ਮਾਛੀਵਾੜਾ ਦੇ ਪਿੰਡ ''ਚੋਂ ਅਗਵਾ ਕੀਤਾ ਨੌਜਵਾਨ, ਪਰਿਵਾਰ ਤੋਂ ਮੰਗੀ 10 ਲੱਖ ਦੀ ਫਿਰੌਤੀ

Saturday, Sep 04, 2021 - 04:13 PM (IST)

ਮਾਛੀਵਾੜਾ ਦੇ ਪਿੰਡ ''ਚੋਂ ਅਗਵਾ ਕੀਤਾ ਨੌਜਵਾਨ, ਪਰਿਵਾਰ ਤੋਂ ਮੰਗੀ 10 ਲੱਖ ਦੀ ਫਿਰੌਤੀ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ-ਕੁਹਾੜਾ ਰੋਡ ’ਤੇ ਸਥਿਤ ਪਿੰਡ ਇਰਾਕ ਵਿਖੇ ਮੋਬਾਇਲ ਦੀ ਦੁਕਾਨ ਕਰਦੇ ਨੌਜਵਾਨ ਨਿਤਿਸ਼ (18) ਨੂੰ ਬੀਤੀ ਰਾਤ ਅਗਵਾ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾਕਾਰਾਂ ਵੱਲੋਂ ਨਿਤਿਸ਼ ਜ਼ਰੀਏ ਪਰਿਵਾਰ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਤਿਸ਼ ਨੂੰ ਬੀਤੀ ਰਾਤ ਦੁਕਾਨ ਤੋਂ ਹੀ ਅਗਵਾ ਕਰ ਲਿਆ ਗਿਆ ਅਤੇ ਉਸ ਤੋਂ ਕੁੱਝ ਸਮੇਂ ਬਾਅਦ ਹੀ ਨਿਤਿਸ਼ ਨੇ ਇੱਕ ਆਡਿਓ ਕਲਿੱਪ ਆਪਣੇ ਮਾਪਿਆਂ ਦੇ ਮੋਬਾਇਲ ’ਤੇ ਭੇਜਿਆ।

ਇਸ ਕਲਿੱਪ ਵਿਚ ਉਸਨੇ ਦੱਸਿਆ ਕਿ ਉਹ ਅਗਵਾ ਹੋ ਚੁੱਕਾ ਹੈ ਅਤੇ 10 ਲੱਖ ਰੁਪਏ ਉਸ ਦੇ ਅਕਾਂਊਟ ਵਿਚ ਪਾ ਦਿੱਤੇ ਜਾਣ ਤਾਂ ਜੋ ਉਹ ਕਢਵਾ ਕੇ ਅਗਵਾਕਾਰਾਂ ਨੂੰ ਦੇ ਦੇਵੇ। ਆਡੀਓ ਕਲਿੱਪ ਵਿਚ ਉਸ ਨੇ ਕਿਹਾ ਕਿ ਅਗਵਾਕਾਰ ਉਸ ਨੂੰ ਪੰਜਾਬ ਤੋਂ ਕਿਤੇ ਬਾਹਰ ਲੈ ਗਏ ਹਨ ਅਤੇ ਜੇਕਰ ਉਨ੍ਹਾਂ ਨੂੰ ਫਿਰੌਤੀ ਦੀ ਰਕਮ ਨਾ ਮਿਲੀ ਤਾਂ ਉਹ ਉਸ ਦਾ ਕਤਲ ਕਰ ਦੇਣਗੇ। ਅਗਵਾ ਹੋਏ ਨਿਤਿਸ਼ ਨੇ ਆਡੀਓ ਕਲਿੱਪ ਵਿਚ ਇਹ ਵੀ ਕਿਹਾ ਕਿ ਇਸ ਸਬੰਧੀ ਪੁਲਸ ਜਾਂ ਕਿਸੇ ਹੋਰ ਨੂੰ ਜਾਣਕਾਰੀ ਨਾ ਦਿੱਤੀ ਜਾਵੇ ਨਹੀਂ ਤਾਂ ਉਸ ਦੀ ਜਾਨ ਨੂੰ ਖ਼ਤਰਾ ਹੈ।

ਆਡੀਓ ਕਲਿੱਪ ਦੇ ਨਾਲ ਉਸ ਨੇ ਆਪਣੀਆਂ ਕੁੱਝ ਤਸਵੀਰਾਂ ਵੀ ਭੇਜੀਆਂ, ਜਿਸ ’ਚ ਉਹ ਬੁਰੀ ਤਰ੍ਹਾਂ ਜਖ਼ਮੀ ਦਿਖਾਈ ਦੇ ਰਿਹਾ ਹੈ, ਜਿਸ ਤੋਂ ਜਾਪਦਾ ਹੈ ਕਿ ਅਗਵਾਕਾਰਾਂ ਨੇ ਉਸ ਦੀ ਕੁੱਟਮਾਰ ਕੀਤੀ ਹੈ। ਫਿਲਹਾਲ ਨਿਤਿਸ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੇ ਅਗਵਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. (ਡੀ) ਵਰਿੰਦਰ ਸਿੰਘ, ਡੀ. ਐੱਸ. ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ ਤੇ ਥਾਣਾ ਮੁਖੀ ਵਿਜੈ ਕੁਮਾਰ ਜਾਂਚ ’ਚ ਜੁੱਟ ਗਏ। ਪੁਲਸ ਵੱਲੋਂ ਸ਼ੱਕ ਦੇ ਆਧਾਰ ’ਤੇ ਕੁੱਝ ਕੁ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਡੀ. ਐੱਸ. ਪੀ. ਸਮਰਾਲਾ ਨੇ ਦੱਸਿਆ ਕਿ ਫਿਲਹਾਲ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਨੌਜਵਾਨ ਦੇ ਅਗਵਾ ਹੋਣ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News