ਲੁਧਿਆਣਾ ਦੇ ਗੰਦੇ ਨਾਲੇ ’ਚ ਪਈ ਬੋਰੀ ’ਚੋਂ ਮਿਲੀ ਨੌਜਵਾਨ ਦੀ ਲਾਸ਼, ਦੇਖ ਸਹਿਮੇ ਲੋਕ
Friday, Jun 18, 2021 - 06:29 PM (IST)
ਲੁਧਿਆਣਾ (ਮਹੇਸ਼) : ਉਪਕਾਰ ਨਗਰ ਪੁਲੀ ਕੋਲ ਗੰਦੇ ਨਾਲੇ ਵਿਚ ਬੰਦ ਬੋਰੀ ਵਿਚ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ ਅਤੇ ਸਬੂਤ ਮਿਟਾਉਣ ਲਈ ਕਾਤਲਾਂ ਨੇ ਲਾਸ਼ ਨੂੰ ਬੋਰੀ ਵਿਚ ਪਾ ਕੇ ਨਾਲੇ ਵਿਚ ਸੁੱਟ ਦਿੱਤਾ। ਉਧਰ ਹੈਬੋਵਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਨਹੀਂ ਨਸੀਬ ਹੋਈਆਂ ਖ਼ੁਸ਼ੀਆਂ, ਪੁਰਤਗਾਲ ਦੀ ਸਿਟੀਜ਼ਨਸ਼ਿਪ ਮਿਲਣ ਤੋਂ ਕੁਝ ਸਮੇਂ ਬਾਅਦ ਨੌਜਵਾਨ ਦੀ ਮੌਤ
ਮਿਲੀ ਜਾਣਕਾਰੀ ਮੁਤਾਬਕ ਸਵੇਰੇ ਲਗਭਗ 9 ਵਜੇ ਕੁਝ ਰਾਹਗਿਰਾਂ ਨੇ ਗੰਦੇ ਨਾਲੇ ਕਿਨਾਰੇ ਝਾੜੀਆਂ ਵਿਚ ਪਈ ਇਕ ਪਲਾਸਟਿਕ ਦੀ ਬੋਰੀ ਦੇਖੀ। ਜਿਸ ਵਿਚੋਂ ਇਨਸਾਨੀ ਸਰੀਰ ਦੇ ਪੈਰ ਬਾਹਰ ਨਿਕਲੇ ਹੋਏ ਸਨ। ਘਟਨਾ ਦਾ ਪਤਾ ਲੱਗਣ ’ਤੇ ਇਲਾਕੇ ਵਿਚ ਸਨਸਨੀ ਫੈਲ ਗਈ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਕਿਸੇ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਏਡਿਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਸ-3 ਸਮੀਰ ਵਰਮਾ, ਅਸਿਸਟੈਂਟ ਪੁਲਸ ਕਮਿਸ਼ਨਰ ਪੱਛਮੀ ਗੁਰਪ੍ਰੀਤ ਸਿੰਘ ਤੇ ਥਾਣਾ ਹੈਬੋਵਾਲ ਮੁਖੀ ਸਬ ਇੰਸਪੈਕਟਰ ਨੀਰਜ ਚੌਧਰੀ ਪੁਲਸ ਫੋਰਸ ਨਾਲ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਗਏ। ਇਕ ਘੰਟੇ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਲਾਸ਼ ਨੂੰ ਨਾਲੇ ’ਚੋਂ ਬਾਹਰ ਕੱਢਿਆ ਗਿਆ। ਮਦਦ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ।
ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਐਨਕਾਊਂਟਰ ਮਾਮਲੇ ’ਚ ਵੱਡਾ ਖ਼ੁਲਾਸਾ, ਸੀ. ਸੀ. ਟੀ. ਵੀ. ਫੁਟੇਜ ’ਚ ਨਜ਼ਰ ਆਈਆਂ ਕੁੜੀਆਂ
ਜਾਂਚ ਤੋਂ ਬਾਅਦ ਪੁਲਸ ਨੇ ਕਿਹਾ ਕਿ ਲਾਸ਼ 3-4 ਦਿਨ ਪੁਰਾਣੀ ਹੈ। ਪਾਣੀ ਦੇ ਵਹਾਅ ਕਾਰਣ ਲਾਸ਼ ਪਿੱਛੋਂ ਵਹਿੰਦੀ ਹੋਈ ਇਥੇ ਤਕ ਪਹੁੰਚੀ ਹੈ। ਜਦੋਂ ਉਸ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਮਾਸ ਹੱਡੀਆਂ ਤੋਂ ਵੱਖ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਲਾਸ਼ 40-45 ਸਾਲਾ ਵਿਅਕਤੀ ਦੀ ਹੈ, ਜਿਸ ਨੇ ਹਰੇ ਰੰਗ ਦੀ ਟੀ ਸ਼ਰਟ ਪਹਿਨੀ ਹੋਈ ਹੈ। ਟੀ ਸ਼ਰਟ ’ਤੇ ਅੰਗਰੇਜ਼ੀ ਵਿਚ ‘ਸੇ ਨੋ ਟੂ ਡਰਗਸ’ ਲਿਖਿਆ ਹੋਇਆ ਹੈ। ਖੱਬੇ ਗੁੱਟ ’ਤੇ ਲੋਹੇ ਦਾ ਕੜਾ ਹੈ ਅਤੇ ਗਲੇ ਵਿਚ ਕਾਲੇ ਰੰਗ ਦਾ ਧਾਗਾ ਹੈ। ਇਸ ਤੋਂ ਇਲਾਵਾ ਉਸ ਕੋਲ ਕੋਈ ਅਜਿਹਾ ਦਸਤਾਵੇਜ਼ ਨਹੀਂ ਮਿਲਿਆ ਜਿਸ ਨਾਲ ਉਸ ਦੀ ਸ਼ਨਾਖਤ ਹੋ ਸਕੇ। ਪਛਾਣ ਲਈ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਵਿਚ ਵੀਕੈਂਡ ਕਰਫਿਊ ਦੇ ਚੱਲਦੇ ਨਵੀਂ ਹਦਾਇਤਾਂ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?