ਨਸ਼ੇ ''ਚ ਟੱਲੀ ਨੌਜਵਾਨਾਂ ਨੇ 2 ਥਾਈਂ ਚਲਾਈਆਂ ਗੋਲੀਆਂ ਅਜੇ ਤੱਕ ਗ੍ਰਿਫ਼ਤ ਤੋਂ ਬਾਹਰ

12/01/2020 12:29:55 PM

ਲੁਧਿਆਣਾ (ਜ.ਬ.) : ਸਲੇਮ ਟਾਬਰੀ ਇਲਾਕੇ 'ਚ ਐਤਵਾਰ ਰਾਤ ਨੂੰ ਨਸ਼ੇ 'ਚ ਟੱਲੀ ਦਬੰਗ ਨੌਜਵਾਨਾਂ ਨੇ ਪਹਿਲਾਂ ਵਿਆਹ ਦੀ ਇਕ ਪਾਰਟੀ 'ਚ ਗੋਲੀ ਚਲਾ ਕੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਅਤੇ ਬੈਸਟ ਪ੍ਰਾਈਜ਼ ਕੋਲ ਇਕ ਢਾਬੇ ’ਤੇ ਖਾਣਾ ਖਾਣ ਸਬੰਧੀ ਹੋਏ ਝਗੜੇ 'ਚ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਨੂੰ ਹੁਣ ਤੱਕ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ। ਦੱਸਿਆ ਜਾਂਦਾ ਹੈ ਕਿ ਨਿਊ ਅਸ਼ੋਕ ਨਗਰ ਦੀ ਫ੍ਰੈਂਡਜ਼ ਕਾਲੋਨੀ ਇਲਾਕੇ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਸੋਮਵਾਰ ਨੂੰ ਰਾਜਸਥਾਨ 'ਚ ਵਿਆਹ ਸੀ। ਵਿਆਹ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਉਸ ਨੇ ਆਪਣੇ ਘਰ ਨੇੜੇ ਇਕ ਪਾਰਟੀ ਰੱਖੀ ਸੀ ਅਤੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਸੱਦਾ ਦਿੱਤਾ, ਜਿੱਥੇ ਜੰਮ ਕੇ ਸ਼ਰਾਬ ਦਾ ਦੌਰ ਚੱਲਿਆ ਅਤੇ ਨਾਚ-ਗਾਣਾ ਹੋਇਆ।

ਪ੍ਰਤੱਖ ਦੇਖਣ ਵਾਲਿਆਂ ਨੇ ਦੱਸਿਆ ਕਿ ਇਸ ਦੌਰਾਨ ਨਸ਼ੇ 'ਚ ਟੱਲੀ ਦਬੰਗ ਨੌਜਵਾਨਾਂ ਨੇ ਗੋਲੀ ਚਲਾਈ, ਜਿਸ ਨਾਲ ਇਲਾਕੇ 'ਚ ਹਫੜਾ-ਦਫੜੀ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਦਰਮਿਆਨੀ ਰਾਤ ਤੋਂ ਬਾਅਦ ਇਹ ਨੌਜਵਾਨ 2 ਗੱਡੀਆਂ ਅਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਲਾਲੀ ਢਾਬੇ ’ਤੇ ਖਾਣਾ ਖਾਣ ਲਈ ਚਲੇ ਗਏ, ਜਿੱਥੇ ਖਾਣਾ ਖਾਣ ਨੂੰ ਲੈ ਕੇ ਇਨ੍ਹਾਂ ਦੀ ਆਪਸ 'ਚ ਬਹਿਸ ਹੋ ਗਈ ਅਤੇ ਉੱਥੇ ਵੀ 2 ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਢਾਬੇ ’ਤੇ ਹਫੜਾ-ਦਫੜੀ ਮਚ ਗਈ। ਉਧਰ, ਕੇਸ ਦੀ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਦੀਪਕ ਪਾਰਿਕ ਪੁਲਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਪਰ ਉਦੋਂ ਤੱਕ ਸਾਰੇ ਮੁਲਜ਼ਮ ਘਟਨਾ ਸਥਾਨ ਤੋਂ ਫਰਾਰ ਹੋ ਚੁੱਕੇ ਸਨ। ਸੂਤਰਾਂ ਨੇ ਦੱਸਿਆ ਕਿ ਜ਼ਿਆਦਾਤਰ ਮੁਲਜ਼ਮ ਹੈਬੋਵਾਲ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਜਿਸ ਪਿਸਤੌਲ ਨਾਲ ਗੋਲੀਆਂ ਚਲਾਈਆਂ ਗਈਆਂ, ਉਹ ਲਾਈਸੈਂਸੀ ਹੈ। ਏ. ਸੀ. ਪੀ. ਗੁਰਬਿੰਦਰ ਸਿੰਘ ਦਾ ਕਹਿਣਾ ਹੈ ਕਿ ਕੇਸ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਸਿਫਾਰਸ਼ਾਂ ਲਵਾਉਣ ’ਚ ਲੱਗੇ ਮੁਲਜ਼ਮ
ਇਸ ਕਾਂਡ ਤੋਂ ਬਾਅਦ ਸਾਰੇ ਮੁਲਜ਼ਮ ਆਪਣੇ-ਆਪਣੇ ਆਕਾਵਾਂ ਕੋਲ ਪੁੱਜ ਗਏ। ਕੁੱਝ ਕੇਸ ਨੂੰ ਰਫਾ-ਦਫਾ ਕਰਨ ਅਤੇ ਪੁਲਸ ’ਤੇ ਦਬਾਅ ਬਣਾਉਣ ਲਈ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦੀਆਂ ਸਿਫਾਰਸ਼ਾਂ ਕਰਵਾ ਰਿਹਾ ਹੈ ਤੇ ਕੋਈ ਕੌਂਸਲਰ ਨੂੰ ਨਾਲ ਲੈ ਕੇ ਥਾਣੇ ਅਤੇ ਪੁਲਸ ਅਧਿਕਾਰੀਆਂ ਦੇ ਦਫਤਰਾਂ ਦੇ ਗੇੜੇ ਲਾਉਣ ਲੱਗ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਸਬੰਧੀ ਕੋਈ ਕੇਸ ਦਰਜ ਨਹੀਂ ਹੋਇਆ ਸੀ।


Babita

Content Editor

Related News