ਰੱਖੜੀ ਤੋਂ ਪਹਿਲਾਂ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਹੋਇਆ ਕਤਲ, ਮਾਤਮ 'ਚ ਬਦਲੀਆਂ ਖ਼ੁਸ਼ੀਆਂ

Thursday, Aug 11, 2022 - 09:26 AM (IST)

ਮੁੱਲਾਂਪੁਰ ਦਾਖਾ (ਕਾਲੀਆ) : ਇੱਥੋਂ ਦੇ ਪਿੰਡ ਰਕਬਾ ਵਿਖੇ ਇਕ ਘਰ 'ਚ ਰੱਖੜੀ ਦੇ ਤਿਓਹਾਰ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ, ਜਦੋਂ 2 ਭੈਣਾਂ ਦੇ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦਾਖਾ ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਅਤੇ ਘਟਨਾ ਸਥਾਨ ਤੋਂ ਕੁੱਝ ਦੂਰੀ ਤੋਂ ਮਿਲੇ ਮੋਟਰਸਾਈਕਲ ਦੀ ਸ਼ਨਾਖਤ ਤੋਂ ਬਾਅਦ ਮੁੱਢਲੀ ਕਾਰਵਾਈ ਕਰਦਿਆਂ ਇਕ ਪਰਵਾਸੀ ਨੌਜਵਾਨ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਦਾ ਔਰਤਾਂ ਨੂੰ ਤੋਹਫ਼ਾ, ਰੱਖੜੀ ਵਾਲੇ ਦਿਨ ਬੱਸਾਂ 'ਚ ਮੁਫ਼ਤ ਕਰ ਸਕਣਗੀਆਂ ਸਫ਼ਰ

ਕੇਸ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਅਜੀਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਤਿੰਦਰ ਸਿੰਘ ਦੀ ਮਾਤਾ ਸਵਰਨ ਕੌਰ ਪਤਨੀ ਸਵ. ਦਲੀਪ ਸਿੰਘ ਵਾਸੀ ਪਿੰਡ ਰਕਬਾ ਨੇ ਬਿਆਨ ਦਿੱਤੇ ਕਿ ਉਹ ਘਰੇਲੂ ਕੰਮ-ਕਾਰ ਕਰਦੀ ਹੈ ਅਤੇ ਉਸ ਦੇ ਦੋ ਧੀਆਂ ਤੇ ਇੱਕ ਪੁੱਤਰ ਸੀ। ਦੋਵੇਂ ਧੀਆਂ ਵਿਆਹੀਆਂ ਹੋਈਆਂ ਹਨ ਅਤੇ ਪੁੱਤਰ ਜਤਿੰਦਰ ਸਿੰਘ ਸਭ ਤੋਂ ਛੋਟਾ ਸੀ ਤੇ ਖੇਤੀਬਾੜੀ ਕਰਦਾ ਸੀ। ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਗੁਰਦੁਆਰਾ ਸਾਹਿਬ, ਪਿੰਡ ਰਕਬਾ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਜਾਂਦਾ ਸੀ। ਬੀਤੀ ਰਾਤ ਵੀ ਉਹ ਘਰ ਤੋਂ ਬਾਹਰ ਆਪਣੇ ਮੋਟਰਸਾਈਕਲ 'ਤੇ ਮੱਥਾ ਟੇਕਣ ਲਈ ਗਿਆ ਸੀ ਪਰ ਰਾਤ ਹੋਣ ਤੱਕ ਵਾਪਸ ਨਹੀਂ ਆਇਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਜੇਲ੍ਹ 'ਚੋਂ ਆਉਣਗੇ ਬਾਹਰ, ਹਾਈਕੋਰਟ ਨੇ ਦਿੱਤੀ ਜ਼ਮਾਨਤ

ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਉਸ ਦੇ ਪੁੱਤਰ ਦੀ ਲਾਸ਼ ਗੁਰਦੁਆਰਾ ਸਾਹਿਬ ਦੇ ਰਸਤੇ 'ਚ ਸਟੇਡੀਅਮ ਦੇ ਗੇਟ ਕੋਲ ਸੜਕ 'ਤੇ ਪਈ ਹੈ। ਜਦੋਂ ਉੱਥੇ ਜਾ ਕੇ ਦੇਖਿਆ ਤਾਂ ਜਤਿੰਦਰ ਸਿੰਘ ਦੇ ਸਿਰ 'ਚ ਸੱਟ ਲੱਗੀ ਹੋਈ ਸੀ ਤੇ ਉਸਦੇ ਸਿਰ 'ਚੋਂ ਕਾਫ਼ੀ ਖੂਨ ਵਹਿ ਕੇ ਸੜਕ 'ਤੇ ਡੁੱਲ੍ਹਿਆ ਹੋਇਆ ਸੀ। ਮੌਕੇ 'ਤੇ ਮ੍ਰਿਤਕ ਦੀਆਂ ਚੱਪਲਾਂ ਵੀ ਪਈਆ ਸਨ ਅਤੇ ਉੱਥੇ ਖੜ੍ਹੇ ਮੋਟਰਸਾਈਕਲ 'ਤੇ ਕਾਫੀ ਖ਼ੂਨ ਲੱਗਾ ਹੋਇਆ ਸੀ। ਬਾਅਦ 'ਚ ਇਸ ਗੱਲ ਦਾ ਪਤਾ ਲਗਾ ਕਿ ਘਟਨਾ ਵਾਲੀ ਥਾਂ 'ਤੇ ਖੜ੍ਹਾ ਮੋਟਰਸਾਈਕਲ ਪਰਵਾਸੀ ਰਾਜੇਸ਼ ਕੁਮਾਰ ਪੁੱਤਰ ਰਾਮ ਸਿਸਰਾ ਦਾ ਹੈ, ਜੋ ਕਿ ਮ੍ਰਿਤਕ ਦੇ ਪਿੰਡ 'ਚ ਹੀ ਰਹਿੰਦਾ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੇ ਪੁੱਤਰ ਦਾ ਕਤਲ ਰਾਜੇਸ਼ ਕੁਮਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਹੈ। ਫਿਲਹਾਲ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News