ਬਦਫ਼ੈਲੀ ਮਾਮਲੇ ’ਚ ਨੌਜਵਾਨ ਨੂੰ 10 ਸਾਲ ਦੀ ਕੈਦ, 10 ਹਜ਼ਾਰ ਜੁਰਮਾਨਾ

06/01/2023 2:36:37 PM

ਚੰਡੀਗੜ੍ਹ (ਸੁਸ਼ੀਲ ਰਾਜ) : ਵਧੀਕ ਅਤੇ ਸੈਸ਼ਨ ਜੱਜ ਸਵਾਤੀ ਸਹਿਗਲ ਦੀ ਵਿਸ਼ੇਸ਼ ਫਾਸਟ ਟਰੈਕ ਅਦਾਲਤ ਨੇ ਨਾਬਾਲਗ ਨਾਲ ਬਦਫ਼ੈਲੀ ਕਰਨ ਦੇ ਮਾਮਲੇ 'ਚ 20 ਸਾਲਾ ਨੌਜਵਾਨ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 10,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਦੋਸ਼ੀ ਨੌਜਵਾਨ ਨੇ 4 ਸਾਲ ਪਹਿਲਾਂ ਬੱਚੇ ਨਾਲ ਬਦਫ਼ੈਲੀ ਕੀਤੀ ਸੀ। ਬੱਚੇ ਦੀ ਨਾਨੀ ਦੀ ਸ਼ਿਕਾਇਤ ’ਤੇ ਥਾਣਾ ਮਲੋਆ ਪੁਲਸ ਨੇ ਮੁਲਜ਼ਮ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 377 ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਘਟਨਾ ਸਮੇਂ ਦੋਸ਼ੀ ਵੀ ਨਾਬਾਲਗ ਸੀ ਅਤੇ ਉਸ ਦੀ ਉਮਰ ਸਾਢੇ 16 ਸਾਲ ਸੀ।

ਇਸੇ ਕਰ ਕੇ ਪਹਿਲਾਂ ਉਸ ਦਾ ਕੇਸ ਜੁਵੇਨਾਈਲ ਕੋਰਟ 'ਚ ਚੱਲ ਰਿਹਾ ਸੀ। ਦੋਸ਼ੀ ਦੇ ਬਾਲਗ ਹੋਣ ਤੋਂ ਬਾਅਦ ਕੇਸ ਨੂੰ ਵਿਸ਼ੇਸ਼ ਫਾਸਟ ਟਰੈਕ ਅਦਾਲਤ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਦੋਸ਼ੀ ਨੌਜਵਾਨ ਅਜੇ ਜ਼ਮਾਨਤ ’ਤੇ ਸੀ। ਪੁਲਸ ਵਲੋਂ ਕੇਸ ਵਿਚ ਦਰਜ ਚਾਰਜਸ਼ੀਟ, ਸਬੂਤਾਂ ਤੇ ਤੱਥਾਂ ਦੇ ਆਧਾਰ ’ਤੇ ਅਦਾਲਤ ਨੇ ਨੌਜਵਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੋਮਵਾਰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੁਲਸ ਨੇ ਉਸ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਸੀ।
 


Babita

Content Editor

Related News