ਗਈ। ਉਸ ਨੇ ਮੁਲਜ਼ਮ ਨੂੰ ਇਸ ਬਾਰੇ ਜਾਣਕਾਰੀ ਦੇ ਕੇ ਵਿਆਹ ਕਰਨ ਲਈ ਕਿਹਾ ਤਾਂ ਉਸ ਨੇ ਗਰਭਪਾਤ ਕਰਵਾਉਣ ਦਾ ਦਬਾਅ ਬਣਾਇਆ ਤੇ ਦਵਾਈ ਵੀ ਲਿਆ ਕੇ ਦਿੱਤੀ।

ਇਸ ਪਿੱਛੋਂ ਉਸ ਨੇ ਪੀੜਤਾ ਨਾਲ ਸੰਪਰਕ ਤੋੜ ਲਿਆ ਤੇ ਆਪਣਾ ਮੋਬਾਇਲ ਵੀ ਬੰਦ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੇ ਨੌਜਵਾਨ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਪਹਿਲਾਂ ਹੀ ਉਸ ਨੂੰ ਘਰੋਂ ਬੇਦਖ਼ਲ ਕੀਤਾ ਹੋਇਆ ਹੈ। ਉਹ ਲਗਾਤਾਰ ਉਸ ਦੀ ਭਾਲ ਕਰਦੀ ਰਹੀ ਪਰ ਕੁੱਝ ਪਤਾ ਨਹੀਂ ਲੱਗਾ। ਅਖ਼ੀਰ ਉਸ ਨੇ ਮੁਲਜ਼ਮ ਖ਼ਿਲਾਫ਼ ਕੌਮੀ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ।


author

Babita

Content Editor

Related News