ਰੇਲਗੱਡੀ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ, ਲਾਸ਼ ਬਰਾਮਦ
Monday, May 11, 2026 - 02:07 PM (IST)
ਮੋਹਾਲੀ (ਜਸਬੀਰ ਜੱਸੀ) : ਜਗਤਪੁਰਾ ਦੇ ਨਜ਼ਦੀਕ ਪੈਂਦੇ ਰੇਲਵੇ ਟਰੈਕ ’ਤੇ ਰੇਲਗੱਡੀ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਿਵਮ (20) ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਸ਼ਿਵਮ ਇਕ ਫੂਡ ਡਲੀਵਰੀ ਕੰਪਨੀ ’ਚ ਕੰਮ ਕਰਦਾ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਰੇਲਵੇ ਪੁਲਸ ਤੁਰੰਤ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਰੇਲ ਹਾਦਸਾ ਹੈ, ਜਦੋਂ ਕਿ ਪਰਿਵਾਰ ਨੇ ਸ਼ਿਵਮ ਦੀ ਮੌਤ ’ਤੇ ਸ਼ੱਕ ਜਾਹਰ ਕਰਦਿਆਂ ਉਸ ਦਾ ਕਤਲ ਕਰਨ ਦੀ ਗੱਲ ਕਹੀ ਹੈ। ਮ੍ਰਿਤਕ ਦੇ ਪਿਤਾ ਰੋਹਨ ਨੇ ਦੋਸ਼ ਲਗਾਇਆ ਹੈ ਕਿ ਸ਼ਿਵਮ ਇਕ ਕੁੜੀ ਦੇ ਸੰਪਰਕ ’ਚ ਸੀ ਅਤੇ ਉਸ ਨੂੰ ਮਿਲਣ ਲਈ ਜਗਤਪੁਰਾ ਵਿਖੇ ਆਇਆ ਹੋਇਆ ਸੀ।
ਪਰਿਵਾਰ ਨੇ ਗੱਲ ਦਾ ਵੀ ਦੋਸ਼ ਲਗਾਇਆ ਹੈ ਕਿ ਕੁੜੀ ਨੇ ਇਕ ਸਾਜਿਸ਼ ਤਹਿਤ ਸ਼ਿਵਮ ਦਾ ਕਤਲ ਕਰਵਾਇਆ ਹੈ। ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ, ਆਸ-ਪਾਸ ਦੇ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਆਸ-ਪਾਸ ਲੱਗੇ ਸੀ. ਸੀ. ਟੀ. ਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।
