''ਕੋਰੋਨਾ'' ਦਰਮਿਆਨ ਨਵੀਂ ਆਫ਼ਤ ਕਾਰਨ ਜਵਾਨ ਮੁੰਡੇ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

Thursday, Aug 20, 2020 - 04:18 PM (IST)

''ਕੋਰੋਨਾ'' ਦਰਮਿਆਨ ਨਵੀਂ ਆਫ਼ਤ ਕਾਰਨ ਜਵਾਨ ਮੁੰਡੇ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਫਤਿਹਗੜ੍ਹ ਸਾਹਿਬ (ਵਿਪਨ) : ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਜਿੱਥੇ ਕੋਰੋਨਾ ਦੀ ਬੀਮਾਰੀ ਨੇ ਭੜਥੂ ਪਾਇਆ ਹੋਇਆ ਹੈ, ਇਸ ਦਰਮਿਆਨ ਹੀ ਜ਼ਿਲ੍ਹੇ 'ਚ ਇਕ ਨਵੀਂ ਆਫ਼ਤ ਮੰਡਰਾ ਰਹੀ ਹੈ। ਜ਼ਿਲ੍ਹੇ ਅੰਦਰ ਕੋਰੋਨਾ ਦੇ ਨਾਲ-ਨਾਲ 'ਡੇਂਗੂ' ਵੀ ਆਪਣੇ ਪੈਰ ਪਸਾਰ ਰਿਹਾ ਹੈ। ਇਸ ਦੇ ਚੱਲਦਿਆਂ ਹੀ ਸਰਹਿੰਦ ਵਿਖੇ ਇਕ 27 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੇ ਰਜਿੰਦਰਾ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। 

PunjabKesari
ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ 'ਤੇ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੇ ਡਾਕਟਰਾਂ 'ਤੇ ਗੰਭੀਰ ਦੋਸ਼ ਲਾਏ ਹਨ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਦੀ 'ਡੇਂਗੂ' ਦੀ ਰਿਪੋਰਟ ਪਾਜ਼ੇਟਿਵ ਆਈ ਸੀ ਪਰ ਡਾਕਟਰਾਂ ਵੱਲੋਂ ਮੌਕੇ 'ਤੇ ਇਲਾਜ ਨਹੀਂ ਕੀਤਾ ਗਿਆ। ਉੱਥੇ ਹੀ ਸਿਵਲ ਹਸਪਤਾਲ ਦੇ ਐਸ. ਐਮ. ਓ. ਦਾ ਕਹਿਣਾ ਸੀ ਕਿ ਸਾਡੇ ਡਾਕਟਰਾਂ ਵੱਲੋ ਕੋਈ ਲਾਪਰਵਾਹੀ ਨਹੀਂ ਕੀਤੀ ਗਈ ਅਤੇ ਬੀਤੇ ਦਿਨ ਮ੍ਰਿਤਕ ਨੌਜਵਾਨ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਅਤੇ ਡੇਂਗੂ ਬਾਰੇ ਉਹ ਕੁਝ ਨਹੀਂ ਕਹਿ ਸਕਦੇ।

ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਨੇ ਫ਼ਤਹਿਗੜ੍ਹ ਸਾਹਿਬ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਕਾਰਨ ਆਪਣੇ ਪੁੱਤਰ ਦੀ ਮੌਤ ਹੋਣ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਇਕਬਾਲ ਸਿੰਘ ਨੂੰ 17 ਤਾਰੀਖ਼ ਨੂੰ ਢਿੱਡ 'ਚ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ, ਜਿੱਥੇ ਉਸ ਦਾ ਢਿੱਡ ਦਰਦ ਤਾਂ ਠੀਕ ਹੋ ਗਿਆ ਪਰ ਸਾਰਾ ਸਰੀਰ ਸੁੰਨ ਹੋ ਗਿਆ, ਜਿਸ ਬਾਰੇ ਪਰਿਵਾਰ ਵਾਲਿਆਂ ਨੇ ਡਾਕਟਰਾਂ ਨੂੰ ਦੱਸਿਆ ਪਰ ਡਾਕਟਰਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ।

ਡਾਕਟਰਾਂ ਨੇ ਉਨ੍ਹਾਂ ਦੇ ਪੁੱਤ ਦਾ ਸਿਰਫ਼ ਸ਼ੂਗਰ ਟੈਸਟ ਕਰਵਾਇਆ ਅਤੇ ਉਸ 'ਚ ਸ਼ੂਗਰ 220 ਦੱਸ ਦਿੱਤੀ। ਜਦੋਂ ਨੌਜਵਾਨ ਦਾ ਬਾਹਰੋਂ ਸ਼ੂਗਰ ਦਾ ਟੈਸਟ ਕਰਵਾਇਆ ਗਿਆ ਤਾਂ ਸ਼ੂਗਰ 120 ਆਈ। ਮ੍ਰਿਤਕ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ। ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤ ਦੀ ਡੇਂਗੂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਉਸ ਨੂੰ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਜਦੋਂ ਪਰਿਵਾਰ ਵਾਲੇ ਨੌਜਵਾਨ ਨੂੰ ਰਜਿੰਦਰਾ ਹਸਪਤਾਲ ਲੈ ਕੇ ਗਏ ਤਾਂ ਉੱਥੇ ਜਾ ਕੇ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੇ ਇੱਕ ਰਿਸ਼ਤੇਦਾਰ ਨੇ ਡਾਕਟਰਾਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੀ ਲੜਕੇ ਦੀ ਮੌਤ ਹੋਈ ਹੈ। ਬੀਮਾਰੀ ਕੁੱਝ ਹੋਰ ਸੀ ਤੇ ਡਾਕਟਰ ਇਲਾਜ ਕੁੱਝ ਹੋਰ ਕਰਦੇ ਰਹੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਿਸ਼ਤੇਦਾਰ ਨੇ ਦੋਸ਼ ਲਾਇਆ ਕਿ ਡਾਕਟਰਾਂ ਨੇ ਡੇਂਗੂ ਬਾਰੇ ਪਰਿਵਾਰ ਨੂੰ ਪਹਿਲਾਂ ਨਹੀਂ ਦੱਸਿਆ ਅਤੇ ਵਾਰ-ਵਾਰ ਕਹਿਣ 'ਤੇ ਵੀ ਨੌਜਵਾਨ ਨੂੰ ਕਿਸੇ ਹੋਰ ਹਸਪਤਾਲ ਰੈਫ਼ਰ ਨਹੀਂ ਕੀਤਾ ਅਤੇ ਜਦੋਂ ਉਸ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਤਾਂ ਉਸ ਨੂੰ ਰਜਿੰਦਰ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਰਿਸ਼ਤੇਦਾਰ ਨੇ ਕਿਹਾ ਕਿ ਅਜਿਹੀ ਅਣਗਹਿਲੀ ਕਰਨ ਵਾਲੇ ਡਾਕਟਰਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। 
 


author

Babita

Content Editor

Related News