25 ਦਿਨ ਪਹਿਲਾਂ ਅੱਖੋਂ ਓਹਲੇ ਕੀਤਾ ਜਵਾਨ ਪੁੱਤ, ਪਰਦੇਸੋਂ ਆਈ ਮੌਤ ਦੀ ਖਬਰ

Saturday, Jul 21, 2018 - 09:28 AM (IST)

25 ਦਿਨ ਪਹਿਲਾਂ ਅੱਖੋਂ ਓਹਲੇ ਕੀਤਾ ਜਵਾਨ ਪੁੱਤ, ਪਰਦੇਸੋਂ ਆਈ ਮੌਤ ਦੀ ਖਬਰ

ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਦੇ ਨੇੜ੍ਹਲੇ ਪਿੰਡ ਸ਼ੇਰਪੁਰ ਬੇਟ ਦੇ ਨੌਜਵਾਨ ਅਵਤਾਰ ਸਿੰਘ ਨੂੰ 25 ਦਿਨ ਪਹਿਲਾਂ ਹੀ ਮਾਪਿਆਂ ਨੇ ਦੁਬਈ ਭੇਜਿਆ ਸੀ ਪਰ ਪਰਦੇਸੋਂ ਆਈ ਜਵਾਨ ਪੁੱਤ ਦੀ ਮੌਤ ਦੀ ਖਬਰ ਨੇ ਬੁੱਢੇ ਮਾਪਿਆਂ ਦਾ ਲੱਕ ਤੋੜ ਦਿੱਤਾ। ਖਬਰ ਸੁਣਦਿਆਂ ਹੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। 
ਜਾਣਕਾਰੀ ਮੁਤਾਬਕ ਨੌਜਵਾਨ ਅਵਤਾਰ ਸਿਰਫ 25 ਦਿਨ ਪਹਿਲਾਂ ਹੀ ਦੁਬਈ ਵਿਖੇ ਰੋਜ਼ਗਾਰ ਲਈ ਗਿਆ ਸੀ ਅਤੇ ਉਥੇ ਇੱਕ ਸੇਖ਼ ਦੀ ਕੰਪਨੀ 'ਚ ਕੰਮ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਦੁਬਈ 'ਚ ਜਾ ਕੇ ਦਿਲ ਨਹੀਂ ਲੱਗਾ, ਜਿਸ ਕਾਰਨ ਉਹ ਜਲਦ ਵਾਪਸ ਆਉਣ ਲਈ ਵੀ ਕਹਿ ਰਿਹਾ ਸੀ। ਨੌਜਵਾਨ ਦੇ ਪਿਤਾ ਜਸਵੀਰ ਸਿੰਘ ਮੁਤਾਬਕ 2 ਦਿਨ ਪਹਿਲਾਂ ਹੀ ਉਸ ਦੀ ਆਪਣੇ ਪੁੱਤਰ ਨਾਲ ਗੱਲ ਹੋਈ ਸੀ ਪਰ ਬੀਤੀ ਸ਼ਾਮ ਦੁਬਈ ਤੋਂ ਫੋਨ ਆਇਆ ਕਿ ਉਸ ਦੇ ਲੜਕੇ ਅਵਤਾਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 
ਕੰਪਨੀ ਵਲੋਂ ਹਸਪਤਾਲ 'ਚ ਉਸ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਲਾਸ਼ ਭਾਰਤ ਭੇਜਣ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਨੌਜਵਾਨ ਦੀ ਮੌਤ ਨਾਲ ਜਿੱਥੇ ਪਰਿਵਾਰ ਵਿਚ ਗ਼ਮੀ ਵਾਲਾ ਮਾਹੌਲ ਹੈ, ਉਥੇ ਪਿੰਡ 'ਚ ਵੀ ਸੋਗ ਦੀ ਲਹਿਰ ਫੈਲੀ ਹੋਈ ਹੈ।
 


Related News