ਹਾਦਸੇ 'ਚ ਜਵਾਨ ਮੁੰਡੇ ਦੀ ਮੌਤ ਮਗਰੋਂ ਭੜਕੀ ਭੀੜ ਨੇ ਕੀਤਾ ਪੁਲਸ 'ਤੇ ਪਥਰਾਅ, ਮਹਿਲਾ ਥਾਣਾ ਪ੍ਰਭਾਰੀ ਜ਼ਖਮੀ (ਤਸਵੀਰਾਂ)
Monday, Jul 12, 2021 - 01:58 PM (IST)
ਲੁਧਿਆਣਾ : ਇੱਥੇ ਰਾਹੋਂ ਰੋਡ 'ਤੇ ਰੇਤ ਨਾਲ ਭਰੇ ਇਕ ਟਿੱਪਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਦਰੜ ਦਿੱਤਾ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਇਸ ਤੋਂ ਭੜਕੇ ਲੋਕਾਂ ਨੇ ਰੋਡ ਜਾਮ ਕਰ ਦਿੱਤਾ ਅਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਇਸ ਪਥਰਾਅ ਦੌਰਾਨ ਇਕ ਮਹਿਲਾ ਥਾਣਾ ਪ੍ਰਭਾਰੀ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਪਿੰਡ ਮਾਂਗਟ ਦਾ ਰਹਿਣ ਵਾਲਾ 22 ਸਾਲਾ ਨੌਜਵਾਨ ਕੀਮਤੀ ਲਾਲ ਮੋਟਰਸਾਈਕਲ 'ਤੇ ਇੰਦਰਾ ਨਗਰ ਜਾ ਰਿਹਾ ਸੀ।, ਜਿੱਥੇ ਉਹ ਸੈਲੂਨ 'ਚ ਟ੍ਰੇਨਿੰਗ ਲੈ ਰਿਹਾ ਸੀ।
ਜਦੋਂ ਉਹ ਰਾਹੋਂ ਰੋਡ 'ਤੇ ਪੁੱਜਿਆ ਤਾਂ ਰੇਤ ਨਾਲ ਭਰੇ ਟਿੱਪਰ ਚਾਲਕ ਨੇ ਲਾਪਰਵਾਹੀ ਨਾਲ ਡਰਾਈਵਿੰਗ ਕਰਦੇ ਹੋਏ ਉਸ ਨੂੰ ਕੁਚਲ ਦਿੱਤਾ। ਟਿੱਪਰ ਦਾ ਟਾਇਰ ਕੀਮਤੀ ਲਾਲ ਦੇ ਸਿਰ ਅਤੇ ਛਾਤੀ ਦੇ ਉੱਪਰੋਂ ਦੀ ਲੰਘ ਗਿਆ, ਜਿਸ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਕੀਮਤੀ ਲਾਲ ਦੇ ਘਰੋਂ ਨਿਕਲਣ ਦੇ ਕਰੀਬ 15 ਮਿੰਟਾਂ ਬਾਅਦ ਹੀ ਉਸ ਦੀ ਮੌਤ ਦੀ ਸੂਚਨਾ ਪਿੰਡ ਪਹੁੰਚ ਗਈ। ਜਵਾਨ ਮੁੰਡੇ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ 'ਚ ਸੋਗ ਨਾਲ ਲੋਕਾਂ 'ਚ ਗੁੱਸੇ ਦੀ ਲਹਿਰ ਦੌੜ ਗਈ।
ਭਾਰੀ ਗਿਣਤੀ 'ਚ ਪਿੰਡ ਵਾਸੀ ਘਟਨਾ ਸਥਾਨ 'ਤੇ ਪਹੁੰਚੇ। ਇਸ ਸਮੇਂ ਤੱਕ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ। ਕੀਮਤੀ ਲਾਲ ਦੀ ਲਾਸ਼ ਦੀ ਹਾਲਤ ਦੇਖ ਕੇ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਅਤੇ ਉਨ੍ਹਾਂ ਨੇ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਸ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੜਕ ਗਏ ਅਤੇ ਲੋਕਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਐਸ. ਐਚ. ਓ. ਸਿਮਰਨਜੀਤ ਕੌਰ ਜ਼ਖਮੀ ਹੋ ਗਈ। ਪੁਲਸ ਨੇ ਲੋਕਾਂ ਨੂੰ ਖਦੇੜ ਲਈ ਲਾਠੀਚਾਰਜ ਵੀ ਕਰਨਾ ਪਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ